ਪੰਜਾਬੀਆਂ ਨੇ ਆਪਣੇ ਜੁਝਾਰੂ ਸੁਭਾਅ ਨੂੰ ਇੱਕ ਵਾਰ ਫਿਰ ਦੁਹਰਾਇਆ ਹੈ (ਲੇਖ )

ਬਲਵਿੰਦਰ ਸਿੰਘ ਚਾਹਲ    

Email: chahal_italy@yahoo.com
Phone: +39 320 217 6490
Address:
Italy
ਬਲਵਿੰਦਰ ਸਿੰਘ ਚਾਹਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਭਾਰਤ ਦੀ ਸੱਤਾ ਧਾਰੀ ਭਾਜਪਾ ਸਰਕਾਰ ਵੱਲੋਂ ਲਿਆਂਦੇ ਤੇ ਬਣਾਏ ਖੇਤੀ ਕਾਨੂੰਨਾਂ ਨੇ ਸਾਰੇ ਦੇਸ਼ ਵਿੱਚ ਹੱਲਚੱਲ ਪੈਦਾ ਕਰ ਦਿੱਤੀ ਹੈ। ਅੱਜ ਦੇਸ਼ ਭਰ ਦੇ ਕਿਸਾਨਾਂ ਵੱਲੋਂ ਇਹਨਾਂ ਕਾਨੂੰਨਾਂ ਦੇ ਵਿਰੋਧ ਵਿੱਚ ਰੋਸ ਮੁਜਾਹਰੇ ਹੋ ਰਹੇ ਹਨ। ਇਹਨਾਂ ਰੋਸ ਮੁਜਾਹਰਿਆਂ ਦੀ ਸ਼ੁਰੂਆਤ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ। ਜਿਸ ਨੂੰ ਪੰਜਾਬ ਦੇ ਕਿਸਾਨਾਂ ਦੇ ਨਾਲ ਹੋਰ ਬਹੁਤ ਸਾਰੇ ਲੋਕਾਂ ਨੇ ਵੀ ਵੱਡਾ ਹੁੰਹਾਰਾ ਦਿੱਤਾ। ਪਰ ਭਾਰਤ ਸਰਕਾਰ ਨੇ ਕਿਸਾਨਾਂ ਦੇ ਸੰਘਰਸ਼ ਨੂੰ ਅੱਖੋਂ ਪਰੋਖੇ ਕਰਦਿਆਂ ਇਸਨੂੰ ਕੁਝ ਦਿਨਾਂ ਦਾ ਰੌਲਾ ਰੱਪਾ ਸਮਝ ਕੇ ਬਹੁਤਾ ਧਿਆਨ ਨਾ ਦਿੱਤਾ। ਰਾਸ਼ਟਰੀ ਪੱਧਰ ਦਾ ਭਾਰਤੀ ਮੀਡੀਆ ਵੀ ਸਰਕਾਰ ਪੱਖੀ ਹੋਣ ਕਰਕੇ ਇਸ ਸਭ ਤੋਂ ਪਾਸੇ ਹੀ ਰਿਹਾ। ਪਰ ਕਿਸਾਨਾਂ ਜਥੇਬੰਦੀਆਂ ਆਪਣੇ ਮੱਤਭੇਦ ਹੋਣ ਦੇ ਬਾਵਜੂਦ ਵੀ ਇੱਕ ਮੁੱਦੇ ਤੇ ਸਹਿਮਤ ਰਹੀਆਂ ਅਤੇ ਉਹਨਾਂ ਨੇ ਆਪਣੇ ਸੰਘਰਸ਼ ਨੂੰ ਹੋਰ ਤੇਜ ਕਰਨ ਲਈ ਅਤੇ ਇਹਨਾਂ ਕਾਨੂੰਨਾਂ ਦਾ ਡੱਟਵਾਂ ਵਿਰੋਧ ਕਰਨ ਲਈ ਬੀਤੇ ਕੁਝ ਦਿਨ ਪਹਿਲਾਂ ਆਪਣੇ ਚਾਲੇ ਦਿੱਲੀ ਵੱਲ ਨੂੰ ਪਾ ਦਿੱਤੇ। ਜਿਸ ਦਾ ਲੋਕਾਂ ਨੇ ਹੋਰ ਵੀ ਭਰਵਾਂ ਸਾਥ ਦਿੱਤਾ। ਜਿਸ ਵਿੱਚ ਹਰਿਆਣਾ ਦੀ ਖੱਟੜ ਸਰਕਾਰ ਵੱਲੋਂ ਲਾਈਆਂ ਰੋਕਾਂ ਦੇ ਬਾਵਜੂਦ ਲੋਕਾਂ ਦਾ ਇਕੱਠ ਅੱਗੇ ਵੱਧਦਾ ਗਿਆ। ਰਾਹ ਵਿੱਚ ਖੜੀਆਂ ਕੀਤੀਆਂ ਸਰਕਾਰੀ ਰੋਕਾਂ, ਪਾਣੀ ਦੀ ਬੁਛਾੜਾਂ, ਅੱਥਰੂ ਗੈਸ ਦੇ ਗੋਲੇ, ਮਿੱਟੀ ਦੇ ਢੇਰੀ ਕੀਤੇ ਟਰੱਕਾਂ ਨਾਲ ਬੰਦ ਕੀਤੇ ਸੜਕੀ ਮਾਰਗ ਤੇ ਹੋਰ ਕਈ ਪ੍ਰਕਾਰ ਦੀਆਂ ਗੈਰ ਮਨੁੱਖੀ ਰੋਕਾਂ ਵੀ ਕਿਸਾਨਾਂ ਦੇ ਕਾਫਲੇ ਨੂੰ ਰੋਕ ਨਾ ਸਕੇ। ਅਖੀਰ ਵਿੱਚ ਕਿਸਾਨ ਦਿੱਲੀ ਪੁੱਜ ਗਏ ਜਿਸ ਵਿੱਚ ਪੰਜਾਬ ਦੇ ਕਿਸਾਨਾਂ ਦੇ ਨਾਲ ਨਾਲ ਹਰਿਆਣੇ ਦੇ ਕਿਸਾਨਾਂ ਨੇ ਵੀ ਵੱਡਾ ਯੋਗਦਾਨ ਪਾਇਆ।
               ਇਸ ਸੰਘਰਸ਼ ਨੂੰ ਪੰਜਾਬ ਦੇ ਲੋਕਾਂ ਨੇ ਆਰੰਭਿਆ ਅਤੇ ਹੌਲੀ ਹੌਲੀ ਇਸ ਸੰਘਰਸ਼ ਨੇ ਰਾਸ਼ਟਰੀ ਸੰਘਰਸ਼ ਦਾ ਰੂਪ ਧਾਰਨ ਕਰ ਲਿਆ ਹੈ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਪੰਜਾਬੀਆਂ ਨੇ ਆਪਣਾ ਇਤਿਹਾਸ ਦੁਹਰਾ ਦਿੱਤਾ ਹੈ। ਅੱਜ ਫਿਰ ਪੰਜਾਬ ਦੇ ਲੋਕ ਇੱਕ ਮੁੱਠ ਹੋ ਲੜ ਰਹੇ ਹਨ। ਪੰਜਾਬੀਆਂ ਨੇ ਆਪਣੇ ਜੁਝਾਰੂ ਸੁਭਾਅ ਦਾ ਬਾਖੂਬੀ ਸਬੂਤ ਦਿੱਤਾ ਹੈ। ਜਿਹਨਾਂ ਪੰਜਾਬੀਆਂ ਨਾਲ ਕਹਾਵਤਾਂ ਜੁੜੀਆਂ ਹੋਈਆਂ ਹਨ ਕਿ "ਪੰਜਾਬੀਆਂ ਜੰਮਦਿਆਂ ਨੂੰ ਮੁਹਿੰਮਾਂ" ਉਹ ਗੱਲ ਇੱਕ ਵਾਰ ਫਿਰ ਜੱਗ ਜਾਹਰ ਹੋਈ ਹੈ। ਕੋਈ ਸਮਾਂ ਸੀ ਜਦੋਂ ਸਿਕੰਦਰ ਵਰਗਾ ਦੁਨੀਆ ਦਾ ਜੇਤੂ ਬਾਦਸ਼ਾਹ ਪੰਜਾਬ ਦੀ ਧਰਤੀ ਤੇ ਪੈਰ ਪਾਉਂਦਾ ਹੈ ਤਾਂ ਉਸਨੂੰ ਪੋਰਸ ਜਿਹਾ ਬਹਾਦਰ ਰਾਜਾ ਟੱਕਰ ਦਿੰਦਾ ਹੈ। ਬੇਸ਼ੱਕ ਸਿਕੰਦਰ ਦੀ ਵੱਡੀ ਤੇ ਤਾਕਤਵਰ ਫੌਜ ਅੱਗੇ ਪੋਰਸ ਹਾਰ ਜਾਂਦਾ ਹੈ ਪਰ ਉਹ ਆਪਣੇ ਬਹਾਦਰੀ ਵਾਲੇ ਗੁਣਾਂ ਕਰਕੇ ਸਿਕੰਦਰ ਦਾ ਦਿਲ ਜਿੱਤ ਲੈਂਦਾ ਹੈ। ਜਦੋਂ ਬਾਬਰ ਪੰਜਾਬ ਉੱਪਰ ਚੜਾਈ ਕਰਦਾ ਹੈ ਤਾਂ ਉਹ ਬਹੁਤ ਸਾਰੇ ਲੋਕਾਂ ਨੂੰ ਜੇਲ ਵਿੱਚ ਬੰਦ ਕਰ ਦਿੰਦਾ ਹੈ। ਜਿਹਨਾਂ ਵਿੱਚ ਗੁਰੂ ਨਾਨਕ ਸਾਹਿਬ ਵੀ ਸਨ। ਗੁਰੂ ਜੀ ਨੇ ਬਾਬਰ ਨੂੰ ਬੜੀ ਜੋਰਦਾਰ ਤੇ ਰੋਹਬਦਾਰ ਸ਼ੈਲੀ ਵਿੱਚ ਫਿਟਕਾਰਿਆ ਸੀ। ਉਹਨਾਂ ਤਾਂ ਰੱਬ ਨੂੰ ਉਲਾਹਮਾਂ ਦੇ ਦਿੱਤਾ ਸੀ ਕਿ "ਏਤੀ ਮਾਰ ਪਈ ਕੁਰਲਾਣੇ, ਤੈਂ ਕੀ ਦਰਦੁ ਨਾ ਆਇਆ"। ਉਹਨਾਂ ਉਸ ਸਮੇਂ ਦੇ ਸ਼ਾਸ਼ਕਾਂ ਤੇ ਰਾਜ ਸਰਕਾਰੀ ਪ੍ਰਬੰਧਕਾਂ ਨੂੰ ਵੀ ਲਾਹਨਤਾਂ ਪਾਉਂਦੇ ਹੋਏ ਕਿਹਾ ਸੀ "ਰਾਜੇ ਸੀਹ ਮੁਕਦਮ ਕੁਤੇ।। ਜਾਇ ਜਗਾਇਨਿ ਬੈਠੇ ਸੁਤੇ"। ਗੁਰੂ ਸਾਹਿਬ ਜੀ ਨੇ ਕਿਸੇ ਤਰ੍ਹਾਂ ਦੇ ਡਰ ਭੈਅ ਤੋਂ ਮੁਕਤ ਹੋ ਕੇ ਲੋਕਾਂ ਲਈ ਆਵਾਜ ਚੁੱਕੀ ਸੀ।
                ਇਸੇ ਇਤਿਹਾਸ ਨੂੰ ਬਾਅਦ ਵਿੱਚ ਦੁਹਰਾਉਂਦੇ ਹੋਏ ਗੁਰੁ ਹਰਗੋਬਿੰਦ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਨੇ ਜ਼ਾਲਮਾਂ ਨਾਲ ਟੱਕਰ ਲੈਣੀ ਜਾਰੀ ਰੱਖੀ। ਬੇਸ਼ੱਕ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਇਸ ਦੀ ਭੇਂਟ ਚੜ੍ਹ ਗਿਆ। ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰੱਖਿਆ ਖਾਤਿਰ ਆਪਣਾ ਸੀਸ ਬਲੀਦਾਨ ਕਰ ਦਿੱਤਾ ਪਰ ਜ਼ਾਲਮ ਦੀ ਈਨ ਨਾ ਮੰਨੀ। ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਥੇ ਸਿੱਖ ਰਾਜ ਦੀ ਨੀਂਹ ਰੱਖੀ ਉੱਥੇ ਉਹਨਾਂ ਨੇ ਬੇਜ਼ਮੀਨੇ ਲੋਕਾਂ ਨੂੰ ਜ਼ਮੀਨਾਂ ਦੀ ਮਾਲਕੀ ਬਖਸ਼ੀ ਅਤੇ ਸਮਾਂ ਆਉਣ ਤੇ ਬਹਾਦਰੀ ਤੇ ਬਲੀਦਾਨ ਦੀ ਮਿਸਾਲ ਕਾਇਮ ਕੀਤੀ ਜੋ ਸਦਾ ਲਈ ਇਤਿਹਾਸ ਦੇ ਪੰਨਿਆਂ ਤੇ ਉੱਕਰੀ ਗਈ, ਹੋਰ ਵੀ ਅਨੇਕਾਂ ਮਿਸਾਲਾਂ ਹਨ।
               ਅਹਿਮਦ ਸ਼ਾਹ ਅਬਦਾਲੀ ਵਾਰ ਵਾਰ ਪੰਜਾਬ ਤੇ ਹਮਲੇ ਕਰਦਾ ਸੀ ਤਾਂ ਉਸਨੂੰ ਸਿੱਖ ਹੀ ਟੱਕਰ ਦਿੰਦੇ ਸਨ। ਵੱਡੇ ਘੱਲੂਘਾਰੇ ਦੌਰਾਨ ਅਬਦਾਲੀ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਆਪਣੀ ਪੂਰੀ ਵਾਹ ਲਾ ਦਿੰਂਦਾ ਹੈ ਪਰ ਸਿੱਖ ਅੱਧੋਂ ਵੱਧ ਮਾਰੇ ਜਾਣੇ ਦੇ ਬਾਵਜੂਦ ਅਬਦਾਲੀ ਦਾ ਵਿਰੋਧ ਨੀ ਛੱਡਦੇ। ਸਿੱਖ ਇਕਮੁੱਠ ਹੋ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ ਰਹਿਨੁਮਾਈ ਵਿੱਚ ਅਬਦਾਲੀ ਦਾ ਡਟਵਾਂ ਵਿਰੋਧ ਕਰਦੇ ਹੋਏ ਬੜੀ ਵਿਉਂਤਬੰਦੀ ਨਾਲ ਲੜਦੇ ਰਹੇ ਸਨ। ਅਖੀਰ ਵਿੱਚ ਅਬਦਾਲੀ ਨੇ ਸਿੱਖਾਂ ਨੂੰ ਇਹ ਸੁਨੇਹਾ ਘੱਲਿਆ ਕਿ ਤੁਸੀਂ ਮੇਰੀ ਈਨ ਮੰਨ ਲਵੋ ਮੈਂ ਤੁਹਾਨੂੰ ਪੰਜਾਬ ਦਾ ਰਾਜ ਭਾਗ ਸੌਂਪ ਦਿਆਂਗਾ। ਪਰ ਸਿੱਖਾਂ ਨੇ ਕੋਰੀ ਨਾਂਹ ਕਰਦਿਆਂ ਕਿਹਾ ਸੀ। "ਕੋਊ ਕਿਸੀ ਕੋ ਰਾਜ ਨਾ ਦੇ ਹੈ, ਜੋ ਲੇ ਹੈ, ਨਿਜ ਬਲ ਸੇ ਲੇ ਹੈ।" ਸੋ ਸਿੱਖਾਂ ਨੇ ਅਧੀਨਗੀ ਵਾਲੇ ਰਾਜ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ। ਅਖੀਰ ਸਿੱਖਾਂ ਨੇ ਖੁਦ ਦਿੱਲੀ ਫਤਹਿ ਕਰਕੇ ਖਾਲਸਾ ਰਾਜ ਦਾ ਝੰਡਾ ਝੁਲਾਇਆ ਸੀ। ਸਿੱਖਾਂ ਨੇ ਨਾਦਰਸ਼ਾਹ ਜਿਹੇ ਲੁਟੇਰੇ ਧਾੜਵੀਆਂ ਨੂੰ ਲੁੱਟ ਕੇ ਪੰਜਾਬੀਆਂ ਦੀ ਬਹਾਦਰੀ ਅਤੇ ਇਹਨਾਂ ਦੇ ਜਿਊਂਦੇ ਹੋਣ ਅਹਿਸਾਸ ਹੀ ਨਹੀਂ ਕਰਵਾਇਆ ਸੀ ਸਗੋਂ ਉਸ ਦੀ ਕੈਦ ਵਿੱਚੋਂ ਹਜਾਰਾਂ ਅਬਲਾਵਾਂ ਤੇ ਹੋਰ ਲੋਕਾਂ ਨੂੰ ਆਜਾਦ ਕਰਵਾ ਕੇ ਉਹਨਾਂ ਦੇ ਘਰੀਂ ਪਹੁੰਚਾਇਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਵੀ ਆਪਣੀ ਬਹਾਦਰੀ ਨਾਲ ਵਿਸ਼ਾਲ ਸਿੱਖ ਰਾਜ ਸਥਾਪਤ ਕੀਤਾ ਸੀ ਅਤੇ ਜਿਹਨਾਂ ਲੋਕਾਂ ਨੇ ਪੰਜਾਬੀਆਂ ਤੇ ਭਾਰਤ ਵਾਸੀਆਂ ਦਾ ਜੀਣਾ ਹਰਾਮ ਕੀਤਾ ਹੋਇਆ ਸੀ ਉਹਨਾਂ ਨੂੰ ਨੱਥ ਪਾ ਕੇ ਉਹਨਾਂ ਦੇ ਘਰਾਂ ਵਿੱਚ ਡੱਕ ਦਿੱਤਾ ਸੀ। ਇਹ ਸਭ ਇੱਥੋਂ ਦੀ ਮਿੱਟੀ, ਇੱਥੋਂ ਦਾ ਇਤਿਹਾਸ, ਸਿੱਖ ਗੁਰੂ ਸਾਹਿਬਾਨ ਵੱਲੋਂ ਦਿੱਤੇ ਸੰਸਕਾਰਾਂ ਦੀ ਬਦੌਲਤ ਹੀ ਸੰਭਵ ਹੋ ਸਕਿਆ ਹੈ। ਪੰਜਾਬ ਦੀ ਮਿੱਟੀ ਵਿੱਚ ਇੱਕ ਸ਼ਕਤੀ ਹੈ ਕਿ ਇੱਥੋਂ ਦੇ ਜੰਮੇ ਹੋਏ ਕਦੇ ਵੀ ਵੈਰੀ ਨੂੰ ਕਬੂਲ ਨਹੀਂ ਕਰਦੇ। ਸਿੱਖ ਰਾਜ ਦੇ ਖਾਤਮੇ ਤੋਂ ਬਾਅਦ ਪੰਜਾਬੀ ਹੀ ਅਜਿਹੀ ਕੌਮ ਸੀ ਜਿਸਨੇ ਬਹੁਤ ਜਲਦੀ ਅੰਗਰੇਜਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਿਹਨਾਂ ਵਿੱਚ ਭਾਈ ਮਹਾਰਾਜ ਸਿੰਘ ਜੀ ਦਾ ਨਾਂ ਸਭ ਤੋਂ ਮੂਹਰੇ ਆਉਂਦਾ ਹੈ। ਦੇਸ ਦੀ ਅਜਾਦੀ ਦੀ ਲੜਾਈ ਦੌਰਾਨ ਮਰਨ ਵਾਲਿਆਂ ਸਭ ਤੋਂ ਵੱਡੀ ਗਿਣਤੀ ਪੰਜਾਬੀਆਂ ਦੀ ਸੀ। ਕੈਦਾਂ ਕੱਟਣ ਵਾਲੇ, ਕਾਲੇ ਪਾਣੀ ਜਾਣ ਵਾਲੇ ਤੇ ਹਰ ਮੋਰਚੇ ਵਿੱਚ ਸਭ ਤੋਂ ਮੂਹਰੇ ਹੋ ਕੇ ਲੜਨ ਵਾਲੇ ਪੰਜਾਬੀ ਸਨ। ਗਦਰ ਪਾਰਟੀ ਦਾ ਇਤਿਹਾਸ, ਕੂਕਿਆਂ ਦਾ ਇਤਿਹਾਸ, ਬੱਬਰ ਅਕਾਲੀ ਲਹਿਰ, ਗੁਰਦਵਾਰਾ ਸੁਧਾਰ ਲਹਿਰ, ਪਗੜੀ ਸੰਭਾਲ ਜੱਟਾਂ ਲਹਿਰ, ਨੌਜਵਾਨ ਭਾਰਤ ਸਭਾ ਤੇ ਹੋਰ ਕਈ ਮੁਹਿੰਮਾਂ ਜਿਹਨਾਂ ਵਿੱਚ ਪੰਜਾਬੀਆਂ ਤੇ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ। ਅਜਾਦੀ ਦੀ ਲੜਾਈ ਦੌਰਾਨ ਇਹਨਾਂ ਨੇ ਆਪਣੀ ਜਾਨ ਖੁਲਾਸੀ ਲਈ ਕਿਸੇ ਦੀ ਅਧੀਨਗੀ ਨਾ ਮੰਨ ਕੇ ਸ਼ਹਾਦਤ ਦਾ ਜਾਮ ਪੀਣ ਨੂੰ ਪਹਿਲ ਦਿੱਤੀ। ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਬਾਬਾ ਸੋਹਣ ਸਿੰਘ ਭਕਨਾ, ਕਿਸ਼ਨ ਸਿੰਘ ਗੜਗੱਜ, ਊਧਮ ਸਿੰਘ, ਮਦਨ ਲਾਲ ਢੀਂਗਰਾ ਅੱਜ ਵੀ ਪੰਜਾਬੀਆਂ ਦੇ ਨਾਇਕ ਹਨ। ਜੇਕਰ 1971 ਦੀ ਭਾਰਤ ਪਾਕਿ ਜੰਗ ਦੌਰਾਨ ਕੋਈ ਪਾਕਿਸਤਾਨ ਦੇ ਪੈਟਨ ਟੈਂਕਾਂ ਮੂਹਰੇ ਅੜਿਆ ਸੀ ਤਾਂ ਉਹ ਪੰਜਾਬ ਦੇ ਜੰਮੇ ਹੀ ਅੜੇ ਸਨ। ਉੱਪਰੋਂ ਹੁਕਮ ਆ ਰਹੇ ਸਨ ਕਿ "ਪੀਛੇ ਹਟ ਜਾA।" ਪਰ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਜਿਹੇ ਬਹਾਦਰ ਜਾਂਬਾਜ ਸਿੱਖ ਫੌਜੀ ਅਫਸਰ ਨੇ ਆਪ ਮਰਨਾ ਕਬੂਲ ਕਰਕੇ ਫੌਜ ਨੂੰ ਲਲਕਾਰ ਮਾਰੀ ਤਾਂ ਫੌਜ ਨੇ ਉਹਨਾਂ ਤੋਂ ਵੀ ਮੂਹਰੇ ਹੋ ਕੇ ਆਪਣੇ ਫੌਜੀ ਅਫਸਰ ਨੂੰ ਅਗਵਾਈ ਦੇਣ ਲਈ ਜਿਊਂਦੇ ਰਹਿਣ ਦਾ ਸੁਝਾਅ ਦਿੱਤਾ। ਜਿਸਦੇ ਫਲਸਰੂਪ ਪਾਕਿਸਤਾਨੀ ਫੌਜ ਦੇ ਟੈਂਕਾਂ ਦਾ ਮੂੰਹ ਮੋੜ ਕੇ ਪਾਕਿਸਤਾਨ ਵੱਲ ਕਰ ਦਿੱਤਾ ਅਤੇ ਕੁਝ ਫੌਜੀਆਂ ਦੀ ਟੁਕੜੀ ਨੇ ਪਾਕਿਸਤਾਨ ਦੀ ਹਜਾਰਾਂ ਫੌਜੀਆਂ ਦੀ ਵੱਡੀ ਗਿਣਤੀ ਨੂੰ ਹਾਰ ਦਾ ਮੂੰਹ ਦੇਖਣ ਲਈ ਮਜਬੂਰ ਕੀਤਾ।
           ਅੱਜ ਦੇ ਚੱਲ ਰਹੇ ਮੋਰਚੇ ਦਾ ਰੁਖ ਦੇਖਦੇ ਹਾਂ ਤਾਂ ਪੰਜਾਬੀਆਂ ਉੱਪਰ ਇੱਕ ਵਾਰ ਫਿਰ ਮਾਣ ਮਹਿਸੂਸ ਹੁੰਦਾ ਹੈ। ਪੰਜਾਬੀਆਂ ਨੇ ਭਾਰਤ ਦੀ ਸਭ ਤੋਂ ਤਾਕਤਵਰ ਸਰਕਾਰ ਨਾਲ ਟੱਕਰ ਲਈ ਹੈ। ਆਜਾਦੀ ਤੋਂ ਬਾਅਦ ਪੰਜਾਬ ਉੱਪਰ ਸਮੇਂ ਸਮੇਂ ਤੇ ਬਹੁਤ ਭੀੜਾਂ ਪਈਆਂ ਹਨ। ਜਿਸ ਵਿੱਚ 1947 ਦੀ ਪੰਜਾਬ ਵੰਡ, 1966 ਵਿੱਚ ਪੰਜਾਬੀ ਸੂਬੇ ਦੇ ਨਾਂ ਉੱਪਰ ਇੱਕ ਹੋਰ ਵੰਡ ਦਾ ਥੋਪਣਾ, ਪੰਜਾਬ ਦੇ ਪਾਣੀਆਂ ਨੂੰ ਸ਼ਰੇਆਮ ਦੂਜੇ ਰਾਜਾਂ ਵਿੱਚ ਲੈ ਜਾਣਾ, ਹਰੀ ਕਰਾਂਤੀ ਦੇ ਨਾਂ ਹੇਠ ਪੰਜਾਬ ਵਿੱਚ ਜਹਿਰੀਲੀਆਂ ਦਵਾਈਆਂ ਤੇ ਖਾਦਾਂ ਦੀ ਭਾਰੀ ਲੋੜ ਤੇ ਜੋਰ, ਪੰਜਾਬ ਦੇ ਸਕੂਲਾਂ ਕਾਲਜਾਂ ਦਾ ਨਿੱਜੀਕਰਨ, ਪੰਜਾਬੀ ਬੋਲੀ ਨੂੰ ਸ਼ਰੇਆਮ ਦਰਕਿਨਾਰ ਕਰਨਾ, ਪੰਜਾਬ ਵਿੱਚ ਸਰਕਾਰੀ ਤੰਤਰ ਜਰੀਏ ਨਸ਼ਿਆਂ ਦਾ ਪਸਾਰ ਤੇ ਪੰਜਾਬ ਦੇ ਲੋਕਾਂ ਨੂੰ ਦੁਨੀਆਭਰ ਵਿੱਚ ਅਮਲੀ ਨਸ਼ਈ ਜਾਹਰ ਕਰਕੇ ਹਰ ਪੱਧਰ ਉੱਪਰ ਬਦਨਾਮ ਕੀਤਾ ਜਾਣਾ। ਪੰਜਾਬ ਤੋਂ ਬਾਹਰ ਨਿਕਲਣ ਲਈ ਇੱਥੋਂ ਦੇ ਲੋਕਾਂ ਨੂੰ ਮਜਬੂਰ ਕਰ ਦੇਣਾ। ਅਜਿਹੇ ਹੋਰ ਵੀ ਬਹੁਤ ਸਾਰੇ ਕਾਰਨ ਹਨ। ਪਰ ਜੇਕਰ ਅਸੀਂ ਥੋੜਾ ਜਿਹਾ ਸੰਜੀਦਾ ਹੋ ਕੇ ਸੋਚਦੇ ਹਾਂ ਕਿ ਜੋ ਕਿਸਾਨਾਂ ਦਾ ਮੋਰਚਾ ਲੱਗਾ ਹੋਇਆ ਹੈ ਉਸ ਵਿੱਚ ਨੌਜਵਾਨ, ਬਜ਼ੁਰਗ, ਬੀਬੀਆਂ ਤੇ ਹਰ ਧਰਮ, ਜਾਤ, ਹਰ ਵਰਗ ਦਾ ਪੰਜਾਬੀ ਆਪਣੀ ਭੂਮਿਕਾ ਨਿਭਾ ਰਿਹਾ ਹੈ। ਫਿਰ ਜੋ ਪੰਜਾਬ ਫਿਲਮਾਂ ਵਿੱਚ ਦਿਖਾਇਆ ਜਾ ਰਿਹਾ ਹੈ। ਜਿਸ ਵਿੱਚ ਬੰਦੂਕਾਂ ਵਾਲੇ, ਨਸ਼ਿਆਂ ਵਾਲੇ, ਲੰਡੀਆਂ ਜੀਪਾਂ ਵਾਲੇ ਹੋਰ ਫੁਕਰੇ ਕਿਸਮ ਦੇ ਦ੍ਰਿਸ਼ ਦੇਖਣ ਨੂੰ ਮਿਲਦੇ ਹਨ। ਉਹ ਸਭ ਇਸ ਸੰਘਰਸ਼ ਵਿੱਚ ਕਿਉਂ ਗਾਇਬ ਹਨ। ਸਿੱਧਾ ਜਿਹਾ ਉੱਤਰ ਹੈ ਕਿ ਉਪਰੋਕਤ ਸਭ ਪੰਜਾਬੀਆਂ ਨੂੰ ਆਪਣੀ ਲੀਹ ਤੋਂ ਭੁੰਝੇ ਲਾਹੁਣ ਦੇ ਕੋਝੇ ਯਤਨ ਹਨ। ਪਰ ਪੰਜਾਬੀ ਅਜੇ ਵੀ ਉਸੇ ਮਿੱਟੀ ਦੇ ਜਾਏ ਹਨ ਜੋ ਸਦੀਆਂ ਤੋਂ ਸੰਘਰਸ਼ਾਂ ਵਿੱਚ ਗੁਜ਼ਰਦੀ ਆਈ ਹੈ। ਬੇਸ਼ੱਕ ਅਸੀਂ ਕੁਝ ਸਮੇਂ ਅਵੇਸਲੇ ਹੋ ਗਏ ਹੋਵਾਂਗੇ, ਪਰ ਸਾਡਾ ਖੂਨ ਅੱਜ ਵੀ ਉਸੇ ਖੂਨ ਦਾ ਅੰਸ਼ ਹੈ ਜੋ ਬਾਗੀ ਸੁਰਾਂ ਦੇ ਮਾਲਕਾਂ ਦਾ ਖੂਨ ਹੈ। ਅੱਜ ਉਹ ਸਾਰੇ ਮਸਲੇ, ਸਭ ਇਲਜ਼ਾਮ ਤੇ ਹੋਰ ਤੋਹਮਤਾਂ ਕਿੱਥੇ ਹਨ। ਜਿਹਨਾਂ ਵਿੱਚ ਪੰਜਾਬੀਆਂ ਨੂੰ ਸਿਵਾਏ ਬਦਨਾਮ ਕਰਨ ਦੇ ਕੁਝ ਵੀ ਹੋਰ ਨਜ਼ਰ ਨਹੀਂ ਆਉਂਦਾ ਸੀ। ਕਿੱਥੇ ਗਿਆ "ਉੜਤਾ ਪੰਜਾਬ" ਜਿਸ ਵਿੱਚ ਪੰਜਾਬ ਦਾ ਹਰ ਤੰਤਰ ਨਸ਼ਈ ਦਿਖਾਇਆ ਗਿਆ ਹੈ। ਪੰਜਾਬ ਦੇ ਸੰਘਰਸ਼ਸ਼ੀਲ ਲੋਕ ਦੋ ਵੇਲੇ ਮਿਹਨਤ ਨਾਲ ਕਮਾਈ ਰੋਟੀ ਖਾਣ ਵਾਲੇ ਲੋਕ ਹਨ। ਜਿਸ ਦੀ ਤਾਜ਼ਾ ਮਿਸਾਲ ਹੈ ਕੱਲ ਹੋ ਰਹੀ ਮੀਟਿੰਗ ਦੌਰਾਨ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਖਾਣੇ ਦੀ ਪੇਸ਼ਕਸ਼ ਹੋਣ ਤੇ ਉਹਨਾਂ ਵੱਲੋਂ ਸਰਕਾਰ ਦੀ ਰੋਟੀ ਠੁਕਰਾ ਕੇ ਆਪਣੇ ਨਾਲ ਲਿਆਂਦੀ ਰੋਟੀ ਖਾਣ ਨੂੰ ਪਹਿਲ ਦੇਣੀ। ਇਸ ਤੋਂ ਵੱਡਾ ਦਾਅਵਾ ਹੋਰ ਕੀ ਹੋ ਸਕਦਾ ਹੈ। ਜਿਹਨਾਂ ਪੰਜਾਬੀਆਂ ਨੂੰ ਆਲਸੀ, ਨਿਕੰਮੇ, ਨਸ਼ਈ ਤੇ ਅੱਤਵਾਦੀ ਕਰਾਰ ਦਿੱਤਾ ਜਾਂਦਾ ਹੈ ਉਹ ਜਿੱਥੇ ਆਪਣੇ ਲਈ ਲੰਗਰ ਲਾ ਰਹੇ ਹਨ। ਉੱਥੇ ਉਹਨਾਂ ਉੱਪਰ ਡਾਂਗਾਂ ਵਰ੍ਹਾਉਣ ਵਾਲੇ ਪੁਲਿਸ ਕਰਮੀਆਂ ਨੂੰ ਵੀ ਬਰਾਬਰ ਲੰਗਰ ਛਕਾ ਰਹੇ ਹਨ ਤੇ ਦੱਸ ਰਹੇ ਹਨ ਕਿ ਅਸੀਂ ਭਾਈ ਕਨ੍ਹਈਆ ਜੀ ਦੇ ਵਾਰਸ ਹਾਂ। ਜਿਸ ਤਰ੍ਹਾਂ ਪੰਜਾਬੀਆਂ ਨੇ ਅਹਿਮਦ ਸ਼ਾਹ ਅਬਦਾਲੀ ਦਾ ਮੁਕਾਬਲਾ ਕਰਨ ਲਈ ਰਣਨੀਤੀ ਤਿਆਰ ਕੀਤੀ ਸੀ ਅਤੇ ਬਹਾਦਰੀ, ਸੂਝਬੂਝ ਨਾਲ ਉਸਦਾ ਟਾਕਰਾ ਕੀਤਾ ਸੀ। ਅੱਜ ਉਹ ਝਲਕ ਫਿਰ ਨਜ਼ਰ ਆ ਰਹੀ ਹੈ ਅਤੇ ਮਹਿਸੂਸ ਹੋ ਰਿਹਾ ਹੈ ਕਿ ਕਿਸਾਨਾਂ ਦੀ ਜਿੱਤ ਹੋਵੇਗੀ ਅਤੇ ਸਰਕਾਰ ਨੂੰ ਆਪਣੇ ਫੈਸਲੇ ਵਾਪਸ ਲੈਣੇ ਪੈਣਗੇ।