ਸਰਬਤ ਦਾ ਭਲਾ (ਕਵਿਤਾ)

ਮਲਕੀਅਤ "ਸੁਹਲ"   

Email: malkiatsohal42@yahoo.in
Cell: +91 98728 48610
Address: ਪਿੰਡ- ਨੋਸ਼ਹਿਰਾ ਬਹਾਦੁਰ ਪੁਲ ਤਿਬੜੀ
ਗੁਰਦਾਸਪੁਰ India
ਮਲਕੀਅਤ "ਸੁਹਲ" ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਰਬਤ ਦਾ ਭਲਾ  ਮੰਗਦੇ ਹਾਂ।
      ਪਰ!ਇਕ ਦੂਜੇ ਨੂੰ ਡੰਗਦੇ ਹਾਂ।
      ਆਪਣਿਆਂ ਨੂੰ ਹੁਣ ਆਪੇ ਹੀ,
      ਤਾਂ ਸੂਲੀ ਤੇ ਕਿਉਂ ਟੰਗਦੇ ਹਾਂ।

      ਇਕ ਮਾਂ ਦੇ ਪੇਟੋਂ,ਜਮੇਂ ਪੁੱਤਰ।
      ਉਹ ਵੀ ਹੁੰਦੇ  ਜਾਣ  ਕਪੁੱਤਰ।
      ਕਤਲ ਹੁੰਦੇ ਨੇ  ਦੌਲਤ ਖਾਤਰ,
      ਕੌਣ ਦੇਵੇਗਾ  ਇਸ ਦਾ ਉੱਤਰ।

      ਜੇ ਖ਼ੂਨ ਹਨੇਰੀ ਝੁੱਲ ਗਈ ਲੋਕੋ।
      ਤਾਂ ਵੀ ਭਲਾ ਸਰਬਤ ਦਾ ਲੋਚੋ।
      ਬਚਾਉਣੇ ਨੇ ਜੇ ਲਹੂ ਦੇ ਰਿਸ਼ਤੇ,
      ਮਾਸ ਨਾ  ਇਕ-ਦੂਜੇ ਦਾ ਨੋਚੋ।

      ਇਹ ਗੱਲ ਆਦਿ-ਜੁਗਾਂਦਾਂ ਦੀ।
      ਹੈ ਰਾਜਿਆਂ ਦੀ, ਤੇ ਸਾਧਾਂ ਦੀ।
      ਤਗੜੇ ਨੇ ਵੀ ਗੱਲ ਨਹੀ ਸੁਣਨੀ 
      ਮਜ਼ਲੂਮ ਦੀਆਂ ਫ਼ਰਿਆਦਾਂ ਦੀ।

      ਨਾ ਆਪਣਾ ਤੇ,ਨਾਹੀਂ ਬੇਗਾਨਾ।
      ਦਿਲ ਵਿਚ ਰਖੋ ਨੇਕ ਨਿਸ਼ਾਨਾ।
      ਆਪਣੀ ਕਿਰਤ ਕਮਾਈ ਖਾਵੋ,
      ਹੱਕ ਕਿਸੇ ਦਾ ਕਿਉਂ ਹੈ ਖਾਣਾ।

      ਹਰ ਧਰਮਾਂ ਦੇ  ਗੁਰੂਆਂ ਪੀਰਾਂ।
      ਪੈਗੰਬਰ,ਵਲੀਆਂ,ਸਾਧ,ਫਕੀਰਾਂ।
      ਹੱਕ ਪਰਾਇਆ ਕਦੇ ਨਾ ਖਾਉ,
      ਉੱਚੀਆਂ ਰਖਿਉ ਸਦਾ ਜ਼ਮੀਰਾਂ।