ਐਵੇਂ ਨਾਂ ਹੁਣ ਯਾਰ ਤੂੰ
ਸ਼ਿਕਵਾ ਕਰਿਆ ਕਰ
ਬਣ ਜਾ ਤੂੰ ਦਿਲਦਾਰ
ਨਾਂ ਹਉਕਾ ਭਰਿਆ ਕਰ ।
ਨਫ਼ਰਤ ਛੱਡ ਤੂੰ
ਸੋਹਲੇ ਪਿਆਰ ਦੇ ਗਾਇਆ ਕਰ
ਮਨ ਦੀ ਮਮਟੀ ਉੱਤੇ
ਦੀਵਾ ਧਰਿਆ ਕਰ ।
ਇਸ਼ਕ ਚ ਬੇਵਫ਼ਾਈ
ਦਾ ਨਾਂ ਮੁੱਲ ਕੋਈ
ਜੀਣ ਲਈ ਤਨਹਾਈ ਵਿੱਚ
ਦਿਲ ਧਰਿਆ ਕਰ ।
ਵਧਦੇ ਵੇਖ ਕੁਕਰਮ
ਨਾਂ ਅੱਖਾਂ ਮੀਟ ਲਵੀੰ
ਰਾਜੇ ਸ਼ੀਂਹ ਮੁਕੱਦਮ
ਤੋਂ ਨਾਂ ਡਰਿਆ ਕਰ ।
ਜਾਗੋ ਹੁਣ ਤਾਂ ਪਾਣੀ
ਸਿਰ ਤੋਂ ਲੰਘ ਚੱਲਿਆ
ਰੋਹ ਦੀ ਬੋਲੀ ਬੋਲ
ਨਾਂ ਅੱਖਾਂ ਭਰਿਆ ਕਰ ।
ਫੁੱਲ ਮਧੋਲੇ ਬਾਗ਼ੀੰ
ਟਾਹਣੀਆਂ ਸਹਿਮੀਆਂ ਨੇ
ਕਦੇ ਤਾਂ ਆਊ ਬਹਾਰ
ਤੂੰ ਦੁੱਖ ਵੀ ਜਰਿਆ ਕਰ ।
ਬੇੜੀ ਅਤੇ ਮਲਾਹ
ਇਤਬਾਰ ਨਾਂ “ ਕਾਉੰਕੇ “ ਤੇ
ਠਿੱਲ੍ਹ ਕੇ ਵਿੱਚ ਦਰਿਆ
ਆਪ ਵੀ ਤਰਿਆ ਕਰ ।
ਸੁਰਜੀਤ ਸਿੰਘ ਕਾਉੰਕੇ