ਬੋਲੀ (ਮਿੰਨੀ ਕਹਾਣੀ)

ਰਣਜੀਤ ਆਜ਼ਾਦ ਕਾਂਝਲਾ   

Email: azaadrskanjhla@gmail.com
Cell: +91 4646 97781
Address: ਸ਼ਿਵਪੁਰੀ, ਧੂਰੀ
ਸੰਗਰੂਰ India 148024
ਰਣਜੀਤ ਆਜ਼ਾਦ ਕਾਂਝਲਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਭਿਖਾਰਨ ਦੀ ਪੰਜ ਕੁ ਸਾਲ ਦੀ ਧੀ ਨੇ ਪੇਟ - ਮੁੰਹ  ' ਤੇ ਹੱਥ ਰੱਖ ਕੇ ਤੇਜ਼ ਲੱਗੀ ਭੁਖ ਦਾ ਪ੍ਰਗਟਾਵਾ ਕਰਦੇ ਕਿਹਾ , ' ਮਾਂ ...!..ਰੋਟੀ ...!!' ਮਸਾਂ ਹੀ ਬੋਲ ਸਕੀ !

ਮਾਂ ਵੱਡੇ ਦਰਵਾਜ਼ੇ ਦੇ ਮੂਹਰੇ ਖੜ੍ਹੀਆਂ ਕਾਰਾਂ ਵੱਲ ਵੇਖ ਤੇ ਅੱਖਾਂ ਵਿਚ ਚਮਕ ਲਿਆਉਂਦੀ ਬੋਲੀ , ' ਚਲ ! ਭੁੱਖੀ ! ਔਹ ਘਰੇ ! ਕੁਝ ਨਾ ਕੁਝ ਤੈਨੂਂੰ ਮਿਲ 'ਜੂਗਾ ਖਾਣ ਵਾਸਤੇ , ' ਐਨਾ ਕਹਿ ਉਹ ਬੱਚੀ ਨੂਂੰ ਉਂਗਲੀ ਲਾ ਟੂਰ ਪਈ ! ਹੌਲੀ  ਹੌਲੀ ਕਦਮ ਪੁਟਦੇ ਉਹ ਉਸ ਦਰ ਅੱਗੇ ਜਾ ਬੋਲੀ  ' ਭਾਗਾਂ ਵਾਲੀਏ ! ਭਰਾਵਾਂ ਵਾਲੀਏ ! ਉਚੇ ਦਰਾਂ ਵਾਲੀਏ ! ਕੋਈ ਇਕ ਅੱਧੀ ਬਾਸੀ ਬਚੀ - ਖੁਚੀ ਰੋਟੀ ਦਾ ਟੁਕਰ ਦੇ ਦੇਹ ! ਬੱਚੀ ਨੂਂੰ ਭੁੱਖ ਬਹੁਤ ਲੱਗੀ ਐ ! ਰੱਬ ਤੁਹਾਨੂਂੰ ਰਾਜ਼ੀ ਖੁਸ਼ੀ ਰੱਖੇ ! ਰੰਗ ਭਾਗ ਲੱਗੇ ਰਹਿਣ ! ਲੰਬੜਦਾਰਨੀਏ !! ਸਰਦਾਰੀਆਂ ਬਣੀਆਂ ਰਹਿਣ !!....!!' ਕਿੰਨੀ ਹੀ ਦੇਰ ਉਹ ਇਹ ਸ਼ਬਦ ਅਪਣੀ ਮਿਠੀ ਜ਼ੁਬਾਨ ' ਚੋਂ ਬੋਲਦੀ ਰਹੀ !

ਕਾਫੀ ਦੇਰ ਪਿੱਛੋਂ ਇਕ ਪ੍ਰਾਣੀ ਬਾਹਰ ਆਇਆ ਜ਼ੋ ਉਹਨਾ ਦਾ ਨੌਕਰ ਸੀ , ਬੋਲਿਆ , ' ਤੁਸੀਂ ਅੱਗੇ ਚਲੇ ਜਾਉ ! ਅੱਜ ਏਥੇ ਮਹਿਮਾਨ ਆਏ ਹੋਏ ਨੇ ! ਕਿਸੇ ਅਗਲੇ ਘਰ ਜਾ ਮੰਗੋ !...!! ' ਐਨਾ ਸੁਣਦਿਆਂ ਹੀ ਧੀ ਤੇ ਮਾਂ ਦੀਆਂ ਅੱਖਾਂ ਵਿਚ ਆਸ ਦੀ ਚਮਕ ਉਭਰੀ ਤੇ ਕੁਝ ਧਰਵਾਸ ਕਰਦੀ ਭਿਖਾਰਣ ਦੁਵਾਰਾ ਬੋਲੀ , ' ਭਾਗਾਂ ਵਾਲੀਏ ! ਤੇਰੇ ਬੱਚੇ ਜਿਉਂਦੇ ਰਹਿਣ ! ਏਸ ਭੁੱਖੀ ਬੱਚੀ ਨੂਂੰ ਕੁਝ ਨਾ ਕੁਝ ਖਾਣ ਲਈ ਦੇ ਦਿਉ ! ਰੱਬ ਤੁਹਾਡਾ ਭਲਾ ਕਰੇ ! ਵੱਸਦੇ ਰਹਿਣ ਦੁਆਰੇ ਤੇਰੇ ਭਾਗਾਂ ਭਰੀਏ !...!! '

ਉਹ ਕਿਂਨੀ ਦੇਰ ਏਦਾਂ ਹੀ ਗੁਣਗਾਣ ਕਰਦੀ ਰਹੀ ਪਰ ਕੁਝ ਵੀ ਪੱਲੇ ਨਾ ਪੈਂਦਾ ਵੇਖ ਉਹ ਵਾਪਸ ਮੁੜਦੀ ਰਸਤੇ ਦੇ ਲਾਗੇ ਉਸੇ ਘਰ ਦੀ ਖਿੜਕੀ ਕੋਲ ਦੀ ਲੰਘਣ ਲੱਗੀ ਤਾਂ ਭਿਖਾਰਣ ਦੇ ਕੰਨੀ ਭਿਣਕ ਪਈ , ' ਦੇਖ਼ 'ਲੋ ਭੈਣ ਜੀ ! ਲੜਕਾ ਐਨਾ ਪੜ੍ਹਿਆ ਲਿਖਿਆ , ਸੋਹਣਾ ਬਣਦਾ ਫੱਬਦਾ ਹੈ ! ਦਾਜ਼ ਵਿਚ ਤੀਹ ਤੋਲੇ ਸੋਨਾ ,ਵੱਡੀ ਕਾਰ ਤੇ ਹੋਰ ਨਿੱਕ - ਸੁੱਕ ਤਾਂ ਕਰਨਾ ਪੈਣਾ ਹੀ ਹੈ ! ਤੇ ਨਾਲੇ ਬਾਰਾਤ ਦੀ ਸੇਵਾ ਵੀ ਪੂਰੀ ਕਰਨੀ ਈ ਪੈਣੀ ਐ..ਜੀ ...!!' ਕਾਫੀ ਕੁਝ ਚਰਚਾ 'ਚ ਬੋਲਿਆ ਸੁਣਦਿਆਂ ਭਿਖਾਰਣ ਅਪਣੀ ਧੀ ਦੀ ਉਂਗਲੀ ਫੜ੍ਹਦੀ ਬੋਲੀ , ' ਚੱਲ ਕੁੜੀਏ ! ਕਿਸੇ ਹੋਰ ਦਾ ਦਰ ਖੜਕਾਉਂਦੇ ਆਂ , ਏਥੇ ਕੋਈ ਬੁਰਕੀ ਨੀ ਮਿਲਣੀ ਤੈਨੂਂੰ  ! ਇਹ ਘਰ ਵਾਲੇ ਤਾਂ ਆਪ ਧਨ ਦੇ ਬਹੁਤੇ ਭੁੱਖੇ - ਲਾਲਚੀ ਨੇ ਤੇ ਆਪਾਂ ਤਾਂ ਫੇਰ ਵੀ ਪੇਟ ਦੇ ਭੁੱਖੇ ਇਹਨਾ ਤੋਂ ਕਿਤੇ ਉੱਚੇ ਆਂ ! ਇਹ ਤਾਂ ਅਪਣੇ ਪੁੱਤਰ ਦੀ ਪਸ਼ੂਆਂ ਦੀ ਮੰਡੀ 'ਚ ਵਿਕਦੀ ਵਸਤੂ ਵਾਂਗ ਬੋਲੀ ਲਾ ਰਹੇ ਨੇ !.!'