ਠੰਢ ਕਾਫੀ ਵਧ ਗਈ ਸੀ, ਦਾਦੀ ਮਾਂ ਆਪਣੇ ਤਿੰਨਾਂ ਪੋਤੇ ਪੋਤੀਆਂ ਦਵਾਲੇ ਰਜ਼ਾਈ ਘੁੱਟ ਕੇ ਲਪੇਟਦੀ ਹੋਈ ਰੋਜ਼ ਵਾਂਗ ਗੁਰੂਆਂ ਅਤੇ ਯੋਧਿਆਂ ਦੀਆਂ ਬਾਤਾਂ ਸੁਣਾਉਣ ਲਈ ਤਿਆਰ ਹੋ ਰਹੀ ਸੀ ਕਿ ਅਚਾਨਕ ਛੋਟਾ ਸੈਮੀ ਬੋਲਿਆ, “ ਬੀ ਜੀ! ਡੈਡੀ ਤੇ ਬਾਪੂ ਜੀ ਅੱਜ ਵੀ ਨਹੀਂ ਆਏ ”
“ ਕਦੇ ਤੁਸੀਂ ਕਹਿੰਦੇ ਖੇਤ ਗਏ, ਕਦੇ ਕਹਿੰਦੇ ਸ਼ਹਿਰ ਗਏ, ਸੱਚੀਂ ਦੱਸੋ ਕਿੱਥੇ ਗਏ ਨੇ?” ਇਹ ਵਿਚਕਾਰਲਾ ਲਵਲੀ ਸੀ।
“ ਮੈਨੂੰ ਪਤਾ, ਦਿੱਲੀ ਗਏ ਨੇ, ਆਪਣੀਆਂ ਪੈਲੀਆਂ ਵਸਤੇ…” ਸਭ ਤੋਂ ਵੱਡੀ ਪਿੰਕੀ ਨੇ ਕਿਹਾ।
ਦਾਦੀ ਨੇ ਗੱਲ ਨੂੰ ਮੋੜਾ ਦੇਣ ਲਈ ਕਾਹਲੀ ਨਾਲ ਬੋਲਣਾ ਸ਼ੁਰੂ ਕੀਤਾ, “ ਅੱਜ ਮੈਂ ਤੁਹਾਨੂੰ ਬੰਦਾ ਬਹਾਦਰ….”
“ ਨਹੀਂ ਨਹੀਂ, ਪਹਿਲਾਂ ਦੱਸੋ ਦਿੱਲੀ ਕੀ ਕਰਨ ਗਏ? ਹੁਣ ਤਾਂ ਬਹੁਤ ਦਿਨ ਹੋ’ਗੇ ”
ਹਾਰ ਕੇ ਦਾਦੀ ਬੋਲੀ, “ ਮੋਦੀ ਨੇ ਆਪਣੀਆਂ ਪੈਲੀਆਂ ਵੱਡੇ ਸੇਠਾਂ ਨੂੰ ਦੇਣ ਦਾ ਫ਼ੈਸਲਾ ਕਰ ਲਿਐ, ਉਹਨੂੰ ਮਨਾਉਣ ਗਏ ਐ ”
“ ਬੀ ਜੀ! ਉਹੀ ਮੋਦੀ? ਜਿਹੜਾ ਕਦੇ ਕਦੇ ਟੀਵੀ ’ਤੇ ਆਉਂਦਾ ਹੁੰਦੈ? ਮਾਸਟਰ ਜੀ ਸਾਨੂੰ ਸਾਰੇ ਬੱਚਿਆਂ ਨੂੰ ਦਿਖਾਉਂਦੇ ਹੁੰਦੇ ਐ ” ਪਿੰਕੀ ਨੇ ਪੁੱਛਿਆ।
“ ਆਹੋ ਪੁੱਤ..ਉਹੀ…”
“ ਪਰ ਬੀ ਜੀ! ਉਹ ਪੈਲੀਆਂ ਸੇਠਾਂ ਨੂੰ ਕਿਉਂ ਦੇਣਾ ਚਾਹੁੰਦੈ? ਨਾਲੇ ਉਹ ਸੇਠ ਕਿਹੜੇ ਐ ਐਹੋ ਜਹੇ? ਪੱਕੇ ਯਾਰ ਹੋਣੇ ਐ ਮੋਦੀ ਦੇ ” ਲਵਲੀ ਹੈਰਾਨ ਸੀ।
“ ਵੇ ਉਹੀ ਮਰ ਜਾਣੇ ਅੰਬਾਨੀ ਅਡਾਨੀ, ਜਿਹਨਾਂ ਸਾਰਾ ਪੁਆੜਾ ਪਾਇਐ, ਮੋਦੀ ਆਪਾਂ ਸਾਰਿਆਂ ਦੀਆਂ ਪੈਲੀਆਂ ਉਹਨਾਂ ਨੂੰ ਦੇ ਦਊ ਤੇ ਆਪ ਉਹਨਾਂ ਤੋਂ ਪੈਸੇ ਲੈ ਕੇ ਰਾਜਾ, ਨਹੀਂ ਸੱਚ ਪ੍ਰਧਾਨ ਮੰਤਰੀ ਬਣ ਕੇ ਰਹੂ ”
“ ਬੀ ਜੀ!ਹੁਣ ਆਪਾਂ ਕੀ ਕਰਾਂਗੇ? ”
“ ਜੋ ਤੁਹਾਡੇ ਬਾਪੂ ਜੀ ਤੇ ਡੈਡੀ ਕਰ ਰਹੇ ਨੇ ”
“ ਨਹੀਂ ਨਹੀਂ,ਅਸੀਂ ਤਿੰਨੇ?...ਬੀ ਜੀ ਆਪਾਂ ਸਾਰੇ ਉਥੇ ਜਾ ਕੇ ਮੋਦੀ ਨੂੰ ਮਨਾਈਏ, ਜੇ ਨਾ ਮੰਨੇ ਤਾਂ ਰਲ਼ ਕੇ ਬਹੁਤ ਕੁੱਟੀਏ..”
“ ਵੇ ਬਸ ਮੇਰਿਓ ਸ਼ੇਰੋ! ਅਜੇ ਤੁਸੀਂ ਛੋਟੇ ਛੋਟੇ ਓ, ਘਰੇ ਰਹਿ ਕੇ ਆਪਣੀ ਮੰਮੀ ਦੀ ਪਸ਼ੂ-ਢਾਂਡਾ ਸਾਂਭਣ ’ਚ ਮੱਦਦ ਕਰਿਆ ਕਰੋ, ਵਿਚਾਰੀ ਖੇਤਾਂ ਦਾ ਕੰਮ ਕਰਦੀ ਕਿੰਨੀ ਥੱਕ ਜਾਂਦੀ ਐ ”
“ ਤੇ ਮੈਂ ਮੰਮੀ ਦਾ ਚੁਲ੍ਹੇ ਚੌਂਕੇ ’ਚ ਹੱਥ ਵਟਾਊਂ..” ਪਿੰਕੀ ਜੋਸ਼ੀਲੀ ਆਵਾਜ਼ ਵਿੱਚ ਬੋਲੀ।
“ ਚੰਗਾ ਮੇਰਾ ਪੁੱਤ! ਸੌਂ ਜਾਓ ਹੁਣ, ਕਲ੍ਹ ਤੋਂ ਖਾ ਪੀ ਕੇ ਤਕੜੇ ਬਣਿਓ, ਕੀ ਪਤਾ ਵੱਡੇ ਹੋ ਕੇ ਇਹੋ ਜਿਹੀ ਜੰਗ ਤੁਹਾਨੂੰ ਵੀ ਲੜਨੀ ਪਏ ”