ਨਵੀਂ ਸਦੀ ਦੀ ਨਵੀਂ ਨਸਲ (ਕਵਿਤਾ)

ਰਵਿੰਦਰ ਰਵੀ   

Email: r.ravi@live.ca
Phone: +1250 635 4455
Address: 116 - 3530 Kalum Street, Terrace
B.C V8G 2P2 British Columbia Canada
ਰਵਿੰਦਰ ਰਵੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਏਸ ਘਰ ਵਿਚ

ਛੇ ਜਣੇ ਰਹਿੰਦੇ ਹਨ

ਮਾਤਾ, ਪਿਤਾ…….

ਦੋ ਧੀਆਂ, ਦੋ ਪੁੱਤਰ!!!!!!


ਸਭ ਦਾ ਵੱਖੋ ਵੱਖਰਾ ਸੌਣ-ਕਮਰਾ ਹੈ,

ਵੱਖੋ ਵੱਖਰਾ ਗ਼ੁਸਲਖਾਨਾ,

ਵੱਖੋ ਵੱਖਰੀ ਘੜੀ ਹੈ,


ਘੜੀ 'ਤੇ ਸਮਾਂ ਇਕ ਹੋਣ ਦੇ ਬਾਵਜੂਦ,

ਸਮੇਂ ਦੀ ਤੋਰ ਤੇ ਦਿਸ਼ਾ ਆਪੋ ਆਪਣੀ ਹੈ


ਬਾਹਰਲਾ ਬੂਹਾ ਉਬਾਸੀ ਵਾਂਗ ਖੁੱਲ੍ਹਦਾ ਹੈ,

ਤਾਂ ਇਹ ਆਪੋ ਆਪਣੇ ਸਮੇਂ ਨਾਲ ਬੱਝੇ,

ਆਪੋ ਆਪਣੇ ਏਜੰਡੇ ਵਿਚ ਢਲੇ,

ਸ਼ਰਦਲ ਟੱਪਦਿਆਂ ਹੀ, ਸੜਕ ਵਾਂਗ,

ਵੱਖ, ਵੱਖ ਦਿਸ਼ਾਵਾਂ ਵਿਚ ਪਾਟ ਜਾਂਦੇ ਹਨ,

ਕਿੱਤੇ ਦੇ ਮਸ਼ੀਨੀ ਮਾਹੌਲ ਵਿਚ,

ਮਸ਼ੀਨ ਬਣ ਸਮਾਂਦੇ ਹਨ


ਇਨ੍ਹਾਂ ਬੱਚਿਆਂ ਦੇ ਆਪੋ ਆਪਣੇ ਮਿੱਤਰ ਹਨ,

ਮਿੱਤਰ-ਮੁੰਡੇ ਹਨ, ਮਿੱਤਰ-ਕੁੜੀਆਂ ਹਨ…..

ਕੋਈ ਸਮਲਿੰਗ-ਭੋਗੀ ਹੈ, ਕੋਈ ਬਹੁ-ਲਿੰਗ-ਭੋਗੀ

ਤੇ ਕੋਈ ਵਿਰੋਧ-ਲਿੰਗ-ਭੋਗੀ

ਭੀੜ ਪੈਣ 'ਤੇ, ਆਪਣੇ ਹੱਥੀਂ ਆਪਣਾ ਹੀ ਕਾਜ,

ਸੁਆਰ ਲੈਂਦੇ ਹਨ ਸਭ ਜਣੇ


ਕਾਰਾਂ ਵਾਂਗ ਇਨ੍ਹਾਂ ਦੇ ਮਿੱਤਰਾਂ ਦੇ

ਮਾਡਲ ਵੀ ਬਦਲਦੇ ਰਹਿੰਦੇ ਹਨ, ਨੇਮ ਵਾਂਗ,

ਪੱਬ, ਕਲੱਬ,  ਨਗਨ-ਨ੍ਰਿਤ-ਘਰ

ਤੇ ਬਾਰ, ਕਸੀਨੋ, ਰੈਸਤੋਰਾਂ ਵਿਚ

ਇਕ ਦੂਜੇ ਦਾ ਸੰਗ ਸਾਥ ਬਣਦੇ,

ਸਿਖਰ-ਸੰਤੋਖ ਤੇ ਆਨੰਦ ਤਕ ਦਾ,

ਸਫਰ ਤੈ ਕਰਦੇ ਹਨ….

ਭਰ, ਭਰ, ਫਿਸਦੇ, ਫਿਸ, ਫਿਸ, ਭਰਦੇ ਹਨ


ਮੌਜ ਮੇਲੇ ਦੇ ਇਨ੍ਹਾਂ ਕੇਂਦਰਾਂ ਵਿਚ, ਇਹ

ਇਕ ਦੂਜੇ ਦੇ ਸਾਥੀ ਹੁੰਦੇ ਹੋਏ ਵੀ,

ਇਕ ਦੂਜੇ ਲਈ ਘਰ ਨਹੀਂ ਬਣਦੇ,

ਮਨ ਦੇ ਧੁਰ ਅੰਦਰ ਤਕ

ਖੁੱਲ੍ਹਣ ਵਾਲਾ,

ਦਰ ਨਹੀਂ ਬਣਦੇ


ਮਾਂ ਬਾਪ ਦੀ ਸ਼ਾਦੀ ਤੋਂ ਬਾਅਦ –

ਏਸ ਘਰ ਵਿਚ ਕਦੇ ਸ਼ਹਿਨਾਈ ਨਹੀਂ ਵੱਜੀ,

ਜਾਗੋ ਨਹੀਂ ਜਗੀ,

ਸੁਹਾਗ ਨਹੀਂ ਗਾਏ ਗਏ,

ਘੋੜੀਆਂ ਨਹੀਂ ਸੁਣੀਆਂ…..


ਵੱਖੋ ਵੱਖਰੇ ਸੌਣ-ਕਮਰਿਆਂ ਵਿਚ ਵੰਡੇ ਹੋਏ ਵੀ,

ਇਹ ਇਕ ਟੱਬਰ ਹਨ -

ਸਮਾਜਕ ਰਸਮਾਂ ਤੇ ਸਮਾਗਮਾਂ ਵਿਚ

ਸਜ ਧਜ ਕੇ ਇਕੱਠੇ ਹੀ ਜਾਂਦੇ ਹਨ

ਇਕ ਦੂਜੇ ਦਾ ਪਰਿਚਯ ਕਰਵਾਂਦੇ ਹਨ

ਭਿੰਨ, ਭਿੰਨ ਮਖੌਟੇ ਪਹਿਨ ਕੇ,

ਮਾਤਾ, ਪਿਤਾ, ਧੀ, ਪੁੱਤਰ, ਪਤੀ,….

ਸਭ ਬਣ ਜਾਂਦੇ ਹਨ,

ਹਰਵਰਿਆਈ ਮੁਸਕਾਨ: ਖਿਲ ਜਾਂਦੇ ਹਨ


ਏਸ ਘਰ ਦੇ ਵਾਸੀ ਬਹੁਤ ਅਮੀਰ ਹਨ

ਮਹਿੰਗੀਆਂ ਕਾਰਾਂ ਤੇ ਮਹਿੰਗਾ ਫਰਨੀਚਰ ਹਨ

ਲੇਟੈਸਟ ਫੈਸ਼ਨ ਦੇ ਸੂਟ,ਆਊਟਫਿਟ ਹਨ

ਪਰਫਿਊਮ, ਲੈਵਿੰਡਰ ਹਨ

ਹੇਅਰ-ਡਰੈਸਰ ਦੇ, ਤੁਰਦੇ ਫਿਰਦੇ

ਇਸ਼ਤਿਹਾਰ ਹਨ

ਨਕਲੀ ਗਹਿਣੇ ਹਨ, ਗੋਦਨੇ ਹਨ


ਹਰ ਤਰ੍ਹਾਂ ਦੇ ਬਰੈਂਡ ਨੇਮ ਹਨ:

ਨਾਈਕੀ, ਰੀਬੌਕ, ਐਡੀਡਾਸ ਹਨ

ਗੂਚੀ,ਓਮੇਗਾ ਹਨ,

ਗੈਪ, ਕੈਲਵਿਨ ਕਲਾਈਨ ਹਨ,

ਬੀ.ਐਮ.ਡਬਲਯੂ.,ਹਮ ਵੀ, ਔਡੀ ਤੇ ਫਰਾਰੀ ਹਨ

ਆਪਣਾ ਆਪ ਤਮਾਸ਼ਾ,

ਆਪਣੇ ਆਪ ਮਦਾਰੀ ਹਨ


ਆਪਣੇ ਇਸ ਇਕ-ਪਾਤਰੀ ਨਾਟਕ ਦੇ,

ਆਪ ਹੀ ਨਿਰਦੇਸ਼ਕ, ਨਿਰਮਾਤਾ, ਕਲਾਕਾਰ

ਤੇ ਹੋਰ ਕਰਮਚਾਰੀ ਹਨ


ਇਹ ਬਹੁਤ ਵੱਡੀ ਚੀਜ਼ ਹਨ,

ਵੱਡੀ ਖੇਡ ਦੇ ਖਿਡਾਰੀ ਹਨ -

ਇਨ੍ਹਾਂ ਦਾ ਦਿਸ-ਹੱਦਾ ਤੰਗ,

ਆਸਮਾਨ ਛੋਟਾ…………

ਪਰ ….

ਲੰਮੀਂ ਉਡਾਰੀ ਹਨ


ਬਾਹਰਲੇ ਦੇਸ਼ਾਂ ਦੀ ਸੈਰ ਲਈ

ਸਾਥੀਆਂ ਦੀ ਚੋਣ ਹਨ

ਹੋਟਲਾਂ ਤੇ ਲਾਜਾਂ ਵਿਚ ਘਰ ਦਾ ਭਰਮ ਭੋਗਦੇ –

ਬੇਘਰੇ ਹੋ,

ਘਰ ਪਰਤ ਆਉਂਦੇ ਹਨ….

ਇੱਕੋ ਹੀ ਮਕਾਨ ਵਿਚ ਟੁੱਟੇ ਹੋਏ

ਆਪੋ ਆਪਣੇ ਘਰ,

ਆਪੋ ਆਪਣੇ ਦਰ!!!!!!


ਏਸ ਘਰ ਵਿਚ

ਛੇ ਜਣੇ ਰਹਿੰਦੇ ਹਨ

ਮਾਤਾ, ਪਿਤਾ…….

ਦੋ ਧੀਆਂ, ਦੋ ਪੁੱਤਰ!!!!!!