ਹੱਕ ਸਾਡੇ ਜੋ ਖੋੰਹਦੇ ਹਾਕਮ
ਫਿਰ ਵੀ ਰੱਖਦੇ ਪਰਦੇ ਪਰਦੇ
ਭੋਲੇ ਲੋਕ ਖ਼ਾਮੋਸ਼ ਨੇ ਰਹਿੰਦੇ
ਕੁਝ ਨਾ ਬੋਲਣ ਡਰਦੇ ਡਰਦੇ।
ਸੀਸ ਤਲੀ ਤੇ ਰੱਖ ਕੇ ਜਿਹੜੇ
ਜੰਗ ਮੈਦਾਨੇ ਕੁੱਦ ਪੈਂਦੇ ਜੋ
ਹਾਥੀ ਵਰਗਾ ਜਿਗਰਾ ਰੱਖ ਕੇ
ਜਿੱਤ ਜਾਂਦੇ ਉਹ ਹਰਦੇ ਹਰਦੇ।
ਕਾਇਰ ਕਹਾਉੰਦੇ ਬੁਜਦਿਲ ਨੇ ਉਹ
ਡਰਦੇ ਰਹਿੰਦੇ ਲਹਿਰਾਂ ਤੋਂ
ਦੁਸ਼ਮਣ ਦੀ ਚੁੰਗਲ ਵਿੱਚ ਫਸਦੇ
ਉਸਦਾ ਪਾਣੀ ਭਰਦੇ ਭਰਦੇ।
ਔਖੇ ਪੈਂਡੇ ਕੁਰਬਾਨੀ ਦੇ
ਸੂਰਜ ਦੀ ਕੁੱਖ ਵਿੱਚ ਸਾਹ ਲੈਂਦੇ
ਮਾਛੀਵਾੜੇ ਜੰਗਲ਼ ਵਿੱਚੋਂ
ਲੱਭ ਲੈਂਦੇ ਰਾਹ ਠਰਦੇ ਠਰਦੇ।
ਵਤਨ ਕੌਮ ਲਈ ਮਰ ਮਿਟਣੇ ਦੀ
ਸਿਰ ਧੜ ਦੀ ਜਿੰਨ੍ਹਾ ਸਹੁੰ ਖਾਧੀ
ਫਾਂਸੀ ਰੱਸੇ ਚੁੰਮ ਲੈਂਦੇ ਨੇ
ਲੱਖ ਤਸੀਹੇ ਜਰਦੇ ਜਰਦੇ।
ਹਉਮੈ ਤਾਜ ਸਜਾ ਕੇ ਜਿਹੜੇ
ਰੇਤ ਦੇ ਮਹਿਲ ਉਸਾਰੀ ਜਾਵਣ
ਆਖਰ ਨੂੰ ਢਹਿ ਢੇਰੀ ਹੋਣੇ
ਰੋਜ਼ ਬਨੇਰੇ ਖਰਦੇ ਖਰਦੇ।
ਨਜਾਤ ਗੋਰਿਆਂ ਤੋਂ ਪਾ ਬੈਠੇ
ਦੇਸੀ ਕਾਲਿਆਂ ਦਾ ਕੀ ਕਰੀਏ?
‘ਕਾਉੰਕੇ’ਤੇ ਵੀ ਸਿਤਮ ਨੇ ਢਾਹੁੰਦੇ
ਕਹਿਕੇ ਅਸੀਂ ਹਾਂ ਘਰ ਦੇ ਘਰ ਦੇ।