ਚਰਨਜੀਤ ਸਿੰਘ ਪੰਨੂ ਦੀ ਸਾਹਿਤ ਸਾਧਨਾ ਦਾ ਅਲੋਚਨਾਤਮਿਕ ਅਧਿਐਨ
(ਖ਼ਬਰਸਾਰ)
ਡਾ. ਸੁਖਵਿੰਦਰ ਕੰਬੋਜ ਦੀ ਪ੍ਰਧਾਨਗੀ ਹੇਠ ਹੋਈ ਵਿਪਸਾ ਦੀ ਮਾਸਿਕ ਮਿਲਣੀ ਜ਼ੂਮ ਲਿੰਕ ਰਾਹੀਂ ਹੋਈ। ਜਨਰਲ ਸਕੱਤਰ ਕੁਲਵਿੰਦਰ ਨੇ ਸਵਾਗਤੀ ਸ਼ਬਦਾਂ ਨਾਲ਼ ਡਾ. ਸੁਖਵਿੰਦਰ ਕੰਬੋਜ ਨੂੰ ਮੰਚ ਲਈ ਸੱਦਾ ਦਿੱਤਾ।ਡਾ. ਕੰਬੋਜ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਵਿਪਸਾ ਵਲੋਂ ਆਪਣੇ ਹਰ ਲੇਖਕ ਦੀ ਕਿਰਤ ਦਾ ਸਾਹਿਤਕ ਮੁਲਾਂਕਣ ਲੜੀਬੱਧ ਕਰਵਾਇਆ ਜਾਵੇਗਾ।ਹਰ ਲੇਖਕ ਦੇ ਯੋਗਦਾਨ ਲਈ ਉਸਦੀਆਂ ਰਚਨਾਵਾਂ ਦਾ ਅਲੋਚਨਾਤਮਿਕ ਅਧਿਐਨ ਕਰਵਾਉਣਾ ਜ਼ਰੂਰੀ ਹੈ ਕਿਉਂਕਿ ਹਰ ਸਮੇਂ ਵਿਚ ਗਿਆਨ ਦੀ ਇਕ ਨਿਰੰਤਰ ਗੰਗਾ ਵਹਿੰਦੀ ਰਹਿੰਦੀ ਹੈ ਅਤੇ ਹਰ ਲੇਖਕ ਨੂੰ ਸਮੇਂ ਅਨੁਸਾਰ ਆਪਣੀ ਚੇਤਨਾ ਨੂੰ ਨਵਿਆਉਣੇ ਰਹਿਣਾ ਪੈਂਦਾ ਹੈ।ਅੱਜ ਦੇ ਇਸ ਸੈਸ਼ਨ ਲਈ ਉਹ ਡਾ.ਸੁਹਿੰਦਰਬੀਰ ਸਿੰਘ ਅਤੇ ਡਾ. ਰਜਿੰਦਰ ਸਿੰਘ ਦੇ ਸੁਹਿਰਦ ਸਹਿਯੋਗ ਲਈ ਧੰਨਵਾਦ ਕਰਦੇ ਹਨ।ਇਸ ਉਪਰੰਤ ਗੁਲਸ਼ਨ ਦਿਆਲ ਨੇ ਸੰਚਾਲਨ ਦਾ ਕਾਜ-ਭਾਰ ਸੰਭਾਲਦੇ ਡਾ. ਰਜਿੰਦਰ ਸਿੰਘ ਨੂੰ ਪਰਚਾ ਪੜ੍ਹਨ ਲਈ ਸੱਦਾ ਦਿੱਤਾ।ਡਾ. ਰਜਿੰਦਰ ਸਿੰਘ ਨੇ ਆਪਣੇ ਪਰਚੇ ਵਿਚ ਕਿਹਾ ਕਿ ਪਾਕਿਸਤਾਨ ਲਾਇਲਪੁਰ ਵਿਚ ਜਨਮੇ ਪੰਨੂੰ ਦਾ ਰਚਨਾ-ਕਾਲ ਪੰਜ ਦਹਾਕਿਆਂ ਵਿਚ ਫੈਲਿਆ ਹੋਇਆ ਹੈ ਅਰਥਾਤ ਚਰਨਜੀਤ ਪੰਨੂੰ ਨਿਰੰਤਰ ਸਾਹਿਤ ਸਾਧਨਾ ਨਾਲ ਜੁੜਿਆ ਹੋਇਆ ਹੈ।ਉਹ ਇਕ ਬਹੁ-ਵਿਧਾਈ ਲੇਖਕ ਹੈ, ਜਿਸਨੇ ਦੋ ਦਰਜਨ ਦੇ ਕਰੀਬ ਕਾਵਿ-ਸੰਗ੍ਰਹਿ, ਕਹਾਣੀ ਸੰਗ੍ਰਹਿ, ਨਾਵਲ ਅਤੇ ਸਫ਼ਰਨਾਮੇ ਆਦਿ ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ।
ਚਰਨਜੀਤ ਪੰਨੂ ਦੀ ਸਾਹਿਤ ਪ੍ਰਤਿਭਾ ਬਾਰੇ ਚਰਚਾ ਕਰਦਿਆਂ ਡਾ. ਮੋਹਨ ਤਿਆਗੀ ਪੰਨੂੰ ਬਾਰੇ ਲਿਖਦਾ ਹੈ, “ਪੰਨੂੰ ਬਹੁ-ਪੱਖੀ ਪ੍ਰਤਿਭਾ ਦਾ ਮਾਲਕ ਹੈ।ਸਮਕਾਲੀ ਪ੍ਰਸਥਿਤੀਆਂ ਵਿਚ ਉਸਦੇ ਸਾਹਿਤਕ ਸਰੋਕਾਰ ਵਿਸ਼ੇਸ਼ ਅਰਥਾਂ ਦੇ ਧਾਰਨੀ ਹਨ।…” ਚਰਨਜੀਤ ਪੰਨੂੰ ਦੀਆਂ ਕਹਾਣੀਆਂ ਇਕ ਵੱਖਰਾ ਕਲਾਤਮਿਕ ਚਿੱਤਰ ਪ੍ਰਦਾਨ ਕਰਦੀਆਂ ਹਨ।ਇਨ੍ਹਾਂ ਕਹਾਣੀਆਂ ਦੀ ਵਿਸ਼ੇਸ਼ਤਾ ਹੈ ਕਿ ਇਨ੍ਹਾਂ ਦਾ ਬਿਰਤਾਂਤ ਇਕਹਿਰਾ ਹੈ।ਇਨ੍ਹਾਂ ਦੇ ਪਾਤਰ ਗੁੰਝਲਦਾਰ ਪ੍ਰਸਥਿਤੀਆਂ ਵਿਚ ਵਿਚਰਦੇ ਹੋਣ ਕਾਰਣਤਣਾਓ ਗ੍ਰਸਤ ਹਨ।ਹਨ।ਕਹਾਣੀਆਂ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ਵਿਚ ਫਾਲਤੂ ਵੇਰਵੇ ਨਹੀਂ ਹਨ।ਇਹ ਉੱਤਮ ਪੁਰਖੀ ਸ਼ੈਲੀ ਵਿਚ ਲਿਖੀਆਂ ਗਈਆਂ ਹਨ।ਇਨ੍ਹਾਂ ਕਹਾਣੀਆਂ ਦੀ ਗਹਿਰਾਈ ਤੱਕ ਪਹੁੰਚਣ ਲਈ ਪੰਨੂ ਦੇ ਜੀਵਨ ਵੇਰਵੇ ਜਾਣਨੇ ਜ਼ਰੂਰੀ ਹਨ।ਇਹ ਕਹਾਣੀਆਂ ਕੇਵਲ ਪਰਵਾਸੀ ਸਰੋਕਾਰਾਂ ਨੂੰ ਚਿਰਕਿਤ ਕਰਨ ਤੱਕ ਮਹਿਦੂਦ ਨਹੀਂ ਬਲਕਿ ਬਹੁਤ ਸਾਰੀਆਂ ਕਹਾਣੀਆਂ ਦਾ ਕੈਨਵਸ ਪੰਜਾਬ ਅਤੇ ਇਸ ਨਾਲ਼ ਜੁੜੇ ਸਰੋਕਾਰ ਹਨ। ਇਸ ਸੰਦਰਭ ਵਿਚ ਉਸਦੀਆਂ ਕਹਾਣੀਆਂ: ਸਾਡੇ ਹੱਕ ਏਥੇ ਰੱਖ, ਦੋਗਲੀ ਨਸਲ, ਓਵਰ ਟਾਈਮ, ਭਲੇ ਲੋਕ, ਸੰਦਲ ਦਾ ਸ਼ਰਬਤ ਆਦਿ ਨੂੰ ਵਿਚਾਰਿਆ ਜਾ ਸਕਦਾ ਹੈ।ਇਨ੍ਹਾਂ ਕਹਾਣੀਆਂ ਵਿਚ ਰਾਜਨੀਤਿਕ ਭ੍ਰਿਸ਼ਟਾਚਾਰ, ਰਿਸ਼ਤਿਆਂ ਦੇ ਬਦਲ ਰਹੇ ਪਰਿਪੇਖ, ਫੌਜੀ ਜੀਵਨ, ਸਮਾਜ ਸਭਿਆਚਾਰ ਸਮੱਸਿਆਵਾਂ ਨੂੰ ਕੇਂਦਰ ਵਿਚ ਰੱਖਿਆ ਗਿਆ ਹੈ।ਕੁਝ ਕਹਾਣੀਆਂ ਪੜ੍ਹਦੇ ਵਕਤ ਸਫ਼ਰਨਾਮੇ ਦਾ ਝੌਲ਼ਾ ਵੀ ਪੈਂਦਾ ਹੈ।ਭਾਸ਼ਾ ਮੁਹਾਵਰੇਦਾਰ ਹੈ: ‘ਬਾਬੂ ਪਲ਼ਾਈ ਲੱਸੀ ਤੇ ਗਲ਼ ‘ਚ ਪਾਈ ਰੱਸੀ। ਕਹਾਣੀਆਂ ਵਿਚ ਵਰਤੇ ਗਏ ਮੁਹਾਵਰਿਆਂ ਦਾ ਅਖਾਣ ਕੋਸ਼ ਤਿਆਰ ਹੋ ਸਕਦਾ ਹੈ। ਡਾ. ਸੁਹਿੰਦਰਬੀਰ ਨੇ ਉਪਰੋਕਤ ਪਰਚੇ ਬਾਰੇ ਬੋਲਦੇ ਕਿਹਾ ਕਿ ਉਹ ਡਾ.ਰਜਿੰਦਰ ਸਿੰਘ ਵਲੋਂ ਪੜ੍ਹੇ ਗਏ ਪਰਚੇ ਨਾਲ਼ ਸਹਿਮਤ ਹਨ ਕਿ ਪੰਨੂੰ ਦੀਆਂ ਕਹਾਣੀਆਂ ਦੇ ਵਿਸ਼ਾ-ਵਸਤੂ ਵਿਚ ਵਿਸ਼ਾਲਤਾ ਹੈ ਅਤੇ ਜੇ ਕਰ ਲੰਮੀਆਂ ਕਹਾਣੀਆਂ ਦੇ ਤੰਦ ਥੋੜ੍ਹੇ ਹੋਰ ਜੋੜ ਦਿੱਤੇ ਜਾਣ ਤਾਂ ਨਾਵਲ ਦਾ ਰੂਪ ਧਾਰਨ ਕਰ ਸਕਦੇ ਹਨ।ਰਵਿੰਦਰ ਸਹਿਰਾਅ ਨੇ ਕਿਹਾ ਕਿ ਉਹ ਵਿਪਸਾ ਦੀ ਹਰ ਮਿਲਣੀ ਵਿਚ ਰਚਾਏ ਜਾਂਦੇ ਸੰਵਾਦ ਤੋਂ ਬੇਹੱਦ ਪ੍ਰਭਾਵਿਤ ਹਨ।ਸਾਹਿਤ ਦੀ ਗੱਲ ਠੀਕ ਇਸ ਤਰ੍ਹਾਂ ਹੀ ਹੋਣੀ ਚਾਹੀਦੀ ਹੈ।ਪੰਨੂ ਖੁਦ ਸਾਹਿਤਕਾਰ ਵੀ ਹਨ ਅਤੇ ਨਵੇਂ ਸਾਹਿਤਕਾਰਾਂ ਨੂੰ ਉਤਸ਼ਾਹਿਤ ਵੀ ਕਰਦੇ ਹਨ। ਕਹਾਣੀ ‘ਸਖੀਰਾ’ ਉਨ੍ਹਾਂ ਦੇ ਚੇਤੇ ਵਿਚ ਵਸੀ ਹੋਈ ਹੈ ਕਿਉਂਕਿ ਇਸ ਕਹਾਣੀ ਪਾਤਰ ਚਾਚਾ ਕਹਾਣੀ ਦੀਆਂ ਪਰਤਾਂ ਨੂੰ ਬਹੁਤ ਰੌਚਿਕ ਢੰਗ ਨਾਲ਼ ਖੋਲ੍ਹਦਾ ਹੈ। ਚਰਨਜੀਤ ਪੰਨੂ ਨੇ ਕਿਹਾ ਕਿ ਜਿਸ ਢੰਗ ਨਾਲ ਵਿਪਸਾ ਨੇ ਅੱਜ ਉਨ੍ਹਾਂ ਦੀਆਂ ਕਹਾਣੀਆਂ ‘ਤੇ ਚਰਚਾ ਕਰਵਾਈ ਹੈ, ਉਹ ਕਾਬਿਲੇ ਤਾਰੀਫ਼ ਹੈ।ਉਨ੍ਹਾਂ ਕੋਲ਼ ਬਹੁਤ ਕੁਝ ਅਣਕਿਹਾ ਅਤੇ ਅਣਲਿਖਿਆ ਪਿਆ ਹੈ।ਉਹ ਆਪਣੀ ਇਹ ਸਾਧਨਾ ਨਿਰੰਤਰ ਜਾਰੀ ਰੱਖਣਗੇ।
ਤੀਜੇ ਸੈਸ਼ਨ ਦਾ ਸੰਚਾਲਨ ਕਰਦੇ ਹੋਏ ਕੁਲਵਿੰਦਰ ਨੇ ਤਾਰਾ ਸਾਗਰ ਨੂੰ ਕਵੀ ਦਰਬਾਰ ਸ਼ੁਰੂ ਕਰਨ ਲਈ ਸੱਦਾ ਦਿੱਤਾ।ਮਹਿੰਦਰ ਸਿੰਘ ਸੰਘੇੜਾ, ਰਵਿੰਦਰ ਸਹਿਰਾਅ, ਡਾ. ਗੁਰਪ੍ਰੀਤ ਧੁੱਗਾ, ਹਰਪ੍ਰੀਤ ਕੌਰ ਧੂਤ, ਸੁਰਜੀਤ ਸਖੀ, ਐਸ਼ ਕਮ ਐਸ਼, ਲਾਜ ਨੀਲਮ ਸੈਣੀ, ਪਿਆਰਾ ਸਿੰਘ ਕੁੱਦੋਵਾਲ, ਡਾ. ਸੁਖਪਾਲ ਸੰਘੇੜਾ, ਚਰਨਜੀਤ ਪੰਨੂ, ਗੁਲਸ਼ਨ ਦਿਆਲ, ਸੁਰਜੀਤ ਟੋਰਾਂਟੋ, ਕੁਲਵਿੰਦਰ ਅਤੇ ਡਾ. ਸੁਖਵਿੰਦਰ ਕੰਬੋਜ ਨੇ ਆਪਣੀਆਂ ਨਜ਼ਮਾਂ ਪੜ੍ਹੀਆਂ।
ਲਾਜ ਨੀਲਮ ਸੈਣੀ
ਲਾਜ ਨੀਲਮ ਸੈਣੀ