ਮਾਂ-ਬੋਲੀ ਪੰਜਾਬੀ ਦਾ ਮਾਣ ਵਧਾਈਏ (ਖ਼ਬਰਸਾਰ)


ਕਨੇਡਾ ਵਿੱਚ ਹਰ ਪੰਜ ਸਾਲ ਬਾਅਦ ਮਰਦਮ ਸ਼ੁਮਾਰੀ ਹੁੰਦੀ ਹੈ। ਇਸ ਨਾਲ ਜਿੱਥੇ ਦੇਸ਼ ਦਾ ਪ੍ਰਬੰਧ ਚਲਾਉਣ ਵਾਲਿਆਂ ਨੂੰ ਦੇਸ਼ ਦੀ ਜੰਤਾ ਬਾਰੇ ਲੋੜੀਂਦੀ ਜਾਣਕਾਰੀ ਹਾਸਲ ਹੁੰਦੀ ਹੈ ਉੱਥੇ ਹਰ ਨਾਗਰਿਕ ਨੂੰ ਕਨੇਡਾ ਵਿਚ ਵਸਦੇ ਲੋਕਾਂ ਬਾਰੇ ਵੀ ਜਾਣਕਾਰੀ ਮਿਲਦੀ ਹੈ। ਮਰਦਮ ਸ਼ੁਮਾਰੀ ਤੋਂ ਮਿਲੀ ਜਾਣਕਾਰੀ ਨਾਲ ਸਰਕਾਰ ਸਮਾਜਿਕ ਅਤੇ ਆਰਥਿਕ ਸਥਿਤੀਆਂ ਵਿਚ ਆਈਆਂ ਤਬਦੀਲੀਆਂ ਅਨੁਸਾਰ ਸਾਡੇ ਪ੍ਰਵਾਰਾਂ, ਭਾਈਚਾਰਿਆਂ ਅਤੇ ਕਾਰੋਬਾਰਾਂ ਸਬੰਧੀ ਲੋੜੀਂਦੇ ਫੈਸਲੇ ਕਰਦੀ ਹੈ। ਇਸ ਦੇ ਨਾਲ ਹੀ ਮਰਦਮ ਸ਼ੁਮਾਰੀ ਨਾਲ ਕਨੇਡਾ ਦੇ ਸਭਿਆਚਾਰ, ਅਮੀਰ ਵੰਨ-ਸੁਵੰਨਤਾ ਅਤੇ ਲੋਕਾਂ ਵਲੋਂ ਕੰਮਾਂ-ਕਾਰਾਂ ਅਤੇ ਘਰਾਂ ਵਿਚ ਬੋਲੀ ਵਰਤੀ ਜਾਂਦੀ ਭਾਸ਼ਾ ਸਬੰਧੀ ਵੀ ਜਾਣਕਾਰੀ ਮਿਲਦੀ ਹੈ। ਏਥੇ ਵਸਦੇ ਹਰ ਸ਼ਹਿਰੀ, ਪੱਕੇ ਰਿਹਾਇਸ਼ੀ, ਆਰਜੀ ਬਸ਼ਿੰਦੇ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਆਦਿ ਨੂੰ ਮਰਦਮ ਸ਼ੁਮਾਰੀ ਵਿਚ ਭਾਗ ਲੈਣ ਦਾ ਹੱਕ ਵੀ ਹੈ ਅਤੇ ਇਹ ਉਨ੍ਹਾਂ ਦਾ ਫਰਜ ਵੀ ਹੈ।
ਕਨੇਡਾ ਦੀ ਅਗਲੀ ਮਰਦਮ ਸ਼ੁਮਾਰੀ ਦਾ ਦਿਨ ਮੰਗਲਵਾਰ 11 ਮਈ, 2021 ਨਿਯੁਕਤ ਹੋਇਆ ਹੈ।ਇਸ ਵਾਸਤੇ 75% ਵਾਸੀਆਂ ਲਈ ਛੋਟਾ ਫਾਰਮ ਭਰਨਾ ਪਵੇਗਾ ਜੋ ਭਰਨਾ ਸੌਖਾ ਹੀ ਹੈ। ਰਹਿੰਦੇ 25% ਸ਼ਹਿਰੀਆਂ ਨੂੰ  ਵੱਧ ਵਿਸਥਾਰ ਵਾਲਾ ਲੰਮਾ ਫਾਰਮ ਭਰਨਾ ਪਵੇਗਾ। ਇਸ ਵਿਚ ਕਾਫੀ ਸਵਾਲਾਂ ਦਾ ਜਵਾਬ ਦੇਣਾ ਪਵੇਗਾ। ਦੋਹਾਂ ਫਾਰਮਾਂ ਵਿਚ ਕੁਝ ਸਵਾਲ ਮਾਂ-ਬੋਲੀ ਬਾਰੇ ਵੀ ਹਨ।
ਭਾਸ਼ਾ ਸਬੰਧੀ ਸਵਾਲਾਂ ਵਿਚ ਹਰ ਇਕ ਵਿਅਕਤੀ ਨੂੰ ਉਸ ਦੀ ਆਪਣੀ ਮਾਂ-ਬੋਲੀ ਬਾਰੇ ਜਾਣਕਾਰੀ ਦੇਣ ਲਈ  ਆਖਿਆ ਜਾਵੇਗਾ। ਅੰਗਰੇਜ਼ੀ, ਫਰਾਂਸੀਸੀ ਅਤੇ ਹੋਰ ਭਾਸ਼ਾਵਾਂ ਵਿਚੋਂ ਚੋਣ ਕਰਨੀ ਪਵੇਗੀ। ਇਸ ਤੋਂ ਪਹਿਲਾਂ 2016 ਦੀ ਮਰਦਮ ਸ਼ੁਮਾਰੀ ਅਨੁਸਾਰ 568,375 ਵਿਅਕਤੀਆਂ ਨੇ ਪੰਜਾਬੀ ਨੂੰ ਆਪਣੀ ਮਾਂ-ਬੋਲੀ ਵਜੋਂ ਚੁਣਿਆ ਸੀ। ਪਿਛਲੇ ਪੰਜਾਂ ਸਾਲਾਂ ਦੌਰਾਨ ਪੰਜਾਬੀ ਬੋਲਣ ਵਾਲੇ ਕਾਫੀ ਨਵੇਂ ਲੋਕ ਕਨੇਡਾ ਆਏ ਹਨ। ਇਕ ਅੰਦਾਜ਼ੇ ਅਨੁਸਾਰ ਇਸ ਵੇਲੇ ਘੱਟੋ ਘੱਟ ਇਕ ਮਿਲੀਅਨ (ਦਸ ਲੱਖ) ਪੰਜਾਬੀ ਦੇ ਬੁਲਾਰੇ ਕਨੇਡਾ ਵਿਚ ਵਸਦੇ ਹਨ। ਅਸੀਂ ਪੰਜਾਬੀ ਲੈਂਗੂੇਏਜ ਐਜੂਕੇਸ਼ਨ ਅਸੋਸੀਏਸ਼ਨ (ਪਲੀਅ) ਵਲੋਂ ਏਥੇ ਵਸਦੇ ਹਰ ਪੰਜਾਬੀ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਕਿ ਇਕ ਤਾਂ ਤੁਸੀਂ ਕਨੇਡਾ ਦੀ 2021 ਦੀ ਮਈ ਵਿਚ ਹੋਣ ਵਾਲੀ ਮਰਦਮ ਸ਼ੁਮਾਰੀ ਵਿਚ ਹਿੱਸਾ ਜ਼ਰੂਰ ਲਵੋ ਅਤੇ ਦੂਜਾ ਆਪਣੀ ਮਾਂ-ਬੋਲੀ ਪੰਜਾਬੀ ਦੀ ਚੋਣ ਜ਼ਰੂਰ ਕਰੋ। ਤੁਸੀਂ ਖੁਦ ਵੀ ਅਤੇ ਆਪਣੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਇਸ ਸ਼ੁਭ ਤੇ ਲੋੜੀਂਦੇ ਕਾਰਜ ਵਿਚ ਹਿੱਸਾ ਪਾਉਣ ਲਈ ਪ੍ਰੇਰਤ ਕਰੋ। ਕਨੇਡਾ ਵਿੱਚ ਆਪਣੀ ਮਾਂ-ਬੋਲੀ ਪੰਜਾਬੀ ਦੇ ਚੰਗੇ ਭਵਿੱਖ ਲਈ ਯੋਗਦਾਨ ਪਾਉਣ ਦਾ ਇਹ ਸੁਨਹਿਰੀ ਮੌਕਾ ਹੈ। ਆਉ ਆਪਾਂ ਰਲ਼ ਮਿਲ਼ ਕੇ ਇਸ ਦੇਸ਼ ਵਿਚ ਆਪਣੀ ਮਾਂ-ਬੋਲੀ ਪੰਜਾਬੀ ਦਾ ਮਾਣ ਵਧਾਈਏ।