ਗੁਣੀਆ (ਕਹਾਣੀ)

ਚਮਕੌਰ ਸਿੰਘ ਬਾਘੇਵਾਲੀਆ    

Email: cs902103@gmail.com
Cell: +91 97807 22876
Address: ਨਿਹਾਲ ਸਿੰਘ ਵਾਲਾ ਰੋਡ ਗਲ਼ੀ ਨੰਬਰ 2 ਖੇਤਾ ਸਿੰਘ ਬਸਤੀ
ਬਾਘਾ ਪੁਰਾਣਾ (ਮੋਗਾ) India 142038
ਚਮਕੌਰ ਸਿੰਘ ਬਾਘੇਵਾਲੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕੈਲੂ ਤੋਂ ਕਰਨੈਲ ਸਿੰਘ ਦਾ ਸਫ਼ਰ ਬਹੁਤ ਔਖਾ ਸੀ।ਭਲੂਰ ਪਿੰਡ ਤੋਂ ਜਦੋਂ ਕੈਲੂ ਤੁਰਿਆ ਸੀ ਤਾਂ ਘਰ ਵਿੱਚ  ਬੇਹੱਦ ਗਰੀਬੀ ਅਤੇ ਭੁੱਖਮਰੀ ਸੀ । ਸ਼ਹਿਰ ਆ ਕੇ ਹੌਲੀ ਹੌਲੀ ਕੰਮ ਥੋੜਾ ਤੁਰ ਪਿਆ ਸੀ।ਕਿਸੇ ਦੂਰ ਪਿੰਡ ਦੇ ਉਸਦੇ ਮਿੱਤਰ ਨੇ ਕੈਲੂ ਨੂੰ ਪੁੱਛਿਆ ਸੀ "ਕਿਉਂ ਕਰਨੈਲ ਸਿਹਾਂ ਮਸ਼ੀਨ ਸੈਟ ਲੈਣੀ ਆ ਕਿ ਨਹੀਂ। ਗੱਲ ਸੁਣ ਕੇ ਕੈਲੂ ਨੂੰ ਚੇਤੇ ਆਇਆ ਕਿ ਉਸਦਾ ਸਹੀ ਨਾ ਤਾਂ ਕਰਨੈਲ ਸਿੰਘ ਹੈ ਪਿੰਡ ਤੋਂ ਸ਼ਹਿਰ ਵੀ ਆ ਗਿਆ ਸੀ ਪਰ ਕੈਲੂ ਨਾ ਹੀ ਰਿਹਾ ਸੀ । ਪਹਿਲੀ ਵਾਰ ਹਰਦੇਵ ਨੇ ਉਸਨੂੰ ਕਰਨੈਲ ਸਿੰਘ ਕਿਹਾ ਸੀ। ਬਹੁਤ ਖੁਸ਼ੀ ਹੋਈ ਸੀ ਕਰਨੈਲ ਸਿੰਘ ਨੂੰ ਨਹੀਂ ਤਾਂ ਉਹ ਵੀ ਆਪਣੇ ਅਸਲ ਨਾਂ ਨੂੰ ਭੁੱਲ ਚੁੱਕਿਆ ਸੀ। ਅਕਸਰ ਸ਼ਹਿਰ ਆ ਕੇ ਵੀ ਕਈ ਸਾਲ ਉਸਨੂੰ ਪਿੰਡ ਯਾਦ ਆਉਂਦਾ ਰਿਹਾ ਸੀ।
ਸੋਚਾਂ ਵਿੱਚ ਪਏ ਨੂੰ ਦੇਖ ਕੇ ਹਰਦੇਵ ਨੇ ਹਲੂਣਾ ਦੇ ਕੇ ਪੁੱਛਿਆ ਸੀ ਕੀ ਗੱਲ ਹੋ ਗਈ ।ਬੋਰ ਕਰਨ ਵਾਲ਼ੀ ਮਸ਼ੀਨ ਲੈ ਲਾ। ਕੰਮ ਦਾ ਬਹੁਤ ਜ਼ੋਰ ਆ ਨਾਲ਼ੇ ਘਾਈਆਂ ਦੇ ਪੁੱਤਾਂ ਨੇ ਘਾਹ ਹੀ ਖੋਤਣਾ ਹੈ।
ਕਰਨੈਲ ਸਿੰਘ ਜਿਵੇਂ ਕਿਸੇ ਨੀਂਦ ਵਿੱਚੋਂ ਜਾਗਿਆ ਹੋਵੇ।
"ਯਾਰ ਮਸ਼ੀਨ ਸੈਟ ਕਿਥੋਂ ਲੈ ਲਈਏ। ਟੈਮ ਪਾਸ ਤਾਂ ਪਹਿਲਾਂ ਹੀ ਮਸਾਂ ਹੁੰਦਾ। ਪਿੰਡ ਗੱਲ ਹੋਰ ਸੀ। ਇੱਥੇ ਤਾਂ ਕੁੱਲ ਚੀਜ਼ ਮੁੱਲ ਦੀ ਹੈ।"
ਕਰਨੈਲ ਸਿੰਘ ਨੇ ਆਪਣੀ ਮਜਬੂਰੀ ਦੱਸੀ ਸੀ।
ਤੇਰੀ ਗੱਲ ਠੀਕ ਆ ਕਰਨੈਲ ਸਿਹਾਂ ਪਰ ਹੀਲੇ ਨਾਲ ਵਸੀਲਾ ਬਣ ਜਾਂਦਾ ਹੈ। ਤੂੰ ਭਾਵੇਂ ਵਿਆਜੂ ਪੈਸੇ ਫੜ ਪਰ ਮਸ਼ੀਨ ਸੈਟ ਲੈ ਲਾ। ਗੱਲ ਤਾਂ ਹਰਦੇਵ ਦੀ ਜੱਚਦੀ ਸੀ ਪਰ ਪੈਸੇ ਜੁੜਦੇ ਨਹੀਂ ਸੀ। ਸ਼ਹਿਰ ਦੇ ਖਰਚੇ ਹੀ ਸੂਤ ਨਹੀਂ ਸੀ ਆਉਂਦੇ।ਜੇਰਾ ਜਿਹਾ ਕਰਕੇ ਕਰਨੈਲ ਸਿੰਘ ਨੇ ਕਿਹਾ ਸੀ ਇੱਕ ਹਫ਼ਤੇ ਨੂੰ ਆਜੀਂ।
ਵਿਹੜੇ ਵਿੱਚ ਖੜੀ ਝੋਟੀ ਵੇਖਕੇ ਉਸਨੂੰ ਆਸ ਸੀ। ਬਹੁਤ ਪਿਆਰ ਨਾਲ ਪਾਲਿਆ ਸੀ ਇਸ ਝੋਟੀ ਨੂੰ ਕਰਨੈਲ ਸਿੰਘ ਦੀ ਘਰਵਾਲੀ ਨੇ। ਬਹੁਤ ਮੁਸ਼ਕਲ ਨਾਲ ਮਨਾਇਆ ਸੀ ਉਹਨੇ ਆਪਣੀ ਘਰਵਾਲੀ ਬਸੰਤ ਕੁਰ ਨੂੰ ।
"ਪੰਮੇ ਦੀ ਬੀਬੀ  ,ਜੇ ਆਪਣਾ ਕੰਮ ਚੱਲ ਪਿਆ ਤਾਂ ਆਪਣੀ ਇਸ ਝੋਟੀ ਨੂੰ ਮੁੜ ਲੈ ਆਵਾਂਗੇ। ਬਹੁਤ ਮੁਸ਼ਕਲ ਨਾਲ ਵੇਚਿਆ ਸੀ ਨਿੱਕੀ ਨੂੰ। ਬਸੰਤ ਕੁਰ ਨੇ ਝੋਟੀ ਦਾ ਨਾਂ ਨਿੱਕੀ ਰੱਖਿਆ ਹੋਇਆ ਸੀ। ਉਹ ਸ਼ਹਿਰ ਦੇ ਆਪਣੇ ਕਮਰੇ ਵਿੱਚ ਹੀ ਨਿੱਕੀ ਤੇ ਉਹਦੀ ਮਾਂ ਨੂੰ ਬੰਨਦੇ। ਕਈ ਵਾਰ ਨਿੱਕੀ ਦੀ ਮਾਂ ਜਦੋਂ ਮੂਤ ਨਾਲ ਲਿੱਬੜੀ ਪੂਛ ਮਾਰਦੀ ਤਾਂ ਉਹਨਾਂ ਦੀ ਸੁੱਤਿਆਂ ਦੀ ਅੱਖ ਖੁੱਲ੍ਹ ਜਾਂਦੀ। ਨਿੱਕੀ ਨੂੰ ਵੇਚ ਕੇ ਕੁੱਝ ਪੈਸੇ ਆਪਣੇ ਯਾਰ ਨਿਤਿਨ ਕੁਮਾਰ ਗੋਇਲ ਤੋਂ ਫੜਕੇ ਆਖਿਰ ਉਹ ਹਰਦੇਵ ਸਿੰਘ ਨਾਲ਼ ਜਾਕੇ ਬੋਰਾਂ ਵਾਲ਼ੀ ਮਸ਼ੀਨ ਲੈ ਆਇਆ ਸੀ। ਬੇਹਿਸਾਬਾ ਕੰਮ ਵਧ ਗਿਆ ਸੀ। ਇਲਾਕੇ ਵਿੱਚ ਬੋਰਾਂ ਵਾਲ਼ੀ ਮਸ਼ੀਨ ਸਿਰਫ਼ ਕਰਨੈਲ ਸਿੰਘ ਭਲੂਰੀਏ ਕੋਲ਼ ਹੀ ਸੀ। ਕਰਨੈਲ ਸਿੰਘ ਹੱਥਾਂ ਦਾ ਬਹੁਤ ਸਚਿਆਰਾ ਬੰਦਾ ਸੀ।ਸਿਰੇ ਦਾ ਮਿਸਤਰੀ।ਆਸ ਪਾਸ ਦੇ ਇਲਾਕਿਆਂ ਵਿੱਚ ਕਰਨੈਲ ਸਿੰਘ ਦੀ ਤੂਤੀ ਬੋਲਣ ਲੱਗ ਪਈ ਸੀ। ਉਸਦਾ ਬੋਰਾਂ ਦੇ ਕੰਮ ਪ੍ਰਤੀ ਸਮਰਪਣ ਹੀ ਇੰਨਾ ਸੀ। ਉਸਨੂੰ ਆਪਣੇ ਇਲਾਕੇ ਦੀ ਮਿੱਟੀ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਹੋ ਗਈ ਸੀ। ਕੰਮ ਤੇ ਉਹ ਕਿਸੇ ਦਾ ਲਿਹਾਜ਼ ਨਹੀਂ ਸੀ ਕਰਦਾ।ਨਾ ਆਪਣੇ ਮੁੰਡਿਆਂ ਦਾ ਨ ਕਿਸੇ ਜ਼ਿਮੀਂਦਾਰ ਦਾ ਨਾਂ ਦਿਹਾੜੀਆਂ ਦਾ। ਜਦੋਂ ਕੋਈ ਕੰਮ ਗ਼ਲਤ ਕਰਦਾ ਉਹ ਉਸਨੂੰ ਵੱਢੂ ਖਾਊਂ ਕਰਦਾ ਪਰ ਅੰਦਰੋਂ ਬਹੁਤ ਨਰਮ ਸੀ ਕੈਲੂ। ਜਦੋਂ ਰੋਟੀ ਦਾ ਟੈਮ ਹੁੰਦਾ ਉਹ ਮਸ਼ੀਨ ਨੂੰ ਉਸੇ ਵੇਲੇ ਰੋਕ ਕੇ ਕਹਿੰਦਾ। ਰੋਟੀ ਖਾਉ ਕੰਮ ਤਾਂ ਸਾਰੀ ਉਮਰ ਕਰਨਾ ਹੈ।ਸਿਆਲ ਹੁੰਦਾ ਚਾਹੇ ਹਾੜ ਉਹ ਬੋਰ ਵਾਲ਼ੀ ਥਾਂ ਤੇ ਕਿਸੇ ਨੂੰ ਜੁੱਤੀ ਲੈ ਕੇ ਚੜ੍ਹਨ ਨਹੀਂ ਸੀ ਦਿੰਦਾ ਤੇ ਨਾ ਹੀ ਆਪ ਪਾਉਂਦਾ ਸੀ। ਅਜ਼ੀਬ ਹੀ ਕਿਸਮ ਦਾ ਜਨੂੰਨ ਉਸਦੇ ਸਿਰ ਤੇ ਸਵਾਰ ਹੋ ਜਾਂਦਾ ਜਦੋਂ ਉਹਦੇ ਕੋਲ ਕੋਈ ਮਿੱਟੀ ਦੀ ਗੱਲ ਛੇੜਦਾ। ਕਈ ਜ਼ਿਮੀਂਦਾਰਾਂ ਨਾਲ ਉਹ ਕੰਮ ਪਿੱਛੇ ਲੜ ਵੀ ਪੈਂਦਾ ਸੀ, ਉਸਨੇ ਕੰਮ ਨਾਲ ਸਮਝੌਤਾ ਕਰਨਾ ਨਹੀਂ ਸੀ ਸਿੱਖਿਆ। ਉਹਨਾਂ ਵੇਲਿਆਂ ਵਿੱਚ ਹੁਣ ਵਾਂਗ ਵੱਡੀ ਬੋਕੀ ਨਹੀਂ ਸੀ ਹੁੰਦੀ। ਪਹਿਲਾਂ ਛੋਟੀ ਬੋਕੀ ਨਾਲ ਬੋਰ ਤੋਰਿਆ ਜਾਂਦਾ ਸੀ।ਸਭ ਤੋਂ ਪਹਿਲਾਂ ਟੋਆ ਪੱਟਿਆ ਜਾਂਦਾ ਫਿਰ ਛੋਟੀ ਬੋਕੀ ਲਾਕੇ ਵੱਡੀ ਬੋਕੀ ਲਾਈ ਜਾਂਦੀ ਸੀ।ਟੋਆ ਪੱਟਣ ਵੇਲੇ ਕੈਲੂ ਨੂੰ ਪਤਾ ਨਹੀਂ ਕਿਹੜਾ ਪ੍ਰੇਤ ਚਿੰਬੜ ਜਾਂਦਾ ਇੱਕ ਦਿਨ ਵਿੱਚ ਹੀ ਟੋਆ ਪੱਟ ਦਿੰਦਾ। ਪਹਿਲਾਂ ਟੱਕਾਂ ਨਾਲ ਮਿੱਟੀ ਪੱਟੀ ਜਾਂਦੇ ਫੇਰ ਦੋ ਜਣੇ ਪਲਾਸਟਿਕ ਦੀ ਬੋਰੀ ਫ਼ੜ ਲੈਂਦੇ ਇੱਕ ਜਣਾ ਟੱਕ ਪਾਈ ਜਾਂਦਾ ਤੇ ਦੋਵੇਂ ਜਣੇ ਮਿੱਟੀ ਬਾਹਰ ਮਾਰਦੇ। ਕੰਮ ਦੇ ਇਸ ਦੌਰ ਵਿੱਚ ਕਿਸੇ ਦੀ ਵੀ ਇੰਨੀ ਹਿੰਮਤ ਨਹੀਂ ਸੀ ਪੈਂਦੀ ਕਿ ਉਹ ਕਰਨੈਲ ਸਿੰਘ ਦੀ ਕਿਸੇ ਗੱਲ ਦੀ ਅਣਦੇਖੀ ਕਰਨ। ਮਿੱਟੀ ਭਾਵੇਂ ਕਾਲ਼ੀ ਹੁੰਦੀ,ਰੋੜਾਂ ਵਾਲੀ ਚਾਹੇ ਪਾਂਡੋ ਹੁੰਦੀ ਉਹ ਇੱਕ ਦਿਨ ਵਿੱਚ ਟੋਆ ਪੱਟ ਦਿੰਦੇ। ਸ਼ਾਇਦ ਬਚਪਨ ਦੀ ਦੇਖੀ ਗਰੀਬੀ ਨੇ ਲੋਹੇ ਵਰਗਾ ਸਰੀਰ ਬਣਾ ਦਿੱਤਾ ਸੀ। ਕਰਨੈਲ ਸਿੰਘ ਨੇ ਇੱਕ ਦੁਕਾਨ ਖ਼ਰੀਦ ਲਈ ਸੀ ਤੇ ਪਿੱਛੇ ਘਰ ਬਣਾ ਲਿਆ ਸੀ। ਦੁਕਾਨ ਤੇ ਸਾਰੀ ਦਿਹਾੜੀ ਕੰਮ ਚਲਦਾ ਰਹਿੰਦਾ। ਗੇਟ, ਗਰਿੱਲਾਂ ਅਤੇ ਟਰਾਲੀਆਂ ਬਣਾਉਣ ਦਾ। ਕਰਨੈਲ ਸਿੰਘ ਕੋਈ ਜਾਦੂਗਰ ਵਰਗਾ ਬੰਦਾ ਸੀ।ਕਹੀ ਦੂਰੋਂ ਵੇਖ ਕੇ ਦੱਸ ਦਿੰਦਾ ਸੀ ਕਿ ਕੀ ਨੁਕਸ ਹੈ।ਕਈ ਜ਼ਿਮੀਂਦਾਰ ਤਾਂ ਉਹਦਾ ਸਵਾ ਪੰਜ ਫੁੱਟ ਕੱਦ ਵੇਖਕੇ ਕਹਿ ਵੀ ਦਿੰਦੇ ਕੀ ਸੱਚਮੁੱਚ ਦਿੱਤੇ ਗਏ ਸਮੇਂ ਵਿੱਚ ਸਾਡਾ ਬੋਰ ਕਰ ਦਏਂਗਾ   ।ਉਹ ਆਪ ਥੋੜਾ ਮਧਰਾ ਸੀ ਪਰ ਬਸੰਤ ਕੁਰ ਉਸ ਕੋਲੋਂ ਦੋ ਕੁ ਉਂਗਲਾਂ ਲੰਮੀ ਸੀ। ਉਹਦੇ ਸਹੁਰੇ ਨੇ ਜਦੋਂ ਦੇਖਿਆ ਸੀ ਤਾਂ ਬਰਾੜ ਨੂੰ ਕਿਹਾ ਵੀ ਸੀ ਬਰਾੜਾ ਮੁੰਡਾ ਮਧਰਾ ਏ ਤੇ ਕੁੜੀ ਸਾਡੀ ਲੰਮੀ ਆ। ਬਰਾੜ ਬਹੁਤ ਸੁਲਝਿਆ ਹੋਇਆ ਇਨਸਾਨ ਸੀ ਕਹਿੰਦਾ ਬਿੰਦਿਆ ਮੁੰਡੇ ਵਿੱਚ ਗੁਣ ਬਥੇਰੇ ਨੇ। ਤੇਰੀ ਧੀ ਨੂੰ ਭੁੱਖੀ ਨਹੀਂ ਮਰਨ ਦਿੰਦਾ।ਕੈਲੂ ਨੇ ਬਰਾੜ ਦੇ ਬੋਲ ਸੱਚ ਕਰ ਵਿਖਾਏ ਸਨ। ਬਸੰਤ ਕੁਰ ਦੇ ਬਿਨਾਂ ਪੁੱਛੇ ਤੋਂ ਉਹ ਘਰ ਵਿੱਚ ਕਿਸੇ ਚੀਜ਼ ਦੀ ਕਮੀਂ ਨਹੀਂ ਸੀ ਰਹਿਣ ਦਿੰਦਾ। ਅੱਜ ਉਹ ਆਪਣੇ ਪਿੰਡ ਧਾਲੀਵਾਲਾਂ ਦੇ ਬੋਰ ਕਰਨ ਚੱਲਿਆ ਸੀ ਉਹ ਪਿੰਡ ਜਿੱਥੇ ਉਹ ਜੰਮਿਆ ਪਲਿਆ ਸੀ।ਕੈਲੂ ਤੋਂ ਕਰਨੈਲ ਸਿੰਘ ਦਾ ਸਫ਼ਰ । ਇੱਕ ਬੋਰ ਸੈਟ ਤੋਂ ਬਾਰਾਂ ਬੋਰ ਸੈਟ ਬਣ ਗਏ ਸਨ। ਦੁਕਾਨ ਤੇ ਕੰਮ ਇੰਨਾ ਜ਼ਿਆਦਾ ਹੁੰਦਾ ਕਿ ਸਵੇਰੇ ਚਾਰ ਵਜੇ ਤੋਂ ਰਾਤ ਦੇ ਗਿਆਰਾਂ ਬਾਰ੍ਹਾਂ ਵਜੇ ਤੱਕ ਕੰਮ ਚਲਦਾ ਰਹਿੰਦਾ। ਕਰਨੈਲ ਸਿੰਘ ਇੱਕ ਗੱਲ ਵਾਰ-ਵਾਰ ਉਚਰਦਾ ਰਹਿੰਦਾ ਹਰ ਕੰਮ ਗੁਣੀਏ ਵਿੱਚ ਕਰੀਦਾ ਹੈ।ਆਮ ਬੰਦੇ ਨੂੰ ਉਸਦਾ ਇਸ ਤਰ੍ਹਾਂ ਵਾਰ ਵਾਰ ਬੋਲਣਾ ਬਹੁਤ ਅਜ਼ੀਬ ਲੱਗਦਾ ਪਰ ਉਹਦੇ ਨਾਲ ਰਹਿੰਦੇ ਇਨਸਾਨ ਇਸਦੇ ਆਦੀ ਹੋ ਚੁੱਕੇ ਸਨ। ਧਾਲੀਵਾਲਾਂ ਦੇ ਜਾਣ ਸਾਰ ਉਹਨੇ ਦੱਸ ਦਿੱਤਾ ਸੀ ਕਿ ਬੋਰ ਵਾਲ਼ੀ ਥਾਂ ਤੇ ਜੁੱਤੀ ਲੈ ਕੇ ਨਹੀਂ ਚੜਨਾ। ਦੁਪਿਹਰੇ ਕੜਾਹੀ ਦੇਣੀ ਹੈ ਬਾਬੇ ਖਾਜੇ ਦੀ ਅਕਸਰ ਉਹ ਬਾਬੇ ਖਵਾਜੇ ਨੂੰ ਖਾਜਾ ਦੱਸਦਾ।ਬੋਰ ਹੋਣ ਤੋਂ ਇੱਕ ਦਿਨ ਪਹਿਲਾਂ ਧਾਲੀਵਾਲਾਂ ਦਾ ਮੁੰਡਾ ਜੁੱਤੀ ਲੈ ਕੇ ਬੋਰ ਕੋਲ਼ੇ ਆ ਗਿਆ। ਕਰਨੈਲ ਸਿੰਘ ਨੂੰ ਗੁੱਸਾ ਆ ਗਿਆ।
"ਤੈਨੂੰ ਦੀਂਹਦਾ ਨ੍ਹੀਂ ਉਏ, ਜੁੱਤੀ ਲੈ ਕੇ ਬੋਰ ਕੋਲ਼ੇ ਆ ਗਿਆ। ਪਤਾ ਨਹੀਂ ਕੀ ਕੀ ਬੋਲ ਗਿਆ ਹਰਖ ਵਿੱਚ। ਧਾਲੀਵਾਲਾਂ ਦੇ ਮੁੰਡੇ ਨੇ ਗੁੱਸਾ ਪੀ ਲਿਆ ਸੀ ਪਰ ਮੂੰਹ ਵਿੱਚ ਹੀ ਫੁਸਫਸਾਇਆ ਸੀ,ਸਾਲਾ ਗਿਠਮੁਠੀਆ ਜਾ ਕਰਦਾ ਕੀ ਐ ਗੁੱਲੀ ਘੜ। ਹਾਲਾਂ ਕਿ ਘਰਾਂ ਵਿੱਚੋਂ ਕੈਲੂ ਉਹਦਾ ਚਾਚਾ ਲੱਗਦਾ ਸੀ। ਕਰਨੈਲ ਸਿੰਘ ਨੂੰ ਇਸ ਸ਼ਬਦ ਤੋਂ ਨਫ਼ਰਤ ਸੀ।ਉਹ ਸਮਝਦਾ ਸੀ ਜੇਕਰ ਮਿਸਤਰੀ ਸਮਾਜ ਨਾ ਹੁੰਦਾ ਤਾਂ ਸ਼ਾਇਦ ਕਿਸਾਨਾਂ ਦੇ ਅੱਧੇ ਕੰਮ ਖੜ ਜਾਂਦੇ।
ਕਰਨੈਲ ਸਿੰਘ ਦੀ ਪੂਰੇ ਇਲਾਕੇ ਵਿੱਚ ਧਾਂਕ ਜੰਮ ਗਈ ਸੀ। ਟਰਾਲੀਆਂ ਪਿੱਛੇ ਪਹਿਲਾਂ ਤੇਜਾ ਸਿੰਘ ਤੇ ਜੋਰਾ ਸਿੰਘ ਲਿਖਿਆ ਹੁੰਦਾ ਸੀ ਉਹ ਘੋਲੀਏ ਦੇ ਮਿਸਤਰੀ ਸਨ। ਹੁਣ ਕਰਨੈਲ ਦੀ ਤੂਤੀ ਬੋਲਣ ਨਾਲ ਉਹਦਾ ਨਾਂ ਹਰ ਟਰਾਲੀ ਪਿੱਛੇ ਲਿਖਿਆ ਹੁੰਦਾ। ਕਰਨੈਲ ਸਿੰਘ ਅਤੇ ਜਰਨੈਲ ਸਿੰਘ ਉਹਦੇ ਛੋਟੇ ਭਰਾ ਦਾ ਨਾਂ ਹਰ ਟਰਾਲੀ ਤੇ ਜੈ ਜਵਾਨ ਜੈ ਕਿਸਾਨ ਦੇ ਹੇਠਾਂ ਲਿਖਿਆ ਮਿਲਦਾ।ਸਬਰ ਸੰਤੋਖ ਦਾ ਦੂਜਾ ਨਾਂ ਸੀ ਕਰਨੈਲ ਸਿੰਘ ਕੈਲੂ। ਉਸਦਾ ਕਾਰੋਬਾਰ ਲੱਖਾਂ ਰੁਪਏ ਵਿੱਚ ਸੀ ਨਵੀਆਂ ਮਸ਼ੀਨਾਂ ਲੈ ਲਈਆਂ ਸਨ।ਵਰਮੇ ਵਾਲੀਆਂ ਮਸ਼ੀਨਾਂ ਲੈ ਲਈਆਂ ਸਨ। ਹੁਣ ਤਾਂ ਕੰਮ ਨਾ ਮਾਤਰ ਰਹਿ ਗਿਆ ਸੀ। ਸਿਰਫ਼ ਪਾਈਪ ਤੇ ਰਿੰਗ ਚੜ੍ਹਾਉਣੇ ਹੁੰਦੇ। ਅਚਾਨਕ ਕਰਨੈਲ ਸਿੰਘ ਦੀ ਇਸ ਤਰੱਕੀ ਨੂੰ ਕਿਸੇ ਦੀ ਨਜ਼ਰ ਲੱਗ ਗਈ ਸੀ।ਛੋਟਾ ਮੁੰਡਾ ਪਤਾ ਹੀ ਨਹੀਂ ਲੱਗਿਆ ਕਦੋਂ ਚਿੱਟਾ ਪੀਣ ਲੱਗ ਪਿਆ ਸੀ। ਇੱਕ ਇੱਕ ਕਰਕੇ ਸਾਰੇ ਬੋਰਾਂ ਦੇ ਸੈਟ ਵਿਕ ਗਏ ਸਨ। ਜਿਨ੍ਹਾਂ ਚਿਰ ਛੋਟਾ ਮੁੰਡਾ ਡੇਰੇ ਰਹਿੰਦਾ ਕੋਈ ਨਸ਼ਾ ਨਹੀਂ ਸੀ ਕਰਦਾ ਪਰ ਡੇਰਿਉਂ ਆਉਣ ਸਾਰ ਫਿਰ ਉਹੀ ਗੋਰਖ ਧੰਦੇ ਵਿੱਚ ਪੈ ਜਾਂਦਾ। ਕਈ ਵਾਰ ਉਹ ਯਤਨ ਵੀ ਕਰਦਾ, ਔਖਾ ਵੀ ਹੁੰਦਾ ਤੇ ਚਿੱਟੇ ਤੋਂ ਨਾਗਾ ਪਾਉਣ ਦਾ ਯਤਨ ਵੀ ਕਰਦਾ ਪਰ ਉਹਦੇ ਸੰਗੀ ਸਾਥੀ ਉਹਨੂੰ ਛੱਡਣ ਨਾ ਦਿੰਦੇ। ਆਵਦੇ ਪੱਲਿਉਂ ਪੈਸੇ ਦੇ ਕੇ ਫਿਰ ਚਿੱਟੇ ਤੇ ਦਾ ਦਿੰਦੇ। ਕਰਨੈਲ ਸਿੰਘ ਸਾਰੇ ਇਲਾਕੇ ਲਈ ਪ੍ਰੇਰਨਾ ਸਰੋਤ ਸੀ ਜਿਹਨੇ ਕਾਨਿਆਂ ਵਾਲ਼ੀ ਛੱਤ ਤੋਂ ਲੈਂਟਰਾ ਵਾਲ਼ੇ ਮਕਾਨ ਛੱਤੇ ਸਨ।ਮਜਬੀਆਂ ਦਾ ਮੁੰਡਾ ਹਰਵਿੰਦਰ ਸਿੰਘ ਕਰਨੈਲ ਸਿੰਘ ਨਾਲ਼ ਕੰਮ ਕਰਦਿਆਂ ਕਰਦਿਆਂ ਪੜ੍ਹਾਈ ਕਰਕੇ ਬੇਹੱਦ ਤਰੱਕੀ ਕੀਤੀ ਸੀ। ਕਰਨੈਲ ਸਿੰਘ ਅਤੇ ਹਰਵਿੰਦਰ ਸਿੰਘ ਦੋਵੇਂ ਇੱਕ ਦੂਜੇ ਲਈ ਪ੍ਰੇਰਨਾ ਸਰੋਤ ਸਨ। ਕਰਨੈਲ ਸਿੰਘ ਆਪਣੇ ਪੋਤਰਿਆਂ ਨੂੰ ਅਕਸਰ ਹਰਵਿੰਦਰ ਦੀ ਉਦਾਹਰਨ ਦਿੰਦਾ ਕਿ ਕਿਵੇਂ ਇਹਨੇ ਅੰਤਾਂ ਦੀ ਗ਼ਰੀਬੀ ਵਿੱਚੋਂ ਆਸ ਦੀ ਕਿਰਨ ਲੱਭੀ। ਹਰਵਿੰਦਰ ਸਿੰਘ ਆਪਣੇ ਬੱਚਿਆਂ ਅਤੇ ਪਤਨੀ ਕੋਲ ਅਕਸਰ ਕਰਨੈਲ ਸਿੰਘ ਦਾ ਜ਼ਿਕਰ ਕਰਦਿਆਂ ਭਾਵੁਕ ਹੋ ਜਾਂਦਾ।ਉਸਦੀ ਪਤਨੀ ਚੰਗੇ ਘਰ ਵਿੱਚ ਪਲੀ ਵੱਡੀ ਹੋਈ ਸੀ। ਉਹਨੂੰ ਇਹ ਸਭ ਕੁੱਝ ਬਾਰੇ ਬਹੁਤੀ ਰੁਚੀ ਨਹੀਂ ਸੀ। ਹਰਵਿੰਦਰ ਸਿੰਘ ਦਾ ਵਾਰ ਵਾਰ ਦਿਲ ਕਰਦਾ ਕਿ ਉਹਦੀ ਪਤਨੀ ਉਸਦੇ ਸੰਘਰਸ਼ ਦੀਆਂ ਗੱਲਾਂ ਸੁਣੇ ਕਿ ਬਾਈ ਕਰਨੈਲ ਸਿੰਘ ਨੇ ਏਕਲਵਿਆ ਦੀ ਕਹਾਣੀ ਸੁਣਾ ਸੁਣਾ ਕੇ ਉਸਨੂੰ ਅਭਿਆਸ ਦੀ ਮਹੱਤਤਾ ਸਮਝਾਈ ਸੀ ਪਰ ਉਹਦੀ ਪਤਨੀ ਨੂੰ ਅਕਸਰ ਇਹ ਗੱਲਾਂ ਬੇਕਾਰ ਲੱਗਦੀਆਂ। ਜਦੋਂ ਵੀ ਕਰਨੈਲ ਸਿੰਘ ਮਿਲਦਾ ਹਰਵਿੰਦਰ ਉਹਦੇ ਪੈਰੀਂ ਹੱਥ ਲਾਉਂਦਾ। ਅੱਜ ਕੱਲ੍ਹ ਉਹਨੂੰ ਆਪਣਾ ਮਨ ਕੁਝ ਉਦਾਸ ਜਾਪਦਾ ਸੀ।ਇਸ ਲਈ ਉਹ ਬਾਈ ਕਰਨੈਲ ਕੋਲ਼ ਚਲਿਆ ਗਿਆ। ਬਸੰਤ ਕੁਰ ਮਾਂ ਨੇ ਚਾਹ ਬਣਾ ਲਿਆਂਦੀ। ਚਾਹ ਪੀਂਦਿਆਂ ਪੀਂਦਿਆਂ ਹਰਵਿੰਦਰ ਵਾਰ ਵਾਰ ਬਾਈ ਕਰਨੈਲ ਨਾਲ ਪੁਰਾਣੀਆਂ ਗੱਲਾਂ ਕਰਨੀਆਂ ਚਾਹੁੰਦਾ ਸੀ ਪਰ ਕਰਨੈਲ ਸਿੰਘ ਦਾ ਮਨ ਉਖੜਿਆ ਉਖੜਿਆ ਜਾਪਦਾ ਸੀ। ਛੋਟੇ ਮੁੰਡੇ ਨੇ ਚਿੱਟਾ ਪੀ ਪੀ ਕੇ ਘਰ ਤਬਾਹ ਕਰ ਦਿੱਤਾ ਸੀ। ਅਚਾਨਕ ਇੱਕ ਅੱਥਰੂ ਕਰਨੈਲ ਸਿੰਘ ਦੀ ਅੱਖ ਕੋਲ਼ ਆਕੇ ਰੁਕ ਗਿਆ। ਹਰਵਿੰਦਰ ਨੂੰ ਆਪਣੀਆਂ ਗੱਲਾਂ ਤੇ ਯਕੀਨ ਨਹੀਂ ਸੀ ਆਉਂਦਾ।
ਹਰਵਿੰਦਰ ਸਿਹਾਂ ਨਿੱਕੇ ਨੇ ਸਾਰਾ ਘਰ ਉਜਾੜ ਦਿੱਤਾ। ਕੁੱਝ ਨੀ ਛੱਡਿਆ ਪੁੱਤ । ਮੇਰੇ ਕੋਲ ਬਾਰਾਂ ਬੋਰਾਂ ਵਾਲੀਆਂ ਮਸ਼ੀਨਾਂ ਸੀ। ਇੱਕ ਨੀਂ ਛੱਡੀ ਇਸ ਨਲੈਕ ਨੇ।ਚਲ ਕੀ ਪਤਾ ਕੁਜਰਤ ਨੂੰ ਇਹੋ ਮਨਜ਼ੂਰ ਹੋਵੇ। ਹਰਵਿੰਦਰ ਅੱਜ ਆਪਣੇ ਪ੍ਰੇਰਨਾ ਸਰੋਤ ਦਾ ਇਹ ਟੁੱਟਿਆ ਮਨ ਵੇਖਕੇ ਘਬਰਾ ਗਿਆ ਫਿਰ ਵੀ ਜੇਰਾ ਕਰਕੇ ਉਹ ਬੋਲਿਆ ਸੀ।ਬਾਈ ਜੀ ਇਸ ਸਭ ਕਾਸੇ ਦਾ ਜ਼ਿੰਮੇਵਾਰ ਇਹ ਗੰਦਾ ਸਿਸਟਮ ਹੈ। ਇਹ ਚਿੱਟਾ ਲੀਡਰ ਤੇ ਪੁਲਿਸ ਮਿਲ਼ ਕੇ ਵੇਚਦੇ ਹਨ। ਤੁਸੀਂ ਚੰਦੀ ਟੋਲ ਪਲਾਜੇ ਕੋਲ਼ ਲੱਗੇ ਧਰਨੇ ਤੇ ਮੇਰੇ ਨਾਲ ਚੱਲਿਆ ਕਰੋ। ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਨੇ ਨਸ਼ੇ ਨੂੰ ਠੱਲ੍ਹ ਪਾਉਣ ਲਈ ਸੰਘਰਸ਼ ਕਰਨਾ ਹੈ। ਇੱਥੇ ਕਾਲ਼ੇ ਬੱਗੇ ਨੀਲੇ ਚੋਰ ਆਲਾ ਕੰਮ ਆ। ਕਰਨੈਲ ਸਿੰਘ ਦੀਆਂ ਬੁਝੀਆਂ ਅੱਖਾਂ ਵਿੱਚ ਕੁੱਝ ਚਮਕ ਆਈ। ਹਰਵਿੰਦਰ ਲਗਾਤਾਰ ਬੋਲੀ ਗਿਆ।ਬਾਈ ਜੀ ਇਹ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ ਹੈ। ਜੇਕਰ ਇਹ ਕਾਨੂੰਨ ਲਾਗੂ ਹੁੰਦੇ ਹਨ ਤਾਂ ਸਾਰੇ ਤਬਕੇ ਪ੍ਰਭਾਵਿਤ ਹੋਣਗੇ। ਛੋਟੇ ਦੁਕਾਨਦਾਰਾਂ ਨੇ ਵੀ ਨਹੀਂ ਬਚਣਾ, ਆੜਤੀਏ ਵੀ ਖ਼ਤਮ, ਮਜ਼ਦੂਰ ਵੀ ਖ਼ਤਮ ਹੋ ਜਾਣਗੇ। ਕਰਨੈਲ ਸਿੰਘ ਜਿਵੇਂ ਕਿਸੇ ਨੀਂਦ ਤੋਂ ਜਾਗਿਆ ਹੋਵੇ। ਦੋਵੇਂ ਜਣੇ ਅਗਲੇ ਦਿਨ ਕਿਸਾਨਾਂ ਦੇ ਧਰਨੇ ਵਿੱਚ ਉਂਚੀ ਉੱਚੀ ਨਾਹਰੇ ਮਾਰ ਰਹੇ ਸਨ ਭਾਰਤੀ ਕਿਸਾਨ ਯੂਨੀਅਨ ਜ਼ਿੰਦਾਬਾਦ