ਤੁਰ ਗਿਆ ਤੂੰ ਉਸ ਅਣਜਾਣ ਦੁਨੀਆਂ ਵਿੱਚ
ਜਿਥੋਂ ਕੋਈ ਕਦੇ ਮੁੜ ਵਾਪਿਸ ਨਹੀਂ ਆਇਆ।
ਕਿਉਂ ਮਜਬੂਰ ਹੋ ਗਿਆ ਤੂੰ ਵਕਤ ਦੇ ਹੱਥੋਂ,
ਦੋਸ਼ ਵੀ ਤਾਂਂ ਨਹੀਂ ਦੇ ਸਕਦੇ ਕਿਸੇ ਨੂੰ।
ਤੇਰੀ ਹੀ ਨਹੀਂ, ਘਰ ਦਿਆਂ ਦੀ ਵੀ ਮਜਬੂਰੀ ਸੀ
ਤੇਰੀ ਤੰਦਰੁਸਤੀ ਲਈ, ਤੈਨੂੰ ਹਸਪਤਾਲ ਵੱਲ੍ਹ ਰੁੱਖਸਤ ਕਰਨਾ।
ਕੀ ਪਤਾ ਸੀ ਕਿ ਨਹੀਂ ਪਰਤਣਾ
ਤੂੰ ਇਨ੍ਹਾਂ ਰਾਹਾਂ ਵੱਲ੍ਹ,
ਕਰਦੇ ਰਹੇ ਅਸੀਂ ਅਰਦਾਸਾਂ
ਤੇਰੀ ਸਿਹਤ-ਯਾਬੀ ਦੀਆਂ।
ਅਜੇ ਡੇਢ ਮਹੀਨੇ ਪਹਿਲਾਂ ਦੀ ਹੀ ਤਾਂ ਗੱਲ ਹੈ
ਜਦੋਂ ਮਿਲੇ ਸੀ ਅਸੀਂ ਸਾਰੇ
ਬਾਪੂ ਨੂੰ ਇਸ ਫਾਨੀ ਦੁਨੀਆਂ ਤੋਂ ਰੁਖਸਤ ਕਰਨ ਲਈ।
ਕੀ ਪਤਾ ਸੀ ਕਿ ਤੇਰੇ ਨਾਲ ਵੀ
ਸਾਡੀ ਇਹ ਆਖਰੀ ਮਿਲਣੀ ਹੈ।
ਕਦੇ ਸੋਚਿਆ ਹੀ ਨਹੀਂ ਸੀ
ਸਾਡਾ ਸੱਭ ਦਾ ਖਿਆਲ ਰੱਖਣ ਵਾਲਾ ਸ਼ਖਸ
ਖੁਦ ਵੀ ਸਾਥੌਂ ਦੂਰ ਜਾਣ ਦੀ ਤਿਆਰੀ ਕਰੀ ਬੈਠਾ ਹੈ।
ਕਹਿੰਦੇ ਨੇ ਕਿ ਜਿਸ ਦੀ ਲੋੜ
ਇਸ ਜਹਾਨ ਨੂੰ ਹੁੰਦੰੀ ਹੈ
ਉਸੇ ਦੀ ਲੋੜ ਰੱਬ ਨੂੰ ਵੀ ਪੈ ਜਾਂਦੀ ਹੈ।
ਕੋਈ ਚਾਰਾ ਵੀ ਤਾਂ ਨਹੀਂ ਚਲਦਾ
ਬਸ ਹਾਰ ਜਾਂਦਾ ਹੈ ਬੰਦਾ ਇਸ ਪੜ੍ਹਾ ਤੇ ਆ ਕੇ।
ਰਹਿਣਾ ਪੈਂਦਾ ਹੈ ਰੱਬ ਦੀ ਰਜ਼ਾ ਵਿੱਚ
ਬਿਨਾਂ ਕੋਈ ਗ਼ਿਲਾ-ਸ਼ਿਕਵਾ ਕੀਤੇ।
ਪਰ ਕੀ ਕਰੀਏ ਇਸ ਮੰਨ ਦਾ
ਜੋ ਸਮਝਾਇਆਂ ਵੀ ਨਹੀਂ ਸਮਝਦਾ।
ਤੂੰ ਆਖਦਾ ਸੀ ਆਪਣੀ ਜੀਵਨ-ਸਾਥਣ ਨੂੰ
ਰੋਇਆ ਕਰੇਂਗੀ ਮੈਂਨੂੰ ਯਾਦ ਕਰ ਕਰ ਕੇ।
ਤੂੰ ਤਾਂ ਸਾਰੀਆਂ ਉਮਰਾਂ ਦਾ ਰੋਣਾ
ਪਾ ਗਿਆ ਏਂ ਪੱਲੇ।
ਸਾਨੂੰ ਸਭ ਨੂੰ ਇਕਠਿਆਂ ਬੈਠ ਕੇ
ਰੋਣ ਦਾਂ ਮੌਕਾ ਵੀ ਤਾਂ ਨਹੀਂ ਮਿਲਿਆ।
ਅੱਜ ਤੇਰਾ ਟੱਬਰ ਹੀ ਨਹੀਂ
ਸਾਰੇ ਰਿਸ਼ਤੇ-ਨਾਤੇ ਤੜਪ ਰਹੇ ਨੇ।
ਤੇਰੀ ਇਕ ਝਲਕ ਪਾਉਣ ਲਈ।
ਅੱਜ ਪੂਰਾ ਇਕ ਮਹੀਨਾ ਹੋ ਗਿਆ
ਤੈਨੂੰ ਸਾਥੋਂ ਵੱਖ ਹੋਇਆਂ
ਭਾਲ ਰਹੇ ਹਾਂ ਅੱਜ ਵੀ ਦੂਰ ਤੱਕ
ਤੇਰੀਆਂ ਨਿਰਮਲ ਪੈੜਾਂ ਨੂੰ।