ਪੰਜਵੀਂ ਤੋਂ ਅੱਠਵੀਂ ’ਤੇ ਫਿਰ ਦਸਵੀਂ
(ਲੇਖ )
ਸ਼ਾਇਦ ਬਚਪਨ ਤੋਂ ਸੁਆਦਲੀ ਸ਼ੈਅ ਕੋਈ ਹੋਰ ਨਹੀਂ ਹੁੰਦੀ, ਕਿਉਂਕਿ ਜ਼ਿੰਦਗੀ ਵਿੱਚ ਅਜਿਹਾ ਸਮਾਂ ਵੀ ਆਉਂਦਾ ਹੈ, ਜਦ ਬੰਦੇ ਕੋਲ ਸੱਭ ਕੁੱਝ ਉਸਦੀ ਮਰਜ਼ੀ ਦਾ ਹੁੰਦਾ ਹੈ, ਪਰ ਫਿਰ ਵੀ ਉਹ ਬਚਪਨ ਨੂੰ ਯਾਦ ਕਰਕੇ ਆਪਣੇ ਆਪ ਨੂੰ ਅਧੂਰਾ ਹੀ ਸਮਝਦਾ ਹੈ। ਮੈਂ ਸ਼ਾਇਦ ਤੀਸਰੀ ਜਮਾਤ ਵਿੱਚ ਪੜ੍ਹਦਾ ਸੀ, ਜਦੋਂ ਅਸੀਂ ਇੱਕ ਕਸਬੇ ਨੁਮਾ ਇਲਾਕੇ ਵਿੱਚੋਂ ਨਿਕਲ ਕੇ, ਇੱਕ ਵੱਡੇ ਸ਼ਹਿਰ ਵਿੱਚ ਸ਼ਿਫਟ ਹੋ ਗਏ ਸੀ। ਪਿਤਾ ਜੀ ਦਾ ਸ਼ੌਂਕ ਸੀ ਕਿ ਵੱਡੇ ਸ਼ਹਿਰ ਵਿੱਚ ਜਾ ਕੇ ਕੰਮ-ਕਾਰ ਸੈੱਟ ਕਰਨਾ ਹੈ। ਸੋ, ਪਿੱਛੋਂ ਸਾਰਾ ਕੁੱਝ ਵੇਚ-ਵੱਟ ਕੇ ਸ਼ਹਿਰ ਆ ਪੁੱਜੇ।
ਪਰ ਇਸ ਉਜੜਨ-ਵੱਸਣ ਵਾਲੇ ਚੱਕਰ ਵਿੱਚ ਆਰਥਿਕ ਤੰਗੀਆਂ/ਤਰੁਸ਼ੀਆਂ ਨੇ ਵੱਡਾ ਹਮਲਾ ਬੋਲ ਦਿੱਤਾ। ਹੁਣ ਕੰਮ ਕਾਰ ਕਿਹੜਾ ਪੈਂਦੇ ਸੱਟੇ ਚੱਲ ਪੈਂਦੇ ਨੇ? ਖ਼ੈਰ! ਔਖੇ-ਸੌਖੇ ਦਿਨ ਲੰਘਣ ਲੱਗ ਪਏ ਅਤੇ ਬੱਚਿਆਂ ਦੀ ਪੜ੍ਹਾਈ ਦਾ ਫ਼ਿਕਰ ਤਾਂ ਹਰ ਮਾਤਾ-ਪਿਤਾ ਨੂੰ ਸੱਭ ਤੋਂ ਵੱਡਾ ਹੁੰਦਾ ਹੈ। ਇਸ ਲਈ ਪੜ੍ਹਾਈ ਚੱਲਦੀ ਰੱਖਣ ਲਈ ਸਕੂਲ ਦੇਖੇ, ਪਰ ਫੀਸਾਂ/ਦਾਖਲੇ ਵਿੱਤੋਂ ਬਾਹਰ ਸਨ। ਸੋ ਘਰ ਦੇ ਸਾਹਮਣੇ ਹੀ ਇੱਕ ਛੋਟਾ ਜਿਹਾ ਸਕੂਲ ਸੀ, ਜੋ ਕਿ 2-4 ਸਾਲ ਪਹਿਲਾਂ ਹੀ ਨਵਾਂ ਖੁੱਲ੍ਹਿਆ ਸੀ। ਇਹ ਸਕੂਲ ਕਿਸੇ ਵੱਡੇ ਟਰੱਸਟ ਜਾਂ ਸੰਸਥਾ ਜਾਂ ਕਮੇਟੀ ਵੱਲੋਂ ਨਹੀਂ, ਬਲਕਿ ਵੰਨ ਮੈਨ ਆਰਮੀ ਵੱਲੋਂ ਚਲਾਇਆ ਜਾ ਰਿਹਾ ਸੀ ਭਾਵ ਕਿ ਇੱਕ ਅਧਿਆਪਕਾ ਇੰਦਰਜੀਤ ਕੌਰ ਇਸ ਘਰ ਵਿੱਚ ਹੀ ਖੋਲ੍ਹੇ ਗਏ ਟਿਊਸ਼ਨ ਨੁਮਾ ਨਿੱਜੀ ਸਕੂਲ ਨੂੰ ਚਲਾਉਂਦੀ ਸੀ। ਸਾਰੇ ਵਿਸ਼ੇ ਆਪ ਹੀ ਪੜ੍ਹਾਉਂਦੀ ਸੀ। ਭਾਵ ਕਿ ਸਕੂਲ ਨਾਮ ਦਾ ਜ਼ਰੂਰ ਸਕੂਲ ਸੀ, ਪਰ ਅਸਲ ਵਿੱਚ ਸਾਡਾ ਬੈਚ ਹੀ ਪਹਿਲਾ ਤੇ ਸ਼ਾਇਦ ਆਖਰੀ ਬੈਚ ਸੀ। ਹੁਣ ਤਾਂ ਦੋ ਦਾਹਕੇ ਦੇ ਕਰੀਬ ਸਮਾਂ ਹੋ ਗਿਐ ਸਕੂਲ ਬੰਦ ਹੋ ਗਿਆ ਹੈ, ਉਹ ਥਾਂ ਵੀ ਵਿਕ ਗਈ ਹੈ। ਸਕੂਲ ਦਾ ਨਾਮ ਸੀ ‘ਅਕਾਸ਼ ਸ਼ਿਖਸ਼ਾ ਕੇਂਦਰ’। ਜੋ ਸ਼ਾਇਦ ਕਿਸੇ ਨੂੰ ਚਿੱਤ ਚੇਤੇ ਵਿੱਚ ਵੀ ਨਹੀਂ ਹੋਣਾ, ਪਰ ਉਥੇ ਪੜ੍ਹੇ ਕੁੱਲ 50 ਕੁ ਵਿਦਿਆਰਥੀਆਂ ਦੇ ਚੇਤੇ ਵਿੱਚੋਂ ਸ਼ਾਇਦ ਕਦੇ ਨਾ ਭੁੱਲੇ। ਉਸ ਘਰ/ਸਕੂਲ ਵਿੱਚ ਲੱਗੇ ਅਮਰੂਦਾਂ ਦੇ ਬੂਟਿਆਂ ਤੋਂ ਚੋਰੀ ਛਿਪੇ ਅਮਰੂਦ ਤੋੜਨੇ ਅਤੇ ਅਧਿਆਪਕਾ ਦੀਆਂ ਝਿੜਕਾਂ ਖਾਣੀਆਂ ਸ਼ਾਇਦ ਕਦੇ ਵੀ ਨਾ ਭੁੱਲਣ। ਪਰ ਕਰਦੇ ਵੀ ਕੀ, ਉਹ ਕੱਚੇ ਅਮਰੂਦ ਵੀ ਪੱਕਿਆਂ ਤੋਂ ਵੱਧ ਸੁਆਦ ਦਿੰਦੇ ਸੀ।
ਮੈਨੂੰ ਚੌਥੀ ਜਮਾਤ ਵਿੱਚ ਦਾਖ਼ਲਾ ਮਿਲ ਗਿਆ। ਮੇਰੇ ਨਾਲ ਮੇਰੀ ਜਮਾਤ ਵਿੱਚ ਇੱਕ ਹੋਰ ਲੜਕਾ ਜਤਿੰਦਰ ਸਿੰਘ ਹੈਪੀ ਪੜ੍ਹਦਾ ਸੀ ਤੇ ਬਾਕੀ ਪੰਜ ਕੁੜੀਆਂ ਹਰਜਿੰਦਰ ਕੌਰ, ਅਮਰਜੀਤ ਕੌਰ, ਗੁਰਦੀਪ ਕੌਰ, ਸੁਖਵਿੰਦਰ ਕੌਰ ਅਤੇ ਗੁਰਪ੍ਰੀਤ ਕੌਰ ਕੁੱਲ ਆਪਾਂ ਸੱਤ ਵਿਦਿਆਰਥੀ ਸੀ। ਪੰਜਵੀਂ ਕੀਤੀ ਤਾਂ ਲੜਕਾ ਹੈਪੀ ਅਤੇ ਇੱਕ ਲੜਕੀ ਹਰਜਿੰਦਰ ਕੌਰ ਸਕੂਲੋਂ ਹੱਟ ਗਏ। ਪਿੱਛੇ ਰਹਿ ਗਏ ਚਾਰ ਕੁੜੀਆਂ ਤੇ ਇੱਕ ਮੁੰਡਾ (ਮੈਂ)। ਛੇਵੀਂ ਜਮਾਤ ਵਿੱਚ ਲੜਕਾ ਬਲਜੀਤ ਸਿੰਘ ਆਇਆ ਪਰ ਉਹ ਵੀ ਪੜ੍ਹਾਈ ਵਿੱਚੇ ਛੱਡ ਕੇ ਸਕੂਲੋਂ ਹੱਟ ਗਿਆ।
ਮੇਰਾ ਯਾਰੀ/ਦੋਸਤੀ ਵਾਲਾ ਕਿੱਸਾ ਫਿਰ ਖ਼ਤਮ ਹੋ ਗਿਆ। ਕੁੜੀਆਂ ਨਾਲ ਤਾਂ ਵੈਸੇ ਨਹੀਂ ਸੀ ਬੈਠਦਾ, ਅਖੇ! ਕੰਨ ਪੱਕ ਜਾਂਦੇ ਨੇ। ਬੱਸ! ਕੁੜੀਆਂ ਚਾਰ ਸੀ, ਦੋ-ਦੋ ਦੇ ਗਰੁੱਪ ਬਣਾ ਕੇ ਪੜ੍ਹ ਪੁੜ ਲੈਂਦੀਆਂ ਤੇ ਇੱਕ ਦੂਜੇ ਦੇ ਘਰ ਵੀ ਆ ਜਾ ਆਉਂਦੀਆਂ, ਤੇ ਆਪਾਂ ਪਿੰਡ ਦੇ ਕਿਸੇ ਛੜੇ ਵਾਂਗੂ, ਰੱਬ ਦੇ ਆਸਰੇ ਪੜ੍ਹਾਈ ਕਰਦੇ ਰਹਿੰਦੇ। ਸੋ ਪੰਜਵੀਂ ਤੋਂ ਅੱਠਵੀਂ ਤੱਕ ਆਹ ਪੰਜ ਵਿਦਿਆਰਥੀਆਂ ਨੇ ਹੀ ਪੜ੍ਹਾਈ ਮੁਕੰਮਲ ਕੀਤੀ। ਜਦ ਅੱਠਵੀਂ ਦੇ ਪੇਪਰ ਆਏ ਤਾਂ ਅਸੀਂ ਪੰਜੋ ਵਿਦਿਆਰਥੀਆਂ ਇਮਤਿਹਾਨ ਸੈਂਟਰ ਵਿੱਚ ਬੈਠੇ ਸੀ ਅਤੇ ਇਹ ਪਹਿਲੀ ਵਾਰ ਹੋਇਆ ਸੀ ਕਿ ਪੇਪਰ ਵੀ ਪੰਜ ਤਰ੍ਹਾਂ ਦੇ ਆਉਣੇ ਸੀ ਅਤੇ ਬਾਅਦ ਵਿੱਚ ਇਹ ਆਖਰੀ ਵਾਰ ਬਣ ਗਿਆ, ਕਿਉਂਕਿ ਉਸ ਤੋਂ ਬਾਅਦ ਕਦੇ ਅੱਠਵੀਂ ਦੇ ਪੇਪਰ ਪੰਜ ਤਰ੍ਹਾਂ ਦੇ ਨਹੀਂ ਆਏ। ਹੁਣ ਸਾਡੇ ਪੰਜਾਂ ਕੋਲ ਵੱਖਰਾ ਵੱਖਰਾ ਪ੍ਰਸ਼ਨ ਪੱਤਰ ਸੀ, ਨਾ ਇੱਕ ਦੂਜੇ ਨੂੰ ਕੁੱਝ ਪੁੱਛ ਸਕਦੇ ਸੀ ਨਾ ਕੁੱਝ ਦੱਸ ਸਕਦੇ ਸੀ।
ਰੱਬ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਪੇਪਰ ਦਿੱਤੇ ਤੇ ਪਾਸ ਹੋ ਗਏ। ਸਕੂਲ ਜੋ ਕਿ ਸਿਰਫ਼ ਅੱਠਵੀਂ ਤੱਕ ਸੀ। ਹੁਣ ਨੌਵੀਂ ਜਮਾਤ ਲਈ ਮੁੰਡਿਆ ਦੇ ਸਰਕਾਰੀ ਸਕੂਲ ਵਿੱਚ ਦਾਖ਼ਲਾ ਹੋ ਗਿਆ। ਜਿੱਥੇ ਮੈਂ ਪਿਛਲੇ ਸਕੂਲ ਵਿੱਚ ਇੱਕਲਾ ਦੁਕੱਲਾ ਸੀ ਹੁਣ ਨਵੇਂ ਸਕੂਲ ਵਿੱਚ ਮੇਰੀ ਹੀ ਜਮਾਤ ਵਿੱਚ ਤੀਹ ਵਿਦਿਆਰਥੀ ਸੀ। ਛੇਤੀ ਕੀਤੇ ਨਾ ਕੁੱਝ ਸਮਝ ਆਇਆ ਨਾ ਕੋਈ ਦੋਸਤ ਬਣੇ। ਇਕ ਅੱਧਾ ਦੋਸਤ ਬਣਿਆ ਬੱਸ! ਕਿਉਂਕਿ ਮੇਰੇ ਲਈ ਘੁਲ-ਮਿਲ ਪਾਉਣ ਜ਼ਰਾ ਔਖਾ ਸੀ ਸ਼ਾਇਦ ਮਾਨਿਸਕ ਸਥਿਤੀ ਵੀ ਅਜਿਹੀ ਹੀ ਸੀ, ਬੱਸ ਚੁੱਪਚਾਪ ਰਹਿਣਾ ਤੇ ਆਪਣੇ ਕੰਮ ਤੱਕ ਮਤਲੱਬ ਰੱਖਣਾ। ਪਿਛਲੇ ਸਕੂਲ ਵਿੱਚ ਅਜਿਹੀ ਮਾਨਸਿਕ ਸਥਿਤੀ ਬਣ ਚੁੱਕੀ ਸੀ। ਆਖਰ ਕਰਦੇ ਕਰੇਂਦੇ ਦੱਸਵੀਂ ਜਮਾਤ ਵੀ ਪਾਸ ਹੋ ਗਈ, ਜਿਸਦੀ ਕਿ ਬਿਲਕੁਲ ਹੀ ਉਮੀਦ ਨਹੀਂ ਸੀ।
ਅੱਠਵੀਂ ਤੇ ਪੰਜ ਤਰ੍ਹਾਂ ਦੇ ਪੇਪਰਾਂ ਵਾਂਗ ਦਸਵੀਂ ਜਮਾਤ ਦਾ ਕਿੱਸਾ ਵੀ ਨਾ ਭੁਲਣ ਵਾਲਾ ਹੈ। ਸ਼ਾਇਦ ਇਹ ਪਹਿਲੀ ਵਾਰ ਹੋਇਆ ਸੀ ਕਿ ਸਾਡੀ ਵਾਰੀ ਦਸਵੀਂ ਜਮਾਤ ਦਾ ਨਤੀਜਾ ਪੰਜਾਬ ਸਕੂਲ ਬੋਰਡ ਵੱਲੋਂ ਸੱਭ ਤੋਂ ਵੱਧ ਦੇਰੀ ਨਾਲ ਐਲਾਨਿਆ ਗਿਆ ਸੀ। ਸਾਲ 2001 ਵਿੱਚ ਮਾਰਚ ਮਹੀਨੇ ਵਿੱਚ ਹੋਏ ਇਮਤਿਹਾਨਾਂ ਦਾ ਨਤੀਜਾ 6 ਜੁਲਾਈ ਸ਼ੁਕਰਵਾਰ ਨੂੰ ਜਾ ਕੇ ਐਲਾਨਿਆ ਗਿਆ ਸੀ, ਜਦ ਘਰ ਪਤਾ ਲੱਗਾ ਮੈਂ ਪਾਸ ਹੋ ਗਿਆ ਹਾਂ ਤਾਂ ਮੇਰੀ ਬੇਬੇ ਨੇ ਸ਼ੁਕਰਾਨੇ ਵੱਜੋਂ 7 ਜੁਲਾਈ ਸ਼ਨੀਵਾਰ ਨੂੰ ਸੁਖਮਨੀ ਸਾਹਬਿ ਦਾ ਪਾਠ ਕਰਵਾਇਆ ਸੀ, ਕਿਉਂਕਿ ਮਾਤਾ ਦੀ ਸੁੱਖਣਾ ਸੀ, ਬਈ! ਜੇ ਪੁੱਤ ਪਾਸ ਹੋ ਗਿਆ ਤਾਂ ਸੁਖਮਨੀ ਸਾਹਿਬ ਦਾ ਪਾਠ ਕਰਵਾਉਂਗੀ। ਸ਼ਾਇਦ ਇਹ ਮਾਤਾ ਸੀ ਸੁਖਣਾ ਹੀ ਸੀ ਕਿ ਮੈਨੂੰ ਪਾਸ ਕਰਨ ਦੇ ਚੱਕਰ ਵਿੱਚ ਪੰਜਾਬ ਸਕੂਲ ਸਿਖਿਆ ਬੋਰਡ ਹਰ ਪੱਖ ਤੋਂ ਵਿਚਾਰ ਕਰਦਾ ਰਿਹਾ ਅਤੇ ਨਤੀਜਾ ਆਉਣ ਵਿੱਚ ਦੇਰੀ ਤੇ ਦੇਰੀ ਹੁੰਦੀ ਰਹੀ। ਇਹ ਨਤੀਜਾ ਦੇਰੀ ਨਾਲ ਆਉਣ ਵਾਲੀ ਘਟਨਾ ਵੀ ਮੈਂ ਸਮਝਦਾ ਸ਼ਾਇਦ ਪਹਿਲੀ ਤੇ ਆਖ਼ਰੀ ਵਾਰ ਹੀ ਹੋਈ ਸੀ, ਕਿਉਂਕਿ ਹੁਣ ਤੱਕ ਕਦੇ ਵੀ ਮੈਂ ਪੰਜਾਬ ਬੋਰਡ ਦਾ ਨਤੀਜਾ ਐਨੀ ਦੇਰੀ ਨਾਲ ਆਉਂਦਾ ਨਹੀਂ ਦੇਖਿਆ ਅਤੇ ਸੁਣਿਐ ਕਿ ਪਹਿਲਾਂ ਵੀ ਕਦੀਂ ਦਸਵੀਂ ਦਾ ਨਤੀਜਾ ਐਨੀ ਦੇਰੀ ਨਾਲ ਕਦੇ ਨਹੀਂ ਸੀ ਆਇਆ।
ਖੈਰ! ਦਸਵੀਂ ਪਾਸ ਕਰਨ ਤੋਂ ਬਾਅਦ ਸਕੂਲ ਦਾ ਦਰਵਾਜ਼ਾ ਐਸਾ ਬੰਦ ਕੀਤਾ ਕਿ ਕਾਲਜ ਜਾਂ ਯੂਨੀਵਰਸਿਟੀ ਦੇ ਖੁਲ੍ਹੇ ਦਰਵਾਜਿਆਂ ਦਾ ਯੋਗ ਹੀ ਆਪਣੇ ਹੱਥਾਂ ਦੀ ਰੇਖਾਵਾਂ ਵਿੱਚੋਂ ਹਮੇਸ਼ਾਂ ਲਈ ਮਿਟਾ ਲਿਆ।