ਆ ਡਾਕੀਏ ਘਰ ਦੇ ਅੱਗੇ ਟੱਲੀ ਸੀ ਖੜਕਾਈ
ਵਾਜ ਮਾਰ ਕੇ ਕਹਿੰਦਾ ਲੈ ਜੋ ਚਿੱਠੀ ਤੁਹਾਡੀ ਆਈ
ਸਾਇਕਲ ਉਤੇ ਘਰ ਘਰ ਜਾਕੇ
ਵੰਡੇ ਖੁਸ਼ੀਆਂ ਖੇੜੇ
ਦੂਰ ਬੇਠੇ ਦੀ ਸੁਖ ਲਿਆਵੇ
ਕਰਦਾ ਦਿਲਾ ਨੂੰ ਨੇੜੇ
ਮਿੱਠੇ ਮਿੱਠੇ ਬੋਲ ਬੋਲਦਾ, ਬੋਲੀ ਬੜੀ ਹੀ ਮਿੱਠੀ
ਚਿੱਠੀ ਗਇਆ ਫੜਾ ਕੇ ਮੈਨੂੰ ਸ਼ਹਿਦ ਦੇ ਨਾਲੋਂ ਮਿੱਠੀ
ਸਾਈਕਲ ਉਤੇ ਘਰ ਘਰ ਜਾਵੇ ਕਰਦਾ ਮਿਹਨਤ ਪੂਰੀ
ਟਾਇਮ ਨਾਲ ਪਹੁੰਚਾਵੇ ਚਿੱਠੀ ਹੁੰਦੀ ਬੜੀ ਜਰੂਰੀ
ਖੁਸ਼ੀਆ ਦੇ ਸਿਰਨਾਵੇਂ ਉਹ ਤਾ ਵੰਡੇ ਘਰ ਘਰ ਜਾਕੇ
ਕੁਝ ਕੂ ਗਮ ਦੇ ਪਰਛਾਵੇਂ ,ਰੱਖਦਾ ਗੁੱਥਲੀ ਪਾਕੇ
ਹੋਲੀ ਹੋਲੀ ਤੋਰੇ ਸਾਇਕਲ, ਨਾਲੇ ਗਾਉਦਾ ਗਾਣੇ
ਸੱਜ ਵਿਆਹੀਆਂ ਦੇ ਉਹ ਸੁਪਨੇ, ਸਾਉਂਦਾ ਰੱਖ ਸਿਰ੍ਹਾਣੇ
ਪੇਕਿਆਂ ਤੋ ਕੋਈ ਆਈ ਚਿੱਠੀ, ਜਾਦਾ ਜਦੋ ਫੜਾ ਕੇ
ਚੂੜੇ ਵਾਲੀ ਚੁੰਮ ਚੁੰਮ ਪੜਦੀ, ਰੱਖਦੀ ਸੀਨੇ ਲਾਕੇ
ਖਾਕੀ ਰੰਗ ਦੀ ਵਰਦੀ ਉਹਦੀ, ਨਾਂ ਪਤਲੀ ਨਾ ਮੋਟੀ
ਦੁੱਗਣੀ ਸ਼ਾਨ ਬਣਾਵੇ ਉਹਦੀ, ਸਿਰ ਵਾਲੀ ਬਈ ਟੋਪੀ
ਖੱਬੇ ਮੋਢੇ ਉਤੇ ਝੋਲਾ, ਚਿੱਠੀਆਂ ਵਾਲਾ ਟੰਗਿਆ
ਬੜੇ ਗੋਹ ਨਾਲ ਵੇਖੇ ਮਾਈ, ਜਦੋ ਦਰਾਂ ਚੋ ਲੰਘਿਆ
ਮਾੜਾ ਜਿਹਾ ਲੰਘਾਉ ਜਾ ਹੋਇਆ,
ਵਾਜ ਮਾਈ ਨੇ ਲਾਈ
ਕਹਿੰਦੀ ਮੇਰੇ ਪੁੱਤ ਫੋਜੀ ਦੀ, ਚਿੱਠੀ ਤਾ ਨੀ ਆਈ
ਚਿੱਠੀ ਪੜ੍ਹ ਉਸ ਵੇਲੇ ਬੰਦਾ, ਰਹਿੰਦਾ ਸੀ ਨਸ਼ਿਆਇਆ
ਸ਼ਬਦਾਂ ਵਿੱਚੋਂ ਮਹਿਕ ਮਰ ਗਈ, ਫੋਨ ਜਦੋ ਦਾ ਆਇਆ
ਉਸ ਵੇਲੇ ਹਰ ਇਕ ਨੂੰ ਚਿੱਠੀ, ਪੜਨੀ ਨਹੀਂ ਸੀ ਆਉਦੀ
ਰੋ ਪੈਦੇ ਸੀ ਸਾਰੇ ਜਦ ਕਦੇ ਬਈ, ਪਾਟੀ ਚਿੱਠੀ ਆਉਦੀ
ਕਰਕੇ ਪੂਰੀ ਮਿਹਨਤ ਉਹੋ, ਛੇਤੀ ਕੰਮ ਨਬੇੜੇ
ਗੁਲਾਮੀ ਵਾਲਿਆਂ ਘਰ ਘਰ ਜਾ ਕੇ, ਵੰਡੇ ਖੁਸ਼ੀਆਂ ਖੇੜੇ