ਕੀ ਕਹਿਰ ਹੋ ਰਿਹਾ ਹੈ (ਕਵਿਤਾ)

ਓਮਕਾਰ ਸੂਦ ਬਹੋਨਾ   

Email: omkarsood4@gmail.com
Cell: +91 96540 36080
Address: 2467,ਐੱਸ.ਜੀ.ਐੱਮ.-ਨਗਰ
ਫ਼ਰੀਦਾਬਾਦ Haryana India 121001
ਓਮਕਾਰ ਸੂਦ ਬਹੋਨਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹਰ ਪਿੰਡ ਰੋ ਰਿਹਾ ਹੈ, ਹਰ ਸ਼ਹਿਰ ਰੋ ਰਿਹਾ ਹੈ!
ਮੇਰੇ ਵਤਨ ਦੇ ਅੰਦਰ ਕੀ ਕਹਿਰ ਰੋ ਰਿਹਾ ਹੈ!
ਸ਼ਮਸ਼ਾਨ ਰੋ ਰਹੇ ਨੇ ਲਾਸ਼ਾਂ ਦਾ ਭਾਰ ਢੋਦੇ,
ਲਾਸ਼ਾਂ ਦੇ ਵਾਰਸਾਂ ਨੂੰ ਤੱਕਦਾ ਹੈ ਹਰ ਕੋਈ ਰੋਂਦੇ।
ਬੁੱਚੜਾਂ ਦੇ ਅੱਡੇ ਬਣ ਗਏ ਸਾਰੇ ਦਵਾਖਾਨੇ,
ਪੈਸੇ ਹੀ ਢੂੰਡਦੇ ਨੇ ਕਰ-ਕਰ ਕੇ ਕਈ ਬਹਾਨੇ।
ਮੁੱਕਣ ਜਾਂ ਪੈਸੇ ਜੇਬੋਂ ਜਬਰੀ ਹੀ ਮਾਰ ਦਿੰਦੇ,
ਸਿੱਧੀ ਬਿਕੁੰਠ ਵਾਲੀ ਗੱਡੀ ਨੇ ਚਾੜ੍ਹ ਦਿੰਦੇ।
ਇਹ ਡਾਕਦਾਰ ਸਾਡੇ ਯਮਦੂਤ ਬਣ ਗਏ ਨੇ,
ਲੋਕਾਂ ਲਈ ਸੀ ਦਾਤੇ ਹੁਣ ਭੂਤ ਬਣ ਗਏ ਨੇ।
ਦਵਾ ਨਹੀਂ ਹੈ ਮਿਲਦੀ ਨਾ ਹੀ ਹੈ ਆਕਸੀਜਨ,
ਮਰਦੇ ਪਏ ਬਿਦੋਸ਼ੇ, ਇਹ ਕਿਸ ਤਰ੍ਹਾਂ ਦਾ ਸੀਜਨ।
ਬਲੈਕ ਮਿਲਦੀਆਂ ਨੇ ਲੋਕਾਂ ਨੂੰ ਅੱਜ ਦਵਾਈਆਂ,
ਲੋਕਾਂ ਦੇ ਬੋਝੇ ਖਾਲੀ ਡਾਹਢੇ ਦੀਆਂ ਮਨ ਆਈਆਂ।
ਲਾਸ਼ਾਂ ਲਈ ਨਾ ਕੱਫ਼ਣ,ਸਿਵਿਆਂ ਚ ਭੀੜ ਭਾਰੀ,
ਲਾਸ਼ਾਂ ਨੂੰ ਫੂਕਣੇ ਲਈ ਮੱਚੀ ਹੈ ਮਾਰਾ ਮਾਰੀ।
ਮਖੌਲ ਬਣ ਗਿਆ ਹੈ ਦੁਨੀਆਂ ਚ ਵਤਨ ਮੇਰਾ,
ਹੈ ਰਾਤ ਕਾਲੀ ਪਸਰੀ ਕਦ ਹੋਏਗਾ ਸਵੇਰਾ ?
ਇਹ ਐਟਮਾਂ ਦਾ ਵਾਰਸ ਤੇ ਬਾਰੂਦ ਵਾਲਾ ਭਾਰਤ,
ਬੇਵੱਸ ਕਿਉਂ ਜਾਪਦਾ ਹੈ ਕੋਈ ਬਨ੍ਹਾਓ ਢਾਰਸ!
ਹਾਕਮ ਤਾਂ ਰੁਝ ਗਿਆ ਹੈ ਵੋਟਾਂ ਬਟੋਰਨੇ ਲਈ,
ਇੱਕ ਪਾਰਟੀ ਦੇ ਬੰਦੇ ਦੂਜੀ ਲਈ ਤੋੜਨੇ ਲਈ।
ਇਹ ਅੰਨ੍ਹੇ ਹਾਕਮਾਂ ਨੇ ਭਾਰਤ ਹੀ ਵੇਚ ਦਿੱਤਾ,
ਬਦਲੇ ਚ ਜਾਤੀਆਂ ਦਾ ਇੱਕ ਬੀ ਬੀਜ ਦਿੱਤਾ।
ਲੋਕਾਂ ਨੂੰ ਅਕਲ ਭੁੱਲੀ ਲੜਦੇ ਪਏ ਨੇ ਸਾਰੇ,
ਆਈਆਂ ਮੁਸੀਬਤਾਂ ਤੋਂ ਮਰਦੇ ਪਏ ਵਿਚਾਰੇ।
ਇੱਕਜੁੱਟ ਹੋ ਕੇ ਲੋਕੀਂ ਖੜ੍ਹਦੇ ਨਹੀਂ ਹੈ ਸਾਰੇ,
ਤਾਹੀਓਂ ਤਾਂ ਭਟਕਦੇ ਨੇ ਦਰ-ਦਰ ਤੇ ਬਣ ਵਿਚਾਰੇ।
ਮੋਇਆਂ ਨੂੰ ਰੋਣ ਬਹਿ ਕੇ ਆਪਣੇ ਤੇ ਯਾਰ ਮਿੱਤਰ,
ਸਰਕਾਰ ਕਰ ਰਹੀ ਹੈ ਗੱਦੀ ਤੇ ਬਹਿ ਚਰਿੱਤਰ।
ਹਾਕਮ ਵਿਚਾਰਵਾਨੋ,ਓ ਐਟਮਾਂ ਦੇ ਜਣਿਓਂ,
ਦੇਸ਼ ਦੇ ਲਈ ਸੋਚੋ ਧੰਨ ਦੌਲਤਾਂ ਦੇ ਬਣਿਓਂ।
ਜੇ ਦੇਸ਼ ਹੀ ਰਿਹਾ ਨਾ ਫਿਰ ਤੁਸੀਂ ਵੀ ਨਾ ਰਹਿਣਾ,
ਮੋਇਆਂ ਦੇ ਵਾਂਗ ਥੋਨੂੰ ਆਖਰ ਨੂੰ ਮਰਨਾ ਪੈਣਾ।
ਸੁਧਰੋ ਪਾਖੰਡੀਓ ਉਏ,ਸਭ ਛੱਡ ਦਿਓ ਹੁਣ ਲਾਲਚ,
ਬਣ ਜਾਓ ਸੱਚੇ ਵਾਰਸ ਹਿੰਦੋਸਤਾ ਦੇ ਵਾਰਸ।
ਅੱਗਾਂ ਚ ਸੜ ਨਾ ਜਾਇਓ ਹੱਥੀਂ ਜੋ ਲਾ ਰਹੇ ਹੋ,
ਆਪਣੇ ਵਤਨ ਦੀ ਇੱਜਤ ਮਿਲਾ ਰਹੇ ਹੋ।
ਵਕਤ ਬਹੁਤ ਥੋੜ੍ਹਾ ਸਭ ਛੱਡ ਦਿਓ ਹੁਣ ਲਾਲਚ,
ਬਣ ਜਾਓ ਸੱਚੇ ਵਤਨੀ ਭਾਰਤ ਮੇਰੇ ਦੇ ਪਾਲਕ।