ਪੰਜਾਬ (ਕਵਿਤਾ)

ਅਮਰਿੰਦਰ ਕੰਗ   

Email: gabber.amrinder@gmail.com
Cell: +91 97810 13315
Address: ਕੋਟ ਈਸੇ ਖਾਂ
ਮੋਗਾ India
ਅਮਰਿੰਦਰ ਕੰਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਆ ਜਾ ਵੇ  ਸੁਣਾਵਾਂ  ਤੈਨੂੰ  ਗੱਲ  ਹਾਣੀਆਂ

ਉਲ਼ਝ ਨੇ ਗਈਆਂ ਸਾਰੀਆਂ ਹੀ ਤਾਣੀਆਂ 

ਕਤਲ  ਹੋਇਆਂ  ਏ ਗੁਰੂਆਂ  ਦੇ ਖ਼ਾਬ ਦਾ 

ਚੱਲਿਆ  ਗੁਆਚ  ਵਿਰਸਾ  ਪੰਜਾਬ  ਦਾ

 

ਉੱਚੇ  ਲੰਮੇ  ਕੱਦ  ਚੌੜੀਆਂ  ਸੀ  ਛਾਤੀਆਂ 

ਡਰਦਾ  ਨਾ  ਕੋਈ  ਮਾਰਦਾ ਸੀ  ਝਾਤੀਆਂ

ਰੋਹਬ ਝੱਲਿਆ ਨਾ  ਜਾਂਦਾ ਸੀ ਨਵਾਬ ਦਾ

ਚੱਲਿਆ  ਗੁਆਚ  ਵਿਰਸਾ  ਪੰਜਾਬ  ਦਾ

 

ਦਿਸਣ  ਨਾ  ਕਿਤੇ   ਕੈਂਠੇ   ਫੁਲਕਾਰੀਆਂ 

ਸੱਥਾਂ  ਵਿੱਚ  ਵੱਜਣ  ਨਾ   ਕਿਲਕਾਰੀਆਂ 

ਸੁਣਦਾ  ਨਾ  ਸੁਰ  ਬਾਬੇ  ਦੀ  ਰਬਾਬ ਦਾ 

ਚੱਲਿਆ  ਗੁਆਚ  ਵਿਰਸਾ  ਪੰਜਾਬ  ਦਾ

 

ਲੱਭਣ  ਨਾ  ਕਿਤੇ  ਚਾਟੀ  ਤੇ ਮਧਾਣੀਆਂ

ਸਿਰ  ਕੱਜ  ਤੁਰਦੀਆਂ  ਨਾ  ਸੁਆਣੀਆਂ

ਨਾ ਹੀ ਦਿਸੇ ਖੂਹੀ ਨਾਹੀ ਪਾਣੀ ਢਾਬ ਦਾ 

ਚੱਲਿਆ  ਗੁਆਚ  ਵਿਰਸਾ  ਪੰਜਾਬ ਦਾ

 

ਬਲਦਾਂ  ਦੇ  ਗਲ  ਨਾ  ਵੱਜਣ  ਟੱਲੀਆਂ

ਕੂੰਜਾਂ  ਉੱਡ ਦੱਸ  ਕਿਹੜੇ  ਦੇਸ਼  ਚੱਲੀਆਂ 

ਗੰਧਲ਼ਾ  ਏ ਕੀਤਾ ਪਾਣੀ  ਵੀ ਚਨਾਬ ਦਾ

ਚੱਲਿਆ  ਗੁਆਚ  ਵਿਰਸਾ  ਪੰਜਾਬ ਦਾ

 

ਨਾ ਹੀ ਗੁੱਲੀ ਡੰਡਾ ਨਾ ਖੇਡਾਂ ਨਿਆਰੀਆਂ

ਭੱਤਾ ਲੈ  ਕੇ ਖੇਤ  ਜਾਂਦੀਆਂ ਨਾ ਨਾਰੀਆਂ

ਮਹਿਕ ਦਾ  ਸੀ ਫੁੱਲ  ਜਿਓ ਗੁਲਾਬ  ਦਾ 

ਚੱਲਿਆ  ਗੁਆਚ  ਵਿਰਸਾ  ਪੰਜਾਬ ਦਾ

 

ਸੱਥਾਂ ਵਿੱਚ  ਲੱਗਦੀ  ਨਾ  ਸੀਪ ਹਾਣੀਆਂ 

ਯਾਦ ਆਉਂਦੀਆਂ ਨੇ ਮੈਨੂੰ ਮੌਜਾ ਮਾਣੀਆਂ  

ਕੰਗ ਚੰਗਾ ਸੀਗਾ  ਦੌਰ  ਇਨਕਲਾਬ ਦਾ

ਚੱਲਿਆ  ਗੁਆਚ  ਵਿਰਸਾ  ਪੰਜਾਬ ਦਾ।