ਸਾਲ ਕੁ ਪਹਿਲਾਂ ਦਰਸ਼ਨ ਦਰਵੇਸ਼ ਦੇ ਬਿਮਾਰ ਹੋਣ ਦੀਆਂ ਖਬਰ ਮਿਲੀ ...ਚਿੰਤਾ ਵਿਚ ਫੋਨ ਕੀਤਾ ਤਾ ਅਗਿਉਂ ਉਹ ਬੜੇ ਹੌਂਸਲੇ ਵਿਚ ਬੋਲਿਆ “ਮੁੜਿਆ ਤਾਂ ਦੂਰ ਦਰਗਾਹੋਂ ਹਾਂ ਪਰ ਹੁਣ ਸਿਹਤਯਾਬੀ ਵੱਲ ਮੋੜਾ ਪੈ ਗਿਆ ਹੈ।” ਮਨ ਨੂੰ ਉਸਦੇ ਬੋਲਾਂ ਨਾਲ ਧਰਵਾਸ ਮਿਲਿਆ ਕਿ ਜਿਹੜਾ ਧੁਰ ਦਰਗਾਹੋਂ ਮੁੜ ਆਇਆ ਹੈ ਉਸਦੀ ਹੋਰ ਜਿਉਣ ਦੀ ਇੱਛਾ ਸ਼ਕਤੀ ਹੁਣ ਉਸਨੂੰ ਸਾਡੇ ਤੋਂ ਦੂਰ ਨਹੀਂ ਜਾਣ ਦੇਵੇਗੀ । ਉਸਦੀ ਸਰੀਰਕ ਕੰਮਜੋਰੀ ਵੇਖ ਕੇ ਦੋਸਤਾਂ ਨੂੰ ਚਿੰਤਾ ਹੁੰਦੀ ਤਾਂ ਉਹ ਉਲਟਾ ਉਨ੍ਹਾਂ ਨੂੰ ਹੀ ਹੌਂਸਲਾ ਦੇਣ ਲੱਗਦਾ ਤੇ ਦੋ ਨਵੀਆਂ ਕਿਤਾਬਾਂ ਛਪਵਾਉਣ ਸਮੇਤ ਆਪਣੇ ਕਈ ਅਧੂਰੇ ਪਏ ਸਾਹਿਤਕ ਪ੍ਰੋਜੈਕਟਾਂ ਦੀ ਵਿਉਂਤਬੰਦੀ ਦੱਸਣ ਲੱਗ ਪੈਂਦਾ । ਉਸਦੀਆਂ ਉਤਸ਼ਾਹੀ ਗੱਲਾਂ ਸੁਣ ਕੇ ਉਸਦੇ ਦੋਸਤ ਵੀ ਚਿੰਤਾ ਮੁਕਤ ਹੋ ਜਾਂਦੇ। ਆਪਣੇ ਅੰਤਲੇ ਦਿਨਾਂ ਵਿਚ ਦਵਿੰਦਰ ਸਤਿਆਰਥੀ ਵਰਗੀ ਦਾੜ੍ਹੀ , ਸਿਰ ਤੇ ਬੰਨੇ ਟੋਪੀ ਵਰਗੇ ਰੰਗਦਾਰ ਪਰਨੇ ਤੇ ਦਰਵੇਸੀ ਵੇਸ਼ਭੂਸ਼ਾ ਵਿਚ ਉਹ ਸੱਚਮੁਚ ਹੀ ਕੋਈ ਦਰਵੇਸ਼ ਹੀ ਲੱਗਦਾ। ਜਦੋਂ ਉਸਦੇ ਦੋਸਤ ਉਸ ਨੂੰ ਸਿਹਤਯਾਬ ਹੁੰਦਿਆ ਵੇਖ ਕੇ ਖੁਸ਼ ਹੋ ਰਹੇ ਸਨ ਤਾਂ ਆਚਣਕ ਹੀ ਫੇਸਬੁੱਕ ਤੇ ਉਸਦੇ ਤੁਰ ਜਾਣ ਦੀਆਂ ਖਬਰਾਂ ਘੁੰਮਣ ਲੱਗੀਆਂ । ਅੱਜ ਕੱਲ ਅਜਿਹੀਆਂ ਖਬਰਾਂ ਸਭ ਤੋਂ ਪਹਿਲਾਂ ਫੇਸਬੁੱਕ ਹੀ ਦੇਂਦੀ ਹੈ। ਸਵੇਰੇ ਫੇਸਬੁੱਕ ਖੋਲ੍ਹੀ ਤਾਂ ਕਰਨ ਭੀਖੀ ਦੀ ਵਾਲ ਤੇ ਕਾਵਿ ਸੰਗ੍ਰਹਿ ‘ਉਦਾਸ ਸਿਰਲੇਖ’ ਦੇ ਕਵੀ ਦੇ ਅਛੋਪਲੇ ਜਿਹੇ ਹੀ ਤੁਰ ਜਾਣ ਦੀ ਖਬਰ ਦਾ ਸਿਰਲੇਖ ਮੇਰੇ ਸਮੇਤ ਉਸਨੂੰ ਚਾਹੁਣ ਵਾਲੇ ਸਾਰਿਆਂ ਨੂੰ ਹੀ ਧੁਰ ਅੰਦਰ ਤੱਕ ਉਦਾਸ ਕਰਨ ਵਾਲਾ ਸੀ।
ਚਾਰ ਕੁ ਮਹੀਨੇ ਬੇਟੇ ਕੋਲ ਮੋਹਾਲੀ ਗਿਆ ਤੇ ਉਸਨੂੰ ਫੋਨ ਕਰਕੇ ਆਪਣੇ ਆਉਣ ਦੀ ਸੂਚਨਾ ਦਿੱਤੀ ਤਾਂ ਉਹ ਫੁੱਲਾਂ ਵਾਂਗੂ ਖਿੜ ਗਿਆ , “ਛੇਤੀ ਆ ਜਾ ਜੱਟ ਬਾਣੀਏ ਮਿੱਤਰਾ.. ਮੈਂ ਤਾਂ ਤੈਨੂੰ ਕਦੋਂ ਦਾ ਉਡੀਕ ਰਿਹਾ ਹਾਂ।( ਉਹ ਅਕਸਰ ਮੇਰੇ ਲਈ ਜੱਟ ਬਾਣੀਆ ਦਾ ਸੰਬੋਧਨ ਵਰਤਦਾ ਸੀ ) ਮੈਂ ਬੇਟੇ ਨੂੰ ਕਿਹਾ ਕਿ ਉਹ ਮੈਨੂੰ ਖਰੜ ਲਾਂਡਰਾ ਰੋਡ ਤੇ ਜੇ. ਟੀ .ਪੀ. ਐਲ .ਕਾਲੋਨੀ ਵਿਚ ਪੈਂਦੇ ਉਸਦੇ ਫਲੈਟ ਤੱਕ ਤੱਕ ਛੱਡ ਆਵੇ । ਉਸ ਕੋਲ ਜਾਣ ਵੇਲੇ ਮੈਂ ਸੋਚਿਆ ਕਿ ਉਹ ਧੁਰ ਦਰਗਾਹੋਂ ਮੁੜ ਕੇ ਆਇਆ ਹੈ ਤੇ ਅਸੀਂ ਮਿਲ ਵੀ ਕਈ ਮਹੀਨੀਆਂ ਬਾਦ ਰਹੇ ਹਾਂ , ਇਸ ਲਈ ਸਾਨੂੰ ਦੋਹਾਂ ਨੂੰ ਮਿਲਣ ਲਈ ਖੁਲ੍ਹੇ ਵਕਤ ਦੀ ਲੋੜ ਹੈ। ਮੈਂ ਬੇਟੇ ਨੂੰ ਕਹਿ ਦਿੱਤਾ ਕਿ ਉਹ ਘਟੋਂ ਘੱਟ ਛੇ ਘੰਟੇ ਲਈ ਮੈਂਨੂੰ ਵਾਪਸ ਨਾ ਲੈਣ ਆਵੇ। ਉਹ ਤਾਂ ਸਾਹਿਤਕ ਗੱਲਾਂ ਕਰਨ ਲਈ ਤਰਸਿਆ ਪਿਆ ਸੀ । ਜਦੋਂ ਮੈਂ ਉਸ ਕੋਲ ਪਹੁੰਚਿਆ ਤਾਂ ਉਸਦੀ ਜੀਵਨ ਸਾਥਣ ਰਸੋਈ ਦੇ ਸਮਾਨ ਦੀ ਖਰੀਦਦਾਰੀ ਲਈ ਬਜ਼ਾਰ ਗਈ ਹੋਈ ਸੀ। ਮੇਰੇ ਵਾਰ ਵਾਰ ਰੋਕਣ ਦੇ ਬਾਵਜੂਦ ਉਹ ਪਤਨੀ ਦੀ ਉਡੀਕ ਕਰਨ ਦੀ ਬਜਾਇ ਖੁਦ ਮੇਰੇ ਲਈ ਚਾਹ ਬਣਾ ਕੇ ਲਿਆਇਆ । ਮੇਰਾ ਬੇਟਾ ਛੇ ਘੰਟਿਆ ਦੀ ਬਜਾਇ ਇਕ ਘੰਟਾ ਹੋਰ ਲੇਟ ਮੈਨੂੰ ਲੈਣ ਆਇਆ, ਫਿਰ ਵੀ ਸਾਡੀਆਂ ਨਾ ਮੁੱਕਣ ਵਾਲੀਆਂ ਗੱਲਾਂ ਦਾ ਸਿਲਸਲਾ ਇਸ ਕਦਰ ਜਾਰੀ ਸੀ ਕਿ ਬੇਟੇ ਵੱਲੋਂ ਦੋ ਵਾਰ ਵਜਾਈ ਦਰਵਾਜੇ ਦੀ ਘੰਟੀ ਵੀ ਸਾਨੂੰ ਸੁਣਾਈ ਨਾ ਦਿੱਤੀ। ਮੇਰੀ ਵਾਪਸੀ ਤੋਂ ਪਹਿਲਾਂ ਉਸ ਮੇਰੇ ਤੋਂ ਵਾਅਦਾ ਲਿਆ ਕਿ ਮੈਂ ਅਗਲੇ ਦਿਨ ਫਿਰ ਦਸ ਵਜੇ ਤੋਂ ਪਹਿਲਾਂ ਉਸ ਕੋਲ ਆ ਜਾਵਾਂਗਾ । ਮੈ ਉਸ ਨਾਲ ਕੀਤਾ ਇਹ ਵਾਅਦਾ ਨਿਭਾਅ ਨਾ ਸਕਿਆ, ਉਸਦੇ ਤੁਰ ਜਾਣ ਤੋਂ ਬਾਦ ਇਹ ਅਹਿਸਾਸ ਹੁਣ ਮੈਨੂੰ ਬਹੁੱਤ ਪ੍ਰੇਸ਼ਾਨ ਕਰ ਰਿਹਾ ਹੈ।
ਦਰਵੇਸ਼ ਮੋਹ ਖੋਰਾ ਬੰਦਾ ਤਾਂ ਸ਼ੁਰੂ ਤੋਂ ਹੀ ਸੀ ਪਰ ਜ਼ਿੰਦਗੀ ਦੇ ਅੰਤਲੇ ਦਹਾਕੇ ਵਿਚ ਤਾਂ ਜਿਵੇਂ ਉਹ ਮੱਹੁਬਤ ਦਾ ਸਿਰਨਾਵਾਂ ਹੀ ਬਣ ਗਿਆ ਹੋਵੇ । ਮੋਹ ਕਰਨ ਵਾਲਾ ਬੰਦਾ ਜ਼ਜ਼ਬਾਤੀ ਵੀ ਬਹੁੱਤ ਹੁੰਦਾ ਹੈ। । ਉਹ ਆਪਣੇ ਦੋਸਤਾ ਨੂੰ ਰੱਜ਼ ਕੇ ਪਿਆਰ ਕਰਦਾ ਸੀ ਪਰ ਜਦੋਂ ਉਸਨੂੰ ਕਿਸੇ ਵਕਤ ਲੱਗਦਾ ਕਿ ਉਸਦਾ ਕੋਈ ਦੋਸਤ ਉਸ ਪ੍ਰਤੀ ਲਾ-ਪ੍ਰਵਾਹੀ ਵਰਤ ਰਿਹੈ ਜਾਂ ਉਸ ਨੂੰ ਅਣਗੌਲਿਆ ਕਰ ਰਿਹਾ ਹੈ ਤਾਂ ਉਹ ਛੋਟੀ ਜਿਹੀ ਗੱਲ ‘ਤੇ ਹੀ ਰੁੱਸ ਜਾਂਦਾ । ਫਿਰ ਉਹ ਸਾਂਝੇ ਦੋਸਤਾਂ ਨੂੰ ਉਲਾਂਭੇ ਦੇਣ ਲੱਗਦਾ “ਆਪਣੇ ਆਪ ਨੂੰ ਬਾਹਲਾ ਈ ਨਾਢੂ ਖਾ ਸਮਝਣ ਲੱਗ ਪਿਐ.. ਮੈਂ ਅੱਜ ਤੋਂ ਬਾਦ ਇਸ ਨਾਲ ਕੋਈ ਵਾਹ ਵਾਸਤਾ ਨਹੀਂ ਰੱਖਣਾ ।” ਉਹ ਐਲਾਣ ਕਰ ਦੇਂਦਾ । ਸ਼ਰਾਬ ਪੀ ਕੇ ਤਾਂ ਉਹ ਕਈ ਵਾਰ ਵਧੇਰੇ ਹੀ ਜ਼ਜ਼ਬਾਤੀ ਹੋ ਜਾਂਦਾ । ਸਾਰੇ ਦੋਸਤਾਂ ਨੂੰ ਉਸਦੇ ਬੱਚਿਆਂ ਵਾਂਗ ਰੁੱਸਣ ਦੀ ਆਦਤ ਦਾ ਪਤਾ ਸੀ , ਇਸ ਲਈ ਉਹ ਛੇਤੀ ਹੀ ਉਸ ਨੂੰ ਮਣਾ ਲੈਂਦੇ ਤੇ ਫਿਰ ਉਹ ਸਾਰੇ ਰੋਸੇ ਗਿਲੇ ਭੁੱਲ ਕੇ ਮੋਹ ਭਰੀਆਂ ਗੱਲਾ ਕਰਨ ਲੱਗ ਪੈਂਦਾ। ਪਤਾ ਨਹੀਂ ਉਸ ਜਗਜੀਤ ਗਿੱਲ ਬਾਰੇ ਕਿੰਨੇ ਉਲਾਭੇ ਮੈਨੂੰ ਦਿੱਤੇ ਹੋਣਗੇ ਤੇ ਕਿੰਨੇ ਜਗਗੀਤ ਗਿੱਲ ਨੂੰ ਮੇਰੇ ਬਾਰੇ ਦਿੱਤੇ ਹੋਣਗੇ ।
ਇਹ ਇਤਫਾਕ ਹੀ ਕਿਹਾ ਜਾ ਸਕਦਾ ਹੈ ਕਿ ਅਸੀਂ ਦੋਹੇਂ ਮਾਨਸਾ ਜ਼ਿਲ੍ਹੇ ਦੇ ਜੰਮ ਪਲ ਲੇਖਕ ਆਪਣੇ ਸਾਹਿਤਕ ਸਫ਼ਰ ਦੇ ਸ਼ੁਰੂਆਤ ਵਿਚ ਹੀ ਰੋਜ਼ੀ ਰੋਟੀ ਦੇ ਚੱਕਰ ਵਿਚ ਬਾਘੇਪੁਰਾਣੇ( ਮੋਗਾ) ਪਹੁੰਚ ਗਏ। ਮੈਂ ਉੱਥੇ ਫੋਟੋ ਸਟੂਡੀੳ ਖੋਲ੍ਹਿਆ ਹੋਇਆ ਸੀ ਤੇ ਦਰਵੇਸ਼ ਜਨ ਸਿਹਤ ਵਿਭਾਗ ਵਿਚ ਨੌਕਰੀ ਕਰਦਾ ਸੀ। ਦੋ ਗਿਰਾਈਂ ਦੀਵਾਨੇ ਜਦੋਂ ਬਾਘੇ ਪੁਰਾਣੇ ਦੇ ਨਿਊ ਲਾਈਟ ਫੋਟੋ ਸਟੂਡੀੳ ਵਿਚ ਮਿਲ ਬੈਠਦੇ ਤਾਂ ਖੂਬ ਗੁਜਰਦੀ ਤੇ ਅਸੀਂ ਇੱਕਠੇ ਨਕੋਦਰ ਅੰਮ੍ਰਿਤਸਰ ਤੱਕ ਦੀਆਂ ਸਾਹਿਤਕ ਗੇੜੀਆਂ ਲਾ ਆਉਂਦੇ । ਬਾਘੇ ਪੁਰਾਣੇ ਰਹਿੰਦਿਆ ‘ਹਾਸ਼ੀਆ’ ਨਾਂ ਦਾ ਤ੍ਰੈ ਮਾਸਿਕ ਪਰਚਾ ਸ਼ੁਰੂ ਕੀਤਾ ਤੇ ਇਸ ਪਰਚੇ ਨੇ ਸਾਹਿਤਕ ਪੱਤਰਕਾਰੀ ਦੇ ਖੇਤਰ ਵਿਚ ਚੰਗੀ ਹਿਲਜੁਲ ਵੀ ਪੈਦਾ ਕੀਤੀ ਪਰ ਇਹ ਪਰਚਾ ਵਿੱਤੀ ਸੰਕਟ ਦੀ ਮਾਰ ਵੱਧੇਰੇ ਸਮੇ ਝੱਲ ਨਾ ਸਕਿਆ। ਦਰਵੇਸ਼ ਨੌਕਰੀ ਛੱਡ ਕੇ ਮਾਨਸਾ ਦੇ ਵਨ –ਵੇ- ਰੋਡ ਤੇ ਫੋਟੋ ਸਟੂਡੀੳ ਖੋਲ੍ਹ ਲਿਆ ਤੇ ਮੈਂ ਵੀ ਬਾਘਾਪੁਰਾਣਾ ਛੱਡ ਕੇ ਬੋਹਾ ਆ ਗਿਆ ਤੇ ਇਸ ਤਰਾਂ ਸਾਡਾ ਮੇਲ ਮਿਲਾਪ ਬਣਿਆ ਰਿਹਾ।
ਦਰਵੇਸ਼ ਦੇ ਸੁਪਨੇ ਬਹੁਤ ਵੱਡੇ ਸਨ । ਸਾਹਿਤ ਸਿਰਜਣਾ ਦੇ ਨਾਲ ਨਾਲ ਫਿਲਮਾਂ ਦੇ ਖੇਤਰ ਵਿਚ ਪੱਕੇ ਪੈਰੀ ਹੋਣ ਲਈ ਉਹ ਮਾਨਸਾ ਤੋਂ ਮੁੰਬਈ ਚਲਿਆ ਗਿਆ ਤੇ ਲੰਬੇ ਸੰਘਰਸ਼ ਤੋਂ ਬਾਦ ਇਸ ਖੇਤਰ ਵਿਚ ਵੀ ਆਪਣਾ ਨਾਂ ਥਾਂ ਬਣਾਉਣ ਵਿਚ ਕਾਮਯਾਬ ਵੀ ਹੋ ਗਿਆ । ਜਦੋਂ ਉਸਦਾ ਪੰਜਾਬ ਵੱਲ ਗੇੜਾ ਲੱਗਦਾ ਦਾ ਅਸੀਂ ਮਿਲਣ ਦਾ ਮੌਕਾ ਤਲਾਸ਼ ਹੀ ਲੈਂਦੇ । ਜਦੋਂ ਮਿਲਦਾ ਤਾ ਸਭ ਤੋਂ ਵੱਧ ਗੱਲਾਂ ਉਹ ਫਿਲਮ ਸੰਸਾਰ ਦੀ ਨਾਮਵਰ ਸ਼ਖਸੀਅਤ ਮਨਮੋਹਨ ( ਮਨ ਭਾਅ ਜੀ ) ਦੀਆਂ ਕਰਦਾ। ਬਿਮਾਰ ਰਹਿਣ ਤੋਂ ਬਾਦ ਉਸ ਮੋਹਾਲੀ ਡੇਰਾ ਲਾ ਲਿਆ ਤਾਂ ਮੇਰੇ ਛੋਟਾ ਬੇਟੇ ਦੀ ਰਿਹਾਇਸ਼ ਮੋਹਾਲੀ ਹੋਣ ਕਾਰਨ ਸਾਡਾ ਮਿਲਣਾ ਕੁਝ ਅਸਾਨ ਹੋ ਗਿਆ। ਜਦੋ ਮੋਹਾਲੀ ਵਿਚਲੇ ਫਲੈਟ ਵਿਚ ਉਸ ਨਾਲ ਆਖਿਰੀ ਮੁਲਾਕਾਤ ਹੋਈ ਤਾਂ ਉਹ ‘ਸ਼ਬਦ’ ਦੇ ਕਵਿਤਾ ਅੰਕ ਦੇ ਮਹਿਮਾਨ ਸੰਪਾਦਕ ਦੀ ਜਿੰਮੇਵਾਰੀ ਨੂੰ ਲੈ ਕੇ ਬਹੁੱਤ ਸੰਵੇਦਨਸ਼ੀਲ ਸੀ ਤੇ ਉਸ ਮੇਰੀ ਵੀ ਜਿੰਮੇਵਾਰੀ ਪਹੁੰਚੀਆਂ ਸਾਰੀਆਂ ਕਵਿਤਾਵਾਂ ਤੇ ਪੇਪਰ ਲਿਖਣ ਦੀ ਲਾਈ ਸੀ । ਪਰ ਇਸ ਤੋਂ ਪਹਿਲਾਂ ਉਹ ਇਸ ਪਰਚੇ ਰਾਹੀਂ ਆਪਣੀ ਸੰਪਾਦਕੀ ਯੋਗਤਾ ਤੇ ਪੰਜਾਬੀ ਕਵਿਤਾ ਬਾਰੇ ਆਪਣੀ ਸਮਝ ਦਾ ਖੁਲ੍ਹ ਕੇ ਪ੍ਰਗਟਾਵਾ ਕਰ ਸਕਦਾ, ਉਸਨੂੰ ਉਪਰੋਂ ਸੱਦਾ ਆ ਗਿਆ ਤੇ ਉਸ ਮਨ ਵਿਚ ਘੁੰਮਦੇ ਅਨੇਕਾਂ ਪ੍ਰੋਜੈਕਟਾਂ ਦੇ ਨਾਲ ਇਹ ਪ੍ਰੋਜੈਕਟ ਵੀ ਅਧੂਰਾ ਰਹਿ ਗਿਆ।
ਉਹ ਕਿਸੇ ਵੀ ਦੋਸਤ ਨੂੰ ਕਦੇ ਵੀ ਬੇਨਤੀ ਨਹੀਂ ਸੀ ਕਰਦਾ, ਸਗੋਂ ਸਿੱਧਾ ਹੁਕਮ ਹੀ ਕਰਦਾ ਸੀ। ਉਸਦਾ ਦੂਜਾ ਕਾਵਿ ਸੰਗ੍ਰਹਿ ‘ਕੁੜੀਆਂ ਨੂੰ ਸਵਾਲ ਕਰੋ ਨਾ ਕਰੋਂ ਛਪ ਕੇ ਆਇਆ ਤਾਂ ਉਸ ਦਾ ਹੁਕਮ ਆ ਗਿਆ, “ ਲੁਧਿਆਣੇ ਪੰਜਾਬੀ ਭਵਨ ਇਸ ਪੁਸਤਕ ‘ਤੇ ਗੋਸ਼ਟੀ ਰੱਖੀ ਹੈ। ਸਵੀ, ਵਿਸ਼ਾਲ ਸਤੀਸ਼ ਗੁਲਾਟੀ ,ਅਤੈ ਸਿੰਘ ਤੇ ਹੋਰ ਸਾਰੇ ਦੋਸਤ ਇੱਕਠੇ ਹੋਣਗੇ... ਇਸ ਪੁਸਤਕ ਤੇ ਪਰਚਾ ਤੂੰ ਪੜ੍ਹਣੇ , ਤਿਆਰੀ ਰੱਖੀ।” ਭਲਾ ਮੇਰੀ ਕੀ ਬਿਸਾਤ ਸੀ ਕਿ ਉਸ ਦੀ ਹੁਕਮ ਅਦੂਲੀ ਕਰ ਦੇਂਦਾ । ਪੁਸਤਕ ਗੋਸ਼ਟੀ ਸਮੇ ਮੇਰਾ ਪਰਚਾ ਸੁਣ ਕੇ ਉਹ ਗਦ ਗਦ ਹੋ ਗਿਆ ਤੇ ਮੈਨੂੰ ਜੱਫੀ ਵਿਚ ਲੈਂਦਿਆ ਆਪਣੇ ਚਿਰ ਪਰਚਿਤ ਅੰਦਾਜ਼ ਵਿਚ ਬੋਲਿਆ “ਜਿਉਂਦਾ ਰਹਿ ਜੱਟ ਬਾਣੀਆ ਮਿੱਤਰਾ ... ਤੂੰ ਮੈਨੂੰ ਵੀ ਸਮਝਦਾ ਹੈ ਤੇ ਮੇਰੀ ਕਵਿਤਾ ਨੂੰ ਵੀ ।” ਉਸ ਰਾਤ ਆਪਣੇ ਨਾਲ ਚੱਲਣ ਤੇ ਹਵਾ ਪਿਆਜੀ ਹੋਣ ਲਈ ਬਹੁੱਤ ਜੋਰ ਲਾਇਆ ਪਰ ਕਿਸੇ ਜ਼ਰੂਰੀ ਕਾਰਨ ਕਰਕੇ ਉਸ ਦਿਨ ਮੇਰਾ ਘਰ ਵਾਪਸ ਪਰਤਣਾ ਜ਼ਰੂਰੀ ਸੀ । ਆਪਣੇ ਧੁਰ ਦਰਗਾਹ ਵੱਲ ਤੁਰਣ ਤੋਂ ਦੋ ਮਹੀਨੇ ਪਹਿਲਾਂ ਉਸਦਾ ਹੁਕਮ ਆਇਆ ਕਿ ਵਿਸ਼ਾਲ ਵੱਲੋਂ ਚਲਾਏ ਜਾ ਰਹੇ ਯੂ ਟਿਊਬ ਚੈਨਲ ਸੈਵਨਥ ਰਿਵਰ ਲਈ ਮੇਰੀ ਕਵਿਤਾ ਤੇ ਦਸ ਕੁ ਮਿੰਟ ਦੀ ਵੀਡੀੳ ਬਣਾ ਕੇ ਭੇਜ । ਸ਼ੁਕਰ ਹੈ ਕਿ ਮੈਂ ਘੌਲ ਨਾ ਕਰਦਿਆਂ ਉਸਦੇ ਹੁਕਮ ਦੀ ਪਾਲਣਾ ਕਰ ਦਿੱਤੀ ਤੇ ਵਿਸ਼ਾਲ ਨੇ ਵੀ ਇਹ ਵੀਡੀੳ ਆਪਣੇ ਚੈਨਲ ਤੇ ਪਾ ਦਿੱਤੀ । ਜੇ ਇਸ ਕੰਮ ਵਿਚ ਦੇਰ ਹੋ ਜਾਂਦੀ ਤਾਂ ਉਸ ਸਾਡੇ ਦੋਹਾਂ ਨਾਲ ਰੁਸਿਆਂ ਹੀ ਤੁਰ ਜਾਣਾ ਸੀ ਤੇ ਸਾਡੇ ਦੋਹਾਂ ਦੇ ਮਨਾਂ ਵਿਚ ਵੀ ਇਹ ਪਛਤਾਵਾ ਰਹਿ ਜਾਣਾ ਸੀ ਕਿ ਅਸੀਂ ਆਪਣੇ ਮਿੱਤਰ ਦੇ ਬੋਲ ਨਾ ਪੁਗਾ ਸਕੇ ।
‘ਵੱਤਰ’ ਤੇ ‘ਬਲਾਈਂਡ ਸਟਰੀਟ’ ਵਰਗੀਆ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰਕੇ ਉਸ ਫਿਲਮ ਨਿਰਦੇਸ਼ਨ ਦੀਆਂ ਬਾਰੀਕੀਆਂ ਨੂੰ ਸਮਝਣ ਵਾਲੇ ਫਿਲਮ ਡਾਇਰੈਕਟਰ ਵਜੋਂ ਆਪਣੀ ਪਛਾਣ ਬਣਾਈ ਤੇ ਦੂਰਦਰਸ਼ਨ ਦੇ ਚਰਚਿਤ ਸੀਰੀਅਲ ‘ਦਾਣੇ ਅਨਾਰ ਦੇ’ ਸਮੇਤ ਕਈ ਸੀਰੀਅਲ ਵੀ ਨਿਰਦੇਸ਼ਿਤ ਕੀਤੇ । ਹਿੰਦੀ ਫਿਲਮ ‘ਮਾਚਿਸ’ ਦੀ ਫੋਟੋਗ੍ਰਾਫੀ ਵਿਚ ਮਨ ਮੋਹਨ ਦੇ ਸਹਾਇਕ ਵਜੋ ਸ਼ਾਮਿਲ ਹੋ ਕੇ ਉਸ ਸਿੱਧ ਕਰ ਦਿੱਤਾ ਕਿ ਉਹ ਜਮਾਂਦਰੂ ਕਲਾਕਾਰ ਹੈ। ਪੰਜਾਬੀ ਕਵਿਤਾ ਦੀਆ ਦੋ ਕਿਤਾਬਾਂ ਤੋਂ ਇਲਾਵਾ ਉਸ ਦਾ ਇਕ ਨਾਵਲਿਟ ਮਾਈਨਸ ਜ਼ਮਾ ਜ਼ੀਰੋ ਵੀ ਪ੍ਰਕਾਸ਼ਿਤ ਹੋਇਆ ਤੇ ਪੰਜਾਬ ਦੇ ਨਾਮਵਰ ਪਰਚਿਆਂ ਵਿਚ ਉਸਦੀਆਂ ਕਹਾਣੀਆ ਨੂੰ ਵੀ ਢੁੱਕਵਾਂ ਸਥਾਨ ਮਿਲਿਆ।
ਅਜੇ ਅਲਵਿਦਾ ਨਹੀਂ ਦੋਸਤ ... ਜਦ ਤੱਕ ਮੇਰੀ ਦੇਹ ਵਿਚ ਪ੍ਰਾਣ ਨੇ ਤੂੰ ਮੇਰੀਆ ਯਾਦਾਂ ਵਿਚ ਜਿਉਂਦਾ ਰਹੇਂਗਾ ।