ਬਚਪਨ ’ਚ ਖਾਧੀ ਕੁਲਫੀ ਦਾ ਸੁਆਦ
(ਪਿਛਲ ਝਾਤ )
ਇਹ ਗੱਲ ਕੋਈ 45 ਕੁ ਸਾਲ ਪਹਿਲਾਂ ਦੀ ਹੈ ਕਿ ਮੈਂ, ਮੇਰੀ ਨਿੱਕੀ ਭੈਣ ਅਤੇ ਮੇਰੇ ਮੰਮੀ ਨਾਨਕੇ ਪਿੰਡ ਘਰਿਆਲੇ ਤੋਂ ਵਾਪਿਸ ਆਪਣੇ ਪਿੰਡ ਅਲਗੋਂ ਆ ਰਹੇ ਸਾਂ।ਰਸਤੇ ਵਿਚ ਖੇਮਕਰਨ ਬੱਸ ਅੱਡੇ ’ਤੇ ਪਿੰਡ ਦੀ ਬੱਸ ਲੈਣ ਲਈ ਇੰਤਜ਼ਾਰ ਕਰ ਰਹੇ ਸਾਂ।ਭਾਦਰੋਂ ਦੇ ਚਮਾਸਿਆਂ ਕਾਰਨ ਬਾਰ-ਬਾਰ ਨਲਕੇ ਤੋਂ ਪਾਣੀ ਪੀਣ ਨੂੰ ਜੀਅ ਕਰਦਾ ਸੀ।ਇੰਨੇ ਨੂੰ ਖੋਏ-ਮਲਾਈ ਦੀ ਕੁਲਫੀ ਵੇਚਣ ਵਾਲੇ ਦੋ ਭਾਈ ਸਾਡੇ ਨਜ਼ਦੀਕ ਆ ਗਏ।ਨਿੱਕੇ-ਵੱਡੇ ਸਾਰੇ ਲੋਕ ਕੁਲਫੀਆਂ ਖਾਣ ਲੱਗ ਪਏ।ਇੰਨ੍ਹਾਂ ਨੂੰ ਖਾਂਦੇ ਵੇਖ, ਮੇਰੇ ਮੂੰਹ ਵਿਚ ਵੀ ਪਾਣੀ ਆ ਗਿਆ।ਮੈਂ ਆਪਣੀ ਮੰਮੀ ਨੂੰ ਕੁਲਫੀ ਲੈ ਕੇ ਦੇਣ ਲਈ ਕਿਹਾ ਪਰ ਉਨ੍ਹਾਂ ਨੇ ਇਹ ਲੈ ਕੇ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ।ਮੇਰੇ ਬਾਰ-ਬਾਰ ਕਹਿਣ ’ਤੇ ਵੀ ਉਹ ਹਰ ਵਾਰ ਬੇਰੁਖੀ ਨਾਲ ਨਾਂਹ ਕਰ ਦਿੰਦੇ।ਮੇਰੇ ਨੇੜੇ ਖੜੇ ਕਈ ਬੱਚੇ ਮੂੰਹ ਲਬੇੜੀ ਕੁਲਫੀ ਦਾ ਆਨੰਦ ਮਾਣ ਰਹੇ ਸਨ।ਮੇਰੇ ਵਾਸਤੇ ਇਹ ਸਭ ਬਰਦਾਸ਼ਤ ਕਰਨਾ ਵੱਸੋਂ ਬਾਹਰ ਹੋ ਰਿਹਾ ਸੀ।ਮੈਂ ਆਪਣੀ ਮਾਂ ਤੋਂ ਉਂਗਲ ਛੁਡਾ ਕੇ ਜ਼ਮੀਨ ’ਤੇ ਲੇਟਣਾ ਤੇ ਜ਼ੋਰ-ਜ਼ੋਰ ਨਾਲ ਰੋਣਾ ਸ਼ੁਰੂ ਕਰ ਦਿੱਤਾ।ਮੇਰੀ ਮੰਮੀ ਆਪਣੇ ਪਹਿਲੇ ਸਟੈਂਡ ’ਤੇ ਕਾਇਮ ਰਹਿੰਦੀ ਹੋਈ ਟੱਸ ਤੋਂ ਮੱਸ ਨਹੀਂ ਸੀ ਹੋ ਰਹੀ।ਰੋ-ਰੋ ਕੇ ਮੇਰਾ ਬੁਰਾ ਹਾਲ ਹੋ ਰਿਹਾ ਸੀ।ਇੰਨੇ ਚਿਰ ਨੂੰ ਇੱਕ ਬਜ਼ੁਰਗ ਆਇਆ, ਮੈਨੂੰ ਇੱਕ ਕੁਲਫੀ ਫੜਾ ਕੇ ਮੇਰੇ ਸਿਰ ’ਤੇ ਹੱਥ ਫੇਰ ਕੇ ਕਹਿਣ ਲੱਗਾ, “ਬੱਸ! ਰੋ ਨਾ ਮੇਰਾ ਪੁੱਤ।ਉੱਠ ਕੁਲਫੀ ਖਾਹ”।ਚਿੱਟੇ ਕੁੜਤੇ-ਚਾਦਰੇ, ਚਿੱਟੀ ਪੱਗ ਅਤੇ ਚਿੱਟੀ ਦਾੜ੍ਹੀ ਵਾਲੇ ਉਸ ਭਲੇ ਪੁਰਸ਼ ਦੀ ਧੁੰਦਲੀ ਜਿਹੀ ਯਾਦ ਅਜੇ ਵੀ ਮੇਰੇ ਮਨ-ਮਸਤਕ ’ਤੇ ਉੱਕਰੀ ਹੋਈ ਹੈ।ਮੈਂ ਉੱਠ ਕੇ ਕੁਲਫੀ ਖਾਂਦਾ ਹੋਇਆ ਇਸ ਤਰ੍ਹਾਂ ਮਹਿਸੂਸ ਕਰ ਰਿਹਾ ਸਾਂ ਜਿਵੇਂ ਉਸ ਫਰਿਸ਼ਤੇ ਨੇ ਜਿਊਣ ਲਈ ਮੈਨੂੰ ਆਕਸੀਜਨ ਦੇ ਦਿੱਤੀ ਹੋਵੇ।
ਜਦੋਂ ਮੈਂ ਵੱਡਾ ਹੋਇਆ ਤਾਂ ਇੱਕ ਦਿਨ ਮਨ ਕੀਤਾ ਕਿ ਮੰਮੀ ਨੂੰ ਉਸ ਬੇਰੁਖੀ ਦਾ ਕਾਰਨ ਹੀ ਪੁੱਛ ਲਵਾਂ।ਮੰਮੀ ਨੇ ਦੱਸਿਆ ਕਿ ਉਸ ਸਮੇਂ ਉਸ ਇਲਾਕੇ ਵਿਚ ਹੈਜ਼ੇ ਦੀ ਬੀਮਾਰੀ ਫੈਲੀ ਹੋਈ ਸੀ ਜਿਸ ਕਾਰਨ ਕੁਝ ਮੌਤਾਂ ਵੀ ਹੋਚੁਕੀਆਂਸਨ।ਡਾਕਟਰਾਂ ਵੱਲੋਂ ਲੋਕਾਂ ਨੂੰ ਖਾਸ ਕਰਕੇ ਬੱਚਿਆਂ ਨੂੰ ਬਾਹਰੋਂ ਚੀਜ਼ਾਂ ਲੈ ਕੇ ਖਾਣ ਲਈ ਮਨ੍ਹਾ ਕੀਤਾ ਹੋਇਆ ਸੀ।ਪਰਿਵਾਰ ਪੜ੍ਹਿਆ-ਲਿਖਿਆ ਹੋਣ ਕਰਕੇ ਵੈਸੇ ਵੀ ਇਨ੍ਹਾਂ ਦਿਨਾਂ ਵਿਚ ਇਹੋ-ਜਿਹੀਆਂ ਚੀਜ਼ਾਂ ਖਾਣ ਵਿਚ ਕਾਫੀ ਇਤਿਆਦ ਵਰਤਦਾ ਸੀ।ਮੰਮੀ ਦੇ ਮੂੰਹੋਂ ਇਹ ਗੱਲ ਸੁਣ ਕੇ ਮੇਰੇ ਮਨ ’ਤੇ ਆਪਣੀ ਹੋਂਦ ਪ੍ਰਗਟਾਉਂਦਾ ਵਰ੍ਹਿਆਂ ਦਾ ਗੁੱਸਾ ਆਪਣੀ ਛਾਪ ਛੱਡਦਾ ਮਹਿਸੂਸ ਹੋਣ ਲੱਗਾ।ਮੈਂ ਸੋਚਣ ਲੱਗਾ ਕਿ ਕੋਈ ਵੀ ਮਾਂ-ਬਾਪ ਆਪਣੇ ਬੱਚਿਆਂ ਨੂੰ ਐਵੇਂ ਹੀ ਕਿਸੇ ਗੱਲ ਤੋਂ ਮਨ੍ਹਾਂ ਨਹੀਂ ਕਰਦੇ।ਇਸ ਦੇ ਪਿੱਛੇ ਛਿਪੀ ਸੱਚਾਈ ਨੂੰ ਅਸੀਂ ਉਸ ਸਮੇਂ ਨਾ ਸਮਝਣਯੋਗ ਹੋਣ ਕਾਰਨ ਐਵੇਂ ਹੀ ਉਨ੍ਹਾਂ ਪ੍ਰਤੀ ਗਲਤ ਧਾਰਨਾ ਆਪਣੇ ਮਨਾਂ ਵਿਚ ਵਸਾ ਛੱਡਦੇ ਹਾਂ।ਅੱਜ ਵੀ ਜਦੋਂ ਇਹ ਘਟਨਾ ਕਿਤੇ ਮੇਰੇ ਮਨ-ਮਸਤਕ ’ਤੇ ਆਪਣੀ ਹੋਂਦ ਪ੍ਰਗਟਾ ਜਾਵੇ ਤਾਂ ਉਸ ਫਰਿਸ਼ਤੇ ਵੱਲੋਂ ਮੇਰੇ ਸਿਰ ’ਤੇ ਹੱਥ ਫੇਰ ਕੇ ਦਿੱਤੀ ਕੁਲਫੀ ਦਾ ਸਵਾਦ ਮੈਨੂੰ ਤਰੋਤਾਜ਼ਾ ਕਰ ਦਿੰਦਾ ਹੈ।