ਨਣਦ ਦੇ ਕੰਘੀ ਕਰ ਭਰਜਾਈ ਦੱਸਦੀ ਏ
ਸੱਜਰੇ ਵਿਆਹ ਦਾ ਹੁੰਦਾ ਕਿੰਨਾ ਕੁੜੇ ਚਾ ਨੀ
ਕਾਲੇ ਕਾਲੇ ਡੋਰੀਏ ਪਰਾਂਦੇ ਬੜੇ ਜਚਦੇ ਨੇ
ਤੇ ਮੱਥਾ ਬੜਾ ਜਚਦਾ ਏ ਸੱਗੀ ਫੁੱਲ ਲਾ ਨੀ
ਸੂਹੀ ਸੂਹੀ ਲਾਲ ਫੁਲਕਾਰੀ ਬੜੀ ਫਬਦੀ ਏ
ਵੱਖੀਆਂ ਤੋਂ ਤੰਗ ਲਈ ਮੈਂ ਕੁੜਤੀ ਸਵਾ ਨੀ
ਗੋਰੇ ਗੋਰੇ ਹੱਥਾਂ ਵਿੱਚ ਚੂੜੀਆਂ ਦਾ ਚਾ ਬੜਾ
ਮੈਂ ਪੈਰਾਂ ‘ਚ ਪਜੇਬ ਪਾਕੇ ਲੈਂਦੀ ਛਣਕਾ ਨੀ
ਅੱਖਾਂ ਵਿੱਚ ਸੁਰਮੇ ਦੀ ਧਾਰ ਤਿੱਖੀ ਜਚਦੀ ਏ
ਜਦ ਸ਼ੀਸ਼ੇ ਵੱਲ ਤੱਕਾ ਮੈਂ ਜਾਂਦੀ ਸ਼ਰਮਾ ਨੀ
ਕੰਨਾਂ ਵਿੱਚ ਕਾਂਟੇ ਪਾਵਾ ਪਿੱਪਲ਼ੀ ਦੇ ਪੱਤ ਵਾਲੇ
ਮੈਂ ਨੱਕ ਵਿੱਚ ਲੌਗ ਪਾਕੇ ਲੈਂਦੀ ਚਮਕਾ ਨੀ
ਹੁਸਨ ਨੂੰ ਅੱਗ ਉਦੋਂ ਦੂਣੀ ਚੌਣੀ ਲੱਗਦੀ ਏ
ਜਦ ਕੰਗ ਦੀ ਪਸੰਦ ਦਾ ਮੈਂ ਸੂਟ ਲੈਂਦੀ ਪਾ ਨੀ।