ਖੇੜੇ ਖੁਸ਼ੀਆਂ ਨਾਲ ਲਿਆਈ।
ਸੁਹਣੀ ਰੁੱਤ ਬਸੰਤ ਹੈ ਆਈ।
ਕੁਦਰਤ ਰਾਣੀ ਮੌਲ਼ ਪਈ ਹੈ,
ਪੱਤਝੜ ਕੀਤੀ ਝੱਟ ਵਿਦਾਈ।
ਪਾਲ਼ਾ ਗਿਆ ਤੇ ਸੁਹਣਾ ਮੌਸਮ,
ਮਨ ਦੀ ਜਿਸਨੇ ਤਰੰਗ ਖਿੜਾਈ।
ਬੱਚਿਆਂ ਅਤੇ ਜਵਾਨਾਂ ਰਲਕੇ,
ਪਤੰਗਾਂ ਦੀ ਹੈ ਡੋਰ ਵਧਾਈ।
ਲਾਉਂਦੇ ਪੇਚੇ ਨਾਲ ਡੋਰ ਦੇ,
ਆਸਮਾਨ ਵਿੱਚ ਧੁੰਮ ਮਚਾਈ।
ਸਰੋਆਂ ਦੇ ਪੀਲੇ ਫੁੱਲਾਂ ਨੇ,
ਖੇਤਾਂ ਦੇ ਵਿੱਚ ਛਹਿਬਰ ਲਾਈ।
ਰੰਗ ਬਸੰਤੀ ਚਾਰ ਦਿਸ਼ਾਵੀਂ,
ਇੰਦਰ-ਧਨੁੱਸ਼ ਦੀ ਸ਼ਕਲ ਬਣਾਈ।
ਛੇ ਰੁੱਤਾਂ ’ਚੋਂ ਰੁੱਤ ਬਸੰਤੀ,
ਰੁੱਤਾਂ ਦੀ ਰਾਣੀ ਕਹਿਲਾਈ।
ਸਰਸਵਤੀ ਨੇ ਖੇੜਾ ਭਰਿਆ।
ਵਿੱਦਿਆ ਮਨ ਵਿੱਚ ਆਪੇ ਆਈ।
ਸਰਸਵਤੀ ਦੀ ਪੂਜਾ ਕਰਕੇ,
ਕਈਆਂ ਲੋਕਾਂ ਬਸੰਤ ਮਨਾਈ।
ਆਪਣੇ ਤੌਰ-ਤਰੀਕੇ ਦੇ ਨਾਲ,
ਸਭ ਨੇ ਇਹੇ ਰੁੱਤ ਸਜਾਈ।
ਗੁਰਬਾਣੀ ਦੇ ਰਾਗਾਂ ਦੇ ਵਿੱਚ,
ਗੁਰੂਆਂ ਇਸ ਦੀ ਮਹਿਮਾਂ ਗਾਈ।
ਰੁੱਖਾਂ ਉੱਤੇ ਖੇੜਾ ਆਉਂਦਾ,
ਹਰੀ-ਭਰੀ ਹਰ ਸ਼ਾਖ ਹੋ ਆਈ।
ਕੁਦਰਤ ਦਾ ਹਰ ਇੱਕ ਸੁਹੱਪਣ,
ਫਿਰਦੀ ਆਪਣੇ ਵਿੱਚ ਸਮਾਈ।
ਸੁਹਜ ਪਿਆ ਹਰ ਟਾਹਣੀ ਉੱਤੇ,
ਰੁੱਖਾਂ ਨੇ ਹੈ ਸ਼ਾਂ-ਸ਼ਾਂ ਲਾਈ।
ਇਹ ਹੈ ਮੌਸਮ ਬੜਾ ਪਿਆਰਾ,
ਕਿਧਰੋਂ ਨਾ ਕੁਦਰਤ ਕੁਮਲਾਈ।
ਚੁੰਨਰੀ ਲੈ ਕੇ ਰੁੱਤ ਬਸੰਤੀ,
ਫੁੱਲਾਂ ਦੀ ਹੈ ਮਹਿਕ ਵਧਾਈ।
’ਵਾਵਾਂ ਦੇ ਵਿੱਚ ਮਹਿਕਾਂ ਘੁਲੀਆਂ,
ਜੀਕਰ ਮਹਿਕ ਹਿਮਾਲਿਓਂ ਆਈ।
ਖਿੜੀ-ਖਿੜੀ ਰੁੱਤ ਸੁੰਦਰ ਸੁੰਦਰ,
ਸੱਜਰਤਾ ਹੈ ਨਾਲ ਲਿਆਈ।
ਆਈ ਬਸੰਤ-ਪਾਲ਼ਾ ਉਡੰਤ!
ਲੋਕਾਂ ਮੂੰਹੋਂ ਗੱਲ ਕਹਿਲਾਈ।
ਪੀਲੇ ਚੌਲ ਚਿਲਮਚੀ ਭਰਕੇ,
ਰੁੱਤ ਬਸੰਤੀ ਵੰਡਣ ਆਈ।
ਭਾਬੀਆਂ ਵਾਂਗੂੰ ਦਿਲਕਸ਼ ਕਿੰਨੀ
ਦੁਲਹਨ ਵਾਂਗੂੰ ਸਜੀ-ਸਜਾਈ।
ਛੇਤੀ-ਛੇਤੀ ਆਇਆ ਕਰ ਤੂੰ,
ਤੈਨੂੰ ਦੇਣੀ ਅਸੀਂ ਵਧਾਈ।
ਲਿਖੀ ਫ਼ਰੀਦਾਬਾਦੋਂ ਕਵਿਤਾ,
ਇੰਟਰਨੈੱਟ ’ਤੇ ਨਜ਼ਰੀਂ ਆਈ।