ਕੱਚਾ ਹੁੰਦਾ ਸੀ ਰਸਤਾ,
ਹਲਾਤ ਹੁੰਦੇ ਸੀ ਖਸਤਾ,
ਬੋਰੀ ਦਾ ਬਣਿਆ ਬਸਤਾ,
ਸਭ ਕੁੱਝ ਹੁੰਦਾਂ ਸੀ ਸਸਤਾ,
ਜਦੋਂ ਮੈਂ ਪੜ੍ਹਿਆ!
ਮੌਸਮ ਹੋਣਾ ਜਦੋਂ ਖਰਾਬ,
ਮੀਂਹ ਪੈਣਾ ਬੇ-ਹਿਸਾਬ,
ਚੁੱਕਣੇ ਹੱਥ ਵਿੱਚ ਬੂਟ ਜੁਰਾਬ,
ਭਿੱਜਣੋ ਬਚਾਉਣੀ ਕਾਪੀ ਕਿਤਾਬ,
ਜਦੋਂ ਮੈਂ ਪੜ੍ਹਿਆ!
ਵਰਦੀ ਸੀ ਨੀਲੀ ਖਾਖੀ,
ਕੋਈ ਕਰਦਾ ਨਹੀ ਸੀ ਰਾਖੀ,
ਫੀਸ ਦੀ ਸੀ ਲੱਗਭਗ ਮਾਫੀ,
ਬੜੀ ਸਸਤੀ ਸੀ ਉਦੋਂ ਕਾਪੀ,
ਜਦੋਂ ਮੈਂ ਪੜ੍ਹਿਆ!
ਕਦੇ ਕਦੇ ਹੁੰਦਾਂ ਸੀ ਨਾਹੁਣਾ,
ਮੂੰਹ ਧੋ ਕੇ ਕੰਮ ਚਲਾਉਣਾ,
ਸਿਰ ਨੂੰ ਦੇਸੀ ਤੇਲ ਲਗਾਉਣਾ,
ਵਾਲ ਸਿੱਧ ਪੱਧਰੇ ਜਿਹੇ ਵਾਹੁਣਾ,
ਜਦੋਂ ਮੈਂ ਪੜ੍ਹਿਆ!
ਮਾਸਟਰ ਹੁੰਦੇ ਸੀ ਚੰਗੇ,
ਡਸਟਰ ਹੁੰਦੇ ਸੀ ਬੇਢੰਗੇ,
ਬਲੈਕ ਬੋਰਡ ਸੀ ਅੱਧਰੰਗੇ,
ਸੁਪਨੇ ਰੱਖਣੇ ਰੰਗ ਬਰੰਗੇ,
ਜਦੋਂ ਮੈਂ ਪੜ੍ਹਿਆ!
ਮਾਸਟਰ ਜੀ ਜਦੋਂ ਪੜਾਉਣਾ,
ਵਾਰ-ਵਾਰ ਸਾਨੂੰ ਸਮਝਾਉਣਾ,
ਜੇ ਫੇਰ ਵੀ ਸਮਝ ਨਾ ਆਉਣਾ,
ਚੱਜ ਨਾਲ ਲੰਬੇ ਪਾਉਣਾ,
ਜਦੋਂ ਮੈਂ ਪੜ੍ਹਿਆ!
ਸਾਰੀ ਘੰਟੀ ਜੀਅ ਘਬਰਾਉਣਾ,
ਕੰਨ ਫੜ੍ਹਕੇ ਮੁਰਗੇ ਬਣਾਉਣਾ,
ਪੈਂਟਾਂ ਦੋ-ਦੋ ਪਾਕੇ ਜਾਣਾ,
ਡੰਡਾ ਰੂਹ ਨਾਲ ਵਰਾਉਣਾ,
ਜਦੋਂ ਮੈਂ ਪੜ੍ਹਿਆ!
ਮੋੜਾਂ ਤੇ ਨਾ ਸੀ ਖੜਦੇ,
ਨਾ ਕਿਸੇ ਨਾਲ ਲੜਦੇ,
ਨਾ ਕਿਸੇ ਤੋਂ ਸੜਦੇ,
ਸਦਾ ਰਹੇ ਪੜ੍ਹਾਈ ਕਰਦੇ,
ਜਦੋਂ ਮੈਂ ਪੜ੍ਹਿਆ!
ਮਿਲਦਾ ਨਹੀ ਸੀ ਖਰਚਾ ਪਾਣੀ,
ਫਿਰ ਵੀ ਰੱਜ-ਰੱਜ ਖੁਸ਼ੀ ਮਾਣੀ,
ਮੇਰੇ ਵਰਗੇ ਸੀ ਮੇਰੇ ਹਾਣੀ,
ਕਦੇ ਸੋਚ ਨਾ ਰੱਖੀ ਕਾਣੀ,
ਜਦੋਂ ਮੈਂ ਪੜ੍ਹਿਆ!
ਟਾਵਾਂ-ਟਾਵਾਂ ਹੁੰਦਾਂ ਸੀ ਪਾਸ ,
ਸਭ ਦੀ ਹੋਣੀ ਰੱਬ ਤੇ ਆਸ,
ਨਤੀਜਾ ਹੁੰਦਾ ਸੀ ਬੜਾ ਖਾਸ,
ਔਖੇ-ਔਖੇ ਆਉਣੇ ਸੁਆਸ,
ਜਦੋਂ ਮੈਂ ਪੜ੍ਹਿਆ!
ਨਤੀਜਾ ਜਿਸ ਦਿਨ ਆਉਣਾ,
ਮੂੰਹ ਤੇ ਇੱਕੋ ਹੁੰਦਾਂ ਸੀ ਗਾਣਾ,
31 ਮਾਰਚ ਦਿਨ ਕਲੱਛਣਾ,
ਕਿਸੇ ਨੇ ਰੋਣਾ ਕਿਸੇ ਨੇ ਹੱਸਣਾ!
ਜਦੋਂ ਮੈਂ ਪੜ੍ਹਿਆ!