ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ ਵਾਂਙ ਮੇਰੇ ਮਨ ’ਤੇ ਸਰਕਾਰ ਦੇ ਏਸ ਫ਼ੁਰਮਾਨ ਨੇ ਕੋਈ ਨਾਕਾਰਤਮਿਕ ਅਸਰ ਨਹੀਂ ਕੀਤਾ ਸਗੋਂ ਮੈਨੂੰ ਤਾਂ ਫੇਰ ਗੁੱਝੀ ਜਿਹੀ ਤਸੱਲੀ ਹੋਈ ਹੈ। ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਸ਼ੁਰੂ ਹੁੰਦਿਆਂ ਹੀ ਸਰਕਾਰ ਨੇ ਵਿਸ਼ੇਸ਼ ਤੌਰ ’ਤੇ ਵਿੱਦਿਅਕ ਅਦਾਰਿਆਂ ਨੂੰ ਬੰਦ ਰੱਖਣ ਦੇ ਹੁਕਮ ਸੁਣਾ ਦਿੱਤਾ। ਏਸਦੇ ਜਾਰੀ ਹੁੰਦਿਆਂ ਹੀ ਸਭ ਸਕੂਲਾਂ-ਕਾਲਜਾਂ ਵਾਲਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪਵੇ ਵੀ ਕਿਉਂ ਨਾ! ਪਿਛਲੇ ਸਾਲ ਵਰਗਾ ਸੰਤਾਪ ਭੋਗਣ ਤੋਂ ਹਰ ਕੋਈ ਡਰਦਾ ਹੈ। ਮੇਰਾ ਮਨ ਸ਼ਾਇਦ ਪਿਛਲੇ ਸਾਲ ਕਰਕੇ ਟਹਿਕਰੇ ਵਿੱਚ ਹੈ। ਪਿਛਲੀ ਵਾਰ ਵੀ ਇਉਂ ਹੀ ਹੋਇਆ ਸੀ। ਓਦੋਂ ਵੀ ਸਕੂਲਾਂ-ਕਾਲਜਾਂ ਦਾ ਬੰਦ ਹੋਣਾ ਮੇਰੇ ਲਈ ਵਰਦਾਨ ਬਣ ਨਿੱਕਲਿਆ। ਹੋਇਆ ਇਉਂ ਕਿ ਕਰੋਨਾ ਕਾਲ ਦੇ ਸ਼ੁਰੂ ਹੋਣ ਤੋਂ ਡੇਢ ਦੋ ਮਹੀਨੇ ਪਹਿਲਾਂ ਹੀ ਮੈਂ ਪ੍ਰਾਈਵੇਟ ਸਕੂਲ ਨੂੰ ਅਸਤੀਫ਼ਾ ਦੇ ਕੇ ਆਪਣਾ ਕੋਚਿੰਗ ਸੈਂਟਰ ਖੋਲ੍ਹਣ ਬਾਰੇ ਸੋਚਿਆ ਸੀ। ਸਕੂਲ ’ਚ ਕੀ ਸੀ? ਨਿਗੂਣਾ ਜਿਹਾ ਵੇਤਨ। ਬੇਕਸੂਰ ਹੁੰਦਿਆਂ ਹੋਇਆਂ ਵੀ ਸਕੂਲ ਮੁਖੀ ਦੀਆਂ ਝਿੜਕਾਂ। ਖ਼ੂਨ-ਪਸੀਨਾ ਇੱਕ ਕਰਕੇ ਵੀ ਕੁਝ ਨਹੀਂ ਸੀ ਬਣਦਾ। ਪਰ ਅਸਤੀਫ਼ਾ ਦੇਣ ਤੋਂ ਬਾਅਦ ਅਚਾਨਕ ਆਏ ਕਰੋਨਾ ਕਾਲ ਨੇ ਇੱਕ ਵਾਰ ਤਾਂ ਮੇਰੀਆਂ ਆਸਾਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਹਾਲਤ ਸੱਪ ਦੇ ਮੂੰਹ ਆਈ ਕਿਰਲੀ ਵਰਗੀ ਬਣ ਗਈ, ਖਾਵੇ ਤਾਂ ਕੋਹੜੀ, ਛੱਡੇ ਤਾਂ ਕਲੰਕੀ। ਲਾੱਕਡਾਊਨ ਵਿੱਚ ਕੋਚਿੰਗ ਸੈਂਟਰ ਚੱਲਣਾ ਤਾਂ ਸੰਭਵ ਹੀ ਨਹੀਂ ਸੀ। ਕਦੇ ਜੀਅ ਕਰਦਾ ਮੁਖੀ ਨੂੰ ਬੇਨਤੀ ਕਰ ਆਪਣਾ ਅਸਤੀਫ਼ਾ ਵਾਪਸ ਲੈ ਲਵਾਂ ਤਾਂ ਜੁ ਕੋਰੋਨਾ ਕਾਲ ਵਿੱਚ ਤੋਰੀ ਫੁਲਕਾ ਚੱਲਦਾ ਰਹੇ ਪ੍ਰੰਤੂ ਅੰਦਰੋਂ ਏਨੀ ਹਿੰਮਤ ਨਾ ਉਠਦੀ।
ਨਵਾਂ ਸੈਸ਼ਨ ਸ਼ੁਰੂ ਹੋਇਆ ਤਾਂ ਅਖ਼ਬਾਰਾਂ ਵਿੱਚ ਆੱਨਲਾਈਨ ਪੜ੍ਹਾਈ ਦੀ ਚਰਚਾ ਹੋਣ ਲੱਗੀ। ਏਸ ਚਰਚਾ ਤੋਂ ਪ੍ਰਭਾਵਿਤ ਹੋ ਕੇ ਮੈਂ ਵੀ ਆੱਨਲਾਈਨ ਪੜ੍ਹਾਉਣ ਦੀ ਵਿਉਂਤ ਬਣਾਈ। ਡੈਮੋ ਦੇਣ ਵਜੋਂ ਮੈਂ ਯੂਟਿਊਬ ਚੈਨਲ ਬਣਾ ਕੇ ਉਸ ’ਤੇ ਆਪਣੇ ਲੈਕਚਰ ਪਾਉਣੇ ਸ਼ੁਰੂ ਕੀਤੇ। ਆਲੇ-ਦੁਆਲੇ ਦੇ ਜਾਣਕਾਰ ਅਧਿਆਪਕਾਂ ਤੱਕ ਆਪਣੇ ਲੈਕਚਰਾਂ ਦੇ ਲਿੰਕ ਸਾਂਝੇ ਕੀਤੇ ਤੇ ਉਨ੍ਹਾਂ ਅਗਾਂਹ ਆਪਣੇ ਬੱਚਿਆਂ ਤੱਕ ਤੇ ਬੱਚਿਆਂ ਨੇ ਆਪਣੇ ਸਾਥੀਆਂ ਤੱਕ। ਇਉਂ ਦਿਨਾਂ ਵਿੱਚ ਹੀ ਮੇਰੇ ਸਬਸਕ੍ਰਾਈਬਰ ਹਜ਼ਾਰ ਤੋਂ ਟੱਪ ਗਏ। ਆਪਣੇ ਲੈਕਚਰਾਂ ਦੀ ਕਦਰ ਪੈਂਦੀ ਦੇਖਦਿਆਂ ਮੈਂ ਇਕ ਤਕਨੀਕੀ ਮਾਹਰ ਤੋਂ ਆਪਣੇ ਚੈਨਲ ਦੀਆਂ ਗਤੀਵਿਧੀਆਂ ਨੂੰ ਪੇਅਡ ਕਰਵਾ ਲਿਆ। ਇਹ ਹੁੰਦਿਆਂ ਹੀ ਮੈਨੂੰ ਇਕ ਸਥਾਨਕ ਸਕੂਲ ਮੁਖੀ ਦਾ ਫੋਨ ਆਇਆ।
“ਪ੍ਰਿੰਸੀਪਲ ਗੁਣਵੰਤ ਸਿੰਘ ਬਰਾੜ ਬੋਲ ਰਿਹਾ ਹਾਂ। ਤੁਹਾਡੇ ਲੈਕਚਰ ਸੁਣਦੇ ਰਹੇ ਹਾਂ, ਬੜੇ ਅੱਛੇ ਹੁੰਦੇ ਨੇ।” ਆਪਣੀ ਜਾਣ-ਪਛਾਣ ਕਰਵਾਉਂਦਿਆਂ ਉਨ੍ਹਾਂ ਮੇਰੇ ਲੈਕਚਰਾਂ ਦੀ ਸਲਾਹੁਤਾ ਵੀ ਕੀਤੀ।
“ਜੀ…ਬੜੀ ਮਿਹਰਬਾਨੀ!”
“ਅੱਛਾ…ਪੜ੍ਹਾਈ ਕਿੱਥੋਂ ਕੀਤੀ ਹੈ ਤੁਸੀਂ?” ਉਨ੍ਹਾਂ ਦੁਆਰਾ ਇਕਦਮ ਪੁੱਛੇ ਗਏ ਏਸ ਸਵਾਲ ਤੋਂ ਲੱਗਿਆ ਜਿਵੇਂ ਉਹ ਮੈਨੂੰ ਆਪਣੇ ਸਕੂਲ ਨੌਕਰੀ ਦੇਣ ਦੀ ਇੱਛਾ ਰੱਖਦੇ ਹੋਣ। ਮੈਂ ਤਰੰਤ ਜਵਾਬ ਦਿੱਤਾ, “ਜੀ..ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ।”
“ਵਾਹ! ਤਾਹੀਂ ਏਨੇ ਚੰਗੇ ਲੈਕਚਰ ਤਿਆਰ ਕਰ ਲੈਂਦੇ ਹੋ। ਨਹੀਂ ਤਾਂ ਕੈਮਿਸਟ੍ਰੀ ਪੜ੍ਹਾਉਣੀ ਕੋਈ ਖਾਲਾ ਜੀ ਦਾ ਵਾੜਾ ਨਹੀਂ। ਸਾਡੇ ਪ੍ਰੋਫ਼ੈਸਰ ਕਿਹਾ ਕਰਦੇ ਸਨ ਵਈ ਕੈਮਿਸਟ੍ਰੀ ਦੀ ਕਿਤਾਬ ਤਾਂ ਐਹੋ ਜਿਹੀ ਕਿਤਾਬ ਐ ਜੇ ਮਹਿੰ ਦੀ ਖੁਰਲੀ ਵਿੱਚ ਵੀ ਰੱਖ ਦੇਈਏ ਤਾਂ ਮੱਝ ਨੂੰ ਵੀ ਨੀਂਦ ਆਉਣ ਲੱਗ ਜਾਂਦੀ ਐ।” ਉਨ੍ਹਾਂ ਮਜ਼ਾਕੀਆ ਲਹਿਜ਼ੇ ਨਾਲ ਗੱਲ ਪੂਰੀ ਕੀਤੀ।
“ਹਾ ਹਾ ਹਾ…ਜੀ ਬਿਲਕੁਲ ਇਉਂ ਹੀ ਐ।”
“ਚਲੋ! ਜਸਵੀਰ ਜੀ, ਮੈਂ ਜਿਹੜੀ ਗੱਲ ਲਈ ਫ਼ੋਨ ਕੀਤਾ ਉਹ ਇਹ ਐ ਵਈ, ਤੁਸੀਂ ਨਾੱਲਿਜ ਵੀ ਚੰਗੀ ਰੱਖਦੇ ਓ ਤੇ ਪੜ੍ਹਾਉਣ ਦਾ ਢੰਗ ਵੀ। ਔਰ ਏਸ ਤੋਂ ਵੀ ਅੱਗੇ ਤੁਹਾਡੀ ਵੀਡੀਓ ਬਣਾਉਣ ਦੀ ਕਲਾ ਸੋਨੇ ’ਤੇ ਸੁਹਾਗੇ ਦਾ ਕੰਮ ਕਰਦੀ ਐ। ਮੈਂ ਚਾਹੁੰਦਾ ਹਾਂ ਵਈ ਤੁਸੀਂ ਸਾਡੇ ਸਕੂਲ ਦੇ ਵਿਦਿਆਰਥੀਆਂ ਨੂੰ ਆਪਣੇ ਆੱਨਲਾਈਨ ਲੈਕਚਰ ਦੇਵੋਂ। ਜੋ ਤੁਹਾਡਾ ਮਿਹਨਤਾਨਾ ਬਣੇਗਾ, ਅਸੀਂ ਪੇਅ ਕਰਦਿਆ ਕਰਾਂਗੇ।”
“ਜੀ ਜ਼ਰੂਰ!” ਮੈਂ ਤਾਂ ਫੁੱਲਿਆ ਨਹੀਂ ਸਮਾ ਰਿਹਾ ਸੀ।
“ਕਿੰਨੇ ਰੁਪਏ ਲਵੋਗੇ?” ਉਨ੍ਹਾਂ ਦਾ ਅਗਲਾ ਸਵਾਲ ਸੀ।
“ਕਿੰਨੇ ਬੱਚੇ ਨੇ?” ਮੈਂ ਹਿਸਾਬ-ਕਿਤਾਬ ਲਾਉਣ ਲਈ ਵੈਸੇ ਹੀ ਸੁਆਲ ਦਾਗ ਦਿੱਤਾ।
“ਬੱਚਿਆਂ ਨੂੰ ਛੱਡੋ ਜੀ! ਮੇਰੀ ਸੁਣੋ…ਅਸੀਂ ਤੁਹਾਨੂੰ ਪੰਜ ਹਜ਼ਾਰ ਰੁਪਏ ਤੱਕ ਪੇਅ ਕਰ ਸਕਦੇ ਹਾਂ, ਜੇਕਰ ਪੁੱਗਦਾ ਹੈ ਤਾਂ ਦੱਸੋ?” ਉਨ੍ਹਾਂ ਕਾਹਲੇ ਪੈਂਦਿਆਂ ਕਿਹਾ।
“ਆਂਅਅ…ਚਲੋ ਠੀਕ ਹੈ ਜੀ।” ਮੈਂ ਪਹਿਲਾ ਗਾਹਕ ਹੀ ਖੁੱਸ ਜਾਣ ਤੋਂ ਡਰਦਿਆਂ ਹਾਂ ਕਰ ਦਿੱਤੀ।
ਫੋਨ ਕੱਟਦਿਆਂ ਹੀ ਮੈਂ ਉਧੇੜ-ਬੁਣ ਵਿੱਚ ਪੈ ਗਿਆ ਜਿਵੇਂ ਕੋਈ ਘਾਟੇ ਦਾ ਸੌਦਾ ਕਰ ਬੈਠਿਆਂ ਹੋਵਾਂ। “ਪੰਜ ਹਜ਼ਾਰ ਰੁਪਿਆ ਕੀ ਚੀਜ਼ ਹੁੰਦੀ ਹੈ? ਏਨਾ ਮੱਥਾ ਵੀ ਮਾਰਨਾ!” ਮੇਰੇ ਅੰਦਰੋਂ ਉਠਦੇ ਵਲਵਲੇ ਮੈਨੂੰ ਘੇਰ ਰਹੇ ਸਨ। ਫਿਰ ਅੰਦਰੋਂ ਹੀ ਧਰਵਾਸ ਉਠਦਾ, “ਕੋਈ ਗੱਲ ਨਹੀਂ! ਮੱਥਾ ਤਾਂ ਇੱਕੋ ਵਾਰੀ ਹੀ ਮਾਰਨਾ ਹੈ, ਜੇਕਰ ਇਸ ਤਰ੍ਹਾਂ ਦੇ ਪੰਜ-ਚਾਰ ਗਾਹਕ ਹੋਰ ਮਿਲ ਗਏ ਤਾਂ ਪੌਂਅ ਬਾਰਾਂ ਹੋ ਜਾਣਗੀਆਂ।”
ਸਾਰਾ ਦਿਨ ਏਸੇ ਕਸ਼ਮਕਸ਼ ਵਿੱਚ ਗੁਜ਼ਰਿਆ। ਰਾਤ ਨੂੰ ਨੀਂਦ ਨਹੀਂ ਸਗੋਂ ਖਿਆਲ-ਦਰ-ਖਿਆਲ ਆ ਰਹੇ ਸਨ। ਇਨ੍ਹਾਂ ਖਿਆਲਾਂ ਵਿਚੋਂ ਹੀ ਇੱਕ ਖਿਆਲ ਮਸ਼ਹੂਰੀ ਕਰਨ ਦਾ ਸੀ। ਓਸੇ ਵਕਤ ਉਠ ਕੇ ਮੈਂ ਆਪਣਾ ਲੈਪਟਾੱਪ ਚਾਲੂ ਕੀਤਾ ਤੇ ਇਸ ਵਿੱਚ ਇਸ਼ਤਿਹਾਰ ਤਿਆਰ ਕਰਨ ਲੱਗਾ। ਸਕੂਲਾਂ ਵਾਸਤੇ ਸ਼ਪੈਸ਼ਲ ਲੈਕਚਰ ਦਾ ਪੱਕਾ ਰੇਟ ਪੰਜ ਹਜ਼ਾਰ ਹੀ ਰੱਖ ਦਿੱਤਾ। ਸ਼ੋਸ਼ਲ ਮੀਡੀਆ ’ਤੇ ਇਸ਼ਤਿਹਾਰ ਦੇਣ ਦੇ ਫਲਸਰੂਪ ਹਫ਼ਤੇ ਕੁ ਵਿੱਚ ਹੀ ਮੈਨੂੰ ਸੱਤ-ਅੱਠ ਸਕੂਲ ਹੋਰ ਮਿਲ ਗਏ। ਹਰੇਕ ਤੋਂ ਪੰਜ ਹਜ਼ਾਰ ਰੁਪਏ ਮਹੀਨਾ ਲੈ ਕੇ ਮੇਰੀ ਆਮਦਨ ਚਾਲੀ-ਪੰਤਾਲੀ ਹਜ਼ਾਰ ਨੂੰ ਜਾ ਢੁੱਕੀ ਸੀ। ਵਿਅਕਤੀਗਤ ਬੱਚਿਆਂ ਤੋਂ ਹੋਣ ਵਾਲੀ ਆਮਦਨ ਅਲੱਗ ਤੋਂ ਸੀ। ਮੇਰੇ ਹਿਸਾਬ ਦੀ ਤਾਂ ਚੰਗੀ ਸਰਕਾਰੀ ਨੌਕਰੀ ਹੀ ਬਣ ਗਈ। ‘ਜੇ ਇਉਂ ਹੀ ਹੋਰ ਸਕੂਲ ਮਿਲਦੇ ਗਏ ਤਾਂ ਜਲਦ ਹੀ ਵੱਡੇ ਵੱਡੇ ਮਹਿਕਮਿਆਂ ਦੀ ਆਮਦਨ ਨੂੰ ਮਾਤ ਪਾ ਦੇਵਾਂਗਾ।’ ਮਨ ਵਿੱਚ ਖਿਆਲੀ ਪਲਾਓ ਬਣਨ ਲੱਗੇ।
ਦੋ ਢਾਈ ਮਹੀਨਿਆਂ ਵਿੱਚ ਹੋਈ ਆਮਦਨ ਦਾ ਕੁਝ ਹਿੱਸਾ ਖ਼ਰਚ ਕੇ ਮੈਂ ਲੋੜ ਜੋਕਰਾ ਸੁਹਣਾ ਸਟੂਡੀਓ ਤਿਆਰ ਕਰ ਲਿਆ। ਸਟੂਡੀਓ ਬਣਨ ਦੇ ਨਾਲ ਲੈਕਚਰ ਬਣਾਉਣ ਦਾ ਆਨੰਦ ਹੋਰ ਵੀ ਜ਼ਿਆਦਾ ਆਉਣ ਲੱਗ ਗਿਆ। ਕਦੇ-ਕਦੇ ਕੋਈ ਇਕ-ਅੱਧ ਲੈਕਚਰ ਜਨਤਕ ਕਰ ਦਿੰਦਾ ਤਾਂ ਜੁ ਹੋਰ ਗਾਹਕ ਮਿਲ ਸਕਣ। ਇਉਂ ਸਾਰਾ ਸੈਸ਼ਨ ਹੀ ਮੇਰੀ ਕਾਟੋ-ਫੁੱਲਾਂ ’ਤੇ ਖੇਡਦੀ ਰਹੀ।
ਹੁਣ ਨਵੇਂ ਸੈਸ਼ਨ ਵਿੱਚ ਕਿਸੇ ਨਵੀਂ ਵਿਉਂਤਬੰਦੀ ਲਈ ਮੈਂ ਆਪਣੇ ਆਪ ਨੂੰ ਹੰਗਾਲ ਰਿਹਾ ਸਾਂ। ਇੱਕ ਦਿਨ ਪ੍ਰੋ. ਬਲਰਾਜ ਢੰਡਾ ਜੀ ਫੋਨ ਆਇਆ। ਪ੍ਰੋ. ਢੰਡਾ ਜੀ ਸਾਨੂੰ ਐਮ. ਐਸ ਸੀ. ਦੌਰਾਨ ਹਿਟਰੋਸਾਈਕਲਿਕ ਕੈਮਿਸਟ੍ਰੀ ਕਰਵਾਉਂਦੇ ਰਹੇ ਸਨ। ਮੈਂ ਹੈਰਾਨ ਸਾਂ ਕਿ ਉਹ ਵੀ ਮੇਰੇ ਜਨਤਕ ਲੈਕਚਰ ਸੁਣਦੇ ਰਹੇ ਸਨ। ਫੋਨ ’ਤੇ ਮੇਰੇ ਲੈਕਚਰਾਂ ਦੀ ਤਰੀਫ਼ ਕਰਨ ਲੱਗੇ। ਉਨ੍ਹਾਂ ਤੋਂ ਮਿਲ ਰਹੀ ਸ਼ਾਬਾਸ਼ ਮੈਨੂੰ ਹੋਰ ਤਨਦੇਹੀ ਨਾਲ ਮਿਹਨਤ ਕਰਨ ਲਈ ਪ੍ਰੇਰ ਰਹੀ ਸੀ।
“ਅੱਛਾ, ਜਸਵੀਰ! ਮੈਂ ਤੈਨੂੰ ਇੱਕ ਹੋਰ ਮੌਕਾ ਲੱਭ ਕੇ ਦੇ ਸਕਦਾ ਹਾਂ ਜੇ ਤੂੰ ਕੰਮ ਕਰਨਾ ਚਾਹੇਂ ਤਾਂ!” ਗੱਲਾਂ-ਗੱਲਾਂ ਵਿੱਚ ਪ੍ਰੋ. ਢੰਡਾ ਨੇ ਮੈਨੂੰ ਕਿਹਾ।
“ਜੀ ਜਰੂਰ…ਕੰਮ ਕਿਉਂ ਨਾ ਕਰਨਾ ਚਾਹਾਂਗਾ! ਉਹ ਵੀ ਜਿੱਥੇ ਤੁਸੀਂ ਕਹਿੰਦੇ ਹੋਵੋਂ?” ਮੈਂ ਕੰਮ ਬਾਰੇ ਜਾਨਣ ਦੀ ਉਤਸੁਕਤਾ ਦਿਖਾਈ।
“ਬਹੁਤ ਅੱਛੇ! ਅਸਲ ਕਰਮਯੋਗੀ ਦੀ ਪਛਾਣ ਹੀ ਇਹ ਹੈ। …ਤੇ ਜਸਵੀਰ, ਮੈਨੂੰ ਇਕਦਿਨ ਇਥੋਂ ਗ੍ਰੇਟਵੇਅ ਆਲਿਆਂ ਦਾ ਫੋਨ ਆਇਆ ਸੀ। ਉਨ੍ਹਾਂ ਨੂੰ ਕੈਮਿਸਟ੍ਰੀ ਲੈਕਚਰਾਰ ਚਾਹੀਦੈ। ਮੈਨੂੰ ਤੇਰੇ ਬਿਨਾਂ ਕੋਈ ਦਿਸਿਆ ਹੀ ਨਹੀਂ ਜੋ ਉਨ੍ਹਾਂ ਦੀਆਂ ਆਸਾਂ ’ਤੇ ਖਰਾ ਉਤਰ ਸਕੇ। ਪੈਕੇਜ ਵੀ ਉਨ੍ਹਾਂ ਦਾ ਚੰਗਾ ਹੁੰਦਾ ਹੈ।”
ਅਖੇ ਅੰਨ੍ਹਾ ਕੀ ਭਾਲੇ ਦੋ ਅੱਖਾਂ! ਮੈਂ ਤਾਂ ਉਨ੍ਹਾਂ ਮੂੰਹੋਂ ਗ੍ਰੇਟਵੇਅ ਦਾ ਨਾਮ ਸੁਣਕੇ ਹੀ ਗਦਗਦ ਹੋ ਗਿਆ। ਚੰਡੀਗੜ੍ਹ ਦਾ ਉਹ ਇੰਸਟੀਚਿਊਟ ਜਿੱਥੋਂ ਕਿਸੇ ਮੁਕਾਬਲਾ ਪ੍ਰੀਖਿਆ ਦੀ ਤਿਆਰੀ ਕਰਨੀ ਕਿਸੇ ਵਕਤ ਮੇਰੇ ਵਰਗਿਆਂ ਦਾ ਸੁਪਨਾ ਰਿਹਾ ਹੋਵੇ, ਉਥੇ ਪੜ੍ਹਾਉਣਾ ਮੈਨੂੰ ਆਪਣੇ ਆਪ ਵਿੱਚ ਬਹੁਤ ਵੱਡੀ ਪ੍ਰਾਪਤੀ ਮਹਿਸੂਸ ਹੋਈ।
“ਜੀ ਸਰ! ਤੁਹਾਡੀ ਕਿਰਪਾ ਨਾਲ ਜ਼ਰੂਰ ਉਹ ਮੇਰੇ ਤੋਂ ਸੈਟਿਸਫਾਈ ਹੋਣਗੇ। ਬਾਕੀ ਕੋਈ ਗੱਲ ਨਹੀਂ ਤੁਸੀਂ ਭਾਵੇਂ ਉਨ੍ਹਾਂ ਨੂੰ ਮੇਰੇ ਇੱਕ-ਦੋ ਲੈਕਚਰ ਸੈਂਡ ਵੀ ਕਰ ਦਿਓ।” ਮੇਰੇ ਅੰਦਰ ਜਿਵੇਂ ਕਾਹਲ ਆ ਗਈ ਹੋਵੇ।
“ਨਹੀਂ ਬੇਟੇ! ਬਹੁਤੇ ਟਾਈਮ ਲਈ ਵਿਚੋਲਾ ਰੱਖਣਾ ਮਾੜਾ ਹੁੰਦੈ! ਮੈਂ ਤੈਨੂੰ ਉਨ੍ਹਾਂ ਦਾ ਪਰਸਨਲ ਨੰਬਰ ਭੇਜਦਾ ਹਾਂ। ਨਾਲੇ ਤੂੰ ਗੱਲ ਕਰ ਲਵੀਂ ਤੇ ਲੋੜ ਪਈ ਤਾਂ ਆਪਣਾ ਡੈਮੋ ਲੈਕਚਰ ਵੀ ਭੇਜ ਦੇਵੀਂ।”
ਓਸੇ ਦਿਨ ਮੈਂ ਗ੍ਰੇਟਵੇਅ ਇੰਸਟੀਚਿਊਟ ਨਾਲ ਗੱਲ ਕਰਕੇ ਆਪਣਾ ਡੈਮੋ ਲੈਕਚਰ ਭੇਜ ਦਿੱਤਾ। ਦੂਜੇ ਦਿਨ ਹੀ ਉਨ੍ਹਾਂ ਦਾ ਫੋਨ ਫੇਰ ਆ ਗਿਆ, “ਸਾਨੂੰ ਤੁਹਾਡਾ ਕੰਮ ਬਹੁਤ ਚੰਗਾ ਲੱਗਿਆ। ਅਸੀਂ ਤੁਹਾਡੇ ਭੇਜੇ ਡੈਮੋ ਲੈਕਚਰ ਤੋਂ ਬਿਨਾਂ, ਕੁਝ ਹੋਰ ਲੈਕਚਰ ਵੀ ਸੁਣੇ ਹਨ। ਵਾਕਈ ਤੁਸੀਂ ਪ੍ਰੋ. ਢੰਡਾ ਜੀ ਦੇ ਚੰਡੇ ਹੋਏ ਓਂ।…ਜਲਦ ਹੀ ਸਾਨੂੰ ਏਥੇ ਆ ਕੇ ਮਿਲਣ ਦੀ ਕ੍ਰਿਪਾਲਤਾ ਕਰਨੀ ਜੀ।” ਇੰਸਟੀਚਿਊਟ ਵਾਲਿਆਂ ਦੁਆਰਾ ਫੋਨ ’ਤੇ ਕਹੇ ਇਹ ਸ਼ਬਦ ਸਾਰਾ ਦਿਨ ਮੇਰੇ ਜ਼ਿਹਨ ’ਚ ਗੂੰਜਾਰ ਪਾਉਂਦੇ ਰਹੇ।
ਅੱਜ ਲੋਈ ਪਾਟਦਿਆਂ ਹੀ ਮੈਂ ਚੰਡੀਗੜ੍ਹ ਨੂੰ ਚੱਲ ਪਿਆ। ਸਾਢੇ ਕੁ ਨੌ ਵਜੇ ਸੈਕਟਰ 43 ਦੇ ਬੱਸ ਅੱਡੇ ਪੁੱਜਿਆ ਤਾਂ ਏਥੇ ਪਹਿਲਾਂ ਵਰਗੀ ਰੌਣਕ ਨਾ ਦਿਸੀ। ਸੈਕਟਰ ਸਤਾਰਾਂ ਵੱਲ ਜਾਣ ਲਈ ਸਿਟੀ ਬੱਸ ਤਿਆਰ ਹੀ ਖੜ੍ਹੀ ਸੀ। ਖਾਲੀ ਜਿਹੀ ਬੱਸ ਵਿੱਚ ਚੜ੍ਹ ਮੈਂ ਸੈਕਟਰ ਸਤਾਰਾਂ ਵਿੱਚ ਪੁੱਜ ਗਿਆ। ਇਥੇ ਹੀ ਮਸ਼ਹੂਰ ਇੰਸਟੀਚਿਊਟ ‘ਗ੍ਰੇਟਵੇਅ ਕੋਚਿੰਗ ਪੁਆਇੰਟ’ ਸਥਿਤ ਹੈ। ਬੱਸੋਂ ਉਤਰਦਿਆਂ ਇਕ ਵਾਰ ਤਾਂ ਇਉਂ ਲੱਗਾ ਜਿਵੇਂ ਕਿਸੇ ਗ਼ਲਤ ਜਗ੍ਹਾ ਆ ਗਿਆ ਹੋਵਾਂ। ਗ੍ਰੇਟਵੇਅ ਕੋਚਿੰਗ ਪੁਆਇੰਟ ਦੇ ਆਲੇ-ਦੁਆਲੇ ਸੰਨਾਟਾ ਛਾਇਆ ਹੋਣਾ ਜੱਗੋਂ ਤੇਰਵੀਂ ਗੱਲ ਹੀ ਤਾਂ ਸੀ। ਇਥੇ ਤਾਂ ਕਿਸੇ ਵੇਲੇ ਤਿਲ ਸੁੱਟਣ ਨੂੰ ਥਾਂ ਨਹੀਂ ਸੀ ਹੁੰਦਾ। ਖ਼ੈਰ! ਮੈਂ ਵੱਡੇ-ਵੱਡੇ ਕਾਲੇ ਸ਼ੀਸ਼ਿਆਂ ਦੇ ਬਣੇ ਦਰਵਾਜੇ ਨੂੰ ਖੋਲ੍ਹ ਇੰਸਟੀਚਿਊਟ ਦੇ ਅੰਦਰ ਜਾ ਦਾਖਲ ਹੋਇਆ। ਰਿਸੈਪਸ਼ਨ ’ਤੇ ਬੈਠੀ ਮੁਟਿਆਰ ਨੂੰ ਆਪਣੇ ਆਉਣ ਦਾ ਕਾਰਨ ਦੱਸਿਆ। ਉਹਨੇ ਝੱਟ ਹੈਡ ਸਾਬ੍ਹ ਨੂੰ ਫੋਨ ਕਰਕੇ ਆਗਿਆ ਲਈ ਤੇ ਮੈਨੂੰ ਉਨ੍ਹਾਂ ਦੇ ਦਫ਼ਤਰ ਜਾਣ ਦਾ ਇਸ਼ਾਰਾ ਕਰ ਦਿੱਤਾ।
“ਆਓ ਜਸਵੀਰ ਜੀ…ਵੈਲ ਕੱਮ ਕਰਦੇ ਹਾਂ ਤੁਹਾਡਾ…ਤੁਹਾਨੂੰ ਹੀ ਉਡੀਕ ਰਹੇ ਸੀ।” ਆੱਫ਼ਿਸ ਵਿੱਚ ਹੈਡ ਚੇਅਰ ’ਤੇ ਬੈਠਾ ਅੱਧਖੜ੍ਹ ਉਮਰ ਦਾ ਵਿਅਕਤੀ ਬੋਲਿਆ।
“ਜੀ ਸਰ…ਸਤਿ ਸ੍ਰੀ ਅਕਾਲ!” ਮੈਂ ਹੱਥ ਜੋੜਦਿਆਂ ਮੁਸਕਰਾਇਆ।
“ਸਤਿ ਸ੍ਰੀ ਅਕਾਲ ਜੀ…ਬੈਠੋ…ਲਓ ਚੇਅਰ…!” ਉਸਨੇ ਵੱਡ ਆਕਾਰੀ ਮੇਜ਼ ਦੁਆਲੇ ਲੱਗੀਆਂ ਕੁਰਸੀਆਂ ਵੱਲ ਇਸ਼ਾਰਾ ਕਰਦਿਆਂ ਮੈਨੂੰ ਬੈਠਣ ਨੂੰ ਕਿਹਾ। “ਸੁਰੇਸ਼ ਦੋ ਕੱਪ ਚਾਹ ਵੀ ਆਖ ਹੀ ਆਵੀਂ।” ਪਾਣੀ ਲੈ ਕੇ ਹਾਜ਼ਰ ਹੋਏ ਵਿਅਕਤੀ ਨੂੰ ਹੁਕਮ ਦੇ ਕੇ ਉਹ ਫਿਰ ਮੇਰੇ ਨਾਲ ਗੱਲੀਂ ਰੁੱਝ ਗਿਆ।
“ਅੱਛਾ ਜਸਵੀਰ ਜੀ! ਤੁਹਾਡੀ ਕੁਆਲੀਫ਼ਿਕੇਸ਼ਨ ਤੇ ਐਕਸਪੀਰੀਐਂਸ ਬਾਰੇ ਤਾਂ ਪੁੱਛਣਾ ਹੀ ਕੀ ਹੈ…ਉਹ ਸਭ ਤਾਂ ਤੁਹਾਡੀ ਆਊਟਪੁੱਟ ਤੋਂ ਹੀ ਝਲਕ ਰਿਹਾ। ਆਪਾਂ ਮੁੱਦੇ ਦੀ ਗੱਲ ’ਤੇ ਆਉਂਦੇ ਹਾਂ। ਗੱਲ ਇਹ ਐ ਵਈ ਕੋਰੋਨਾ ਕਾਲ ਦੀ ਐਸੀ ਮਾਰ ਪਈ ਹੈ ਕਿ ਆਪਣੀ ਸਭ ਦੀ ਰੋਟੀ ਦੁੱਭਰ ਹੋ ਗਈ। ਪਿਛਲਾ ਸਾਲ ਵੀ ਇਉਂ ਹੀ ਗੁਜ਼ਰਿਆ। ਜਿਵੇਂ ਕਹਿੰਦੇ ਨੇ ਵਕਤ ਦੇ ਨਾਲ ਚੱਲਣ ਵਾਲੇ ਹੀ ਕਾਮਯਾਬੀ ਹਾਸਿਲ ਕਰਦੇ ਐ। ਮੇਰਾ ਤਾਂ ਮੰਨਣਾ ਇਉਂ ਐ ਵਈ ਹੁਣ ਜਿਵੇਂ-ਜਿਵੇਂ ਜ਼ਮਾਨਾ ਬਦਲ ਰਿਹਾ, ਤਿਵੇਂ-ਤਿਵੇਂ ਸਿੱਖਿਆ ਦਾ ਮੋਡ ਵੀ ਬਦਲੇਗਾ। ਲੋਕ ਆੱਫ਼ਲਾਈਨ ਤੋਂ ਆੱਨਲਾਈਨ ਵੱਲ ਆ ਵੀ ਗਏ ਤੇ ਹਾਲੇ ਹੋਰ ਚੰਗੀ ਤਰ੍ਹਾਂ ਆਉਣਗੇ। ਆਉਣ ਵੀ ਕਿਵੇਂ ਨਾ? ਲੋਕ ਤਾਂ ਤੁਹਾਡੀ ਪ੍ਰਫ਼ਾਰਮੈਂਸ ਨੇ ਖਿੱਚਣੇ ਐ, ਅਖੇ ਜਿੱਧਰ ਗਏ ਬਾਣੀਏ ਤੇ ਓਧਰ ਗਿਆ ਬਜ਼ਾਰ! ਸੋ, ਆਪਾਂ ਤੁਹਾਡੇ ਤੋਂ ਕੇਵਲ ਆੱਨਲਾਈਨ ਲੈਕਚਰ ਹੀ ਤਿਆਰ ਕਰਵਾਉਣੇ ਨੇ। ਹਿੰਮਤ ਤੁਹਾਡੀ ਹੈ ਕਿੰਨੇ ਕੁ ਕਰ ਸਕਦੇ ਹੋ! ਜਿੰਨੇ ਵੱਧ ਕਰ ਸਕਦੇ ਹੋਵੋਂਗੇ ਓਨਾ ਹੀ ਵੱਧ ਕਮਾ ਲਵੋਗੇ।” ਉਹ ਬੋਲਦਾ ਜਾ ਰਿਹਾ ਸੀ ਤੇ ਮੇਰੇ ਮਨ ਵਿੱਚ ਇਸ ਸਭ ਤੋਂ ਮਿਲਣ ਵਾਲੇ ਮਿਹਨਤਾਨੇ ਬਾਰੇ ਉਥਲ-ਪੁੱਥਲ ਹੋਣ ਲੱਗੀ। ਆਪਣੀ ਗੱਲ ਜਾਰੀ ਰੱਖਦਿਆਂ ਉਸ ਕਿਹਾ, “ਮੈਂ ਤੁਹਾਨੂੰ ਏਸ ਲਈ ਪ੍ਰੈਫ਼ਰ ਕੀਤਾ ਵਈ ਜਦ ਤੁਸੀਂ ਆਪਣੇ ਦੇਸੀ ਜਿਹੇ ਸੈਟ ਨਾਲ ਏਨਾ ਚੰਗਾ ਲੈਕਚਰ ਬਣਾ ਸਕਦੇ ਹੋ ਤਾਂ ਆਪਣੇ ਜੈਨੁਅਨ ਸੈਟ ਨਾਲ ਤਾਂ ਉਸਨੂੰ ਚਾਰ ਚੰਨ ਲੱਗ ਜਾਣਗੇ। ਤੁਹਾਡਾ ਨਾਂਅ ਵੀ ਪੰਜਾਬ ਤੋਂ ਉਠ ਦੁਨੀਆਂ ਵਿੱਚ ਚਮਕੇਗਾ। ਬੋਲੋ, ਤੁਹਾਡਾ ਮਨ ਕੀ ਆਖਦਾ ਹੈ? ਇਕ ਗੱਲ ਹੋਰ ਆਖਦਿਆਂ, ਜੁਆਇਨ ਤਾਂ ਹੀ ਕਰਿਓ ਜੇ ਤੁਹਾਡਾ ਮਨ ਮੰਨਦਾ ਹੋਵੇ। ਬੱਧਾ-ਰੁੱਧੀ ਕੰਮ ਕਰਨ ਦਾ ਕੋਈ ਸੁਆਦ ਨਹੀਂ ਰਹਿੰਦਾ।” ਦੋ ਟੁਕ ਗੱਲ ਮੁਕਾਉਂਦਿਆਂ ਉਹ ਮੇਰੇ ਵੱਲ ਝਾਕਣ ਲੱਗਾ।
“ਜੀ…ਕੰਮ ਕਰਨ ਦਾ ਮਨ ਕਰਕੇ ਹੀ ਤਾਂ ਇਥੋਂ ਤੱਕ ਚੱਲਕੇ ਆਇਆ ਹਾਂ। ਤਨਦੇਹੀ ਨਾਲ ਲੈਕਚਰ ਬਣਾਵਾਂਗਾ।” ਆਖ ਮੇਰੀ ਜ਼ੁਬਾਨ ਤਾਂ ਚੁੱਪ ਹੋ ਗਈ ਪ੍ਰੰਤੂ ਮੈਨੂੰ ਇਉਂ ਲੱਗਾ ਜਿਵੇਂ ਮੇਰੇ ਨੈਣ-ਨਕਸ਼ ਹਾਲੇ ਵੀ ਕੁਝ ਬੋਲ ਰਹੇ ਹੋਣ, ਜਿਸਨੂੰ ਮੈਂ ਪੁਰਜ਼ੋਰ ਯਤਨ ਨਾਲ ਜ਼ੁਬਾਨੋਂ ਪ੍ਰਗਟਾਉਣ ਤੋਂ ਗ਼ੁਰੇਜ਼ ਕਰ ਰਿਹਾ ਸੀ। ਪਰ ਉਸਨੇ ਜਿਵੇਂ ਮੇਰੇ ਮੂੰਹੋਂ ਨਿੱਕਲੇ ਲਫ਼ਜ਼ ਸੁਣਨ ਦੀ ਥਾਂ ਕੇਵਲ ਮੇਰਾ ਚਿਹਰਾ ਹੀ ਪੜ੍ਹਿਆ ਹੋਵੇ। ਉਸਨੇ ਝੱਟ ਪੁੱਛਿਆ, “ਕਿੰਨੀ ਪੇਅ ਦੀ ਐਕਸਪੈਕਟੇਸ਼ਨ ਹੈ ਤੁਹਾਡੀ?”
“ਮੇਰੀ ਯੋਗਤਾ ਅਨੁਸਾਰ ਏਸ ਬਾਰੇ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋਵੋਗੇ ਜੀ। ਅਕਸਰ ਤੁਹਾਡਾ ਪੁਰਾਣਾ ਕੰਮ ਹੈ।” ਮੈਂ ਉਹਦੇ ਪਾਲ਼ੇ ’ਚੋਂ ਆਈ ਗੇਂਦ ਨੂੰ ਓਸੇ ਵਕਤ ਹੀ ਓਧਰ ਮੋੜ ਦਿੱਤਾ।
“ਹਮਮਮ…ਵੇਖੋ ਜਸਵੀਰ ਜੀ, ਜੋ ਤੁਹਾਡੀ ਯੋਗਤਾ ਹੈ ਉਹਦਾ ਮੁੱਲ ਪਾਉਣਾ ਤਾਂ ਰੱਬ ਖ੍ਰੀਦਣ ਤੋਂ ਘੱਟ ਨਹੀਂ। ਬਸ ਇਹ ਸਮਝੋ ਵਈ ਅਸੀਂ ਤਾਂ ਓਸ ਯੋਗਤਾ ਦੇ ਨਜ਼ਰਾਨੇ ਵਜੋਂ ਹੀ ਤਿਲ-ਫੁੱਲ ਭੇਟ ਕਰ ਸਕਦੇ ਹਾਂ। ਜੇਕਰ ਤੁਸੀਂ ਸਾਨੂੰ ਸੀਨੀਅਰ ਸੈਕੰਡਰੀ ਦਾ ਸਾਰਾ ਸਿਲੇਬਸ ਤਿਆਰ ਕਰਕੇ ਦਿੰਦੇ ਹੋ ਤਾਂ ਅਸੀਂ ਤੁਹਾਨੂੰ ਤਿੰਨ ਲੱਖ ਰੁਪਏ ਪ੍ਰਤੀ ਜਮਾਤ ਦੇਣ ਨੂੰ ਤਿਆਰ ਹਾਂ। ਜੇਕਰ ਤੁਸੀਂ ਗ੍ਰੈਜੂਏਟ ਦਾ ਸਿਲੇਬਸ ਤਿਆਰ ਕਰਨ ਲਈ ਵੀ ਰਾਜੀ ਹੋ ਤਾਂ ਉਹ ਤੁਹਾਡੀ ਖੁਸ਼ੀ ਹੈ। ਉਸਦੇ ਚੰਗੇ ਲੈਕਚਰਾਂ ਲਈ ਵੀ ਅਸੀਂ ਚੰਗਾ ਵੇਤਨ ਦੇਣ ਲਈ ਵਚਨਬੱਧ ਹਾਂ।”
“ਵਾਹ! ਤਿੰਨ ਲੱਖ ਪ੍ਰਤੀ ਜਮਾਤ! ਗ੍ਰੈਜੂਏਟ ਕੀ, ਮੈਂ ਤਾਂ ਪੋਸਟ ਗ੍ਰੈਜੂਏਟ ਦੇ ਲੈਕਚਰ ਵੀ ਬਣਾ ਦੇਵਾਂਗਾ…ਓਸ ਦਾ ਵੇਤਨ ਤਾਂ ਏਸ ਤੋਂ ਵੀ ਵੱਧ ਹੋਵੇਗਾ……ਚਲੋ ਜੇ ਤਿੰਨ-ਤਿੰਨ ਹੀ ਲਾਈਏ ਤਾਂ ਵੀ ਦੋ ਜਮਾਤਾਂ ਸੀਨੀਅਰ ਸੈਕੰਡਰੀ ਦੀਆਂ, ਤਿੰਨ ਬੈਚੁਲਰ ਦੀਆਂ, ਦੋ ਮਾਸਟਰਜ਼ ਦੀਆਂ, ਕੁੱਲ ਬਣਗੀਆਂ ਸੱਤ ਤੇ ਸੱਤ ਤੀਆ ਇੱਕੀ! ਵਾਹ! ਇੱਕੀ ਲੱਖ! ਇਹ ਸਭ ਤਾਂ ਦਿਨ-ਰਾਤ ਇੱਕ ਕਰਕੇ ਮੈਂ ਡੇਢ-ਦੋ ਸਾਲਾਂ ਵਿੱਚ ਹੀ ਤਿਆਰ ਕਰ ਦੇਵਾਂਗਾ। ਇਸ ਤੋਂ ਚੰਗਾ ਮੌਕਾ ਭਲਾ ਕਿਹੜਾ ਹੋ ਸਕਦਾ ਹੈ..!” ਮਨ ਹੀ ਮਨ ਜੋੜ-ਘਟਾਓ ਕਰਦਿਆਂ ਮੈਨੂੰ ਆਪਣਾ ਆਪ ਦਿਨਾਂ ਵਿੱਚ ਹੀ ਅਮੀਰ ਹੁੰਦਾ ਜਾਪਿਆ।
“ਕਿਵੇਂ ਲੱਗੀ ਜੀ ਸਾਡੀ ਤਜਵੀਜ਼?” ਉਹਦੀ ਏਸ ਗੱਲ ਨਾਲ ਮੈਂ ਹਿਸਾਬ-ਕਿਤਾਬ ’ਚੋਂ ਨਿੱਕਲਦਿਆਂ ਆਪਣੇ ਆਪ ਨੂੰ ਸੰਭਾਲਿਆ।
“ਜੀ, ਮੈਨੂੰ ਮਨਜ਼ੂਰ ਹੈ।” ਮੇਰੇ ਮੂੰਹੋਂ ਏਨਾ ਕੁ ਹੀ ਨਿੱਕਲ ਸਕਿਆ।
“ਲਓ ਜੀ, ਆਹ ਆਪਣਾ ਕੰਨਟ੍ਰੈਕਟ ਪ੍ਰੋਫ਼ਾਰਮਾ ਵੇਖ ਲਓ। ਅੱਜ ਕੱਚਾ ਕੰਨਟ੍ਰੈਕਟ ਕਰ ਲੈਂਦੇ ਹਾਂ, ਜਦੋਂ ਤੁਸੀਂ ਲੈਕਚਰ ਬਣਾਉਣੇ ਸ਼ੁਰੂ ਕਰੋਗੇ ਓਸ ਤੋਂ ਇੱਕ-ਦੋ ਦਿਨ ਪਹਿਲਾਂ ਕਚਹਿਰੀ ਜਾ ਕੇ ਪੱਕਾ ਕੰਨਟ੍ਰੈਕਟ ਕਰ ਲਵਾਂਗੇ। ਦੋ-ਢਾਈ ਲੱਖ ਰੁਪਏ ਤੁਹਾਨੂੰ ਐਡਵਾਂਸ ਹੀ ਦੇ ਦੇਵਾਂਗੇ।” ਆਖਦਿਆਂ ਉਹਨੇ ਤਿੰਨ ਕੁ ਪੇਜਾਂ ਦਾ ਫ਼ਾਰਮ ਮੇਰੇ ਵੱਲ ਸਰਕਾ ਦਿੱਤਾ। ਮੈਂ ਉਸ ਨੂੰ ਪੜ੍ਹਣਾ ਸ਼ੁਰੂ ਕੀਤਾ। ਇਸ ਵਿੱਚ ਕਾਫ਼ੀ ਸਾਰੀਆਂ ਸ਼ਰਤਾਂ ਤੇ ਵਾਅਦੇ ਲਿਖੇ ਹੋਏ ਸਨ। ਸ਼ਰਤਾਂ ’ਚੋਂ ਇੱਕ ਸ਼ਰਤ ਸੀ, ‘ਤੁਸੀਂ ਆਪਣੇ ਨਿੱਜੀ ਚੈਨਲ ਰਾਹੀਂ ਨਹੀਂ ਪੜ੍ਹਾ ਸਕਦੇ। ਜੇਕਰ ਤੁਹਾਡਾ ਪਹਿਲਾਂ ਤੋਂ ਕੋਈ ਚੈਨਲ ਬਣਿਆ ਹੋਇਆ ਹੈ ਤਾਂ ਓਸ ’ਤੇ ਅਪਲੋਡ ਕੀਤੀਆਂ ਗਈਆਂ ਉਹ ਸਾਰੀਆਂ ਵੀਡੀਓਜ਼ ਜੋ ਇਸ ਵਿਸ਼ੇ ਨਾਲ ਸੰਬੰਧਿਤ ਹੋਈਆਂ, ਤੁਹਾਨੂੰ ਡਿਲੀਟ ਕਰਨੀਆਂ ਪੈਣਗੀਆਂ।’ ਮੇਰੀਆਂ ਅੱਖਾਂ ਏਸ ਸ਼ਰਤ ’ਤੇ ਆਣ ਰੁਕ ਗਈਆਂ, ਜਿਵੇਂ ਉਹ ਏਸ ਸ਼ਰਤ ਦਾ ਆਤਮ-ਮੰਥਨ ਕਰਵਾਉਣਾ ਚਾਹੁੰਦੀਆਂ ਹੋਣ। ਪ੍ਰੰਤੂ ਮਾਇਆ ਦੇ ਹੜ੍ਹ ਅੱਗੇ ਮੈਨੂੰ ਇਹ ਸ਼ਰਤ ਵੀ ਮਾਮੂਲੀ ਹੀ ਜਾਪੀ। ‘ਵੀਡੀਓਜ਼ ਦਾ ਕੀ ਐ ਉਹ ਤਾਂ ਮੈਂ ਜਦੋਂ ਮਰਜ਼ੀ ਦੁਬਾਰਾ ਵੀ ਤਿਆਰ ਕਰ ਸਕਦਾ ਹਾਂ।’ ਅੰਦਰੋਂ ਹੀ ਮੇਰਾ ਮਨ ਕਹਿ ਰਿਹਾ ਸੀ। ਮੈਂ ਓਥੇ ਬੈਠੇ ਨੇ ਸਾਰਾ ਫ਼ਾਰਮ ਪੜ੍ਹਿਆ, ਫਿਰ ਭਰਿਆ ਤੇ ਆਪਣੇ ਦਸਤਖ਼ਤ ਕਰ ਉਸਨੂੰ ਫੜਾ ਦਿੱਤਾ। ਬਾਹਰੋਂ ਚਪੜਾਸੀ ਨੂੰ ਸੱਦ, ਇਹ ਫਾਰਮ ਫੋਟੋ ਸਟੇਟ ਕਰਵਾ ਕੇ ਮੈਨੂੰ ਫੜਾਉਂਦਿਆਂ ਉਹ ਬੋਲਿਆ, “ਠੀਕ ਐ ਜਸਵੀਰ ਜੀ…ਮਿਲਦੇ ਹਾਂ ਫਿਰ ਜਲਦੀ ਹੀ। ਅਸੀਂ ਤੁਹਾਨੂੰ ਫੋਨ ਲਾਵਾਂਗੇ, ਜਦੋਂ ਵੀ ਆਪਣਾ ਲੈਕਚਰ ਸ਼ੁਰੂ ਕਰਨੇ ਹੋਏ।”
ਮੈਂ ਓਸ ਤੋਂ ਫਾਰਮ ਦੀ ਨਕਲ ਫੜ ਇੰਸਟੀਚਿਊਟ ’ਚੋਂ ਬਾਹਰ ਹੀ ਆਇਆ ਸੀ ਕਿ ਸਾਹਮਣੇ ਚੌਦਾਂ ਸੈਕਟਰ ਵੱਲ ਜਾਣ ਵਾਲੀ ਬੱਸ ਆਉਂਦੀ ਦਿਸੀ। ਬੱਸ ਵੇਂਹਦਿਆਂ ਹੀ ਯੂਨੀਵਰਸਿਟੀ ਯਾਦ ਆ ਗਈ। “ਕਿਉਂ ਨਾ ਯੂਨੀਵਰਸਿਟੀ ਵੀ ਜਾ ਹੀ ਆਈਏ! ਅਕਸਰ ਜਿਹੜੇ ਮਦਰੱਸੇ ’ਚੋਂ ਪੜ੍ਹਕੇ ਏਨੀ ਕਮਾਈ ਕਰਨ ਜੋਕਰਾ ਹੋਇਆ ਹਾਂ, ਉਸ ਨੂੰ ਨਤਮਸਤਕ ਹੋ ਅਉਣਾ ਤਾਂ ਬਣਦਾ ਹੀ ਐ! ਨਾਲੇ ਪ੍ਰੋ. ਢੰਡਾ ਜੀ ਨੂੰ ਖੁਸ਼ਖ਼ਬਰੀ ਦੇਂਦਾ ਚੱਲਾਂਗਾ।” ਸੋਚਦਿਆਂ-ਸੋਚਦਿਆਂ ਬੱਸ ਐਨ ਮੇਰੇ ਕੋਲ ਆਣ ਰੁਕ ਗਈ। ਮੇਰੇ ਹੱਥ ਵੀ ਆਪ ਮੁਹਾਰੇ ਹੀ ਬੱਸ ਦੀ ਖਿੜਕੀ ਨੂੰ ਪੈ ਗਏ।
ਜ਼ਿੰਦਗੀ ਵਿੱਚ ਪਹਿਲੀ ਵਾਰ ਮੈਂ ਯੂਨੀਵਰਸਿਟੀ ਨੂੰ ਬੇ-ਰੌਣਕ ਵੇਖਿਆ ਸੀ।। ਦਰੱਖਤਾਂ ’ਤੇ ਬੈਠੇ ਪੰਛੀ ਵੀ ਅਜੀਬ ਜਿਹੀ ਧੁਨ ਵਿੱਚ ਚਹਿਚਹਾ ਰਹੇ ਸਨ ਜਿਵੇਂ ਉਹ ਦਰੱਖਤਾਂ ਹੇਠ ਬੈਠਣ ਵਾਲੇ ਪ੍ਰੇਮੀ ਜੋੜਿਆਂ ਨੂੰ ਆਵਾਜਾਂ ਮਾਰ ਰਹੇ ਹੋਣ। ਹੋਸਟਲਾਂ ਦੇ ਬਨੇਰਿਆਂ ’ਤੇ ਬੰਨ੍ਹੀਆਂ ਤਣੀਆਂ ਕੱਪੜਿਆਂ ਤੋਂ ਸੱਖਣੀਆਂ ਸਨ। ਇੱਕ ਅੱਧ ਕੰਨਟੀਨ ਨੂੰ ਛੱਡ ਕੇ ਬਾਕੀ ਸਭ ਕੰਕਰੀਟ ਦੇ ਡੱਬੇ ਹੀ ਜਾਪ ਰਹੇ ਸਨ। ਐਡਮਿਨਿਸਟ੍ਰੇਸ਼ਨ ਬਲਾਕ ਤੋਂ ਇਲਾਵਾ ਕਿਤੇ ਕੋਈ ਕੰਮ ਚੱਲਦਾ ਨਜ਼ਰ ਨਹੀਂ ਆਇਆ। ਮੈਂ ਉਥੇ ਦੋ-ਚਾਰ ਯਾਦਗਾਰ ਤਸਵੀਰਾਂ ਖਿੱਚੀਆਂ ਤੇ ਵਾਪਸ ਚੱਲ ਪਿਆ। ਯੂਨੀਵਰਸਿਟੀ ਗੇਟ ’ਤੇ ਆਉਣ ਸਾਰ ਮੈਨੂੰ ਇੱਕ ਆਟੋ ਵਾਲੇ ਨੇ ਆਵਾਜ਼ ਦਿੱਤੀ। ਆਵਾਜ਼ ਕਾਹਦੀ ਮਾਨੋ ਤਰਲਾ ਹੀ ਸੀ। ਉਹਦੀ ਹਾਲਤ ਤੋਂ ਇਉਂ ਲੱਗਦਾ ਸੀ ਜਿਵੇਂ ਹਾਲੇ ਬਾਹੁਣੀ ਵੀ ਨਾ ਹੋਈ ਹੋਵੇ।
“ਬੱਸ ਸਟੈਂਡ-ਤਰਤਾਲੀ ਜਾਣਾ…ਕਿੰਨੇ ਰੁਪਏ ਲਵੇਂਗਾ?” ਮੈਂ ਇਕੱਲਾ ਹੋਣ ਕਰਕੇ ਭਾਅ ਪੁੱਛ ਲੈਣਾ ਹੀ ਠੀਕ ਸਮਝਿਆ।
“ਜੀ, ਸੌ ਰੁਪਏ ਦੇ ਦੇਣਾ।”
“ਸੌ ਰੁਪਏ? ਹੱਦ ਕਰਦੈਂ ਯਾਰ ਤੂੰ…! ਓ ਭਰਾਵਾ, ਮੈਂ ਇਥੋਂ ਹੀ ਗਿਆਂ…ਸਾਰੀ ਵੀਹ ਰੁਪਏ ਸਵਾਰੀ ਚੱਲਦੀ ਐ।”
“ਬਾਈ ਜੀ, ਵੀਹ ਛੱਡੋ ਮੈਂ ਤਾਂ ਦਸ ਰੁਪਏ ਸਵਾਰੀ ਵੀ ਚੁੱਕ ਲੈਂਦਾ ਸੀ, ਪਰ ਕਰੀਏ ਕੀ, ਹੁਣ ਤਾਂ ਸਵਾਰੀ ਦਾ ਮਿਲਣਾ ਇਉਂ ਐ ਜਿਵੇਂ ਕੋਲ਼ੇ ਦੀ ਖਾਣ ’ਚੋਂ ਹੀਰਾ…ਤੇ ਆਹ ਢਿੱਡ…” ਦੋ ਪਲ ਰੁਕ ਕੇ, ਗਲ ਤੱਕ ਆਏ ਥੁੱਕ ਨੂੰ ਅਗਾਂਹ ਲੰਘਾਉਂਦਿਆਂ ਉਹਨੇ ਗੱਲ ਅੱਗੇ ਤੋਰੀ, “ਚਲੋ ਇੰਝ ਕਰੋ ਬਾਈ…ਤੁਸੀਂ ਬੈਠੋ, ਆਪਾਂ ਤੁਰਦੇ ਹਾਂ, ਜੇਕਰ ਰਾਹ ’ਚ ਸਵਾਰੀਆਂ ਮਿਲਦੀਆਂ ਗਈਆਂ ਤਾਂ ਮੈਂ ਪ੍ਰਤੀ ਸਵਾਰੀ ਵੀਹ ਰੁਪਏ ਘਟਾਉਂਦਾ ਚੱਲਾਂਗਾ। ਹੋਰ ਦੱਸੋ!”
ਉਹਦੀ ਪਤਲੀ ਹਾਲਤ ’ਤੇ ਤਰਸ ਜਿਹਾ ਕਰਦਿਆਂ ਮੈਂ ਆਟੋ ਵਿੱਚ ਬੈਠ ਗਿਆ। ਉਹਦੀਆਂ ਗੱਲਾਂ ਨੇ ਮੈਨੂੰ ਧੁੜਕੂ ਜਿਹਾ ਲਾ ਦਿੱਤਾ। ਅੱਖਾਂ ਸਾਹਵੇਂ ਬੰਦ ਕੰਨਟੀਨਾਂ, ਚਾਹ ਵਾਲੇ ਖੋਖੇ, ਕੁਲਚੇ ਛੋਲੇ, ਬਰਗਰ, ਜੂਸ, ਸਿਕੰਜ਼ਵੀ ਆਦਿ ਦੀਆਂ ਰੇਹੜੀਆਂ ਵਾਲੇ ਘੁੰਮਣ ਲੱਗੇ। ‘ਚੰਦਰੇ ਕਰੋਨਾ ਨੇ ਕਿੰਨੇ ਲੋਕਾਂ ਦਾ ਰੁਜ਼ਗਾਰ ਡਕਾਰ ਲਿਆ ਹੈ।’ ਜਿਵੇਂ ਜਿਵੇਂ ਆਟੋ ਦੌੜਦਾ ਜਾਂਦਾ ਮੇਰੇ ਮਨ ਨੂੰ ਲੱਗੀ ਅੱਚਵੀ ਵੱਧਦੀ ਜਾਂਦੀ। ਖਿਆਲਾਂ ’ਚੋਂ ਨਿੱਕਲਣ ਲਈ ਆਪਣਾ ਮੋਬਾਈਲ ਫਰੋਲਣਾ ਸ਼ੁਰੂ ਕੀਤਾ। ਯੂਨੀਵਰਸਿਟੀ ਖਿੱਚੀਆਂ ਫੋਟੋਆਂ ਦਾ ਵੱਟਸਐਪ ਸਟੇਟਸ ਲਾ ਕੇ ਬਾਕੀਆਂ ਦੇ ਸਟੇਟਸ ਵੇਖਣ ਲੱਗਾ। ਬੱਸ ਅੱਡਾ ਨੇੜ ਆ ਗਿਆ ਪਰ ਆਟੋ ਨੂੰ ਰਸਤੇ ਵਿੱਚ ਕਿਤੇ ਕੋਈ ਸਵਾਰੀ ਨਹੀਂ ਸੀ ਮਿਲੀ। ਫੋਨ ਨੂੰ ਜੇਬ ਵਿੱਚ ਪਾਉਣ ਹੀ ਲੱਗਾ ਸਾਂ ਕਿ ਘੰਟੀ ਖੜਕਣੀ ਸ਼ੁਰੂ ਹੋ ਗਈ। ਸਕਰੀਨ ’ਤੇ ਰਾਜੇਸ਼ ਦਾ ਨੰਬਰ ਘੁੰਮਦਾ ਦਿਸਿਆ। ਫੋਨ ਚੁੱਕਣ ਸਾਰ ਉਹ ਬੋਲਿਆ, “ਯੂਨੀਵਰਸਿਟੀ ਆਇਐਂ?” ਹਾਲ-ਚਾਲ ਪੁੱਛਣ ਦੀ ਜਿਵੇਂ ਉਹਨੇ ਲੋੜ ਹੀ ਨਾ ਸਮਝੀ ਹੋਵੇ। ਸੰਭਵ ਸੀ ਉਹਨੇ ਮੇਰਾ ਵੱਟਸਐਪ ਸਟੇਟਸ ਦੇਖ ਕੇ ਹੀ ਫੋਨ ਕੀਤਾ ਹੋਵੇਗਾ।
ਰਾਜੇਸ਼ ਮੇਰਾ ਐਮ. ਐਸ ਸੀ. ਦਾ ਹਮਜਮਾਤੀ ਸੀ। ਪਿਛਲੇ ਕੁਝ ਸਾਲਾਂ ਤੋਂ ਚੰਡੀਗੜ੍ਹ ਦੇ ਹੀ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਾ ਰਿਹਾ ਸੀ। ਮੇਰੇ ਵਾਂਙ ਉਹਨੂੰ ਵੀ ਹਾਲੇ ਤੱਕ ਕੋਈ ਢੰਗ ਸਿਰ ਦੀ ਸਰਕਾਰੀ ਨੌਕਰੀ ਨਹੀਂ ਸੀ ਮਿਲੀ।
“ਹਾਂ! ਵੈਸੇ ਆਇਆ ਤਾਂ ਹੋਰ ਕੰਮ ਸੀ ਪਰ ਮੈਂ ਕਿਹਾ ਚਲੋ ਯੂਨੀਵਰਸਿਟੀ ਵੀ ਹੋ ਆਵਾਂ।” ਮੈਂ ਵੀ ਤਟਫ਼ਟ ਜਵਾਬ ਦਿੱਤਾ।
“ਯੂਨੀਵਰਸਿਟੀ ਤਾਂ ਜਾ ਆਏ ਜਨਾਬ ਪਰ ਯੂਨੀਵਰਸਿਟੀ ਵਾਲਿਆਂ ਦਾ ਖ਼ਿਆਲ ਹੀ ਨਾ ਆਇਆ?” ਉਹਦੇ ਏਸ ਸਵਾਲ ਨੂੰ ਮੈਂ ਹੱਸ ਕੇ ਟਾਲਣ ਲੱਗਾ ਤਾਂ ਉਹ ਬੋਲਿਆ, “ਇਉਂ ਕਰ…ਐਥੋਂ ਐਧਰ ਨੂੰ ਹੋ ਜਾਹ। ਅਸੀਂ ਮਟਕਾ ਚੌਂਕ ਵਿੱਚ ਆਂ…ਧਰਨਾ ਲਾਇਆ ਹੋਇਆ ਏ…ਸਕੂਲ ਕਾਲਜ ਖੁਲ੍ਹਵਾੳੇੁਣ ਦੀ ਬਾਬਤ।” ਧਰਨੇ ਦਾ ਨਾਂਅ ਸੁਣਦਿਆਂ ਹੀ ਮੈਨੂੰ ਚਿਹ ਚੜ੍ਹ ਗਈ ਪ੍ਰੰਤੂ ਰਾਜੇਸ਼ ਦੇ ਮੂੰਹ-ਮੁਲਾਹਜੇ ਕਰਕੇ ਮੈਂ ਆਟੋ ਵਾਲੇ ਨੂੰ ਮਟਕਾ ਚੌਂਕ ਵਿੱਚ ਲੈ ਜਾਣ ਲਈ ਆਖ ਦਿੱਤਾ। ਇਸ ਵਾਰੀ ਉਸ ਨਾਲ ਕੋਈ ਭਾਅ ਵੀ ਨਾ ਬਣਾਇਆ। ਉਸ ਨੇ ਵੀ ਸਾਹਮਣੇ ਦਿਸਦੇ ਚੌਂਕ ਤੋਂ ਤੁਰੰਤ ਆਟੋ ਘੁਮਾ ਲਿਆ, ਜਿਵੇਂ ਉਹਨੂੰ ਆਪਣੇ ਸੁੱਤੇ ਭਾਗ ਜਾਗ ਪੈਣ ਦੀ ਖੁਸ਼ੀ ਹੋ ਗਈ ਹੋਵੇ। ਮਟਕਾ ਚੌਂਕ ਪਹੁੰਚਿਆ ਤਾਂ ਮੁਜਾਹਰਾਕਾਰੀਆਂ ਦਾ ਠਾਠਾਂ ਮਾਰਦਾ ਇਕੱਠ ਮੇਰੀਆਂ ਅੱਖਾਂ ਸਾਹਵੇਂ ਸੀ। ਜਿਹੜਾ ਚੰਡੀਗੜ੍ਹ ਮੈਨੂੰ ਸੁੰਨਾ-ਸੁੰਨਾ ਜਾਪਦਾ ਸੀ, ਉਹ ਏਥੇ ਹੀ ਇਕੱਠਾ ਹੋਇਆ ਲੱਗਿਆ। ਧਰਨਾ-ਕਾਰੀਆਂ ਦੀ ਵੇਸ-ਭੂਸ਼ਾ ਵੇਖ ਕੇ ਲੱਗਦਾ ਸੀ ਜਿਵੇਂ ਸਕੂਲ-ਕਾਲਜਾਂ ਦੇ ਪ੍ਰਿੰਸੀਪਲ ਤੋਂ ਲੈ ਕੇ ਚਪੜਾਸੀ ਤੱਕ ਤੇ ਉਸ ਤੋਂ ਵੀ ਅੱਗੇ ਵਿਅਦਿਆਰਥੀਆਂ ਤੱਕ ਏਸ ਧਰਨੇ ਵਿੱਚ ਪੁੱਜੇ ਹੋਣ। ਏਨੇ ਇਕੱਠ ਵਿੱਚ ਰਾਜੇਸ਼ ਨੂੰ ਲੱਭਣਾ ਦਾਲ ’ਚੋਂ ਕੋਕੜੂ ਚੁਗਣ ਤੋਂ ਘੱਟ ਨਹੀਂ ਸੀ। ਮੈਂ ਉਹਨੂੰ ਇਉਂ ਲੱਭਣ ਦੀ ਬਜਾਏ ਧਰਨੇ ਵਿੱਚ ਬੈਠ ਕੇ ਫੋਨ ਕਰਨਾ ਹੀ ਠੀਕ ਸਮਝਿਆ। ਪੰਡਾਲ ਵਿੱਚ ਬੈਠਾ ਤਾਂ ਇਕ ਜਾਹੋ-ਜਲਾਲ ਵਾਲਾ ਚਿਹਰਾ ਸਟੇਜ ’ਤੇ ਤਕਰੀਰ ਕਰ ਰਿਹਾ ਸੀ। ਉਹਦੇ ਬੋਲ ਧਿੰਙੋਜ਼ੋਰੀ ਮੇਰੇ ਕੰਨਾਂ ਨੂੰ ਆਪਣੇ ਵੱਲ ਖਿੱਚਣ ਲੱਗੇ। ਫੋਨ ਲਾਉਣੋਂ ਪਹਿਲਾਂ ਮੈਂ ਉਸਦੇ ਬੋਲਾਂ ’ਤੇ ਗੌਰ ਕਰਨ ਲੱਗਾ। “……ਏਸ ਬੰਦ ਨਾਲ ਕੇਵਲ ਸਕੂਲਾਂ-ਕਾਲਜਾਂ ਵਿੱਚ ਕੰਮ ਕਰਦੇ ਨੁਮਾਇੰਦਿਆਂ ਦੇ ਰੁਜ਼ਗਾਰ ਨੂੰ ਹੀ ਸੱਟ ਨਹੀਂ ਲੱਗੀ ਬਲਕਿ ਸਕੂਲਾਂ-ਕਾਲਜਾਂ ਵਿੱਚ ਚੱਲਦੀਆਂ ਕੰਨਟੀਨਾਂ, ਬਾਹਰ ਲੱਗਦੀਆਂ ਰੇਹੜੀਆਂ, ਬੱਚਿਆਂ ਨੂੰ ਢੋਂਅਦੇ ਆਟੋ-ਰਿਕਸ਼ੇ, ਕੱਪੜੇ ਤੇ ਵਰਦੀਆਂ ਦੀਆਂ ਦੁਕਾਨਾਂ ਆਦਿ ਕਿੰਨੇ ਵੀਰਾਂ-ਭਾਈਆਂ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ। ਪੜ੍ਹਾਈ ਤੋਂ ਕੇਵਲ ਅਧਿਆਪਕਾਂ ਦਾ ਰੁਜ਼ਗਾਰ ਹੀ ਨਹੀਂ ਚੱਲਦਾ ਸਗੋਂ ਹੋਰ ਵੀ ਕਿੰਨੇ ਹੀ ਕਾਰਕੁੰਨ ਏਸ ਨਾਲ ਇੰਟਰਲਿੰਕਡ ਹਨ। ਚਲੋ ਖ਼ੈਰ! ਜੇ ਆਪਾਂ ਇਕੱਲੇ ਅਧਿਆਪਕਾਂ ਦੇ ਰੁਜ਼ਗਾਰ ਵੱਲੀਂ ਹੀ ਝਾਤ ਮਾਰੀਏ ਤਾਂ ਇਹ ਗੱਲ ਕਿਸੇ ਤੋਂ ਲੁਕੀ-ਛਿਪੀ ਨਹੀਂ ਕਿ ਪਿਛਲੇ ਸਾਲ ਕਿੰਨੇ ਅਧਿਆਪਕਾਂ ਨੂੰ ਜ਼ਬਰਦਸਤੀ ਪ੍ਰਾਈਵੇਟ ਅਦਾਰਿਆਂ ਵਿਚੋਂ ਹਟਾਇਆ ਗਿਆ। ਬਾਕੀ ਬਚਦੇ ਜੋ ਕੰਮ ਕਰਦੇ ਵੀ ਰਹੇ ਉਨ੍ਹਾਂ ਦੀਆਂ ਨਿਗੂਣੀਆਂ ਤਨਖਾਹਾਂ ਦੇ ਵੇਰਵੇ ਦੇਣ ਦੀ ਮੈਂ ਲੋੜ ਨਹੀਂ ਸਮਝਦਾ। ਮਿੱਤਰੋ! ਉਹ ਦਿਨ ਇਸ ਵਾਰੀ ਵੀ ਦੂਰ ਨਹੀਂ। ਹੋਰ ਸੁਣੋ! ਜਿਵੇਂ ਏਸ ਅੰਨ੍ਹੀ-ਬੋਲੀ ਸਰਕਾਰ ਨੇ ਸਾਡਾ ਖੇਤੀ ਸੈਕਟਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵੱਲ ਧੱਕ ਦਿੱਤਾ ਹੈ, ਤਿਵੇਂ ਹੁਣ ਸਾਡੀ ਸਿੱਖਿਆ ਦੀ ਵਾਰੀ ਹੈ। ਜੇ ਆਹੀ ਹਾਲ ਰਿਹਾ ਤਾਂ ਤੁਸੀਂ ਦੇਖੋਗੇ, ਸਾਡੇ ਬੱਚਿਆਂ ਨੂੰ ਆੱਨਲਾਈਨ ਕੋਰਸ ਖ੍ਰੀਦਣੇ ਪਿਆ ਕਰਨਗੇ ਔਰ ਇਨ੍ਹਾਂ ਕੋਰਸਾਂ ਨੂੰ ਵੇਚਣ ਵਾਲੇ ਹੋਣਗੇ, ‘ਇਹੀ ਕਾਰਪੋਰੇਟ ਘਰਾਣੇ’। ਇਨ੍ਹਾਂ ਕਾਰਪੋਰੇਟਰਾਂ ਨੇ ਕਿਸੇ ਇੱਕ-ਅੱਧੇ ਚੰਗੇ ਅਧਿਆਪਕ ਨੂੰ ਚੁੱਕ ਕੇ ਓਸ ਤੋਂ ਲੈਕਚਰ ਤਿਆਰ ਕਰਵਾ ਕੇ ਵੇਚਣੇ ਸ਼ੁਰੂ ਕਰ ਦੇਣੇ ਹਨ। ਹੋ ਸਕਦਾ ਹੈ ਓਸ ਅਧਿਆਪਕ ਨੂੰ ਇਹ 15-20 ਲੱਖ ਦਾ ਪੈਕੇਜ ਵੀ ਦੇ ਦੇਣ, ਪਰ ਵੀਰੋ! ਉਸ ਨਾਲ ਹੋਰ ਹਜ਼ਾਰਾਂ ਅਧਿਆਪਕਾਂ ਦੀ ਰੋਟੀ ਦਾ ਕੀ ਬਣੂੰ? ਇਹ ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ। ਬਾਕੀ ਜਿਸਨੂੰ ਇਹ ਪੈਕੇਜ ਮਿਲੇਗਾ ਵੀ, ਉਹ ਵੀ ਕੋਈ ਦੁਨੀਆਂ ਦਾ ਬਾਦਸ਼ਾਹ ਨਹੀਂ ਬਣਨ ਲੱਗਾ! ਓਸ ਤੋਂ ਵੀ ਇਨ੍ਹਾਂ ਘਰਾਣਿਆਂ ਨੇ ਕੰਮ ਲੈ ਕੇ ਢੂਹੇ ਵਿੱਚ ਲੱਤ ਮਾਰਦਿਆਂ ਦੇਰ ਨਹੀਂ ਲਾਉਣੀ। ਇਉਂ ਉਹ ਵੀ ਬਾਕੀਆਂ ਵਾਂਙੂੰ ਦਰ-ਦਰ ਦੀਆਂ ਠੋਕਰਾਂ ਦਾ ਮੁਹਤਾਜ ਬਣਕੇ ਰਹਿ ਜਾਵੇਗਾ। ਭਗਤ ਕਬੀਰ ਜੀ ਆਖਦੇ ਨੇ, ‘ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨੁ॥’ ਗੁਆਂਢੀ ਦੇ ਘਰ ਲੱਗੀ ਅੱਗ ਆਪਣੇ ਕੋਠੇ ਨੂੰ ਪੈਂਦਿਆਂ ਦੇਰ ਨਹੀਂ ਲਾਉਂਦੀ। ਸੋ, ਲੋੜ ਹੈ ਅਸੀਂ ਆਪਣੇ ਸੁਆਰਥ ਤੋਂ ਉਪਰ ਉਠਦਿਆਂ, ਘਿਉ ਸ਼ੱਕਰ ਹੋ ਕੇ ਇਕ ਦੂਜੇ ਦਾ ਸਾਥ ਦੇਈਏ…।” ਉਸ ਨੂੰ ਸੁਣਦਿਆਂ ਇਉਂ ਜਾਪਿਆ ਜਿਵੇਂ ਉਹ ਮੇਰੀ ਕਹਾਣੀ ਮੈਨੂੰ ਹੀ ਸੁਣਾ ਰਿਹਾ ਹੋਵੇ। ਮੈਨੂੰ ਓਥੇ ਬੈਠੇ ਨੂੰ ਧਰਤੀ ਵਿਹਲ ਨਾ ਦੇਵੇ। ਨੀਵੀਂ ਪਾਈ ਬੈਠੇ ਨੇ ਚੋਰ ਅੱਖ ਨਾਲ ਇਕੱਠ ਵੱਲ ਵੇਖਿਆ ਤਾਂ ਇਉਂ ਲੱਗਣ ਲੱਗਾ ਜਿਵੇਂ ਇਨ੍ਹਾਂ ਸਾਰਿਆਂ ਦਾ ਰੁਜ਼ਗਾਰ ਸਰਕਾਰ ਨੇ ਨਹੀਂ, ਸਗੋਂ ਮੈਂ ਖੋਹਿਆ ਹੋਵੇ। ਮੈਨੂੰ ਆਪਣਾ ਆਪ ਸਰਕਾਰ ਤੋਂ ਵੀ ਵੱਡਾ ਦੋਸ਼ੀ ਜਾਪ ਰਿਹਾ ਸੀ। ਮੇਰਾ ਮਨ ਦੋਸ਼ ਮੁਕਤ ਹੋਣ ਲਈ ਤੜਫਣ ਲੱਗਾ। ਗੁਨਾਹ ਬਖਸ਼ਾਉਣ ਦੇ ਨਾਲ-ਨਾਲ ਮੈਂ ਆਪਣੇ ਘਰ ਵੱਲ ਆਉਂਦੀ ਅੱਗ ਨੂੰ ਬੁਝਾਉਣ ਲਈ ਵੀ ਤਰਲੋ ਮੱਛੀ ਹੋ ਰਿਹਾ ਸਾਂ। ਪਾਣੀ ਬਣਦੇ ਜਾ ਰਹੇ ਸਰੀਰ ਨੂੰ ਮੈਂ ਪੂਰੀ ਹਿੰਮਤ ਜੁਟਾ ਕੇ ਉਥੋਂ ਉਠਾਇਆ ਤੇ ਰਾਜੇਸ਼ ਨੂੰ ਬਿਨਾਂ ਮਿਲੇ ਹੀ ਓਥੇ ਖੜ੍ਹਾ ਆਟੋ ਲੈ ਕੇ ਗ੍ਰੇਟਵੇਅ ਤੋਂ ਆਪਣਾ ਕੰਨਟ੍ਰੈਕਟ ਵਾਪਸ ਲੈਣ ਲਈ ਚੱਲ ਪਿਆ।