ਅਲੋਪ ਹੋ ਗਈਆਂ ਕਲਮਾਂ, ਦਵਾਤਾਂ ਤੇ ਫੱਟੀਆਂ
(ਲੇਖ )
ਜੇਕਰ ਸਮੇ ਦੇ ਬਦਲਦੇ ਰੰਗਾਂ ਵੱਲ ਵੇਖਿਆ ਜਾਵੇ ਤਾ ਸਮੇ ਦਾ ਹਰ ਪਲ ਆਪਣਾ ਰੰਗ ਬਦਲ ਰਿਹਾ ਹੈ ਅਤੇ ਵੇਖਦੇ ਹੀ ਵੇਖਦੇ ਕਦੋ ਕੋਈ ਚੀਜ਼ ਲੰਘੇ ਸਮੇ ਦੀ ਯਾਦ ਬਣ ਜਾਂਦੀ ਹੈ, ਇਸ ਦਾ ਪਤਾ ਹੀ ਨਹੀ ਚਲਦਾ। ਪੂਰਨੇ ਪਾ ਕੇ ਫੱਟੀਆਂ ਲਿਖਣਾ ਵੀ ਅੱਜ ਬੀਤੇ ਦੀਆਂ ਗੱਲਾਂ ਹੋ ਚੁੱਕੀਆਂ ਹਨ। ਥੋੜਾ ਪਿਛਾਂਹ ਵੱਲ ਝਾਤ ਮਾਰੀਏ ਤਾਂ ਪੜਾਈ ਨਾਲ ਜੁੜਿਆ ਕਿੰਨਾ ਕੁੱਝ ਯਾਦ ਆਉਣ ਲੱਗਦੈ। ਪਾਟੀ ਜਿਹੀ ਨਿੱਕਰ, ਪੈਰੀ ਚੱਪਲਾਂ, ਮੋਢੇ ’ਤੇ ਟੰਗਿਆਂ ਬੋਰੀ ਵਾਲਾ ਝੋਲਾ, ਪੋਣੇ ’ਚ ਬੰਨੀ ਰੋਟੀ ਤੇ ਹੱਥ ’ਚ ਫੜੀ ਲੱਕੜ ਦੀ ਫੱਟੀ। ਸਵੇਰ ਵੇਲੇ ਸਕੂਲ ਜਾ ਕੇ ਫੱਟੀਆਂ ਲਿਖਣੀਆਂ। ਦਵਾਤ ਵਿੱਚ ਸਿਆਹੀ ਘੋਲ ਕੇ ਕਾਨੇ ਦੀ ਕਲਮ ਨਾਲ ਫੱਟੀ ਲਿਖੀ ਜਾਂਦੀ ਸੀ। ਕਲਮ ਕਿਸੇ ਦੁਕਾਨ ’ਤੋ ਨਹੀਂ ਸੀ ਮਿਲਦੀ, ਇਹ ਤਾਂ ਆਪ ਹੀ ਘੜਨੀ ਪੈਦੀ ਸੀ। ਸਰਕੰਡੇ ਦਾ ਇਕ ਗਿੱਠ ਕੁ ਲੰਮਾ ਕਾਨਾ ਵੱਢ ਲਿਆਉਣਾ ਤੇ ਉਸ ਨੂੰ ਬਲੇਟ ਜਾਂ ਚਾਕੂ ਨਾਲ ਘੜ ਕੇ ਅੱਗੋ ਤਿੱਖੀ ਨੋਕ ਬਣਾ ਲੈਣੀ ਬੱਸ ਇਸ ਤਰਾਂ ਲਿਖਣ ਲਈ ਕਲਮ ਤਿਆਰ ਹੋ ਜਾਦੀ ਸੀ। ਫੱਟੀਆਂ ਲਿਖਣ ਵੇਲੇ ਕਮੀਜ਼ ਦੀਆਂ ਬਾਹਾਂ ਲਬੇੜ ਲੈਣੀਆਂ। ਫਿਰ ਅੱਥੀ ਛੁੱਟੀ ਵੇਲੇ ਝੋਲੇ ’ਚੋ ਗਾਚੀ (ਗਾਚੀ ਇਕ ਮਿੱਟੀ ਦਾ ਟੁਕੜਾ ਹੁੰਦਾ ਸੀ ਜੋ ਦੁਕਾਨਾਂ ਤੋ ਮਿਲਦਾ ਹੁੰਦਾ ਸੀ।) ਕੱਢ ਕੇ ਨਲਕੇ ਦੁਆਲੇ ਬੈਠ ਕੇ ਫੱਟੀਆਂ ਪੋਚਣੀਆਂ ਤੇ ਫੇਰ ਉਸ ਨੂੰ ਹੱਥ ’ਚ ਫੜ ਹਵਾ ’ਚ ਲਹਿਰਾਉਦੇ ਰਹਿੰਦੇ ਤੇ ਨਾਲ ਨਾਲ ਆਖਣਾ
ਸੂਰਜਾ, ਸੂਰਜਾ ਫੱਟੀ ਸੁਕਾ
ਨਹੀਂ ਸੁਕਾਉਣੀ, ਘਰ ਨੂੰ ਜਾਹ
ਬੱਚਿਆਂ ਦਾ ਮੰਨਣਾ ਸੀ ਕਿ ਇਸ ਤਰਾਂ ਕਹਿਣ ਨਾਲ ਫੱਟੀਆਂ ਛੇਤੀ ਸੁੱਕ ਜਾਂਦੀਆ ਸਨ। ਫੱਟੀ ਪੋਚਣਾ ਬੱਚਿਆਂ ਦਾ ਸਭ ਤੋ ਜਰੂਰੀ ਕੰਮ ਹੁੰਦਾ ਸੀ। ਫੱਟੀ ਸਕਾਉਣ ਤੋ ਬਾਅਦ ਦਵਾਤ ਵਿੱਚ ਸਿਆਹੀ ਦੀਆਂ ਪੁੜੀਆਂ ਤੇ ਥੋੜਾ ਜਿਹਾ ਪਾਣੀ ਪਾ ਆਖਣਾ
ਆਲੇ ਵਿੱਚ ਬੇਬੇ,
ਸਿਆਹੀ ਮੇਰੀ ਲੇਬੇ
‘ਲੇਬੇ’ ਭਾਵ ਸੰਘਣੀ , ਕਿਉਕਿ ਜੇ ਸਿਆਹੀ ਜਿਆਦਾ ਪਤਲੀ ਹੋ ਜਾਂਦੀ ਤਾਂ ਫੱਟੀ ਸੋਹਣੀ ਨਹੀਂ ਸੀ ਲਿਖੀ ਜਾਂਦੀ। ਦਵਾਤ ਵਿੱਚ ਸਿਆਹੀ ਘੋਲਣ ਤੋ ਬਾਅਦ ਬੱਚੇ ਫੱਟੀ ਉੱਤੇ ਇਕ ਪਾਸੇ ਗਿਣਤੀ ਜਾਂ ਪਹਾੜੇ ਲਿਖਦੇ ਤੇ ਦੂਜੇ ਪਾਸੇ ਜਮਾਤ ਦਾ ਮਨੀਟਰ ਕੋਈ ਪਾਠ ਬੋਲਦਾ ਤੇ ਸਾਰੇ ਬੱਚੇ ਆਪਣੀਆਂ ਫੱਟੀਆਂ ’ਤੇ ਬੜੇ ਠਰੰਮੇ ਤੇ ਸਲੀਕੇ ਨਾਲ ਤੱਪੜਾਂ ’ਤੇ ਬੈਠ ਕੇ ਲਿਖਦੇ ਸਨ। ਜਿਹੜਾ ਸਭ ਤੋ ਸੋਹਣੀ ਫੱਟੀ ਲਿਖਦਾ, ਉਸ ਨੂੰ ਮਾਸਟਰ ਮਾਸਟਰਨੀਆਂ ਵੱਲੋ ‘ਵੈਰੀ ਗੁੱਡ’ ਦਿੱਤੀ ਜਾਂਦੀ। ਸੋਹਣੀ ਫੱਟੀ ਲਿਖਣ ਕਰਕੇ ਇਕ ਨੂੰ ਵੈਰੀ ਗੁੰਡ ਮਿਲਣੀ ਤਾਂ ਸਭ ਨੇ ਉਸ ਵਰਗੇ ਬਣਨ ਦੀ ਕੋਸ਼ਿਸ ਕਰਨੀ। ਪਹਿਲਾਂ ਸਕੂਲਾਂ ਅੰਦਰ ਫੱਟੀਆਂ ’ਤੇ ਸੁੰਦਰ ਲਿਖਾਈ ਦੇ ਮੁਕਾਬਲੇ ਅਕਸਰ ਕਰਵਾਏ ਜਾਂਦੇ ਸਨ। ਤੱਪੜਾਂ ’ਤੇ ਬੈਠੇ ਨਿਆਣਿਆਂ ਦੀ ਗਾਂਚੀ, ਕਲਮ, ਦਵਾਤ ਤੇ ਫੱਟੀ ਨਾਲ ਸਭ ਤੋ ਵੱਧ ਨੇੜਤਾ ਹੁੰਦੀ ਸੀ। ਵਾਰ ਵਾਰ ਫੱਟੀ ਲਿਖਣ ਨਾਲ ਬੱਚਿਆਂ ਦੀ ਲਿਖਾਈ ਵਿੱਚ ਬਹੁਤ ਸੁਧਾਰ ਹੁੰਦਾ ਸੀ। ਪਰ ਅੱਜ ਸਭ ਕੁੱਝ ਬਦਲਿਆ ਬਦਲਿਆ ਨਜ਼ਰ ਆ ਰਿਹੈ। ਹੁਣ ਕਲਮਾਂ ਤੇ ਫੱਟੀਆਂ ਦੀ ਜਗਾ ਕਾਪੀਆਂ ਤੇ ਬਾਲ ਪੈਨਸਿਲਾਂ ਨੇ ਲੈ ਲਈ ਹੈ,ਸਲੇਟਾਂ ਦੀ ਥਾ ਬਲੈਕ ਬੋਰਡ ਤੇ ਬਲੈਕ ਬੋਰਡਾਂ ਦੀ ਥਾਂ ਹੁਣ ਲੈਪਟਾਪ ਆਉਦੇ ਜਾ ਰਹੇ ਨੇ। ਜਿਸ ਨਾਲ ਪੰਜਾਬੀ ਦੀ ਲਿਖਾਈ ਦੀ ਸੁੰਦਰਤਾ ਵਿਗੜਦੀ ਜਾ ਰਹੀ ਹੈ। ਬੱਚੇ ਅੱਖਰ ਲਿਖ ਜਰੂਰ ਲੈਦੇ ਹਨ ਪਰ ਉਨਾਂ ਨੂੰ ਅੱਖਰਾਂ ਦੀ ਸਹੀ ਬਣਾਵਟ ਦਾ ਬਿਲਕੁਲ ਪਤਾ ਨਹੀਂ ਚੱਲਦਾ। ਅੱਜ ਸਕੂਲਾਂ ਅੰਦਰ ਸੁੰਦਰ ਲਿਖਾਈ ਦੀ ਹਾਲਤ ਕਾਫੀ ਤਰਸਯੋਗ ਹੈ। ਫੱਟੀਆਂ ਵਾਲੇ ਵੇਲਿਆਂ ਦੇ ਬੱਚਿਆਂ ਦੀ ਲਿਖਾਈ ਵਿੱਚ ਤੇ ਅੱਜ ਦੇ ਬੱਚਿਆਂ ਦੀ ਲਿਖਾਈ ਜ਼ਮੀਨ ਅਸਮਾਨ ਦਾ ਫਰਕ ਨਜਰ ਆਉਦਾ ਹੈ। ਸੋ ਲੋੜ ਹੈ, ਅੱਜ ਪੰਜਾਬ ਦੇ ਸਕੂਲਾਂ ਅੰਦਰ ਬੱਚਿਆਂ ਦੀ ਲਿਖਾਈ ਦੇ ਸੁਧਾਰ ਲਈ ਘੱਟੋਘੱਟ ਪਹਿਲੀ ਤੋ ਲੈ ਕੇ ਤੀਜੀ ਜਮਾਤ ਤੱਕ ਫੱਟੀਆਂ ਲਾਜ਼ਮੀ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਤਾਂ ਜੋ ਬੱਚਿਆਂ ਦੀ ਵਿਗੜ ਰਹੀ ਲਿਖਾਈ ਵਿੱਚ ਸੁਧਾਰ ਕੀਤਾ ਜਾ ਸਕੇ।