ਪੈਸੇ ਨਾਲ ਹੀ ਸ਼ੌਹਰਤ ਰੁਤਬਾ ਪੈਸੇ ਨਾਲ ਸਰਦਾਰੀ
ਪੈਸੇ ਨਾਲ ਹੀ ਪੂਜੇ ਦੁਨੀਆਂ ਪੈਸੇ ਨਾਲ ਹੀ ਯਾਰੀ
ਪੈਸੇ ਪਿੱਛੇ ਸਭ ਛੱਡ ਜਾਂਦੇ ਧੀ ਪੁੱਤਰ ਜਾਨ ਪਿਆਰੀ
ਕੱਖਾਂ ਵਾਂਗੂੰ ਰੋਲ ਇਹ ਦੇਵੇ ਸਭ ਰਾਜੇ ਰੰਕ ਹੰਕਾਰੀ
ਇਸ ਪੈਸੇ ਨੇ ਦੁਨੀਆ ਲੁੱਟੀ ਲੁੱਟੇ ਸਾਧੂ ਸੰਤ ਪੁਜਾਰੀ
ਪੈਸੇ ਨਾਲ ਹੀ ਪਰਸੂ ਬਣਦਾ ਪਰਸ ਰਾਮ ਸੰਸਾਰੀ
ਪੈਸੇ ਪਿੱਛੇ ਸਭ ਜੱਗ ਕਮਲਾ ਪੈਸੇ ਪਿੱਛੇ ਨਾਰੀ
ਪੈਸੇ ਬਾਝੋਂ ਤੈਨੂੰ ਕੌਣ ਪਛਾਣੇ ਕਾਹਦੀ ਰਿਸ਼ਤੇਦਾਰੀ
ਗਲੀ ਮੋੜ ਸਭ ਸੱਥ ‘ਚ ਭੰਡਣ ਚੜ੍ਹ ਜੇ ਸਿਰ ਉਧਾਰੀ
ਦੁਨੀਆ ਨੇ ਤਾਂ ਸਭ ਨੂੰ ਭੰਡਿਆ ਗੁਰੂ ਪੀਰ ਜਟਧਾਰੀ
ਡੁੱਬਦੇ ਨੂੰ ਸਭ ਰਲ ਮਿਲ ਡੋਬਣ ਕੈਸੀ ਰੀਤ ਨਿਆਰੀ
ਇਸ ਜੱਗ ਕੋਈ ਨਾ ਬੇਲੀ ਕਹਿ ਗਏ ਰਾਮ ਮੁਰਾਰੀ
ਪੈਸੇ ਪਿੱਛੇ ਮਰਦੇ ਬੰਦਿਆਂ ਕਦੇ ਬੈਹ ਕੇ ਗੱਲ ਵਿਚਾਰੀ
ਖਾਲ਼ੀ ਹੱਥੀ ਜਾਣਾ ਸਭ ਨੇ ਸਭ ਦੀ ਇੱਕੋ ਸਵਾਰੀ
ਸਦਾ ਨਾ ਕੰਗ ਜੱਗ ਤੇ ਰਹਿਣਾ ਕਰਕੇ ਰੱਖ ਤਿਆਰੀ
ਕੱਲ੍ਹ ਉਸਦੀ ਅੱਜ ਮੇਰੀ ਫਿਰ ਆ ਗਈ ਤੇਰੀ ਵਾਰੀ।