ਭਾਰਤ ਸਰਕਾਰ ਨੇ ਖੇਤੀ ਨਾਲ ਸਬੰਧਤ ਤਿੰਨ ਖੇਤੀਬਾੜੀ ਬਿੱਲ ਪਾਸ ਕੀਤੇ ਤੇ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਨੇ ਇਸ ਦਾ ਵਿਰੋਧ ਕੀਤਾ । ਪਰ ਉਨ੍ਹਾਂ ਦੀ ਕਿਸੇ ਨੇ ਨਹੀਂ ਸੁਣੀ। ਸਰਕਾਰ ਨੇ ਇਹ ਬਿੱਲ ਰਾਸ਼ਟਰਪਤੀ ਕੋਲ ਵੀ ਮਨਜ਼ੂਰੀ ਲਈ ਭੇਜ ਦਿੱਤਾ। ਰਾਸ਼ਟਰਪਤੀ ਨੇ ਵੀ ਆਪਣੇ ਦਸਤਖਤ ਕਰਕੇ ਉਨ੍ਹਾਂ ਨੂੰ ਮਨਜੂਰੀ ਦੇ ਦਿੱਤੀ।
ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੋਣ ਕਰਕੇ ਇੱਥੋਂ ਦੀਆਂ ਕਿਸਾਨ ਜੱਥੇਬੰਦੀਆਂ ਨੇ ਇਸ ਕਾਨੂੰਨ ਨੂੰ ਆਪ ਪੜਿਆ। ਉਹਨਾਂ ਜੱਥੇਬੰਦੀਆਂ ਦੇ ਆਗੂਆਂ ਨੇ ਇਸ ਬਿੱਲ ਨੂੰ ਲੈ ਕੇ ਵੱਖ ਵੱਖ ਮਾਹਰਾਂ, ਬੁੱਧੀਜੀਵੀਆਂ ਤੇ ਕਾਨੂੰਨ ਘਾੜਿਆਂ ਨਾਲ ਵਿਚਾਰ ਵਟਾਂਦਰਾ ਕੀਤਾ। ਉਹ ਸਾਰੇ ਇਸ ਸਿੱਟੇ ਤੇ ਪਹੁੰਚੇ ਕਿ ਇਹ ਕਾਨੂੰਨ ਕਿਸੇ ਵੀ ਹਾਲਤ ਵਿਚ ਕਿਸਾਨੀ ਦੇ ਹੱਕ ਵਿਚ ਨਹੀਂ। ਇਹ ਕਾਨੂੰਨ ਆਉਣ ਵਾਲੇ ਕੁਝ ਸਮੇਂ ਵਿਚ ਕਿਸਾਨਾਂ ਨੂੰ ਜਮੀਨਾਂ ਦੇ ਮਾਲਕਾਂ ਤੋਂ ਮੁਜਾਰੇ ਬਨਾਉਣ ਵਿਚ ਮੁੱਖ ਭੂਮਿਕਾ ਨਿਭਾਏਗਾ। ਇਸ ਸੋਚ ਵਿਚਾਰ ਤੋਂ ਬਾਅਦ ਪੰਜਾਬ ਦੀਆਂ ਸਾਰੀਆਂ ਕਿਸਾਨ ਜੱਥੇਬੰਦੀਆਂ ਨੇ ਆਪਣੀ ਸਾਂਝੀ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਇਹ ਕਾਨੂੰਨ ਖੇਤੀਬਾੜੀ ਦੇ ਹੱਕ ਵਿਚ ਨਹੀਂ। ਇਸ ਲਈ ਸਾਨੂੰ ਭਾਰਤ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣ ਲਈ ਬੇਨਤੀ ਕਰਨ ਲਈ ਮਿਲਣਾ ਚਾਹੀਦਾ ਹੈ।
ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਸਰਕਾਰ ਨਾਲ ਗੱਲਬਾਤ ਕੀਤੀ। ਪਰ ਭਾਰਤ ਸਰਕਾਰ ਨੇ ਕਿਸਾਨਾਂ ਨੂੰ ਇਹ ਕਾਨੂੰਨ ਕਿਸਾਨਾਂ ਦੇ ਪੱਖ ਵਿਚ ਆਖ ਕੇ ਕਾਨੂੰਨ ਵਾਪਸ ਲੈਣ ਤੋਂ ਕੋਰੀ ਨਾਂਹ ਕਰ ਦਿੱਤੀ। ਸਰਕਾਰ ਵੱਲੋਂ ਨਾਂਹ ਸੁਣ ਕੇ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਨੇ ਪੰਜਾਬ ਵਿਚ ਭਾਰਤ ਸਰਕਾਰ ਦੇ ਖਿਲਾਫ ਆਪਣਾ ਅੰਦੋਲਨ ਸ਼ੁਰੂ ਕੀਤਾ। ਕਿਸਾਨਾਂ ਨੇ ਇਸ ਬਿੱਲ ਦੇ ਨੁਕਸਾਨਾਂ ਦਾ ਸਾਰਾ ਵੇਰਵਾ ਛਾਪ ਕੇ ਘਰ ਘਰ ਪਹੁੰਚਦਾ ਕੀਤਾ। ਜਿਸ ਨਾਲ ਸਾਰੇ ਵਰਗਾਂ ਦੇ ਲੋਕ ਕਿਸਾਨਾਂ ਦੇ ਹੱਕ ਵਿਚ ਰੋਸ ਪ੍ਰਦਰਸ਼ਨਾਂ ਵਿਚ ਹਿੱਸਾ ਲੈਣ ਲਈ ਪਹੁੰਚਣ ਲੱਗੇ। ਕਿਸਾਨ ਜੱਥੇਬੰਦੀਆਂ ਦੇ ਨਾਲ ਜਦ ਦੂਸਰੀਆਂ ਵੱਖ ਵੱਖ ਜੁਝਾਰੂ ਜੱਥੇਬੰਦੀਆਂ ਦੇ ਆਗੂਆਂ ਨੇ ਸਮਰਥਨ ਦੇ ਕੇ ਘੋਲ ਨੂੰ ਤਿੱਖਾ ਕੀਤਾ ਤਾਂ ਇਨ੍ਹਾਂ ਨੇ ਮਿਲ ਕੇ ਸਰਕਾਰੀ ਦਫਤਰਾਂ ਦੇ ਨਾਲ ਰੇਲ ਟਰੈਕਾਂ ਉਪਰ ਵੀ ਸਾਂਤਮਈ ਧਰਨੇ ਦੇਣੇ ਸ਼ੁਰੂ ਕਰ ਦਿੱਤੇ। ਰੇਲ ਆਵਾਜਾਈ ਠੱਪ ਹੋਣ ਤੇ ਪੰਜਾਬ ਸਰਕਾਰ ਦੀ ਬੇਨਤੀ ਤੇ ਲੋਕਾਂ ਦੀ ਤਕਲੀਫ ਨੂੰ ਮੁੱਖ ਰੱਖਦਿਆਂ ਰੇਲ ਆਵਾਜਾਈ ਨੂੰ ਚਾਲੂ ਕਰ ਦਿੱਤਾ ਗਿਆ।
ਪਰ ਕੇਂਦਰ ਸਰਕਾਰ ਦੇ ਕੰਨ ਤੇ ਨਾਂ ਜੂੰਅ ਸਰਕਦੀ ਵੇਖ ਕੇ ਇਹਨਾਂ ਜੱਥੇਬੰਦੀਆਂ ਨੇ 26, 27 ਨਵੰਬਰ ਨੂੰ ਦਿੱਲੀ ਦੇ ਵਿੱਚ ਜੰਤਰ ਮੰਤਰ ਤੇ ਧਰਨਾਂ ਦੇਣ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ।
ਜੱਥੇਬੰਦੀਆਂ ਵੱਲੋਂ ਜਦੋਂ ਧਰਨੇ ਦੀ ਮਨਜ਼ੂਰੀ ਲਈ ਅਰਜੀ ਦਿੱਤੀ ਤਾਂ ਉਸ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ। ਉਲਟਾ ਅਫਸਰਾਂ ਨੇ ਧਰਨਾ ਮੁਲਤਵੀ ਕਰਨ ਦੀ ਸਲਾਹ ਦਿੱਤੀ।
ਕਿਸਾਨ ਆਗੂਆਂ ਦੇ ਨਾਲ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਵਿਚ ਮਜਦੂਰ, ਆੜਤੀ, ਗਾਇਕ, ਗੀਤਕਾਰ, ਮੁਲਾਜ਼ਮ, ਅਦਾਕਾਰ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੌਜਵਾਨ ਆਗੂਆਂ ਨੇ ਫੈਸਲਾ ਕੀਤਾ ਕਿ ਅਸੀਂ ਆਪਣੀ ਮਿੱਥੀ ਹੋਈ ਤਰੀਕ ਤੇ ਦਿੱਲੀ ਜਰੂਰ ਜਾਵਾਂਗੇ। ਜੇ ਸਾਨੂੰ ਸਰਕਾਰੀ ਤੰਤਰ ਨੇ ਦਿੱਲੀ ਨਾਂ ਜਾਣ ਦਿੱਤਾ ਤੇ ਰਸਤੇ ਵਿੱਚ ਜਿੱਥੇ ਵੀ ਸਾਨੂੰ ਰੋਕ ਲਿਆ ਆਪਾਂ ਉਸ ਥਾਂ ਤੇ ਧਰਨਾਂ ਲਾ ਦੇਣਾ। ਇਹੋ ਹੀ ਹੋਇਆ। ਕੇਂਦਰ ਦੀ ਹਮ - ਪਾਰਟੀ ਹਰਿਆਣਾ ਸਰਕਾਰ ਦੀਆਂ ਰਸਤੇ ਵਿਚ ਲਗਾਈਆਂ ਰੋਕਾਂ, ਅੱਥਰੂ ਗੈਸ ਦੇ ਗੋਲੇ ਪਾਣੀ ਦੀਆਂ ਬੁਛਾੜਾਂ ਤੇ ਰੇਤ ਦਿਆ ਟਿੱਬਿਆਂ ਤੇ ਬੈਰੀਕੇਡਾਂ ਨੂੰ ਤੋੜਦੇ ਹੋਏ ਹਰਿਆਣਾ ਤੇ ਪੰਜਾਬ ਦੇ ਕਿਸਾਨ, ਮਜ਼ਦੂਰ ਤੇ ਸਾਰੇ ਵਰਗਾਂ ਦੇ ਸਮਰਥਕ ਦਿੱਲੀ ਦੇ ਬਾਡਰ ਤੇ ਪਹੁੰਚ ਗਏ। ਜਿਥੇ ਦਿੱਲੀ ਪੁਲੀਸ ਨੇ ਭਾਰੀ ਰੋਕਾਂ ਲਾ ਕੇ ਅੰਦੋਲਨਕਾਰੀਆਂ ਨੂੰ ਬਾਡਰਾਂ ਤੇ ਰੋਕ ਲਿਆ। ਲੀਡਰਾਂ ਵੱਲੋਂ ਸਾਰਿਆਂ ਨੂੰ ਸੜਕਾਂ ਉਪਰ ਹੀ ਧਰਨਾ ਲਾ ਕੇ ਸੜਕਾਂ ਦੀ ਆਵਾਜਾਈ ਬੰਦ ਕਰਦਿਆਂ ਸ਼ਾਂਤਮਈ ਅੰਦੋਲਨ ਅਰੰਭ ਕਰ ਦਿੱਤਾ। ਜਿਵੇਂ ਜਿਵੇਂ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਦੇ ਇਸ ਅੰਦੋਲਨ ਦਾ ਪਤਾ ਦੂਸਰੇ ਪ੍ਰਦੇਸ਼ਾਂ ਦੇ ਕਿਸਾਨਾਂ ਨੂੰ ਪਤਾ ਲੱਗਾ ਤਾਂ ਉਹ ਵੀ ਹਜਾਰਾਂ ਦੀ ਗਿਣਤੀ ਵਿੱਚ ਸਰਕਾਰ ਦੀਆਂ ਲਾਈਆਂ ਰੋਕਾਂ ਨੂੰ ਤੋੜਦੇ ਹੋਏ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨਾਲ ਆ ਰਲੇ। ਦਿੱਲੀ ਨੂੰ ਆ ਰਹੇ ਸਾਰੇ ਰਸਤਿਆਂ ਨੂੰ ਬਾਡਰਾਂ ਤੋਂ ਲੈ ਕੇ 15 ਤੋਂ 20 ਕਿਲੋਮੀਟਰ ਤੱਕ ਕਿਸਾਨਾਂ ਨੇ ਆਪਣੇ ਟਰੈਕਟਰ ਟਰਾਲੀਆਂ ਲਾ ਦਿੱਤਾ ਤੇ ਇਸ ਇਹਨਾਂ ਸੜਕਾਂ ਤੇ ਹੀ ਆਪਣਾ ਰੈਣ ਵਸੇਰਾ ਬਣਾ ਕੇ ਲੰਗਰ ਚਾਲੂ ਕਰ ਦਿੱਤੇ। ਇਨ੍ਹਾਂ ਲੰਗਰਾਂ ਵਿਚੋਂ ਆਸੇ ਪਾਸੇ ਦੇ ਰਹਿਣ ਵਾਲੇ ਗਰੀਬ ਪਰਿਵਾਰਾਂ ਦੇ ਲੋਕ ਤਿੰਨ ਵੇਲੇ ਲੰਗਰ ਛੱਕਦੇ। ਲੰਗਰ ਦੇ ਸੇਵਾਦਾਰ ਉਨਾਂ ਲੋਕਾਂ ਨੂੰ ਇਉਂ ਸਤਿਕਾਰ ਦਿੰਦੇ ਜਿਵੇ ਉਹ ਉਨ੍ਹਾਂ ਦੇ ਮਾਂ ਜੰਮੇ ਭੈਣ ਭਰਾ ਹੋਣ। ਉਥੋਂ ਦੇ ਲੋਕਾਂ ਦੇ ਬੱਚੇ ਸਾਰਾ ਸਾਰਾ ਦਿਨ ਉਥੇ ਹੀ ਖਾਣਾ ਖਾਂਦੇ ਤੇ ਖੇਡਦੇ ਰਹਿੰਦੇ।
ਇਸ ਸਾਂਤ ਮੀ ਘੋਲ ਦੀ ਦਿਨੋਂ ਦਿਨ ਵਧਦੀ ਜਾ ਰਹੀ ਤਾਕਤ ਨੂੰ ਵੇਖ ਕੇ ਸਰਕਾਰ ਬੁਖਲਾਹਟ ਵਿਚ ਆ ਗਈ।
ਸਰਕਾਰ ਪੱਖੀ ਮੀਡੀਆ ਨੇ ਸਰਕਾਰ ਦੀ ਮਿਲੀਭੁਗਤ ਨਾਲ ਇਸ ਅੰਦੋਲਨ ਨੂੰ ਬਦਨਾਮ ਕਰਨ ਲਈ ਇਹ ਪ੍ਰਚਾਰ ਸ਼ੁਰੂ ਕਰ ਦਿੱਤਾ ਕਿ ਇਹਨਾ ਅੰਦੋਲਨਕਾਰੀਆਂ ਦੇ ਸਬੰਧ ਪਾਕਿਸਤਾਨ ਤੇ ਚੀਨ ਨਾਲ ਹਨ। ਇੰਨਾ ਨੂੰ ਭਾਰਤ ਅੰਦਰ ਮਹੌਲ ਖਰਾਬ ਕਰਨ ਲਈ ਪ੍ਰਦੇਸ਼ਾਂ ਵਿਚੋਂ ਪੈਸਾ ਆ ਰਿਹਾ ਹੈ। ਇਹ ਲੋਕ ਭਾਰਤ ਦੇ ਟੁਕੜੇ ਕਰ ਕੇ ਖਾਲਿਸਤਾਨ ਬਨਾਉਣ ਚਹੁੰਦੇ ਹਨ। ਇਹ ਅੱਤਵਾਦੀ ਨੇ।
ਬਾਡਰ ਦੇ ਨੇੜੇ ਇਕ ਝੌਂਪੜੀ ਵਿਚ ਰਹਿ ਰਹੇ ਇਕ ਪ੍ਰਵਾਰ ਦੇ ਬੱਚੇ ਟੈਲੀਵਿਜ਼ਨ ਵੇਖ ਰਹੇ ਸਨ। ਉਨ੍ਹਾਂ ਵੇਖਿਆ ਕਿ ਟੀ ਵੀ ਚੈਨਲ ਤੇ ਬੋਲਣ ਵਾਲਾ ਆਦਮੀ ਤੇ ਇਕ ਲੜਕੀ ਇਕ ਖਬਰ ਨੂੰ ਥੋੜ੍ਹੀ ਥੋੜ੍ਹੀ ਦੇਰ ਬਾਅਦ ਵਿਖਾਉਂਦੇ ਜਿਸ ਵਿਚ ਉਹ ਉਹਨਾਂ ਪੱਗਾਂ ਵਾਲੇ ਲੋਕਾਂ ਦੀ ਫੋਟੋ ਵਿਖਾਉਂਦੇ ਜਿਹਨਾਂ ਕੋਲ ਉਹ ਸਾਰਾ ਦਿਨ ਖੇਡਦੇ ਤੇ ਢਿੱਡ ਭਰ ਕੇ ਖਾਣਾ, ਮਠਿਆਈ ਤੇ ਫਲ ਫਰੂਟ ਖਾਂਦੇ ਤੇ ਘਰ ਨੂੰ ਆਉਦੇ ਮੰਮੀ ਤੇ ਪਾਪਾ ਲਈ ਵੀ ਖਾਣਾ ਲੈ ਆਉਂਦੇ। ਪਰ ਟੀ ਵੀ ਚੈਨਲ ਵਾਲੇ ਉਨ੍ਹਾਂ ਨੂੰ ਅੱਤਵਾਦੀ, ਵੱਖਵਾਦੀ, ਖਾਲਿਸਤਾਨੀ ਤੇ ਸਮਾਜ ਵਿਰੋਧੀ ਅਨਸਰ ਆਖ ਰਹੇ ਸਨ। ਬੱਚਿਆਂ ਨੂੰ ਇਹ ਨਹੀਂ ਸੀ ਪਤਾ ਕਿ ਟੀ ਵੀ ਵਾਲੇ ਇਨ੍ਹਾਂ ਲੋਕਾਂ ਨੂੰ ਚੰਗਾ ਆਖ ਰਹੇ ਹਨ ਕਿ ਮਾੜਾ।
ਬੱਚੇ ਟੈਲੀਵਿਜ਼ਨ ਮੂਹਰੇ ਬੈਠੇ ਖੁਸ਼ ਸਨ ਕਿ ਉਨ੍ਹਾਂ ਲੋਕਾਂ ਦੀ ਫੋਟੋ ਆਉਦੀ ਹੈ ਜਿਹਨਾਂ ਕੋਲ ਉਹ ਸਾਰਾ ਖੇਡਦੇ ਤੇ ਖਾਦੇ ਪੀਦੇ ਹਨ।
ਉਨ੍ਹਾਂ ਬੱਚਿਆਂ ਦੀ ਮਾਂ ਲੋਕਾਂ ਦੇ ਘਰਾਂ ਦਾ ਕੰਮ ਧੰਦਾ ਨਿਬੇੜ ਕੇ ਘਰ ਆਈ ਤਾਂ ਉਸ ਔਰਤ ਦਾ ਸੱਤ ਅੱਠ ਸਾਲ ਦਾ ਬੱਚਾ ਉਠ ਕੇ ਆਪਣੀ ਮਾਂ ਦੀਆਂ ਲੱਤਾਂ ਨੂੰ ਚੁੰਬੜਦਾ ਹੋਇਆ ਚਾਅ ਨਾਲ ਮਾ ਲਈ ਲੈ ਕੇ ਆਇਆ ਖੋਏ ਦੀਆਂ ਪਿੰਨੀਆਂ ਤੇ ਜਲੇਬੀਆਂ ਫੜਾਉਂਦਾ ਕਹਿਣ ਲੱਗਾ ਕਿ ਮਾਂ, ਮਾਂ ਤੈਨੂੰ ਪਤਾ ਕਿ ਮੈਂ ਵੱਡਾ ਹੋ ਕੇ ਕੀ ਬਣੂੰਗਾ। ਮਾ ਨੇ ਪੁੱਤ ਦੇ ਮੂੰਹੋਂ ਇਹ ਸੁਣ ਕੇ ਉਸ ਨੂੰ ਚੱਕ ਕੇ ਪਿਆਰ ਨਾਲ ਮੂੰਹ ਚੁੰਮਦੀ ਨੇ ਕਿਹਾ, ਮੇਰਾ ਪੁੱਤ ਵੱਡਾ ਹੋ ਕੇ ਪੜ ਕੇ ਮਾਸਟਰ ਬਣੇਗਾ।
ਨਹੀਂ ਮੰਮੀ ਆਖਦੇ ਉਸ ਨੇ ਸਿਰ ਹਿਲਾਇਆ।
ਜਾਂ ਫਿਰ ਮੇਰਾ ਪੁੱਤ ਵੱਡਾ ਅਫਸਰ ਬਣੂੰਗਾ। ਇਹ ਕਹਿੰਦਿਆਂ ਮਾਂ ਨੇ ਪੁੱਤ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ।
ਨਹੀਂ ਮਾਂ, ਮੈਂ ਵੱਡਾ ਹੋ ਕੇ ਉਹਨਾਂ ਵਰਗਾ ਅੱਤਵਾਦੀ ਬਣੂੰਗਾ।
ਮਾਂ ਨੂੰ ਜਿਵੇਂ ਬਿਜਲੀ ਦੇ ਕਰੰਟ ਦਾ ਝਟਕਾ ਲੱਗਿਆ ਹੋਵੇ। ਉਸ ਨੇ ਪੁੱਤ ਨੂੰ ਗੋਦੀ ਵਿਚੋਂ ਲਾਹ ਕੇ ਪੁੱਛਿਆ, ਕੀ ਕਿਹਾ!
ਮਾਂ, ਮੈਂ ਵੱਡਾ ਹੋ ਕੇ ਅੱਤਵਾਦੀ ਬਣੂੰਗਾ।
ਇਹ ਸੁਣਦਿਆਂ ਹੀ ਮਾਂ ਨੇ ਉਸ ਦੇ ਮੂੰਹ ਤੇ ਜੋਰ ਦੀ ਚਪੇੜ ਮਾਰਦਿਆਂ ਕਿਹਾ। ਤੈਨੂੰ ਕੀਹਨੇ ਇਹ ਪੁੱਠੀ ਮੱਤ ਦਿੱਤੀ ਐ। ਦੱਸ ਮੈਂ ਹੁਣੇ ਹੀ ਜਾ ਕੇ ਉਹਦੇ ਬੋਦੇ ਪੱਟ ਕੇ ਆਵਾਂ। ਜੇ ਤੂੰ ਮੁੜ ਕੇ ਉਨ੍ਹਾਂ ਨਾਲ ਖੇਡਣ ਗਿਆ ਵੇਖੀਂ ਤੇਰਾ ਵੀ ਹਾਲ ਕਰਦੀ ਹਾਂ। ਦੱਸ ਉਹ ਕੌਣ ਹੈ। ਜਿਹਨਾਂ ਤੈਨੂੰ ਇਹ ਭਿੱਤੀ ਪੜ੍ਹਾਈ ਐ।
ਮਾਂ ਅੱਤਵਾਦੀ ਕੌਣ ਹੁੰਦੇ ਹਨ।
ਉਹ ਬੁਰੇ ਲੋਕ ਹਨ। ਮਾਂ ਅਜੇ ਹੋਰ ਕੁਝ ਕਹਿਣ ਹੀ ਲੱਗੀ ਸੀ। ਉਸ ਸਮੇਂ ਨੂੰ ਟੀ ਵੀ ਤੇ ਉਹ ਪ੍ਰੋਗਰਾਮ ਫਿਰ ਚੱਲਣ ਲੱਗਾ।
ਮੁੰਡੇ ਨੇ ਕਿਹਾ, ਮਾਂ ਵੇਖ ਆਹ ਕੀ ਕਹਿੰਦਾ। ਕਿ ਇਹ ਇੰਨਾ ਪੱਗਾਂ ਵਾਲੇ ਤੇ ਉਹਨਾਂ ਦੇ ਨਾਲ ਦੇ ਅੰਕਲਾਂ ਨੂੰ ਅੱਤਵਾਦੀ ਆਖ ਰਿਹਾ ਹੈ। ਮਾਂ ਇਹ ਲੋਕ ਬਹੁਤ ਹੀ ਚੰਗੇ ਹਨ। ਇਹ ਲੋਕ ਸਾਰਾ ਦਿਨ ਭੁੱਖਿਆਂ ਨੂੰ ਰੋਟੀ, ਤਿਹਾਏ ਨੂੰ ਚਾਰ ਪਾਣੀ ਪਿਆਉਦੇ ਨੇ। ਮਾਂ ਇਹ ਕਿਸੇ ਨੂੰ ਉੱਚੀ ਵੀ ਨਹੀਂ ਬੋਲਦੇ। ਵੀਰ ਭੈਣ ਮਾਂ ਬਾਪੂ ਪੁੱਤ ਆਖੇ ਤੋਂ ਬਿਨਾਂ ਕਿਸੇ ਨੂੰ ਬੁਲਾਉਂਦੇ ਹੀ ਨਹੀਂ। ਮਾਂ ਜੇ ਲੋਕਾਂ ਦੀ ਸੇਵਾ ਕਰਨ ਵਾਲੇ, ਭੁੱਖਿਆਂ ਨੂੰ ਮੁਫਤ ਵਿਚ ਰੋਟੀ ਖਵਾਉਣ ਵਾਲੇ, ਨੰਗਿਆਂ ਨੂੰ ਕੱਪੜੇ ਤੇ ਜੁੱਤੀਆਂ ਦੇਣ ਵਾਲੇ ਜੇ ਅੱਤਵਾਦੀ ਹਨ ਤਾਂ ਮਾਂ ਮੈਂ ਵੱਡਾ ਹੋ ਨੌਕਰੀ ਤੇ ਲੱਗ ਕੇ ਬਾਹਲੇ ਪੈਸੇ ਕਮਾ ਕੇ ਇਹਨਾਂ ਵਾਗੂੰ ਲੋੜਵੰਦਾਂ ਦੀ ਮੱਦਦ ਕਰਿਆ ਕਰਾਂਗਾ। ਮਾਂ ਫਿਰ ਤਾਂ ਲੋਕ ਮੈਨੂੰ ਵੀ ਰਾਮ ਸ਼ਰਨ ਅੱਤਵਾਦੀ ਆਖ ਕੇ ਬੁਲਾਇਆ ਕਰਨਗੇ। ਮਾਂ ਮੈਂ ਅੱਤਵਾਦੀ, ਮਾਂ ਮੈਂ ਅੱਤਵਾਦੀ ਆਖਦਾ ਉਹ ਖੁਸ਼ੀ ਵਿਚ ਛਾਲਾਂ ਮਾਰਦਾ ਅੰਦੋਲਨਕਾਰੀਆਂ ਵੱਲ ਨੂੰ ਭੱਜ ਗਿਆ।