ਰੱਬ ਦਾ ਅੰਸ਼ ਇਹ ਰੂਹ ਹੈ, ਰੂਹ ਬੰਦੇ ਦਾ ਸੱਚ।
ਬਿਨਸਣਹਾਰ ਸਰੀਰ ਹੈ, ਰੂਹ ਜਿਸ ਵਿਚ ਗਈ ਰਚ।
ਰੱਬ ਦਾ ਅੰਸ਼ ਹੈ, ਇਸ ਲਈ ਗੁਣ ਰੱਬ ਦੇ ਇਸ ਕੋਲ।
ਜੀਕੂੰ ਕਿਰਨ ‘ਚ ਗੁਣ ਹਰਿਕ, ਸੂਰਜ ਦੇ ਅਣਮੋਲ।
ਰੱਬੀ ਗੁਣਾਂ ਨੂੰ ਵਰਤਣਾ, ਜੀਵ ਦਾ ਸੱਚ ਸੁਭਾ,
ਪਰ ਜਦ ਆਉਂਦਾ ਜਗਤ ਵਿੱਚ, ਬਦਲੇ ਅਪਣਾ ਰਾਹ।
ਦੁਨੀਆਂ ਮਾਇਆ ਜਾਲ ਹੈ, ਸਮਝ ਸਕੇ ਨਾ ਏਹ।
ਧਸਕੇ ਇਸ ਵਿੱਚ ਸਮਝਦਾ, ਰੂਹੋਂ ਪਿਆਰੀ ਦੇਹ।
ਕਾਮ, ਕ੍ਰੋਧ, ਮੋਹ, ਲੋਭ ਵਿੱਚ, ਭੁਲਿਆ ਅਸਲ ਸੁਭਾ,
ਬੇੜੇ ਚੜ੍ਹ ਅਹੰਕਾਰ ਦੇ, ਦਿਤਾ ਜੀਣ ਰੁਲਾ।
ਭੁੱਲ ਜਾਂਦਾ ਹੈ ਰੱਬ ਨੂੰ, ਜੋ ਜੱਗ ਸਿਰਜਣਹਾਰ।
ਨਾਮ ਬਿਨਾ ਨਾ ਥਾਹ ਮਿਲੇ, ਭਟਕੇ ਬਾਰੰਬਾਰ।
ਰੱਬੀ ਸ਼ਕਤੀ ਛੱਡਕੇ, ਜੱਗ ਦੀ ਸ਼ਕਤੀ ਮੋਹ।
ਜਦ ਹਰ ਪਾਸਿਓਂ ਹਾਰਦਾ, ਡਰਦਾ ਲੁਕਦਾ ਓਹ।
ਗੁੱਸਾ ਚੜ੍ਹੇ ਦਿਮਾਗ ਵਿੱਚ, ਪਾਉਂਦਾ ਰਹਿੰਦਾ ਵੈਰ।
ਅਪਣਾ ਹੀ ਸੱਭ ਲੋਚਦਾ, ਭੁਲਿਆ ਜੱਗ ਦੀ ਖੈਰ।
ਮਰਜ਼ੀ ਚੱਲਦੀ ਰੱਬ ਦੀ, ਉਹੀ ਕਰਾਉਂਦਾ ਕਾਰ।
ਬੰਦਾ ਸਮਝੇ ਕਰਾਂ ਮੈਂ, ‘ਮੈਂ, ਮੈਂ’ਵਿੱਚ ਅਹੰਕਾਰ।
ਰੱਬ ਦੀ ਰਚਨਾ ਸਮਝ ਕੇ ਕਰੇ ਨਾ ਸਭ ਨੂੰ ਪਿਆਰ।
ਸੱਭ ਬਰਾਬਰ ਰੱਬ ਨੂੰ, ਨਾ ਰਖਦਾ ਇਹ ਸਾਰ।
ਜਾਤਾਂ, ਗੋਤਾਂ, ਮਜ਼ਹਬਾਂ, ਦੀ ਵੰਡ ਪਾਈ ਜਹਾਨ।
ਕੋਠੀ, ਗਹਿਣੇ, ਧਨ ਅਨਿਕ, ਏਸੇ ਦਾ ਅਭਿਮਾਨ।
ਉਸ ਨੂੰ ਚੇਤੇ ਨਾ ਰਹੀ, ਮੰਜ਼ਿਲ ਨਾ ਤਕਦੀਰ ।
ਦੇਹ ਛੱਡ ਰੂਹ ਦਾ ਮਿਲਣ ਹੈ ਰੱਬ ਦੇ ਨਾਲ ਅਖੀਰ।
ਨਾਮ ਜਪੇ ਨਾ ਵੰਡ ਛਕੇ, ਸੁੱਚੀ ਕਿਰਤ ਨਾ ਕਾਰ।
ਪੱਲੇ ਬੰਨ੍ਹੇ ਪਾਪ ਜਦ, ਭਵਜਲ ਕੀਕੂੰ ਪਾਰ।
ਬੰਦਿਆ ਮਨ ਦੀ ਭੁੱਲਕੇ, ਰੂਹ ਦੀ ਗੱਲ ਚਲਾ।
ਰੂਹ ਨੂੰ ਜੋੜੀਂੇ ਰੱਬ ਸੰਗ, ਬੇੜਾ ਬੰਨੇ ਲਾ।