ਕਵਿਤਾਵਾਂ

  •    ਪਿਆਰ ਵਧਾਈਏ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਤੁਰਦੀ ਫਿਰਦੀ ਲਾਸ਼ / ਹਾਕਮ ਸਿੰਘ ਮੀਤ (ਕਵਿਤਾ)
  •    ਸ਼ਹਿਰ / ਬੂਟਾ ਗੁਲਾਮੀ ਵਾਲਾ (ਕਵਿਤਾ)
  •    ਪੈਸਾ / ਅਮਰਿੰਦਰ ਕੰਗ (ਕਵਿਤਾ)
  •    ਮੈਂ ਨੀ ਡਰਦਾ ਵਹੁਟੀ ਤੋਂ / ਕੰਵਲਜੀਤ ਭੋਲਾ ਲੰਡੇ (ਕਾਵਿ ਵਿਅੰਗ )
  •    ਦਿੱਲੀ ਦੀ ਸਰਕਾਰ / ਮਲਕੀਅਤ "ਸੁਹਲ" (ਕਵਿਤਾ)
  •    ਗ਼ਜ਼ਲ / ਹਰਦੀਪ ਬਿਰਦੀ (ਗ਼ਜ਼ਲ )
  •    ਅੰਨਦਾਤਾ / ਮਹਿੰਦਰ ਮਾਨ (ਕਵਿਤਾ)
  •    ਮਤਲਬ ਨੂੰ ਜੀ ਜੀ ਹੈ / ਕੁਲਤਾਰ ਸਿੰਘ (ਕਵਿਤਾ)
  •    ਰੂਹ ਬੰਦੇ ਦਾ ਸੱਚ ਹੈ / ਦਲਵਿੰਦਰ ਸਿੰਘ ਗਰੇਵਾਲ (ਕਵਿਤਾ)
  •    ਅਮਨ ਤੇ ਜੰਗ / ਮਹਿੰਦਰ ਮਾਨ (ਕਵਿਤਾ)
  •    ਵਾਸੀ ਪੰਜਾਬ ਦੇ / ਅਮਰਜੀਤ ਸਿੰਘ ਸਿਧੂ (ਕਵਿਤਾ)
  •    ਗ਼ਜ਼ਲ / ਠਾਕੁਰ ਪ੍ਰੀਤ ਰਾਊਕੇ (ਗ਼ਜ਼ਲ )
  •    ਇਤਿਹਾਸ ਦਾ ਪੁਨਰ-ਪਾਠ / ਰਵਿੰਦਰ ਰਵੀ (ਕਵਿਤਾ)
  •    ਫਿਤਰਤ / ਹਰਚੰਦ ਸਿੰਘ ਬਾਸੀ (ਕਵਿਤਾ)
  •    ਮੇਰੀ ਕਵਿਤਾ / ਸੁਰਜੀਤ ਸਿੰਘ ਕਾਉਂਕੇ (ਕਵਿਤਾ)
  •    ਸਵਰਗੀ ਘਰ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  • ਜਦੋਂ ਸਾਨੂੰ ਪੁਲਿਸ ਨੇ ਫੜ੍ਹ ਲਿਆ (ਪਿਛਲ ਝਾਤ )

    ਸੁਖਦੇਵ ਸਿੰਘ ਸੇਖੋਂ (ਡਾ:)   

    Cell: +91 97799 05454
    Address: 219, ਨੈਸ਼ਨਲ ਸਿਟੀ ਹੋਮ ਨਜ਼ਦੀਕ ਗੋਲਡਨ ਗੇਟ
    ਅੰਮ੍ਰਿਤਸਰ India
    ਸੁਖਦੇਵ ਸਿੰਘ ਸੇਖੋਂ (ਡਾ:) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਇਹ ਗੱਲ ਕੋਈ ਦੋ ਦਹਾਕੇ ਪਹਿਲਾਂ ਦੀ ਹੈ।ਮੇਰੇ ਮਿੱਤਰ ਰਾਕੇਸ਼ ਦੇ ਪਿਤਾ ਜੀ ਫਤਿਹਗੜ੍ਹ ਚੂੜੀਆਂ ਦੇ ਨਜ਼ਦੀਕ  ਇਕ ਕਸਬੇ ਦੇ ਪ੍ਰਾਇਮਰੀ ਸਕੂਲ ਵਿਚ ਅਧਿਆਪਕ ਵਜੋਂ ਤਾਇਨਾਤ ਸਨ।ਉਨ੍ਹਾਂ ਦੀ ਸੇਵਾਮੁਕਤੀ ਹੋਣੀ ਸੀ।ਮੇਰਾ ਵੀ ਉਨ੍ਹਾਂ ਨਾਲ ਕਾਫੀ ਮੋਹ ਸੀ।ਜਦੋਂ ਰਾਕੇਸ਼ ਨੇ ਮੇਰੇ ਨਾਲ ਸੇਵਾਮੁਕਤੀ ਦੀ ਪਾਰਟੀ ਵਿਚ ਸ਼ਰਾਬ ਵਰਤਾਉਣ ਬਾਰੇ ਗੱਲ ਕੀਤੀ ਤਾਂ ਸ਼ਰਾਬ ਦਾ ਪ੍ਰਬੰਧ ਕਰਨ ਲਈ ਮੈਂ ਜ਼ਿੰਮੇਵਾਰੀ ਲੈ ਲਈ।ਮੇਰੇ ਇਕ ਨਜ਼ਦੀਕੀ ਰਿਸ਼ਤੇਦਾਰ ਮਿਲਟਰੀ ਵਿਚ ਚੰਗੇ ਅਹੁਦੇ ’ਤੇ ਤਾਇਨਾਤ ਸਨ।ਮੇਰੇ ਕਹਿਣ ’ਤੇ ਉਨ੍ਹਾਂ ਨੇ ਇਕ ਪੇਟੀ ਵਧੀਆ ਸ਼ਰਾਬ ਅਤੇ ਇਕ ਪੇਟੀ ਬੀਅਰ ਦਾ ਪ੍ਰਬੰਧ ਮਿਲਟਰੀ ਕੰਟੀਨ ਤੋਂ ਕਰ ਦਿੱਤਾ।
                 ਮਿਥੇ ਸਮੇਂ ’ਤੇ ਮੈਂ ਅਤੇ ਰਾਕੇਸ਼ ਇਨ੍ਹਾਂ ਪੇਟੀਆਂ ਨੂੰ ਲਿਆਉਣ ਲਈ ਮੋਟਰਸਾਈਕਲ ’ਤੇ ਚੱਲ ਪਏ।ਜਦੋਂ ਇਨ੍ਹਾਂ ਪੇਟੀਆਂ ਨੂੰ ਮੋਟਰਸਾਈਕਲ ’ਤੇ ਟਿਕਾਇਆ ਤਾਂ ਇਹ ਚੰਗੀ ਤਰ੍ਹਾਂ ਸੈਟ ਨਾ ਹੋਣ।ਇਨ੍ਹਾਂ ਨੂੰ ਟੁੱਟਣ ਤੋਂ ਬਚਾਉਣ ਲਈ ਅਸੀਂ ਬੋਤਲਾਂ ਨੂੰ ਗੱਤੇ ਦੇ ਡਿੱਬਿਆਂ ਵਿਚੋਂ ਕੱਢ ਕੇ ਇਕ ਬੋਰੀ ਵਿਚ ਪਾ ਕੇ ਸ਼ਹਿਰ ਵੱਲ ਨੂੰ ਚੱਲ ਪਏ।ਕਾਫੀ ਸ਼ਹਿਰ ਲੰਘ ਆਏ ਪਰ ਜਦੋਂ ਕ੍ਰਿਸਟਲ ਚੌਂਕ ਵਿਚ ਪਹੁੰਚੇ ਤਾਂ ਹੂਟਰ ਮਾਰਦੀਆਂ ਪੁਲਿਸ ਦੀਆਂ ਦੋ ਗੱਡੀਆਂ ਨੇ ਸਾਨੂੰ ਘੇਰਾ ਪਾ ਲਿਆ।ਰਾਕੇਸ਼ ਦਾ ਮੋਟਰਸਾਈਕਲ ਉਨ੍ਹਾਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਤੇ ਸਾਨੂੰ ਦੋਵਾਂ ਨੂੰ ਪੁਲੀਸ ਦੀ ਗੱਡੀ ਵਿਚ ਬਿਠਾ ਕੇ ਸਦਰ ਥਾਣੇ ਦੇ ਨਜ਼ਦੀਕ ਸ਼ਰਾਬ ਦੇ ਇਕ ਗੁਦਾਮ ਵਿਚ ਲੈ ਗਏ।ਪੁਲੀਸ ਦੀ ਗੱਡੀ ਵਿਚ ਸਾਡੇ ਨਾਲ ਬੈਠਾ ਇਕ ਟਾਊਟ ਜਿਹਾ ਬੰਦਾ ਉੱਚੀਉੱਚੀ ਹੱਸਦਾ ਹਇਆ ਐਵੇਂ ਹੀ ਭੌਂਕੀ ਜਾਵੇ:
                  “ਮੈਂ ਤਾਂ ਇਨ੍ਹਾਂ ਨੂੰ ਵੇਖ ਕੇ ਹੀ ਸਮਝ ਗਿਆ ਸੀ ਕਿ ਇਹ ਸ਼ਰਾਬ ਦਾ ਨਜ਼ਾਇਜ਼ ਧੰਦਾ ਕਰਨ ਵਾਲੇ ਨੇ।ਇਸ ਲਈ ਛੇਹਰਟੇ ਤੋਂ ਹੀ ਇਨ੍ਹਾਂ ਦਾ ਪਿੱਛਾ ਕਰਨ ਲੱਗ ਪਿਆ ਸੀ”।
                   ਸ਼ਾਡੇ ਰੰਗ ਉੱਡੇ ਹੋਏ ਸਨ ਅਤੇ ਹੈਰਾਨਪਰੇਸ਼ਾਨ ਸਾਂ। ਡਰਦਿਆਂ ਅਸੀਂ ਪੁਲਿਸ ਵਾਲਿਆਂ ਨੂੰ ਪੁੱਛ ਹੀ ਲਿਆ ਕਿ ਅਸੀਂ ਕੀ ਗਲਤ ਕਰ ਬੈਠੇ ਹਾਂ? ਸ਼ਾਡੇ ਨਾਲ ਇਹ ਕਿਉਂ ਹੋ ਰਿਹਾ ਹੈ।ਅੱਗੋਂ ਉਹ ਹੋਰ ਦਹਿਸ਼ਤ ਪਾਉਣ ਦੇ ਮੰਤਵ ਨਾਲ ਉੱਚੀ-ਉੱਚੀ ਕਹਿਣ ਲੱਗੇ, “ ਬੱਸ ਥੋੜ੍ਹਾ ਜਿਹਾ ਇੰਤਜ਼ਾਰ ਹੋਰ… ਸਭ ਪਤਾ ਚੱਲ ਜਾਊਗਾ…. ਐਸ. ਐਚ. ਓ. ਸਾਹਿਬ ਨੂੰ ਆ ਲੈਣ ਦਿਓ… ਤੁਸੀਂ ਉਨ੍ਹਾਂ ਦੇ ਗੁੱਸੇ ਨੂੰ ਨਹੀਂ ਜਾਣਦੇ”।
                 ਡਰ ਨਾਲ ਸਾਡਾ ਬੁਰਾ ਹਾਲ ਹੋ ਰਿਹਾ ਸੀ।ਇੰਨੇ ਚਿਰ ਨੂੰ ਸਾਡੇ ਸਾਹਮਣੇ ਹੀ ਬੋਰੀ ਖੋਲ੍ਹੀ ਤਾਂ ਆਰਮੀ ਕੰਟੀਨ ਦੀਆਂ ਰਸੀਦਾਂ ਵੇਖਦਿਆਂ ਹੀ ਉਨ੍ਹਾਂ ਦੀ ਫੂਕ ਨਿਕਲ ਗਈ।ਖਿਸਿਆਣੀ ਜਿਹੀ ਹਾਸੀ ਹੱਸਦੇ ਤੇ ਸ਼ਰਮਿੰਦੇ ਹੋਏ  ਆਪਸ ਵਿਚ ਗੱਲਾਂ ਕਰਦੇ ਗੁਦਾਮ ਮਾਲਕ ਦੇ ਦਫਤਰ ਵੱਲ ਨੂੰ ਚੱਲ ਪਏ। ਮਾਲਕ ਦੇ ਕੰਨ ਵਿਚ ਹੌਲੀ ਜਿਹੀ ਕੁਝ ਕਿਹਾ ਤਾਂ ਉਹ ਉਨ੍ਹਾਂ ਨੂੰ ਲਾਹਨਤਾਂ ਪਾਉਣ ਲੱਗਾ:
                 “ਤੁਸੀਂ ਕੋਈ ਬੰਦਾ-ਕੁ-ਬੰਦਾ ਵੇਖ ਲਿਆ ਕਰੋ।ਬਹੁਤੀ ਕਾਹਲੀ ਚੰਗੀ ਨਹੀਂ ਹੁੰਦੀ।ਐਵੇਂ ਭਲਾਮਾਣਸਾਂ ਨੂੰ ਪਰੇਸ਼ਾਨ ਕੀਤਾ ਜੇ”।
                   ਹੁਣ ਤੱਕ ਸਾਨੂੰ ਸਾਰੀ ਗੱਲ ਸਮਝ ਆ ਚੁਕੀ ਸੀ।ਦਰਅਸਲ ਉਸ ਗੁਦਾਮ ਦੇ ਮੁਖਬਰ ਕਰਿੰਦੇ ਨੇ ਸਾਨੂੰ ਵੇਖ ਕੇ ਦੇਸੀ ਸ਼ਰਾਬ ਲਿਜਾਣ ਵਾਲੇ ਸਮਝ ਲਿਆ ਸੀ ਤੇ ਉਸ ਨੇ ਹੀ ਪੁਲੀਸ ਨੂੰ ਫੋਨ ਕਰ ਦਿੱਤਾ ਸੀ।ਇਥੋਂ ਤੁਰਦਿਆਂ ਹੀ ਸਾਡੀ ਜਾਨ ਵਿਚ ਜਾਨ ਆਈ।ਪੁਲਿਸ ਵਾਲਿਆਂ ਦੇ ਹਾਸੇ ਦੇ ਗੂੰਜ ਰਹੇ ਠਹਾਕੇ ਅਤੇ ਉਨ੍ਹਾਂ ਦੀਆਂ ਗੱਲਾਂ ਕੁਝ-ਕੁਝ ਸਾਨੂੰ ਇਸ ਤਰ੍ਹਾਂ ਸੁਣਾਈ ਦੇ ਰਹੀਆਂ ਸਨ:
                 
             “ ਓਏ, ਇਹ ਤਾਂ ਕੁਝ ਜ਼ਿਆਦਾ ਹੀ ਕੱਚੇ ਖਿਡਾਰੀ ਜਾਪਦੇ ਨੇ।ਇਨ੍ਹਾਂ ਨੂੰ ਕੋਈ ਕਿਵੇਂ ਸਮਝਾਏ ਕਿ ਜੇ ਸ਼ਰਾਬ ਲਿਆਉਣੀ ਹੋਵੇ ਤਾਂ ਮੋਟਰਸਾਈਕਲ ਦੇ ਪਿੱਛੇ ਆਪਣੀ ਘਰਵਾਲੀ ਨੂੰ ਬਿਠਾਓ ਤੇ ਉਹਨੂੰ ਫੜਾਓ ਕੱਪੜਿਆਂ ਵਾਲਾ ਬੈਗ। ਫਿਰ ਭਾਵੇਂ ਦੇਸੀ ਸ਼ਰਾਬ ਦੀਆਂ ਬੋਤਲਾਂ ਹੀ ਕਿਉਂ ਨਾ ਰੱਖੀਆਂ ਹੋਣ, ਕੀ ਮਜ਼ਾਲ ਏ ਕਿਸੇ ਨੂ ਭੋਰਾ ਜਿੰਨਾ ਵੀ ਸ਼ੱਕ ਪੈ ਜਾਵੇ।ਏਦਾਂ ਬੋਰੀ ਵਿਚ ਬੋਤਲਾਂ ਪਾ ਕੇ ਖੜਕਾਉਂਦੇ ਆਉਣ ਡਹੇ ਸੀ, ਫੜੇ ਤਾਂ ਇਨ੍ਹਾਂ ਜਾਣਾ ਹੀ ਸੀ”।
             ਇਹ ਸੁਣ ਕੇ ਅਸੀਂ ਪੰਜਾਬ ਪੁਲੀਸ ਦੇ ਵਾਰੇ-ਵਾਰੇ ਜਾ ਰਹੇ ਸੀ।