ਸਮੇਂ ਹੋ ਹੋ ਚਲੇ ਜਾਂਦੇ ਹਨ ਤੇ ਪਿਛੇ ਓਨਾਂ ਦੀਆਂ ਯਾਦਾਂ ਜ਼ਰੂਰ ਰਹਿ ਜਾਂਦੀਆਂ ਹਨ। ਬੇਸ਼ੱਕ ਓਹ ਸਮੇਂ ਵਾਪਿਸ ਤਾਂ ਕਦੇ ਵੀ ਨਹੀਂ ਆ ਸਕਦੇ ਪਰ ਯਾਦ ਹਮੇਸ਼ਾ ਆਉਂਦੀ ਰਹਿੰਦੀ ਹੈ।ਸਨ ਛਿਅੱਤਰ ਦੇ ਦਹਾਕੇ ਦੀ ਗੱਲ ਹੈ। ਓਹਨਾਂ ਸਮਿਆਂ ਵਿੱਚ ਬਰਾਤ ਰਾਤ ਰਿਹਾ ਕਰਦੀ ਸੀ।
ਘਰ ਤੋਂ ਫੁਲਕਾਰੀ ਤਾਣ ਕੇ ਲਾੜੇ ਨੂੰ ਭੈਣਾਂ ਨੇ ਵਿਦਾ ਕਰਨਾ (ਬੇਸ਼ੱਕ ਕਿਤੇ ਕਿਤੇ ਅੱਜ ਵੀ ਇਹ ਕਾਰਜ ਕੀਤਾ ਜਾਂਦਾ ਹੈ ਪਰ ਸਿਰਫ਼ ਵਿਖਾਵੇ ਦੇ ਤੌਰ ਤੇ) ਘਰੋਂ ਥੋੜੀ ਦੂਰ ਆਕੇ ਜੰਡੀ ਨੂੰ ਵੀ ਟੱਕ ਲਾਇਆ ਜਾਂਦਾ ਰਿਹਾ ਹੈ।ਜੰਝ ਚੜਨ ਤੋਂ ਇੱਕ ਰਾਤ ਪਹਿਲਾਂ ਹੀ ਕਿਤੇ ਕਿਤੇ ਭਾਵੇਂ ਓਸੇ ਦਿਨ ਭਾਵ ਬਰਾਤ ਚੜ੍ਹਨ ਤੋਂ ਪਹਿਲਾਂ ਵੀ ਨਹਾਈ ਧੁਆਈ ਦਾ ਵਿਹਾਰ ਬੜੇ ਲਾਡਾਂ ਚਾਵਾਂ ਨਾਲ ਕੀਤਾ ਜਾਂਦਾ ਰਿਹਾ ਹੈ ਤੇ ਸਮੇਂ ਮੁਤਾਬਿਕ ਓਸ ਵਿਹਾਰ ਨਾਲ ਜਚਦੇ ਗੀਤ ਸਿੱਠਣੀਆਂ ਗਾਈਆਂ ਜਾਂਦੀਆਂ।ਲਾੜੇ ਦੇ ਨਾਲ ਸਰਵਾਲ੍ਹੇ ਭਾਵ ਬਾਡੀਗਾਰਡ ਦੀ ਵੀ ਨਹਾਈ ਧੁਆਈ ਕਰਵਾਉਣੀ ਤੇ ਸ਼ਗਨ ਵੀ ਝੋਲੀ ਪਾਉਣਾ।ਜੰਝ ਚੜ੍ਹਨ ਵੇਲੇ ਜੰਡੀ ਨੂੰ ਟੱਕ ਲਾ ਕੇ ਬਰਾਤ ਨੂੰ ਰਵਾਨਾ ਕਰਨਾਂ।ਬਰਾਤ ਦੇ ਨਾਲ ਹੀ ਲਾਊਡ ਸਪੀਕਰ ਵਾਲੇ ਭਾਊ ਤੇ ਲਾਗੀ ਲਿਜਾਣ ਦਾ ਰਿਵਾਜ ਵੀ ਰਿਹਾ ਹੈ।ਵਰੀ ਵਾਲਾ ਟਰੰਕ ਚੱਕਣ ਲਈ ਲਾਗੀ ਦੀ ਅਤਿਅੰਤ ਲੋੜ ਰਹਿੰਦੀ ਸੀ।ਓਥੇ ਆਨੰਦ ਕਾਰਜ ਜਾਂ ਫੇਰਿਆਂ ਵੇਲੇ ਲਾਗੀ ਨੂੰ ਸ਼ਗਨ ਵੀ ਦਿੱਤਾ ਜਾਂਦਾ।
ਬਰਾਤ ਵਾਲੇ ਘਰੋਂ ਲੱਡੂਆਂ ਦਾ ਪੀਪਾ ਭਰਕੇ ਨਾਲ ਲੈ ਕੇ ਜਾਂਦੇ ਕਿਉਂਕਿ ਓਸ ਪਿੰਡ ਜਾਂ ਸ਼ਹਿਰ ਜਿਥੇ ਬਰਾਤ ਨੇ ਢੁੱਕਣਾ ਹੁੰਦਾ ਸੀ ਓਥੇ ਪਿੰਡ ਵਿਚੋਂ ਕਿਸੇ ਵੀ ਬਰਾਤ ਨਾਲ ਗੲੇ ਵੀਰ ਦੀ ਕੋਈ ਰਿਸ਼ਤੇਦਾਰੀ ਹੋਣੀ ਤਾਂ ਸ਼ਗਨ ਵਜੋਂ ਓਹਨੂੰ ਪੱਤਲ ਦੇਣ ਜਾਣਾ ਤੇ ਨਾਲ ਕੁੱਝ ਪੈਸਿਆਂ ਦਾ ਸ਼ਗਨ ਵੀ ਦੇ ਆਉਣਾ। ਬੇਸ਼ੱਕ ਜਿਸ ਘਰ ਬਰਾਤ ਢੁੱਕੀ ਹੁੰਦੀ ਸੀ ਓਥੋਂ ਵੀ ਪੱਤਲ ਦੇਣ ਵਾਸਤੇ ਲੱਡੂ ਲੈ ਲੲੇ ਜਾਂਦੇ ਸਨ,ਪਰ ਜ਼ਿਆਦਾਤਰ ਆਪ ਹੀ ਖੁਦ ਘਰੋਂ ਲੈਕੇ ਵੀ ਜਾਂਦੇ ਸਨ।ਜਾਣ ਸਾਰ ਹੀ ਦੋ ਮੰਜੇ ਕੋਠੇ ਉੱਪਰ ਜੋੜਕੇ ਸਪੀਕਰ ਲਾ ਦੇਣਾ ਪਹਿਲਾ ਗੀਤ ਧਾਰਮਿਕ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ,ਤੇ ਉਸ ਤੋਂ ਬਾਅਦ ਚੱਲ ਸੋ ਚੱਲ।ਪੁਰਾਣੇ ਸਮਿਆਂ ਵਿੱਚ ਲੋਕ ਉਡੀਕਦੇ ਰਹਿੰਦੇ ਸਨ ਕਿ ਫਲਾਣਾ ਸਿੰਉਂ ਕੇ ਬਰਾਤ ਆਉਣੀ ਹੈ ਦੋ ਦਿਨ ਸਪੀਕਰ ਸੂਣਾਂਗੇ,ਲਾਲ ਚੰਦ ਯਮਲਾ ਜੱਟ,ਚਾਂਦੀ ਰਾਮ ਵਲੀ ਪੁਰੀਆ, ਨਰਿੰਦਰ ਬੀਬਾ,ਅਮਰ ਸਿੰਘ ਸ਼ੌਂਕੀ ਦੀਆਂ ਵਾਰਾਂ ਜਿਹਨਾਂ ਨੂੰ ਸਾਡੇ ਪੁਰਖੇ ਫਰਮਾਇਸ਼ ਨਾਲ ਸੁਣਦੇ ਰਹੇ ਹਨ,ਆਮ ਹੀ ਸੁਣਿਆਂ ਕਰਦੇ ਸਨ।ਸੱਥ ਵਿੱਚ ਮੰਜੇ ਬਿਸਤਰੇ ਘਰਾਂ ਚੋਂ ਇਕੱਠੇ ਕਰਕੇ ਡਾਹ ਦੇਣੇ ਓਥੇ ਹੀ ਗਰਮ ਜਾਂ ਰੁੱਤ ਮੁਤਾਬਿਕ ਠੰਡੇ ਪਾਣੀ ਦਾ ਇੰਤਜ਼ਾਮ ਹੋਣਾ। ਓਹਨਾਂ ਸਮਿਆਂ ਵਿੱਚ ਜਿਥੇ ਵੀ ਬਰਾਤ ਪਹੁੰਚਣੀ ਮਰਾਸੀ (ਭੰਡ)ਵੀ ਆਪਣੇ ਆਪ ਹੀ ਪਹੁੰਚ ਜਾਣੇ ਤੇ ਆਪਣੀਆਂ ਨਕਲਾਂ ਨਾਲ ਰੌਣਕਾਂ ਲਾ ਦੇਣੀਆਂ ਤੇ ਬਰਾਤੀਆਂ ਨੇ ਓਹਨਾਂ ਨੂੰ ਰੁਪੱਈਆਂ ਦੀ ਵੇਲ ਦੇਣੀ।
ਗੀਤਾਂ ਸਿੱਠਣੀਆਂ ਦੋਹਿਆਂ ਨਾਲ ਬਰਾਤ ਨੂੰ ਬੰਨ੍ਹ ਲੈਣਾ ਫਿਰ ਬਰਾਤ ਵਿਚੋਂ ਜੋ ਕੋਈ ਗੀਤਾਂ ਸਿੱਠਣੀਆਂ ਦੋਹਿਆਂ ਦੇ ਜਵਾਬ ਦੇਣ ਜਾਣਦਾ ਹੋਣਾ ਉਸ ਨੇ ਬਰਾਤ ਨੂੰ ਛੁਡਾਉਣਾ। ਸਮੇਂ ਹਾਸੇ ਮਖੌਲ ਵਾਲੇ ਹੋਣ ਕਰਕੇ ਕੋਈ ਵੀ ਕਿਸੇ ਕਿਸਮ ਦਾ ਗੁੱਸਾ ਗਿਲਾ ਨਹੀਂ ਸੀ ਕਰਦਾ। ਇਜ਼ਤਾਂ ਦੇ ਸਾਰੇ ਸਾਂਝੇ ਹੁੰਦੇ ਸਨ।ਹਰ ਇੱਕ ਧੀ ਭੈਣ ਦੀ ਇੱਜ਼ਤ ਮਹਿਫ਼ੂਜ਼ ਹੁੰਦੀ ਸੀ। ਗੱਲ ਅਖਵਾਉਣ ਤੇ ਗੱਲ ਸਹਿਣ ਦਾ ਸੱਭ ਕੋਲ ਮਾਦਾ ਸੀ ਮਜਾਲ ਕੀ ਸੀ ਕਿਤੇ ਕੋਈ ਕਿਸੇ ਨੂੰ ਉੱਚਾ ਵੀ ਬੋਲਦਾ ਜਾਂ ਮਾੜੀ ਨਜਰ ਨਾਲ ਤੱਕਦਾ!
ਸਾਰੇ ਹੀ ਕਾਰ ਵਿਹਾਰ ਸਮੇਂ ਮੁਤਾਬਿਕ ਹੋਣੇ ਰੋਟੀ ਚਾਹ ਛੱਲੇ ਮੁੰਦੀਆਂ ਵਟਾਉਣੇ ਮੱਠੀਆਂ ਚੱਬਣਾ ਮਖੌਲ ਕਰਨੇ ਵੀ ਸਹਿਣੇ ਵੀ।ਲਾੜੇ ਦੀ ਜੁੱਤੀ ਲਕੋਣੀ ਬਾਰ ਰੋਕਣਾ ਲੱਕ ਮਿਨਣਾ,ਰਿਵਨ ਕੱਟਣਾ ਆਦਿ ਸੱਭ ਵਿਹਾਰ ਸੀਮਤ ਸਮੇਂ ਵਿੱਚ ਪੂਰੇ ਕਰਨੇ ਸਮੇਂ ਦੀ ਬਹੁਤ ਕਦਰ ਹੋਇਆ ਕਰਦੀ ਸੀ। ਘਰਾਂ ਦੇ ਵਿੱਚ ਹੀ ਬੇਦੀ ਗੱਡ ਕੇ ਫੇਰੇ ਹੋਣੇ ਜਾਂ ਫਿਰ ਘਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਆ ਕੇ ਗੁਰਮਰਿਆਦਾ ਅਨੁਸਾਰ ਅਨੰਦ ਕਾਰਜ ਹੋਣੇ। ਓਨਾਂ ਸਮਿਆਂ ਵਿੱਚ ਘਰੋਂ ਡੋਲੀ ਤੋਰਨ ਦਾ ਰਿਵਾਜ ਇਸ ਲਈ ਵੀ ਸਿਖਰਾਂ ਤੇ ਸੀ ਕਿ ਧੀਆਂ ਦਾ ਦਾਨ ਘਰੋਂ ਕਰਨਾ ਤਾਂ ਕਿ ਘਰ ਪਵਿੱਤਰ ਹੋ ਜਾਵੇ ਇਹ ਧਾਰਨਾ ਸੀ।ਘਰਾਂ ਵਿੱਚ ਹੀ ਟੈਂਟ ਚਾਨਣੀਆਂ ਕਨਾਤਾਂ ਲਗਾ ਕੇ ਜੰਝ ਦੀ ਸੇਵਾ ਟਹਿਲ ਕੀਤੀ ਜਾਣੀ। ਸਿਫਾਰਸ਼ ਨਾਲ ਆਪਣੇ ਮਨਪਸੰਦ ਦੇ ਤਵਿਆਂ ਵਾਲੇ ਰਿਕਾਰਡ ਲਵਾਉਣੇ ਪਰ ਸਪੀਕਰ ਵਾਲੇ ਨੂੰ ਦੋ ਚਾਰ ਜਾਂ ਪੰਜ ਰੁਪਏ ਖੁਸ਼ੀ ਨਾਲ ਦੇ ਦੇਣੇ ਤੇ ਓਹਨੇ ਖੁਸ਼ ਹੋ ਜਾਣਾ।
ਬਰਾਤ ਓਹਨਾਂ ਸਮਿਆਂ ਵਿੱਚ ਟਰੈਕਟਰ ਟਰਾਲੀਆਂ, ਟੈਕਸੀਆਂ, ਜਾਂ ਟਰੱਕਾਂ ਤੇ ਵੀ ਜਾਣ ਦਾ ਰਿਵਾਜ ਰਿਹਾ ਹੈ (ਫੋਟੋ ਦੀ ਤਰ੍ਹਾਂ)ਇਸ ਨਾਲ ਇੱਕ ਪੰਥ ਦੋ ਕਾਜ ਹੋ ਜਾਇਆ ਕਰਦੇ ਸਨ ਨਾਲੇ ਤਾਂ ਦਾਜ ਵਿੱਚ ਦਿੱਤਾ ਹੋਇਆ ਸਮਾਨ ਘਰ ਪਹੁੰਚ ਜਾਂਦਾ ਸੀ ਤੇ ਨਾਲ ਹੀ ਬਰਾਤ ਵੀ ਟਰੱਕ ਦੇ ਟੂਲ ਵਿਚ ਬੈਠ ਕੇ ਚਲੀ ਜਾਂਦੀ ਸੀ। ਇੱਕ ਕਾਰ ਤੇ ਇੱਕ ਟਰੱਕ ਨਾਲ ਹੀ ਸਰ ਜਾਇਆ ਕਰਦਾ ਸੀ। ਅਜੋਕੇ ਦੌਰ ਵਾਂਗ ਦਾਜ ਪਹਿਲਾਂ ਦੇਣ ਦਾ ਰਿਵਾਜ ਨਹੀਂ ਸੀ ਸਗੋਂ ਬਰਾਤ ਵਿਦਿਆ ਕਰਨ ਨਾਲ ਹੀ ਦਾਜ ਵਾਲਾ ਟਰੱਕ/ਟਰਾਲੀ ਨਾਲ ਕਿਸੇ ਜਿੰਮਵਾਰ ਬਰਾਤੀ ਨੂੰ ਬਿਠਾ ਕੇ ਤੋਰ ਦੇਂਦੇ, ਓਧਰੋਂ ਡੋਲੀ ਘਰ ਪਹੁੰਚ ਜਾਣੀ ਤੇ ਓਧਰੋਂ ਦਾਜ ਦਾ ਸਮਾਨ ਵੀ ਘਰ ਪਹੁੰਚ ਜਾਣਾ।
ਬਿਲਕੁਲ ਇਸੇ ਤਰ੍ਹਾਂ ਹੀ ਦੋਸਤੋ ਮੇਰਾ ਵਿਆਹ ਵੀ ਹੋਇਆ ਸੀ। ਰਸਤੇ ਚ ਜਾਂਦਿਆਂ ਕਿਸੇ ਦਰੱਖ਼ਤ ਤੇ ਮਾਖੋ ਲੱਗੀ ਸੀ ਤੇ ਟਰੱਕ ਵਿੱਚ ਓਹ ਮਾਖੋ ਵਾਲੀ ਟਾਹਣੀ ਵੱਜੀ ਤੇ ਮਾਖੋ ਦਾ ਛੱਤਾ ਸਾਰਾ ਟਰੱਕ ਦੀ ਬਾਡੀ ਵਿੱਚ ਆ ਡਿੱਗਾ। ਮੇਰੇ ਇੱਕ ਲੇਖਕ ਦੋਸਤ ਨੇ ਜੋ ਖੁਦ ਬਰਾਤੀ ਸੀ ਓਸ ਸਮੇਂ ਦੇ ਸੀਨ ਨੂੰ ਗੀਤ ਵਿੱਚ ਵੀ ਪਰੋਇਆ ਸੀ-
"ਜਾਂਦੀ ਬਿਡਫੋਰਡ ਸੀ ਭੱਜੀ
ਬਾਡੀ ਵਿੱਚ ਕਰੂੰਬਲ ਵੱਜੀ
ਉੱਤੇ ਹੈ ਜੀ ਮਾਖੋ ਲੱਗੀ
ਛੱਤਾ ਗੱਡੀ ਚ ਲਾਹਤਾ ਸੀ,ਲੜੀ ਤਾਂ ਮੱਖੀ ਕੋਈ ਨੀ ਲੇਕਿਨ ਸ਼ੋਰ ਮਚਾਤਾ ਸੀ"
ਭਲੇ ਸਮੇਂ ਸਨ ਘਰਾਂ ਵਿੱਚ ਵਿਆਹ ਕਰਨੇ ਜ਼ਿਆਦਾ ਅੱਡੀਆਂ ਚੁੱਕ ਕੇ ਫਾਹਾ ਨਹੀਂ ਸਨ ਲੈਂਦੇ ਲੋਕ।ਚਾਦਰ ਦੇਖ ਕੇ ਪੈਰ ਪਸਾਰਨੇ। ਕਰਜ਼ਾ ਚੱਕਣ ਤੋਂ ਹਰ ਇਨਸਾਨ ਡਰਿਆ ਕਰਦਾ ਸੀ। ਜੇਕਰ ਪੈਸੇ ਦਾ ਪਸਾਰ ਘੱਟ ਸੀ ਤਾਂ ਐਨੀ ਅੰਤਾਂ ਦੀ ਮਹਿੰਗਾਈ ਵੀ ਨਹੀਂ ਸੀ। ਲੋਕ ਇਜ਼ਤਾਂ ਦੀ ਰਾਖੀ ਕਰਨੀ ਆਪਣਾ ਧਰਮ ਸਮਝਦੇ ਸਨ। ਜੇਕਰ ਓਹਨਾਂ ਸਮਿਆਂ ਨਾਲ ਅਜੋਕੇ ਸਮਿਆਂ ਦੀ ਤੁਲਨਾ ਕਰੀਏ ਤਾਂ ਜ਼ਮੀਨ ਅਸਮਾਨ ਦਾ ਫ਼ਰਕ ਆ ਚੁੱਕਾ ਹੈ।ਮਹਿੰਗੇ ਮਹਿੰਗੇ ਪੈਲੇਸਾਂ ਨੇ ਹਰ ਘਰ ਦਾ ਦੀਵਾਲਾ ਕੱਢ ਰੱਖਿਆ ਹੈ ਵੇਖੋ ਵੇਖੀ ਲੋਕ ਅੱਡੀਆਂ ਚੁੱਕ ਕੇ ਫਾਹਾ ਲੈ ਰਹੇ ਹਨ।ਆਮ ਕਹਾਵਤ ਹੈ ਕਿ ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾਂ ਇਕੱਲੀ ਵਾਲੀ ਕਹਾਵਤ ਹਰ ਅਮੀਰ ਗਰੀਬ ਅਪਣਾ ਰਿਹਾ ਹੈ। ਹੁਣ ਦੋਸਤੋ ਵਿਆਹ ਨਹੀਂ ਹੁੰਦੇ ਸਗੋਂ ਸੌਦੇ ਹੁੰਦੇ ਹਨ ਜੇਕਰ ਤੁਹਾਡਾ ਬੇਟਾ ਬਾਹਰ ਹੈ ਤਾਂ ਸਾਡੀ ਕੁੜੀ ਲੈ ਜਾਵੇ,ਤੇ ਜੇ ਤੁਹਾਡੀ ਕੁੜੀ ਬਾਹਰ ਹੈ ਤਾਂ ਸਾਡਾ ਮੁੰਡਾ ਕਨੇਡਾ ਇੰਗਲੈਂਡ ਪਚਾਓ ਇਹਦੇ ਲਈ ਡਾਲਰਾਂ/ਨੋਟਾਂ ਦੇ ਸੌਦੇ ਹੁੰਦੇ ਹਨ।ਹਾਲੇ ਵੀ ਡੁੱਲ੍ਹੇ ਬੇਰਾਂ ਦਾ ਕੁੱਝ ਵੀ ਵਿਗੜਿਆ ਦੋਸਤੋ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ।ਮੁੜ ਪਹਿਲੇ ਸਮਿਆਂ ਨੂੰ ਅਪਣਾਈਏ ਕਰਜੇ ਦੀ ਮਾਰ ਤੋਂ ਬਚੀਏ ਆਪਣੇ ਅਤੀਤ ਨੂੰ ਚੇਤੇ ਰੱਖੀਏ ਤੇ ਪੁਰਖਿਆਂ ਦੀਆਂ ਆਸਾਂ ਤੇ ਖਰੇ ਉਤਰੀਏ।ਘਰ ਆਪਣਾ ਬਚੂਗਾ ਤੇ ਸ਼ੋਭਾ ਜੱਗ ਕਰੂਗਾ।ਪਰ ਪਹਿਲ ਕਰਨ ਲਈ ਕੋਈ ਵੀ ਤਿਆਰ ਨਹੀਂ ਕੋਈ ਪਹਿਲ ਤਾਂ ਕਰਕੇ ਦੇਖੋ ਸਾਰਾ ਜਹਾਨ ਮਗਰ ਲੱਗਣ ਲਈ ਤਿਆਰ ਬੈਠਾ ਹੈ। ਦੋਸਤੋ ਅੱਜ ਕੱਲ੍ਹ ਹਰ ਘਰ ਕਰਜਾਈ ਹੈ। ਕਿਉਂਕਿ ਅਸੀਂ ਬਾਹਰਲੇ ਦੇਸ਼ਾਂ ਵਿੱਚ ਵਸਣ ਨੂੰ ਤਰਜੀਹ ਦੇਣ ਲੱਗ ਪਏ ਹਾਂ। ਜ਼ਮੀਨਾਂ ਗਹਿਣੇ ਬੈਅ ਕਰਕੇ ਮੁਹਾਣ ਬਾਹਰ ਦਾ ਅਖਤਿਆਰ ਕਰ ਚੁੱਕੇ ਕਰਕੇ ਹੀ ਅਸੀਂ ਕਰਜਾਈ ਹੋ ਕੇ ਖੁਦਕੁਸ਼ੀਆਂ ਦਾ ਰਾਹੇ ਪਏ ਹੋਏ ਹਾਂ।ਆਓ ਅੱਜ ਵੀ ਆਪਣੇ ਅਤੀਤ ਨਾਲ ਜੁੜੀਏ ਤੇ ਆਪਣੀਆਂ ਇਜ਼ਤਾਂ ਬਚਾਈਏ। ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਸੰਭਾਲਣ ਦੀ ਅਤਿਅੰਤ ਲੋੜ ਹੈ।