ਵਿਅਕਤੀ ਦਾ ਵਿਵਹਾਰ ਹੀ ਉਸ ਦੀ ਸਭ ਤੋਂ ਵੱਡੀ ਦੌਲਤ (ਲੇਖ )

ਕੈਲਾਸ਼ ਚੰਦਰ ਸ਼ਰਮਾ   

Email: kailashchanderdss@gmail.com
Cell: +91 80540 16816
Address: 459,ਡੀ ਬਲਾਕ,ਰਣਜੀਤ ਐਵੀਨਿਊ,
ਅੰਮ੍ਰਿਤਸਰ India
ਕੈਲਾਸ਼ ਚੰਦਰ ਸ਼ਰਮਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਮਾਜਿਕ ਜੀਵਨ ਵਿਚ ਸਬੰਧਾਂ ਦੀ ਬਹੁਤ ਮਹੱਤਤਾ ਹੈ।ਇਨ੍ਹਾਂ ਸਬੰਧਾਂ ਨੂੰ ਜ਼ਿੰਮੇਵਾਰੀ ਨਾਲ ਨਿਭਾਉਣ ’ਤੇ ਸਨੇਹ ਉਪਜਦਾ ਹੈ ਜਿਸ ਦੇ ਸਿੱਟੇ ਵਜੋਂ ਆਚਰਣ ਵਿਚ ਸਹਿਜਤਾ, ਸਹਿਣਸ਼ੀਲਤਾ, ਤਾਲਮੇਲ ਵਰਗੇ ਗੁਣ ਵਿਕਸਤ ਹੁੰਦੇ ਹਨ ਜੋ ਜੀਵਨ ਨੂੰ ਆਨੰਦ-ਦਾਇਕ ਬਣਾਉਣ ਵਿਚ ਸਹਾਇਕ ਹੁੰਦੇ ਹਨ।ਸਬੰਧਾਂ ਪ੍ਰਤੀ ਜ਼ਿੰਮੇਵਾਰੀ ਨੂੰ ਨਕਾਰਨ ਨਾਲ ਨਕਾਰਾਤਮਕ ਵਿਚਾਰ ਅਤੇ ਬੌਧਿਕ ਅਸ਼ਾਂਤੀ ਪੈਦਾ ਹੁੰਦੀ ਹੈ ਜੋ ਆਦਾਨ-ਪ੍ਰਦਾਨ, ਵਿਚਾਰ-ਵਟਾਂਦਰੇ ਅਤੇ ਸੇਵਾ-ਸਨਮਾਨ ਵਰਗੇ ਗੁਣਾਂ ਦੀ ਮਨੁੱਖ ਵਿਚੋਂ ਗੈਰ-ਮੌਜੂਦਗੀ ਦਾ ਕਾਰਨ ਬਣਦੀ ਹੈ।ਜੇਕਰ ਸ਼ਾਂਤ-ਮਨ ਨਾਲ ਵਿਚਾਰ ਕਰਕੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਕੁਝ ਬੁਨਿਆਦੀ ਸਿਧਾਤਾਂ ਨੂੰ ਅਪਣਾਉਂਦੇ ਹੋਏ ਜੀਵਨ ਵਿਚ ਵਿਚਰਿਆ ਜਾਵੇ ਤਾਂ ਜ਼ਿੰਦਗੀ ਵਿਚ ਕਦੇ ਵੀ ਅਸਫਲਤਾ, ਨਿਰਾਸ਼ਾ ਜਾਂ ਉਦਾਸੀ ਦਾ ਮੂੰਹ ਨਹੀਂ ਵੇਖਣਾ ਪੈਂਦਾ।ਸਾਡੇ ਆਪਸੀ ਸਬੰਧਾਂ ਨੂੰ ਮਜ਼ਬੂਤ ਅਤੇ ਸਦਾ ਜਿਊਂਦੇ ਰੱਖਣ ਲਈ ਵਿਅਕਤੀ ਦਾ ਵਿਵਹਾਰ ਬਹੁਤ ਮਹੱਤਵਪੂਰਨ ਰੋਲ ਅਦਾ ਕਰਦਾ ਹੈ।ਜਿੰਨਾ ਪ੍ਰਭਾਵਸ਼ਾਲੀ ਤੁਹਾਡਾ ਵਿਵਹਾਰ ਹੋਵੇਗਾ ਲੋਕ ਓਨਾ ਹੀ ਤੁਹਾਡੇ ਨੇੜੇ ਆਉਣ ਦੀ ਕੋਸ਼ਿਸ਼ ਕਰਨਗੇ।ਲੋਕ ਚਿਹਰੇ ਤਾਂ ਭੁੱਲ ਜਾਂਦੇ ਹਨ ਪਰ ਤੁਹਾਡੇ ਦੁਆਰਾ ਕੀਤੇ ਵਿਵਹਾਰ ਨੂੰ ਕਦੇ ਨਹੀਂ ਭੁੱਲਦੇ ਖਾਸ ਕਰਕੇ ਜਦੋਂ ਵਿਅਕਤੀ ’ਤੇ ਬੁਰਾ ਸਮਾਂ ਆਇਆ ਹੋਵੇ।ਜਿਸ ਤਰ੍ਹਾਂ ਮਾੜੀਆਂ ਨੀਹਾਂ ’ਤੇ ਉੱਚੇ ਮਹਿਲ ਨਹੀਂ ਉਸਾਰੇ ਜਾ ਸਕਦੇ ਉਸੇ ਤਰ੍ਹਾਂ ਮਾੜੇ ਵਿਵਹਾਰ ਨਾਲ ਸਬੰਧ ਸੁਖਾਵੇਂ ਨਹੀਂ ਬਣਾਏ ਜਾ ਸਕਦੇ ਅਤੇ ਨਾ ਹੀ ਜੀਵਨ ਵਿਚ ਕਿਸੇ ਤਰ੍ਹਾਂ ਦੀ ਪ੍ਰਸੰਨਤਾ ਦਾ ਪ੍ਰਵੇਸ਼ ਹੋ ਸਕਦਾ ਹੈ।ਸਾਡੇ ਵਿਵਹਾਰ ਨਾਲ ਸਾਡਾ ਇਕ ਅਕਸ ਬਣਦਾ ਹੈ ਅਤੇ ਸਮਾਜ ਇਸੇ ਅਕਸ ਨਾਲ ਸਾਨੂੰ ਜਾਣਦਾ ਪਛਾਣਦਾ ਹੈ।ਕੋਈ ਵਿਅਕਤੀ ਕਿੰਨਾ ਵੀ ਅਮੀਰ ਜਾਂ ਰੁਪਮਾਨ ਕਿਉਂ ਨਾ ਹੋਵੇ ਪਰ ਜੇ ਉਸ ਦਾ ਵਿਵਹਾਰ ਚੰਗਾ ਨਹੀਂ ਹੈ ਤਾਂ ਉਸ ਦੇ ਅਮੀਰ ਜਾਂ ਰੂਪਮਾਨ ਹੋਣ ਦੇ ਕੋਈ ਮਾਅਨੇ ਨਹੀਂ ਹਨ।ਸਾਡੇ ਚੰਗੇ ਵਿਵਹਾਰ ਨਾਲ ਜਿੱਥੇ ਸਾਹਮਣੇ ਵਾਲਾ ਪ੍ਰਭਾਵਿਤ ਹੁੰਦਾ ਹੈ, ਉੱਥੇ ਸਾਨੂੰ ਵੀ ਅੰਦਰੋਂ ਖੁਸ਼ੀ ਮਿਲਦੀ ਹੈ।
                ਸਾਡਾ ਵਿਵਹਾਰ ਸਾਡਾ ਦੁਸ਼ਮਣ ਵੀ ਹੈ ਅਤੇ ਮਿੱਤਰ ਵੀ।ਜੇਕਰ ਤੁਸੀਂ ਵਿਸ਼ਵਪੱਧਰ ਦੇ ਹੋਣਾ ਚਾਹੁੰਦੇ ਹੋ, ਜਿੰਨੇ ਚੰਗੇ ਹੋ ਉਸ ਤੋਂ ਵੀ ਵੱਧ ਚੰਗੇ ਬਣਨਾ ਚਾਹੁੰਦੇ ਹੋ ਤਾਂ ਬਾਕੀ ਗੱਲਾਂ ਤੋਂ ਇਲਾਵਾ ਇਹ ਤੁਹਾਡੇ ਵਰਤਾਰੇ ’ਤੇ ਨਿਰਭਰ ਕਰਦਾ ਹੈ।ਜਿਸ ਤਰ੍ਹਾਂ ਮੋਮਬੱਤੀ ਕਦੇ ਨਹੀਂ ਬੋਲਦੀ, ਉਸ ਦੀ ਰੋਸ਼ਨੀ ਹੀ ਉਸ ਦੀ ਪਹਿਚਾਣ ਦੱਸ ਦਿੰਦੀ ਹੈ, ਉਸੇ ਤਰ੍ਹਾਂ ਤੁਹਾਡਾ ਵਿਵਹਾਰ ਤੁਹਾਡੀ ਸ਼ਖਸੀਅਤ ਦਾ ਸ਼ੀਸ਼ਾ ਹੁੰਦਾ ਹੈ।ਕਿਸੇ ਪੜ੍ਹੇ-ਲਿਖੇ ਵਿਅਕਤੀ ਦੀ ਵਿਵਹਾਰ ਅਕੁਸ਼ਲਤਾ ਉਸ ਨੂੰ ਸ੍ਰੇਸ਼ਠ ਮਨੁੱਖ ਦੀ ਸ਼੍ਰੇਣੀ ਤੋਂ ਹੇਠਾਂ ਲੈ ਆਉਂਦੀ ਹੈ।ਤੁਹਾਡਾ ਚੰਗਾ ਵਿਵਹਾਰ ਤੁਹਾਡੀ ਕਮਾਈ ਹੋਈ ਸਭ ਤੋਂ ਮਹਿੰਗੀ ਦੌਲਤ ਹੈ।ਕਿੰਨਾ ਵੀ ਕਿਸੇ ਤੋਂ ਦੂਰ ਰਹੋ, ਤੁਹਾਡੇ ਚੰਗੇ ਵਿਵਹਾਰ ਕਾਰਨ ਅਕਸਰ ਤੁਸੀਂ ਕਿਸੇ ਨਾ ਕਿਸੇ ਪਲ ਯਾਦਾਂ ਵਿਚ ਆ ਹੀ ਜਾਂਦੇ ਹੋ।ਸਾਡਾ ਵਿਵਹਾਰ ਕਈ ਵਾਰ ਗਿਆਨ ਨਾਲੋਂ ਵੀ ਜ਼ਿਆਦਾ ਵਧੀਆ ਹੁੰਦਾ ਹੈ।ਜਦੋਂ ਕਦੇ ਜੀਵਨ ਵਿਚ ਬੁਰੀਆਂ ਸਥਿਤੀਆਂ ਆ ਜਾਂਦੀਆਂ ਹਨ ਤਾਂ ਗਿਆਨ ਹਾਰ ਜਾਂਦਾ ਹੈ ਪਰ ਵਧੀਆ ਵਿਵਹਾਰ ਦੇ ਸਦਾ ਜਿੱਤਣ ਦੀ ਸੰਭਾਵਨਾ ਰਹਿੰਦੀ ਹੈ।ਬੁਰੇ ਵਿਵਹਾਰ ਨੇ ਤਾਂ ਦੁਨੀਆਂ ਵਿਚ ਪਤਾ ਨਹੀਂ ਕਿੰਨੇ ਝਗੜੇ ਪੈਦਾ ਕੀਤੇ ਹਨ।ਰਿਸ਼ਤਿਆਂ ਵਿਚ ਵੀ ਬਹੁਤੇ ਮਸਲੇ ਹਉਮੈ ਨੇ ਹੀ ਖੜੇ ਕੀਤੇ ਹਨ।ਆਪਣੇ-ਆਪ ਨੂੰ ਦੂਜਿਆਂ ਤੋਂ ਵੱਧ ਸਿਆਣਾ ਸਮਝਣਾ ਜਾਂ ਦੂਜੇ ਨੂੰ ਹੀਣਾ ਸਮਝਣਾ, ਉਸ ਦੀ ਨੁਕਤਾਚੀਨੀ ਕਰੀ ਜਾਣਾ ਤੇ ਆਪਣੀਆਂ ਸਿਫਤਾਂ ਦੇ ਆਪੇ ਹੀ ਪੁਲ ਬੰਨ੍ਹੀ ਜਾਣਾ, ਅਜਿਹੇ ਵਿਵਹਾਰ ਰਿਸ਼ਤਿਆਂ ਵਿਚ ਮਿਠਾਸ ਦੀ ਥਾਂ ਕੁੜੱਤਣ ਭਰ ਦਿੰਦੇ ਹਨ ਜਿਸ ਕਾਰਨ ਜੀਵਨ ਆਨੰਦਾਇਕ ਨਹੀਂ ਰਹਿੰਦਾ।ਸਦਾ ਬਹਾਰ ਵਿਅਕਤੀ ਦਾ ਹਿਰਦਾ ਵਿਸ਼ਾਲ ਹੁੰਦਾ ਹੈ ਅਤੇ ਉਹ ਛੋਟੀਆਂ-ਛੋਟੀਆਂ ਅਤੇ ਘਟੀਆਂ ਗੱਲਾਂ ਵੱਲ ਧਿਆਨ ਨਹੀਂ ਦਿੰਦਾ।ਦੂਜਿਆਂ ਦੀ ਸਫਲਤਾ ਵੇਖ ਕੇ ਸੜਦਾ ਨਹੀਂ, ਬਲਕਿ ਉਨ੍ਹਾਂ ਦੀ ਪ੍ਰਸ਼ੰਸਾ ਹੀ ਕਰਦਾ ਹੈ ਕਿਉਂਕਿ ਉਸ ਨੂੰ ਗਿਆਨ ਹੈ ਕਿ ਚੰਗੇ ਵਿਵਹਾਰ ਤੋਂ ਵੱਡੀ ਕੋਈ ਵਿਰਾਸਤ ਨਹੀਂ।ਨਾ ਗੁਆਚਣ ਦਾ ਡਰ, ਨਾ ਖਰਚ ਹੋਣ ਦਾ ਅਫਸੋਸ ਤੇ ਨਾ ਹੀ ਕਿਸੇ ਦੇ ਨਾਲ ਨਾ ਹੋਣ ਦਾ ਦੁੱਖ ਬਲਕਿ ਇਸ ਤੋਂ ਸਦਾ ਚੰਗਾ ਹੀ ਪ੍ਰਾਪਤ ਹੋਵੇਗਾ।ਇੱਕ-ਦੂਜੇ ਦੀਆਂ ਗਲਤੀਆਂ ਨੂੰ ਅਣਦੇਖੀਆਂ ਕਰ ਕੇ ਮੁਆਫ ਕਰਨ ਤੇ ਅਡਜਸਟ ਕਰਨ ਦੀ ਆਦਤ ਸਬੰਧਾਂ ਨੂੰ ਹੋਰ ਪੀਡਿਆਂ ਕਰਨ ਵਿਚ ਸਹਾਈ ਹੁੰਦੀ ਹੈ।ਵੱਡੇ ਅਹੁਦੇ ’ਤੇ ਪਹੁੰਚ ਕੇ ਵਿਅਕਤੀ ਦਾ ਹੰਕਾਰਿਆ ਵਿਵਹਾਰ ਜਿੱਥੇ ਉਸ ਦੇ ਘਟੀਆ ਚਰਿੱਤਰ ਨੂੰ ਦਰਸਾਉਂਦਾ ਹੈ ਉੱਥੇ ਉਸ ਨੂੰ ਉਨ੍ਹਾਂ ਲੋਕਾਂ ਤੋਂ ਵੀ ਦੂਰ ਕਰਦਾ ਹੈ ਜਿਨ੍ਹਾਂ ਨਾਲ ਕਦੇ ਉਨ੍ਹਾਂ ਦੇ ਸੁਖਾਵੇਂ ਸਬੰਧ ਰਹੇ ਸਨ।
               ਸਿਆਣੇ ਕਹਿੰਦੇ ਹਨ ਕਿ ਵਿਵਹਾਰ ’ਚ 70% ਪ੍ਰਭਾਵ ਮਾਹੌਲ ਦਾ ਪੈਂਦਾ ਹੈ।ਜੇਕਰ ਸਾਡੇ ਆਲੇ-ਦੁਆਲੇ ਅਜਿਹੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ ਜੋ ਸੌੜੀ ਸੋਚ ਰੱਖਦੇ ਹੋਏ ਮੇਲ-ਜੋਲ ਦੀ ਭਾਵਨਾ ਤੋਂ ਦੂਰ ਰਹਿੰਦੇ ਹਨ ਤਾਂ ਅਸੀਂ ਵੀ ਆਪਣੇ-ਆਪ ਵਿਚ ਸੀਮਿਤ ਹੋ ਜਾਵਾਂਗੇ ਅਤੇ ਜ਼ਿੰਦਗੀ ਦੀਆਂ ਖੁਸ਼ੀਆਂ ਤੋਂ ਵਾਂਝੇ ਹੋ ਜਾਵਾਂਗੇ।ਇਸ ਲਈ ਅਜਿਹੇ ਲੋਕਾਂ ਤੋਂ ਬਚਣ ਅਤੇ ਚੰਗੇ ਸੰਸਕਾਰਾਂ ਵਾਲੇ ਲੋਕਾਂ ਦੀ ਸੰਗਤ ਮਾਣਨ ਦੀ ਕੋਸ਼ਿਸ਼ ਕਰੋ।ਯਾਦ ਰੱਖੋ ਚੰਗਾ ਵਿਵਹਾਰ ਉਹ ਦੀਪਕ ਹੈ ਜੋ ਹਰ ਪ੍ਰੇਸ਼ਾਨੀ ਨੂੰ ਆਪਣੇ ਪ੍ਰਕਾਸ਼ ਨਾਲ ਦੂਰ ਕਰ ਦਿੰਦਾ ਹੈ।ਇਸ ਲਈ ਜ਼ਿੰਦਗੀ ਵਿਚ ਜੋ ਕੁਝ ਮਰਜ਼ੀ ਵਾਪਰ ਜਾਵੇ, ਕਦੇ ਵੀ ਚੰਗੇ ਵਿਵਹਾਰ ਦਾ ਪੱਲਾ ਨਾ ਛੱਡੋ।ਮਾੜੇ ਵਿਅਕਤੀ ਵੀ ਆਪਣਾ ਵਿਵਹਾਰ ਬਦਲ ਕੇ ਸੱਭਿਅਕ ਬਣ ਜਾਂਦੇ ਹਨ।ਜੋ ਵਿਅਕਤੀ ਨਿਰੰਤਰ ਆਪਣਾ ਮੁਲੰਕਣ ਕਰਦਾ ਹੋਇਆ ਆਪਣੇ ਵਿਵਹਾਰ ਵਿਚ ਸੁਧਾਰ ਕਰਦਾ ਰਹਿੰਦਾ ਹੈ ਉਹ ਸਦਾ ਪ੍ਰਸੰਨ-ਚਿੱਤ ਰਹਿੰਦਾ ਹੈ ਤੇ ਕਾਮਯਾਬ ਵੀ।ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਵਿਅਕਤੀ ਆਪਣਾ ਨਸੀਬ ਤਾਂ ਨਹੀਂ ਬਦਲ ਸਕਦੇ ਪਰ ਆਪਣਾ ਵਿਵਹਾਰ ਬਦਲ ਕੇ ਖੁਸ਼ੀਆਂ ਨੂੰ ਤਾਂ ਆਪਣੇ ਵਿਹੜੇ ਬੁਲਾ ਸਕਦੇ ਹਨ।ਆਪਣੀ ਚੜ੍ਹਤ ਸਮੇਂ ਰਾਹ ਵਿਚ ਆਉਣ ਵਾਲੇ ਲੋਕਾਂ ਨਾਲ ਚੰਗਾ ਵਿਵਹਾਰ ਕਰੋ ਕਿਉਂਕਿ ਉਤਰਾਈ ਸਮੇਂ ਉਹ ਹੀ ਤੁਹਾਡੀ ਸਹਾਇਤਾ ਕਰਨਗੇ।ਆਪਣੇ ਵਿਵਹਾਰ ਵਿਚ ਸੁਧਾਰ ਲਈ ਜ਼ਰੂਰੀ ਹੈ ਕਿ ਜਦੋਂ ਕੋਈ ਮਿੱਤਰ ਪਿਆਰਾ ਘਰ ਆਵੇ ਤਾਂ ਸਾਰਾ ਕੰਮ ਛੱਡ, ਦੌੜ ਕੇ ਉਸ ਦਾ ਸੁਆਗਤ ਕਰੋ।ਦੂਜਿਆਂ ਵੱਲੋਂ ਕੀਤੀ ਕੇਅਰ ਖੁੱਲ੍ਹ-ਦਿਲੀ ਨਾਲ ਪ੍ਰਵਾਨ ਕਰੋ ਅਤੇ ਉਨ੍ਹਾਂ ਵੱਲੋਂ ਪਿਆਰ, ਸਤਿਕਾਰ ਅਤੇ ਆਦਰ ਵਾਲੇ ਟੱਚ ਨੂੰ ਕਦੇ ਗਲਤ ਨਾ ਸਮਝੋ।ਵਿਅਕਤੀਆਂ ਨਾਲ ਗੱਲ ਕਰਦੇ ਸਮੇਂ ਉਨ੍ਹਾਂ ਵਿਚ ਰੁਚੀ ਲਓ ਅਤੇ ਕਦੇ ਵੀ ਬੇਰੁਖੀ ਨਾ ਦਿਖਾਓ।ਅਜਿਹਾ ਕਰਨ ਨਾਲ ਵਿਅਕਤੀ ਡੂੰਘਾਈ ਤੱਕ ਹਿਰਦੇ ਨਾਲ ਜੁੜ ਜਾਂਦੇ ਹਨ।ਵਿਅਕਤੀ ਨੂੰ ਉਸ ਦੇ ਕੁਦਰਤੀ ਸਰੂਪ ਵਿਚ ਸਵੀਕਾਰ ਕਰਦੇ ਹੋਏ ਉਸ ਨਾਲ ਸਬੰਧ ਬਣਾਉਣ ਦੀ ਕੋਸ਼ਿਸ਼ ਕਰੋ ਅਤੇ ਸਬੰਧਾਂ ਦੇ ਉੱਤਮ ਭਾਵਾਂ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਵਿਚਲਾ ਨਿੱਘ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ।ਜ਼ਿੰਦਗੀ ਦਾ ਅਸਲੀ ਮਜ਼ਾ ਅਜਿਹੇ ਲੋਕ ਹੀ ਲੈ ਸਕਦੇ ਹਨ।ਜੇਕਰ ਕਿਸੇ ਮਾੜੇ ਵਿਅਕਤੀ ਦੇ ਕਾਰਨ ਸਾਡੇ ਵਿਵਹਾਰ ਵਿਚ ਰੁੱਖਾਪਣ ਆਉਂਦਾ ਹੈ ਤਾਂ ਇਹੋ ਜਿਹੇ ਵਿਅਕਤੀ ਦਾ ਸਾਥ ਛੱਡ ਦੇਣਾ ਚਾਹੀਦਾ ਹੈ।ਦੂਜਿਆਂ ਨਾਲ ਉਹੋ ਜਿਹਾ ਵਿਵਹਾਰ ਕਰੋ ਜਿਹੋ ਜਿਹਾ ਤੁਸੀਂ ਦੂਜਿਆਂ ਵੱਲੋਂ ਖੁਦ ਲਈ ਚਾਹੁੰਦੇ ਹੋ।ਜੇਕਰ ਤੁਸੀਂ ਦੂਜਿਆਂ ਵੱਲੋਂ ਝੂਠ ਬੋਲਣਾ ਪਸੰਦ ਨਹੀਂ ਕਰਦੇ ਤਾਂ ਤੁਹਾਨੂੰ ਵੀ ਕਿਸੇ ਨਾਲ ਝੂਠਾ ਵਿਵਹਾਰ ਨਹੀਂ ਕਰਨਾ ਚਾਹੀਦਾ।
           ਇਸ ਲਈ ਸਮੇਂ-ਸਮੇਂ ’ਤੇ ਆਤਮ-ਚਿੰਤਨ ਕਰਦੇ ਹੋਏ ਮਾੜੇ ਵਰਤਾਰੇ ਨੂੰ ਤਿਆਗਦੇ ਹੋਏ, ਵਿਵਹਾਰ ਦੇ ਚੰਗੇ ਗੁਣਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰੀਏ ਤਾਂ ਹੀ ਅਸੀਂ ਜ਼ਿੰਦਗੀ ਦੀਆਂ ਖੁਸ਼ੀਆਂ ਦਾ ਆਨੰਦ ਲੈ ਸਕਦੇ ਹਾਂ।