ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਨਵੇਂ ਸਾਲ ਦੀ ਜ਼ੂਮ ਮੀਟਿੰਗ (ਖ਼ਬਰਸਾਰ)


ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਨੇ ਨਵੇਂ ਸਾਲ ਦੀ ਆਮਦ  ਤੇ, 16 ਜਨਵਰੀ ਨੂੰ ਡਾ. ਬਲਵਿੰਦਰ ਕੌਰ ਬਰਾੜ ਦੀ ਪ੍ਰਧਾਨਗੀ ਵਿੱਚ, ਭਰਵੀਂ ਹਾਜ਼ਰੀ ਨਾਲ ਔਨ ਲਾਈਨ ਜ਼ੂਮ ਮੀਟਿੰਗ ਕੀਤੀ- ਜਿਸ ਵਿਚ ਸਭਾ ਦੇ ਵਿਸ਼ੇਸ਼ ਸੱਦੇ ਤੇ ਵਿਨੀਪੈਗ ਤੋਂ ‘ਨਵ ਸਵੇਰ’ ਅਖਬਾਰ ਦੇ ਐਡੀਟਰ ਨਵਨੀਤ ਕੌਰ, ਮੁਖ ਮਹਿਮਾਨ ਤੇ ਤੌਰ ਤੇ ਸ਼ਾਮਲ ਹੋਏ। ਇਸ ਵਿੱਚ ਵੱਖ ਵੱਖ ਮੁਦਿਆਂ ਤੇ ਚਰਚਾ ਹੋਈ, ਪਰ ਕਿਸਾਨੀ ਸੰਘਰਸ਼ ਦਾ ਮੁੱਦਾ ਭਾਰੂ ਰਿਹਾ।
ਬਲਵਿੰਦਰ ਕੌਰ ਬਰਾੜ ਨੇ ਸਭ ਨੂੰ ‘ਜੀ ਆਇਆਂ’ ਕਹਿੰਦਿਆਂ ਹੋਇਆਂ, ਇਸ ਅੰਦੋਲਨ ਵਿਚ ਸ਼ਹੀਦ ਹੋਣ ਵਾਲਿਆਂ ਨੂੰ ਸਭਾ ਵਲੋਂ ਸ਼ਰਧਾਂਜਲੀ ਭੇਟ ਕੀਤੀ। ਉਹਨਾਂ ਇਸ ਵਿਚ ਔਰਤਾਂ ਦੀ ਭੂਮਿਕਾ ਦੀ ਸਰਾਹਨਾ ਕਰਦਿਆਂ ਹੋਇਆਂ ਕਿਹਾ ਕਿ- ‘ਮਰਦ ਨੂੰ ਤਹਿਜ਼ੀਬ ਦੇ ਦਾਇਰੇ ਵਿਚ ਰਖਣ ਲਈ ਔਰਤਾਂ ਦੀ ਸ਼ਮੂਲੀਅਤ ਹਰ ਥਾਂ ਜਰੂਰੀ ਹੈ। ਸਾਡੀਆਂ ਭੈਣਾਂ ਜੋ ਟਰੈਕਟਰ, ਜੀਪਾਂ, ਕਾਰਾਂ ਚਲਾ ਕੇ, ਦਿੱਲੀ ਮੋਰਚੇ ਵਿਚ ਪਹੁੰਚੀਆਂ- ਅਤੇ ਜੋ ਹਰਿਆਣੇ ਦੀਆਂ 250 ਕੁੜੀਆਂ, 26 ਜਨਵਰੀ ਦੀ ਪਰੇਡ ਵਿਚ ਸ਼ਾਮਲ ਹੋਣ ਲਈ ਟ੍ਰੈਕਟਰ ਚਲਾਉਣ ਦੀ ਟ੍ਰੇਨਿੰਗ ਲੈ ਰਹੀਆਂ ਹਨ- ਉਹਨਾਂ ਸਭਨਾਂ ਅੱਗੇ ਸਾਡਾ ਸਿਰ ਅਦਬ ਨਾਲ ਝੁੱਕਦਾ ਹੈ!’ ਉਹਨਾਂ ਵਖ ਵਖ ਸੂਬਿਆਂ ਤੋਂ ਆਈਆਂ ਕੁੜੀਆਂ ਦੀ ਭੂਮਿਕਾ ਦਾ ਜ਼ਿਕਰ ਵੀ ਕੀਤਾ।  ਗੁਰਦੀਸ਼ ਕੌਰ ਗਰੇਵਾਲ ਨੇ ਵੀ, ਬੰਗਲੌਰ ਵਿਚ ਕਨੂੰਨ ਦੀ ਪੜ੍ਹਾਈ ਕਰ ਰਹੀ, ਉੱਤਰਾ ਖੰਡ ਦੀ ਇੱਕ ਨੌਜਵਾਨ ਲੜਕੀ ਵਲੋਂ, ਇਸ ਅੰਦੋਲਨ ਵਿਚ ਆ ਕੇ, ਬੀਬੀਆਂ ਲਈ ਰਿਹਾਇਸ਼ ਤੇ ਜਰੂਰੀ ਵਸਤਾਂ ਦੇ ਪਰਬੰਧ ਕਰਨ ਦੀ ਸੇਵਾ ਦੀ, ਜ਼ੋਰਦਾਰ ਸ਼ਬਦਾਂ ਵਿਚ ਸ਼ਲਾਘਾ ਕੀਤੀ।  

ਰਚਨਾਵਾਂ ਦੇ ਦੌਰ ਵਿਚ- ਗੁਰਚਰਨ ਥਿੰਦ ਨੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਕਵਿਤਾ- ‘ਅਣਖਾਂ ਦੇ ਵਾਰਿਸ ਇਹ, ਅਣਖਾਂ ਨਾਲ ਜਿਉਂਦੇ ਨੇ’, ਸੁਰਿੰਦਰ ਗੀਤ ਨੇ ਗ਼ਜ਼ਲ-‘ਜਦ ਕੋਈ ਅਦਾਲਤ ਵਿਕਦੀ ਹੈ ਤਾਂ ਸਾਰੀ ਧਰਤੀ ਹਿਲਦੀ ਹੈ’, ਗੁਰਦੀਸ਼ ਕੌਰ ਗਰੇਵਾਲ ਨੇ ਲੋਹੜੀ ਤੇ ਲਿਖਿਆ ਗੀਤ-‘ਸਾਡੀ ਕਾਹਦੀ ਲੋਹੜੀ ਤਿਉੜੀ ਹਾਕਮਾਂ ਨੇ ਪਾਈ ਆ’, ਸਰਬਜੀਤ ਉੱਪਲ ਨੇ ਕਵਿਤਾ- ‘ਹੱਕਾਂ ਦੀ ਗੱਲ’ ਸੁਣਾ ਕੇ ਇਸ ਸੰਘਰਸ਼ ਦਾ ਪੱਖ ਪੂਰਿਆ। ਗੁਰਚਰਨ ਥਿੰਦ ਨੇ, ਲੋਹੜੀ ਤੇ ਕੈਲਗਰੀ ਦੀਆਂ ਕੁਝ ਸੰਸਥਾਵਾਂ ਵਲੋਂ ਕਿਸਾਨ ਵਿਰੋਧੀ ਕਨੂੰਨਾਂ ਦੀਆਂ ਕਾਪੀਆਂ ਸਾੜਨ ਦੀ ਪ੍ਰਕਿਰਿਆ ਵਿਚ ਸ਼ਾਮਲ ਹੋਣ ਦੀ ਜਾਣਕਾਰੀ ਵੀ ਦਿੱਤੀ। ਉਹਨਾਂ ਕੋਵਿਡ-19 ਕਾਰਨ ਵਧ ਰਹੀ ਘਰੇਲੂ ਹਿੰਸਾ ਦਾ ਸ਼ਿਕਾਰ ਔਰਤਾਂ ਦਾ ਜ਼ਿਕਰ ਵੀ ਕੀਤਾ। ਐਕਸ਼ਨ ਡਿਗਨਿਟੀ ਵਲੋਂ ਉਚੇਚੇ ਤੌਰ ਤੇ ਪਹੁੰਚੇ, ਡਾ. ਪ੍ਰੌਮਿਲਾ ਸ਼ਰਮਾ ਨੇ ਸੰਸਥਾ ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕੀਤੀ। ਉਹਨਾਂ ਸੀਨੀਅਰ ਸਿਟੀਜ਼ਨ ਹੋਣ ਦੇ ਬਾਵਜ਼ੂਦ ਵੀ, ਆਪਣੇ ਅੰਦਰ ਦੇ ਬਚਪਨ ਨੂੰ ਜ਼ਿੰਦਾ ਰੱਖਣ ਦੀ ਸਲਾਹ ਵੀ ਦਿੱਤੀ।  
ਸੀਨੀਅਰ ਮੈਂਬਰ ਬਲਜਿੰਦਰ ਗਿੱਲ ਨੇ ਜਿੰਦਗੀ ਦੇ ਕੀਮਤੀ ਤਜਰਬੇ ਸਾਂਝੇ ਕੀਤੇ। ਸੁਰਿੰਦਰਜੀਤ ਵਿਰਦੀ ਨੇ ਮਾਘੀ ਦੇ ਤਿਓਹਾਰ ਦੀ ਗੱਲ ਕਰਦਿਆਂ, ਮੁਕਤਸਰ ਦਾ ਇਤਿਹਾਸ ਸਾਂਝਾ ਕੀਤਾ। ਹਰਮਿੰਦਰ ਚੁਘ ਨੇ ਹਾਸ ਰਸ ਦੀ ਕਵਿਤਾ ਸੁਣਾ ਕੇ ਮਹੌਲ ਖੁਸ਼ਗਵਾਰ ਬਣਾ ਦਿੱਤਾ। ਪਿਛਲੇ ਮਹੀਨੇ ਨਵੇਂ ਮੈਂਬਰ ਬਣੇ ਸੁਰਜੀਤ ਢਿੱਲੋਂ ਨੇ- ‘ਮੈਂ ਧੀ ਸੁਹਣੇ ਪੰਜਾਬ ਦੀ, ਮੈਨੂੰ ਇਸਦੇ ਉੱਤੇ ਮਾਣ’- ਕਵਿਤਾ ਨਾਲ ਸਾਂਝ ਪਾਈ। ਸੁਰਜੀਤ ਧੁੰਨਾ ਨੇ ਕਿਸਾਨੀ ਅੰਦੋਲਨ ਦੀ ਗੱਲ ਕਰਨ ਤੋਂ ਇਲਾਵਾ, ਕਾਰਾਂ ਦੀ ਚੋਰੀ ਦੀਆਂ ਨਵੀਆਂ ਵਾਰਦਾਤਾਂ ਤੋਂ ਜਾਣੂੰ ਕਰਾਉਂਦਿਆਂ ਹੋਇਆਂ, ਸੁਚੇਤ ਹੋਣ ਦੀ ਸਲਾਹ ਦਿੱਤੀ। ਮੁਖਤਿਆਰ ਧਾਲੀਵਾਲ ਨੇ ਕਿਹਾ ਕਿ- ਸਾਡੇ ਸਰੀਰ ਹੀ ਇਥੇ ਹਨ, ਰੂਹ ਤਾਂ ਕਿਸਾਨਾਂ ਦੇ ਨਾਲ ਬਾਰਡਰਾਂ ਤੇ ਬੈਠੀ ਹੈ। ਉਹਨਾਂ ਮੋਰਚਾ ਫ਼ਤਹਿ ਹੋਣ ਲਈ ਦੁਆਵਾਂ ਦਿੱਤੀਆਂ। ਇਸ ਤੋਂ ਇਲਾਵਾ- ਗੁਰਜੀਤ ਵੈਦਵਾਨ, ਹਰਭਜਨ ਜੌਹਲ, ਅਮਰਜੀਤ ਵਿਰਦੀ, ਤਰਨਜੀਤ ਕੌਰ, ਪ੍ਰਭਜੋਤ ਕੌਰ, ਸ਼ਰਨਜੀਤ ਸਿਧੂ , ਜਗਦੀਸ਼ ਬਰੀਆ, ਅਤੇ ਲਖਵਿੰਦਰ ਕੌਰ ਨੇ ਚੰਗੇ ਪਾਠਕ ਹੋਣ ਦੇ ਨਾਤੇ, ਸਭਾ ਦੀਆਂ ਲੇਖਕ ਭੈਣਾਂ ਦੀਆਂ ਲਿਖਤਾਂ ਦੀ ਤਾਰੀਫ਼ ਕੀਤੀ ਅਤੇ ਜੂਮ ਮੀਟਿੰਗ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ।       
ਐਡੀਟਰ ਨਵਨੀਤ ਕੌਰ ਨੇ ਸਭਾ ਦੀ ਮੀਟਿੰਗ ਵਿਚ ਸ਼ਾਮਲ ਹੋਣ ਤੇ ਖੁਸ਼ੀ ਪਰਗਟ ਕੀਤੀ ਉਹਨਾਂ  ਨੇ ਆਪਣੇ ਜਨਰਲਿਜ਼ਮ ਦੇ ਸਫਰ ਤੇ ਅਖਬਾਰ ਚਲਾਉਣ ਦੇ ਸੰਕਲਪ ਬਾਰੇ ਚਾਨਣਾ ਪਾਉਂਦਿਆਂ ਹੋਇਆਂ ਦੱਸਿਆ ਕਿ- ਉਹ 2012 ਵਿਚ ਵਿਨੀਪੈਗ ਆਏ, ਜਦ ਕਿ ਇਥੇ ਪੰਜਾਬੀ ਦਾ ਕੋਈ ਵਧੀਆ ਪੇਪਰ ਨਹੀਂ ਸੀ। ਇਸ ਵਿਸ਼ੇ ਦੀ ਵਿਦਿਆਰਥਣ ਹੋਣ ਕਾਰਨ, ਉਸ ਨੇ ਆਪਣਾ ਅਖਬਾਰ ਕਢਣ ਬਾਰੇ ਸੋਚਿਆ।  ਆਪਣੇ ਅਧਿਆਪਕ ਮੈਡਮ ਟਿਵਾਣਾ ਦੀ ਸੁਯੋਗ ਅਗਵਾਈ ਸਦਕਾ, 2016 ਤੋਂ ਮਾਸਿਕ ਅਖਬਾਰ ‘ਨਵ-ਸਵੇਰ’ ਸ਼ੁਰੂ ਕੀਤਾ- ਜੋ ਪੰਜਾਬੀ ਭਾਈਚਾਰੇ ਦੇ ਭਰਵੇਂ ਹੁੰਗਾਰੇ ਕਾਰਨ ਕਾਮਯਾਬੀ ਨਾਲ ਚਲ ਰਿਹਾ ਹੈ। ਨਵਨੀਤ ਨੇ ਕਿਸਾਨੀ ਮੁੱਦੇ ਤੇ ਵੀ ਚਿੰਤਾ ਪ੍ਰਗਟ ਕਰਦਿਆਂ ਹੋਇਆਂ, ਇਸ ਦੀ ਸਫਲਤਾ ਦੀ ਕਾਮਨਾ ਕੀਤੀ। ਬਰਾੜ ਮੈਡਮ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਿਆਰਥਣ ਵਲੋਂ, ਕੈਨੇਡਾ ਵਿਖੇ ਆਪਣਾ ਅਖਬਾਰ ਚਲਾਉਣ ਤੇ ਮਾਣ ਮਹਿਸੂਸ ਕੀਤਾ ਤੇ ਸਭਾ ਵਲੋਂ ਵਧਾਈ ਦਿੱਤੀ।
ਅੰਤ ਤੇ ਪ੍ਰਧਾਨ ਜੀ ਨੇ, ਇਸ ‘ਝਰੋਖਾ ਮੀਟਿੰਗ’ ਵਿਚ ਸ਼ਾਮਲ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।  

ਗੁਰਦੀਸ਼ ਕੌਰ ਗਰੇਵਾਲ