ਨੀ ਤੂੰ ਗਾਫਲਾਨਾ ਨੀਂਦ ਸੁੱਤੀ ਦਿੱਲੀਏ, ਸੁਣ ਚਾਰੇ ਪਾਸੇ ਮੱਚੀ ਹਾਹਾਕਾਰ।
ਸਾਡੇ ਹੱਕ ਖੋਹਕੇ ਵੱਸਦੇ ਉਜਾੜ ਨਾਂ, ਕਾਮੇਂ ਕਿਰਤੀਆਂ ਦੀ ਸੁਣ ਲੈ ਪੁਕਾਰl
ਬੱਚੇ, ਬੁੱਢੇ, ਨੌਜਵਾਨ ਅਤੇ ਬੀਬੀਆਂ, ਬੈਠੇ ਮੱਲ ਨੇ ਬਰੂਹਾਂ ਆ ਕੇ ਤੇਰੀਆਂ,
ਕਹਿੰਦੇ ਸਾਡੀ ਇਕ ਮੰਗ ਇਹ ਮੰਨਲੈ, ਅਸੀਂ ਮੰਨੀਆਂ ਨੇ ਤੇਰੀਆਂ ਬਥੇਰੀਆਂ,
ਤੂੰ ਲੈਅ ਲੈ ਵਾਪਸ ਕਨੂੰਨ ਕਾਲੇ ਆਪਣੇ, ਅਸੀਂ ਕਰੀਏ ਜਾ ਘਰੀਂ ਕੰਮਕਾਰ।
ਨੀ ਤੂੰ ਗਾਫਲਾਨਾ ਨੀਦ ਸੁਤੀ ਦਿੱਲੀਏ - - - -
ਤੈਨੂੰ ਤੇਰੇ ਹੀ ਬਣਾਏ ਹੋਏ ਕਨੂੰਨ ਦੀ, ਕੱਲੀ ਕੱਲੀ ਮੱਦ ਦੱਸੀ ਹੈ ਫਰੋਲ ਕੇ,
ਕਿਉਂ ਅਤੇ ਕਾਹਤੋਂ ਘਾਤਿਕ ਹੈ ਸਾਡੇ ਲਈ, ਇਹ ਦੱਸ ਦਿੱਤਾ ਸਾਰਾ ਤੈਨੂੰ ਖੋਲਕੇ,
ਗੱਲਤੀ ਮੰਨ ਕੇ ਵੀ ਫਿਰ ਨਹੀਂ ਮੰਨਦੀ, ਪੜੀ ਲਿਖੀ ਹੋਈ ਮੋਦੀ ਸਰਕਾਰ।
ਨੀ ਤੂੰ ਗਾਫਲਾਨਾ ਨੀਦ ਸੁੱਤੀ ਦਿੱਲੀਏ------
ਹੱਕ ਮੰਗਿਆਂ ਨਾਂ ਮਿਲੇ, ਹੱਕ ਲੈਣ ਲਈ, ਆ ਸੜਕਾਂ ਤੇ ਡੇਰੇ ਹੁਣ ਲਾਏ ਨੇ,
ਆਪ ਛੱਕਦੇ, ਤੇ ਭੁੱਖੇ ਨੂੰ ਛਕਾਉਦੇ ਹਾਂ, ਅਸੀਂ ਥਾਂ-ਥਾਂ ਤੇ ਲੰਗਰ ਚਲਾਏ ਨੇ,
ਛੋਟੇ, ਵੱਡੇ ਅਤੇ ਧੀਆਂ, ਭੈਣਾਂ ਸੱਭ ਨੂੰ, ਇਥੇ ਮਿਲਦਾ ਹੈ ਪੂਰਾ ਸਤਿਕਾਰ।
ਨੀ ਤੂੰ ਗਾਫਲਾਨਾ ਨੀਦ ਸੁੱਤੀ ਦਿੱਲੀਏ - - - -
ਕਾਮੇ ਦੁਨੀਆਂ ਦੇ ਸਾਰੇ ਇਕ ਹੋ ਗਏ, ਖੜੇ ਮੋਢੇ ਨਾਲ ਮੋਢਾ ਇਹ ਜੋੜ ਨੀ,
ਸਾਡੀ ਮਿਹਨਤ ਜੋ ਖੋਹਣ ਲਈ ਆਕੜੂ, ਧੌਣ ਫੜ ਇਹ ਦੇਣਗੇ ਮਰੋੜ ਨੀ,
ਭਲਾ ਸਦਾ ਸਰਬੱਤ ਦਾ ਹਾਂ ਮੰਗਦੇ, ਦਿਲੋਂ ਕਿਸੇ ਨਾਲ ਰੱਖੀਏ ਨਾ ਖਾਰ।
ਨੀ ਤੂੰ ਗਾਫਲਾਨਾ ਨੀਂਦ ਸੁੱਤੀ ਦਿੱਲੀਏ,--------
ਹੱਕ ਕਿਸੇ ਦਾ ਹਰਾਮ ਸਾਡੇ ਲਈ ਹੈ, ਰਾਖੀ ਹੱਕਾਂ ਦੀ ਕਰਨ ਹਾਂ ਜਾਣਦੇ,
ਖੁਸ਼ੀ ਕਿਸੇ ਦੀ ਤੇ ਸਿੱਧੂ ਨਹੀਂ ਸੜਦੇ, ਰਹਿ ਕੇ ਰਜਾ ਚ ਅਨੰਦ ਹਾਂ ਮਾਣਦੇ,
ਸਾਡੇ ਪੁਰਖੇ ਗਏ ਸਾਨੂੰ ਇਹ ਦੱਸਕੇ, ਹੱਕ ਰੱਖੀਦੇ ਨੇ ਕਿੱਦਾਂ ਬਰਕਰਾਰ।
ਨੀ ਤੂੰ ਗਾਫਲਾਨਾ ਨੀਂਦ ਸੁੱਤੀ ਦਿੱਲੀਏ, ਸੁਣ ਚਾਰੇ ਪਾਸੇ ਮੱਚੀ ਹਾਹਾਕਾਰ।
ਸਾਡੇ ਹੱਕ ਖੋਹ ਕੇ ਵੱਸਦੇ ਉਜਾੜ ਨਾ, ਕਾਮੇ ਕਿਰਤੀਆਂ ਦੀ ਸੁਣ ਲੈ ਪੁਕਾਰ।