ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜ਼ੂਮ ਮੀਟਿੰਗ
(ਖ਼ਬਰਸਾਰ)
ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਦਸੰਬਰ ਮਹੀਨੇ ਦੀ ਮੀਟਿੰਗ, 19 ਦਸੰਬਰ ਨੂੰ ਡਾ. ਬਲਵਿੰਦਰ ਕੌਰ ਬਰਾੜ ਦੀ ਪ੍ਰਧਾਨਗੀ ਵਿੱਚ, ਔਨ ਲਾਈਨ ਜ਼ੂਮ ਰਾਹੀਂ ਕੀਤੀ ਗਈ- ਜਿਸ ਵਿੱਚ 35 ਮੈਂਬਰਾਂ ਨੇ ਭਾਗ ਲਿਆ। ਭਾਵੇਂ ਇਸ ਵਿੱਚ ਵੱਖ ਵੱਖ ਮੁੱਦਿਆਂ ਤੇ ਚਰਚਾ ਹੋਈ ਪਰ ਕਿਸਾਨੀ ਅੰਦੋਲਨ ਦਾ ਮੁੱਦਾ ਭਾਰੂ ਰਿਹਾ। ਬਲਵਿੰਦਰ ਬਰਾੜ ਮੈਡਮ ਨੇ ਸਭ ਨੂੰ ‘ਜੀ ਆਇਆਂ’ ਕਹਿੰਦਿਆਂ ਹੋਇਆਂ, ਨੌਵੇਂ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਅਤੇ ਕਿਸਾਨ ਅੰਦੋਲਨ ਦੀ ਗੱਲ ਕੀਤੀ। ਉਹਨਾਂ ਕਿਹਾ ਕਿ-‘ਜਿਹਨਾਂ ਪਿੱਛੇ ਗੁਰੂ ਸਾਹਿਬ ਨੇ ਸੀਸ ਦਿੱਤਾ ਸੀ-ਅੱਜ ਉਹੀ ਸਾਡੇ ਵਿਰੁੱਧ ਖੜ੍ਹੇ ਹਨ!’ ਉਹਨਾਂ ਕਰੋਨਾ ਵੈਕਸੀਨ ਦਾ ਸਵਾਗਤ ਕਰਦਿਆਂ, ਸਮੂਹ ਮੈਂਬਰਾਂ ਨੂੰ ਇਹ ਵੈਕਸੀਨ ਲਵਾਉਣ ਦੀ ਹਿਦਾਇਤ ਵੀ ਕੀਤੀ।
ਗੁਰਚਰਨ ਥਿੰਦ ਅਤੇ ਸੁਖਮਨੀ ਨੇ, ਕਰੋਨਾ ਪੀੜਤ ਪਰਿਵਾਰਾਂ ਦੀ ਮਦਦ ਲਈ ਬਣੀ, ਨਵੀਂ ਸੰਸਥਾ ‘ਸੀ.ਈ.ਐਨ.ਸੀ.’ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਥਿੰਦ ਮੈਡਮ ਨੇ, ਕੋਵਿਡ-19 ਦੌਰਾਨ, ਇਸ ਸਭਾ ਵਲੋਂ ਕੀਤੇ ਵੋਲੰਟੀਅਰ ਕਾਰਜਾਂ ਬਾਰੇ ਦੱਸਦਿਆਂ ਕਿਹਾ ਕਿ-‘ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੀਆਂ ਭੈਣਾਂ ਨੇ ਇਹਨਾਂ ਦਿਨਾਂ ਵਿੱਚ ਕੱਪੜੇ ਦੇ ਬੈਗ ਤੇ ਵੱਡੀ ਗਿਣਤੀ ਵਿੱਚ ਮਾਸਕ ਤਿਆਰ ਕਰਕੇ ‘ਵੋਆਇਸ ਔਫ ਕੈਨੇਡਾ’ ਤੇ ‘ਐਕਸ਼ਨ ਡਿਗਨਿਟੀ’ ਵਰਗੀਆਂ ਸਮਾਜਿਕ ਸੰਸਥਾਵਾਂ ਨੂੰ ਦਿੱਤੇ ਹਨ!’ ਜਦ ਕਿ ‘ਸੀਵਾ’ ਵਲੋਂ ਚਲਾਏ ਇੱਕ ਪ੍ਰੋਗਰਾਮ ਤਹਿਤ ਵੀ ਸਾਡੇ ਬਹੁਤ ਸਾਰੇ ਮੈਂਬਰ, ਪਿਛਲੇ ਕਈ ਮਹੀਨਿਆਂ ਤੋਂ ਜ਼ੂਮ ਮੀਟਿੰਗਾਂ ਵਿੱਚ ਭਾਗ ਲੈ ਰਹੇ ਹਨ। ਉਹਨਾਂ ਸਿਟੀ ਵਲੋਂ, ਆਪਣੀ ਕਮਿਉਨਿਟੀ ਲਈ ਬਣਾਈ-‘ਓਲਡ ਅਡਲਟਸ ਅਡਵਾਈਜ਼ਰੀ’ ਕਮੇਟੀ ਦੇ ਮੈਂਬਰ ਵਜੋਂ ਸ਼ਾਮਲ ਹੋਣ ਦੀ ਖੁਸ਼ਖਬਰੀ ਵੀ ਸਾਂਝੀ ਕੀਤੀ- ਜਿਸ ਤੇ ਉਹਨਾਂ ਨੂੰ ਸਭਾ ਵਲੋਂ ਵਧਾਈ ਦਿੱਤੀ ਗਈ।
ਸਕੱਤਰ ਗੁਰਦੀਸ਼ ਕੌਰ ਗਰੇਵਾਲ ਨੇ, ਨਵੇਂ ਮੈਂਬਰਾਂ- ਸੁਰਜੀਤ ਢਿਲੋਂ, ਜਸਪ੍ਰੀਤ ਤੇ ਊਸ਼ਾ ਨਈਅਰ ਦਾ ਸਵਾਗਤ ਕੀਤਾ। ਕਿਸਾਨੀ ਅੰਦੋਲਨ ਦਾ ਸਮਰਥਨ ਕਰਦਿਆਂ ਹੋਇਆਂ, ਇਸ ਅੰਦੋਲਨ ਦੇ ਸ਼ਹੀਦਾਂ ਨੂੰ ਸਭਾ ਵਲੋਂ ਸ਼ਰਧਾਂਜਲੀ ਅਰਪਣ ਕੀਤੀ ਗਈ। ਵਿਚਾਰ ਚਰਚਾ ਵਿੱਚ- ਗੁਰਜੀਤ ਵੈਦਵਾਨ, ਅਮਰਜੀਤ ਸੱਗੂ, ਗੁਰਤੇਜ ਸਿੱਧੂ, ਬਲਜੀਤ ਜਠੌਲ, ਸਵਿਤਾ ਵਸ਼ਿਸ਼ਟ, ਮਹਿੰਦਰਪਾਲ, ਸੁਰਜੀਤ ਢਿੱਲੋਂ, ਅਮਰਜੀਤ ਵਿਰਦੀ, ਮੁਖਤਿਆਰ ਕੌਰ ਧਾਲੀਵਾਲ, ਆਸ਼ਾ ਪਾਲ, ਸ਼ਰਨਜੀਤ ਸਿੱਧੂ ਅਤੇ ਦਲੀਪ ਕੌਰ ਨੇ ਕਿਸਾਨੀ ਅੰਦੋਲਨ ਦੀ ਗੱਲ ਕਰਦਿਆਂ, ਫਤਹਿ ਦੀ ਕਾਮਨਾ ਕੀਤੀ। ਇਸ ਅੰਦੋਲਨ ਨੂੰ ਸਮਰਪਿਤ ਰਚਨਾਵਾਂ ਦੇ ਦੌਰ ਵਿੱਚ- ਸਰਬਜੀਤ ਉੱਪਲ ਨੇ ਕਵਿਤਾ-‘ਕਿੱਥੇ ਜਾਣ ਵਿਚਾਰੇ ਲੋਕ’, ਡਾ. ਰਾਜਵੰਤ ਮਾਨ ਨੇ-‘ਭਗਤ ਸਿੰਘ ਦੇ ਵਾਰਸੋ ਕਸਮਾਂ ਖਾ ਲਵੋ’, ਹਰਮਿੰਦਰ ਚੁੱਘ ਨੇ ਬਹੁਤ ਹੀ ਭਾਵਪੂਰਤ ਕਵਿਤਾ-‘ਮੈਂ ਕਿਸਾਨ ਦੀ ਧੀ ਬੋਲਦੀ ਹਾਂ!’ ਅਤੇ ਸਭਾ ਵਿੱਚ ਸ਼ਾਮਲ ਨਵੇਂ ਮੈਂਬਰ ਸੁਰਜੀਤ ਢਿੱਲੋਂ ਨੇ-‘ਸਭ ਦਾ ਹੈ ਇਹ ਸਾਂਝਾ ਮਸਲਾ, ਨਹੀਂ ਕਿਸਾਨਾਂ ਦਾ’- ਨਾਲ ਸਾਂਝ ਪਾਈ। ਸੁਰਿੰਦਰ ਸੰਧੂ ਨੇ ਸਾਕਾ ਸਰਹੰਦ ਨਾਲ ਸਬੰਧਤ ਗੀਤ-‘ਲੈ ਵੇ ਗੰਗੂ ਪਾਪੀਆ ਤੂੰ ਲਾਹਨਤਾਂ ਸੰਭਾਲ ਵੇ’, ਹਰਵਿਮਲ ਕੌਰ ਨੇ-‘ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ’ ਧਾਰਮਿਕ ਗੀਤ ਅਤੇ ਨਰਿੰਦਰ ਬਾਜਵਾ ਨੇ ਕਵਿਤਾ-‘ਮੈਂ ਉਮਰ ਦੇ ਹਰ ਪੜਾਅ ਤੇ ਜਿਉਣਾ ਚਾਹੁੰਦੀ ਹਾਂ’ ਸਾਂਝੀ ਕੀਤੀ। ਸੁਰਿੰਦਰ ਵਿਰਦੀ ਨੇ-‘ਕਰੋਨਾ ਕਾ ਕਹਿਰ ਵੀ ਜਰੂਰੀ ਥਾ’ ਰਚਨਾ ਸਾਂਝੀ ਕੀਤੀ ਜਦ ਕਿ ਜਗਦੀਸ਼ ਬਰੀਆ ਤੇ ਜੋਗਿੰਦਰ ਪੁਰਬਾ ਨੇ ਵੀ ਕਰੋਨਾ ਪੀੜਤਾਂ ਦੀ ਗੱਲ ਕੀਤੀ। ਸੀਮਾ ਚੱਠਾ, ਹਰਭਜਨ ਜੌਹਲ, ਜਸਪ੍ਰੀਤ ਕੌਰ ਤੇ ਊਸ਼ਾ ਨਈਅਰ ਨੇ ਵਧੀਆ ਸਰੋਤੇ ਹੋਣ ਦੀ ਭੂਮਿਕਾ ਨਿਭਾਈ।
ਅੰਤ ਤੇ ਗੁਰਦੀਸ਼ ਕੌਰ ਨੇ ਆਪਣੀ ਗਜ਼ਲ-‘ਸਰਮਾਏਦਾਰੀ ਨੂੰ ਜੇ ਖੰਭ ਲਾਓਗੇ- ਸਦੀਆਂ ਤੀਕਰ ਮੁੜ ਕੇ ਫਿਰ ਪਛਤਾਓਗੇ!’ ਸਾਂਝੀ ਕਰਦਿਆਂ ਸਭ ਦਾ ਧੰਨਵਾਦ ਕੀਤਾ। ਸਭਾ ਦੇ ਮੁਢਲੇ ਮੈਂਬਰ ਗੁਰਮੀਤ ਮੱਲ੍ਹੀ ਦੀ ਸਿਹਤਯਾਬੀ ਦੀ ਅਰਦਾਸ ਕੀਤੀ ਗਈ। ਬਰਾੜ ਮੈਡਮ ਨੇ ਨਵੇਂ ਸਾਲ ਵਿੱਚ-‘ਸੱਚੀਂ ਮੁੱਚੀਂ ਮਿਲਣ’ ਦੀ ਕਾਮਨਾ ਕੀਤੀ ਅਤੇ ਨਾਲ ਹੀ ਕ੍ਰਿਸਮਿਸ ਅਤੇ ਆਉਣ ਵਾਲੇ ਨਵੇਂ ਸਾਲ ਲਈ ਸ਼ੁਭ ਇਛਾਵਾਂ ਪ੍ਰਗਟ ਕੀਤੀਆਂ। ਇੱਕ ਅਰਸੇ ਬਾਅਦ, ਇੱਕ ਦੂਜੇ ਦੇ ਰੂ ਬ ਰੂ ਹੋਣ ਕਾਰਨ ਸਭਨਾਂ ਦੇ ਚਿਹਰਿਆਂ ਤੇ ਖੁਸ਼ੀ ਦੀ ਲਹਿਰ ਸਾਫ ਦਿਖਾਈ ਦੇ ਰਹੀ ਸੀ। ਸਭ ਮੈਂਬਰਾਂ ਨੇ ਇਸ ਮੀਟਿੰਗ ਦਾ ਪ੍ਰਬੰਧ ਕਰਨ ਲਈ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਤੇ ਹਾਲਾਤ ਠੀਕ ਹੋਣ ਤੱਕ ਔਨਲਾਈਨ ਮਿਲਣੀਆਂ ਜਾਰੀ ਰੱਖਣ ਦੀ ਸਲਾਹ ਦਿੱਤੀ।
ਸੋ ਇਸ ਤਰ੍ਹਾਂ ਇਹ ਮੀਟਿੰਗ ਬੇਹੱਦ ਸਫਲ ਰਹੀ।