ਲੜਨੀ ਯਾਰੋ ਜਾਣਦੇ, ਹਾਂ ਹੱਕਾਂ ਦੀ ਜੰਗ।
ਜਿਸ ਦਾ ਸਾਨੂੰ ਦੱਸਿਆ, ਸਾਡੇ ਪੀਰਾਂ ਞੰਗ।
ਲੜਨ ਲੜਾਈ ਹੱਕ ਦੀ, ਬੈਠੇ ਹੱਦਾਂ ਮੱਲ!
ਹੋਊ ਜਿੱਤ ਜ਼ਮੀਰ ਦੀ, ਅੱਜ ਨਹੀਂ ਤਾਂ ਕੱਲ।
ਮੁੱਢ ਕਦੀਮੋਂ ਚੱਲਦਾ, ਸੱਚ ਜਬਰ ਦਾ ਵੈਰ।
ਲੱਗਣ ਦਿੰਦਾ ਸੱਚ ਹੈ, ਕਦ ਜਾਬਰ ਦੇ ਪੈਰ।
ਮਿਲਗੇ ਨਾਲ ਸਬੱਬ ਦੇ, ਚਿਰ ਦੇ ਵਿਛੜੇ ਵੀਰ।
ਇਕ ਭਾਂਡੇ ਵਿੱਚ ਰਿੰਨਦੇ, ਦੋਵੇਂ ਬੈਠੇ ਖੀਰ।
ਡਟਕੇ ਲੜਦੇ ਹਾਂ ਅਸੀਂ, ਹੱਕਾਂ ਦਾ ਇਹ ਘੋਲ।
ਦੇਵੋ ਜਿੰਦਾਬਾਦ ਦੇ, ਰਲ ਜੈਕਾਰੇ ਬੋਲ।
ਹੋਰ ਨਹੀਂ ਕੁਝ ਮੰਗਦੇ, ਦੇਵੋ ਵੀਰੋ ਸਾਥ।
ਵੇਖਿਉ ਗੋਡੇ ਟੇਕਦੇ, ਮੋਦੀ ਖੱਟਰ ਨਾਥ।
ਬਾਬੇ ਵੇਖੋ ਗੜਕਦੇ, ਬੈਠੇ ਨੇ ਵਿਚ ਸੱਥ।
ਮੋਦੀ ਮਾਫੀ ਮੰਗਣੀ , ਲਾ ਕੰਨਾਂ ਨੂੰ ਹੱਥ।
ਕੱਠੇ ਹੋ ਕੇ ਬੈਠਗੇ, ਹੱਦਾਂ ਤੇ ਪਰਿਵਾਰ।
ਆਖਣ ਮੁੜਨਾ ਜਿੱਤਕੇ, ਜਾਂ ਫਿਰ ਆਪਾ ਵਾਰ।
ਨੇਤਾਵਾਂ ਤੇ ਮਾਣ ਹੈ, ਉਹ ਨੀ ਸਕਦੇ ਹਾਰ।
ਛੇਤੀ ਗੋਡੇ ਟੇਕ ਦੂ, ਵੇਖ ਲਈਂ ਸਰਕਾਰ।
ਇਕ ਪਾਸੇ ਹਨ ਮੰਨਦੇ, ਬਣਗੇ ਗਲਤ ਕਨੂੰਨ।
ਆਖਣ ਬਦਲੋ ਨਾਮ ਨਾ, ਬਦਲ ਲਵੋ ਮਜਬੂਨ।
ਤੰਬੂ ਲਾ ਕੇ ਬੈਠਗੇ, ਲੰਗਰ ਦਿੱਤੇ ਚਲਾ,
ਮੰਗਣ ਇਹ ਸਰਬੱਤ ਦਾ ਦੋਵੇਂ ਵੇਲੇ ਭਲਾ।
ਢਿੱਡ ਭਰੇ ਇਹ ਦੇਸ਼ ਦਾ, ਭੂੱਖਾ ਰਹਿ ਕੇ ਆਪ।
ਕਾਰਨ ਮਾੜੇ ਲੀਡਰਾਂ , ਭੋਗ ਰਿਹਾ ਸੰਤਾਪ।
ਹੱਕਾਂ ਖਾਤਰ ਜੂਝਣਾ, ਸਿੱਖ ਗਿਆ ਕਿਰਸਾਨ ।
ਤਾਂ ਹੀ ਸਿੱਧੂ ਸਮਝਦਾ , ਹੱਕੋਂ ਸਸਤੇ ਪ੍ਰਾਣ ।