ਸੁਬਹ-ਸੁਬਹ ਆ ਘਰ ਦੇ ਅੰਦਰ,
ਚੀਕ-ਚਿਹਾੜਾ ਪਾਉਂਦੀਆਂ ਸੀ ਜੋ।
ਕਿੱਧਰ ਗਈਆਂ ਚਿੜੀਆਂ ਉਹੋ ?
ਤੜਕੇ ਆਣ ਜਗਾਉਂਦੀਆਂ ਸੀ ਜੋ……
ਰੋਟੀ ਖਾਂਦਿਆਂ ਮੰਜੇ ਕੋਲੇ
ਬਹਿੰਦੀਆਂ ਸੀ ਜੋ ਹੱਕ ਜਤਾਣ।
ਰੋਟੀ ਦਾ ਇੱਕ ਟੁਕੜਾ ਲੈ ਕੇ,
ਪਰ੍ਹਾਂ ਨੂੰ ਜਾ ਕੇ ਬਹਿੰਦੀਆਂ ਖਾਣ।
ਉਨ੍ਹਾਂ ਦੀ ਹੀ ਗੱਲ ਕਰਦਾ ਹਾਂ,
ਵਿਹੜੇ ਝੁਰਮਟ ਪਾਉਂਦੀਆਂ ਸੀ ਜੋ-
ਕਿੱਧਰ ਗਈਆਂ ਚਿੜੀਆਂ ਉਹੋ ?
ਤੜਕੇ ਆਣ ਜਗਾਉਂਦੀਆਂ ਸੀ ਜੋ……
ਤਿਣਕੇ ਚੁੰਝਾਂ ਦੇ ਵਿੱਚ ਲੈ ਕੇ,
ਆਹਲਣਿਆਂ ਦੀ ਕਰਨ ਉਸਾਰੀ।
ਚਿੜਾ-ਚਿੜੀ ਰਲ-ਮਿਲ ਕੇ ਦੋਨੋਂ
ਕਰਦੇ ਹੁੰਦੇ ਮਿਹਨਤ ਭਾਰੀ।
ਸੁਹਣਾਂ ਜਿਹਾ ਇੱਕ ਪਾ ਆਹਲਣਾ,
ਆਂਡੇ ਵਿੱਚ ਟਿਕਾਉਂਦੀਆਂ ਸੀ ਜੋ-
ਕਿੱਧਰ ਗਈਆਂ ਚਿੜੀਆਂ ਉਹੋ ?
ਤੜਕੇ ਆਣ ਜਗਾਉਂਦੀਆਂ ਸੀ ਜੋ……
ਆਂਡਿਆਂ ਵਿੱਚੋਂ ਬੋਟ ਨਿਕਲਕੇ,
ਵੱਖਰਾ ਹੀ ਸੀ ਸ਼ੋਰ ਮਚਾਉਂਦੇ।
ਚਿੜਾ-ਚਿੜੀ ਜਦ ਚੁੰਝੀਂ ਭਰਕੇ,
ਸੁੰਡੀਆਂ ਦਾ ਸੀ ਖਾਣਾ ਲਿਆਉਂਦੇ।
ਬੋਟਾਂ ਦੇ ਮੂੰਹ ਖੁਲ੍ਹਿਆਂ ਦੇ ਵਿੱਚ,
ਖਾਣਾ ਰੋਜ ਪਹੁਚਾਉਂਦੀਆਂ ਸੀ ਜੋ-
ਕਿੱਧਰ ਗਈਆਂ ਚਿੜੀਆਂ ਉਹੋ ?
ਤੜਕੇ ਆਣ ਜਗਾਉਂਦੀਆਂ ਸੀ ਜੋ……
ਪੱਠਿਆਂ ਦੀ ਪੰਡ ਖੁੱਲ੍ਹੀ ਵਿੱਚੋਂ,
ਲੱਭ-ਲੱਭ ਕੇ ਸੀ ਸੁੰਡ ਲਿਆਉਂਦੀਆਂ।
ਨਾਲੇ ਸੀ ਉਹ ਆਪ ਖਾਂਦੀਆਂ,
ਨਾਲੇ ਬੋਟਾਂ ਤਾਈਂ ਖਵਾਉਂਦੀਆ।
ਕੁਤਰਾ ਕਰਦਿਆਂ ਟੋਕੇ ਕੋਲੇ-
ਇੱਧਰ-ਉੱਧਰ ਭਾਉਂਦੀਆਂ ਸੀ ਜੋ-
ਕਿੱਧਰ ਗਈਆਂ ਚਿੜੀਆਂ ਉਹੋ ?
ਤੜਕੇ ਆਣ ਜਗਾਉਂਦੀਆਂ ਸੀ ਜੋ……
ਸਪਰੇਆਂ ਨੇ ਮਾਰ ਸੁੱਟੀਆਂ,
ਜਾਂ ਫਿਰ ਟਾਵਰਾਂ ਲੈ ਲਈ ਜਾਨ ?
ਸਾਡਿਆਂ ਸੁੱਖ ਵਸੀਲਿਆਂ ਉੱਤੋਂ,
ਹੋ ਗਈਆਂ ਨੇ ਉਹ ਕੁਰਬਾਨ।
ਇਨ੍ਹਾਂ ਨੂੰ ਹੁਣ ਕਿਵੇਂ ਬਚਾਈਏ ?
ਸਭ ਲਈ ਰੱਬ ਧਿਆਉਂਦੀਆਂ ਸੀ ਜੋ-
ਕਿੱਧਰ ਗਈਆਂ ਚਿੜੀਆਂ ਉਹੋ ?
ਤੜਕੇ ਆਣ ਜਗਾਉਂਦੀਆਂ ਸੀ ਜੋ……
ਬਹਿ ਰੁੱਖਾਂ ਦੀ ਟੀਸੀ ਉੱਤੇ,
ਛੁਹਣ-ਛੁਹਾਈ ਖੇਡਦੀਆਂ ਸਨ।
ਇੱਕ ਦੂਜੀ ਨਾਲ ਲੈ-ਲੈ ਪੰਗੇ,
ਜਾਣ-ਬੁੱਝ ਕੇ ਛੇੜਦੀਆਂ ਸਨ।
ਬਿਨਾਂ ਗੱਲ ਤੋਂ ਚੁੰਝੋ-ਚੁੰਝੀ,
ਹੋ ਕੇ ਜੋਰ ਵਿਖਾਉਂਦੀਆਂ ਸੀ ਜੋ-
ਕਿੱਧਰ ਗਈਆਂ ਚਿੜੀਆਂ ਉਹੋ ?
ਤੜਕੇ ਆਣ ਜਗਾਉਂਦੀਆਂ ਸੀ ਜੋ……
ਜੀ ਕਰਦਾ ਤਾਂ ਖੇਤਾਂ ਦੇ ਵਿੱਚ,
ਮਾਰ ਉਡਾਰੀ ਪੁਜ ਜਾਂਦੀਆਂ।
ਜੋ ਮਨ ਆਉਂਦਾ ਪੇਟ ਭਰਨ ਲਈ,
ਬਾਹਰੋਂ ਵੀ ਉਹ ਖਾ ਆਂਦੀਆਂ।
ਖੇਤਾਂ ਵਿੱਚੋਂ ਝੱਟ ਘਰਾਂ ਨੂੰ,
ਮਾਰ ਉਡਾਰੀ ਆਉਂਦੀਆਂ ਸੀ ਜੋ-
ਕਿੱਧਰ ਗਈਆਂ ਚਿੜੀਆਂ ਉਹੋ ?
ਤੜਕੇ ਆਣ ਜਗਾਉਂਦੀਆਂ ਸੀ ਜੋ……
ਹੁਣ ਤਾਂ ਪਿੰਡ ਬਹੋਨੇ ਅੰਦਰ,
ਕਦੇ-ਕਦੇ ਹੀ ਦਿਸਣ ਚਿੜੀਆਂ।
ਆਪਣਾ ਹੀ ਉਹ ਮਰਸੀਆ ਗਾਵਣ,
ਗੱਲ-ਗੱਲ ਤੇ ਫਿੱਸਣ ਚਿੜੀਆਂ।
ਉਨ੍ਹਾਂ ਦੇ ਨੇ ਰੋਂਦੂ ਚਿਹਰੇ,
ਰੋਂਦੀਆਂ ਨਾ ਰਵਾਉਂਦੀਆਂ ਸੀ ਜੋ-
ਕਿੱਧਰ ਗਈਆਂ ਚਿੜੀਆਂ ਉਹੋ ?
ਤੜਕੇ ਆਣ ਜਗਾਉਂਦੀਆਂ ਸੀ ਜੋ……