ਪੁਸਤਕ ----ਆਥਣ ਵੇਲਾ
ਲੇਖਕ ----ਮੁਖਤਾਰ ਗਿੱਲ
ਪ੍ਰਕਾਸ਼ਕ ---ਕੁਕੂਨਸ ਪ੍ਰਕਾਸ਼ਨ ਜਲੰਧਰ
ਪੰਨੇ ----96 ਮੁੱਲ ---125 ਰੁਪਏ (ਪੇਪਰਬੈਕ )
ਮਾਝੇ ਦੇ ਪ੍ਰਸਿਧ ਇਤਿਹਾਸਕ ਸਥਾਂਨ, ਸਾਹਿਤਕਾਰਾਂ ਦੀ ਪਵਿਤਰ ਧਰਤੀ ਪ੍ਰੀਤ ਨਗਰ ਦੇ ਵਾਸੀ ਉਘੇ ਕਹਾਣੀਕਾਰ ਮੁਖਤਾਰ ਗਿੱਲ ਦੀ ਇਹ ਕਿਤਾਬ ਦਸ ਕਹਾਣੀਆਂ ਦੀ ਹੈ ।ਇਸ ਪੁਸਤਕ ਤੋਂ ਪਹਿਲਾਂ ਮੁਖਤਾਰ ਗਿਲ ਦੀਆਂ ਗਿਆਰਾਂ ਕਿਤਾਬਾਂ ਛਪ ਚੁਕੀਆਂ ਹਨ ।ਇਂਨ੍ਹਾਂ ਵਿਚ ਛੇ ਕਹਾਣੀ ਸੰਗ੍ਰਹਿ, ਦੋ ਨਾਵਲ, ਤਿੰਨ ਬਾਲ ਪੁਸਤਕਾਂ ਚੋਂ ਦੋ ਬਾਲ ਨਾਵਲ ਤੇ ਇਕ ਕਾਵਿ ਸੰਗ੍ਰਹਿ ਹੈ ।ਲੇਖਕ ਲੰਮਾ ਸਮਾਂ ਅੰਮ੍ਰਿਤਸਰ ਜ਼ਿਲੇ ਦੇ ਸਰਹਦੀ ਪਿੰਡਾਂ ਵਿਚ ਅਧਿਆਪਕ ਰਿਹਾ ਹੈ। ਉਹ ਇਨ੍ਹਾਂ ਸਰਹਦੀ ਪਿੰਡਾਂ ਦੀਆਂ ਮੁਸ਼ਕਲਾਂ ਤੋਂ ,ਜ਼ਿੰਦਗੀ ਦੀਆਂ ਔਖਿਆਈਆਂ ਤੋਂ ਤੇ ਸਾਧਾਂਰਨ ਪੇਂਡੂ ਲੋਕਾਂ ਦੇ ਜੀਵਨ ਮਿਆਰ ਤੋਂ ਭਲੀ ਭਾਂਤ ਜਾਣੂ ਹੈ । ਉਹ ਕਿਤਾਬ ਦੀਆਂ ਕਹਾਣੀਆਂ ਵਿਚ ਵਾਰ ਵਾਰ ਇਂਨ੍ਹਾਂ ਲੋਕਾਂ ਦੀ ਮੁਸੀਬਤਾਂ ਭਰੀ ਜ਼ਿੰਦਗੀ ਦਾ ਸੰਵਾਦ ਰਚਾਉਂਦਾ ਹੈ । ਪੇਂਡੂ ਕਿਸਾਨੀ ਨੂੰ ਲੇਖਕ ਨੇ ਨੇੜੀਓਂ ਤੱਕਿਆ ਹੈ । ਪੇਂਡੂ ਔਰਤਾਂ ਦੇ ਦਰਦ ਨੂੰ ਲੇਖਕ ਗਿੱਲ ਚੰਗੀ ਤਰਾ ਜਾਣਦਾ ਹੈ । ਕਹਾਣੀਆਂ ਵਿਚ ਇਹ ਸਭ ਲੋਕ ਪਾਤਰ ਹਨ । ਕਹਾਣੀਆਂ ਵਿਚ ਬਨਾਵਟੀ ਪਣ ਬਿਲਕੁਲ ਨਹੀਂ ਹੈ । ਸਗੋਂ ਨਾਮਵਰ ਮੈਗਜ਼ੀਨ ਸਿਰਜਣਾ ਦੇ ਪ੍ਰਸਿਧ ਸੰਪਾਦਕ ਸਾਹਿਤਕਾਰ ਸਰਦਾਰ ਰਘਬੀਰ ਸਿੰਘ ਸਿਰਜਣਾ ਨੇ ਕਹਾਣੀਆਂ ਦੇ ਬਿਰਤਾਂਤ ਦੀ ਮੌਲਿਕ ਸ਼ੈਲੀ ਦੀ ਤਾਰੀਫ ਕੀਤੀ ਹੈ । ਕਹਾਣੀਆਂ ਉਤਮ ਪੁਰਖੀ ਸ਼ੈਲੀ ਵਿਚ ਹਨ । ਮੈਂ ਪਾਤਰ ਪਿੰਡਾ ਵਿਚ ਸੇਵਾਮੁਕਤੀ ਪਿਛੋਂ ਜਾਂਦਾ ਹੈ। ਕੋਈ ਨਾ ਕੋਈ ਬਹਾਨਾ ਜੁੜਦਾ ਹੈ ।ਕਿਸੇ ਨਜ਼ਦੀਕੀ ਦੇ ਘਰ ਵਿਆਹ ਹੈ । ਉਹ ਚਿਰ ਬਾਅਦ ਪਿੰਡ ਜਾਂਦਾ ਹੈ। ਬਸ ਅਡੇ ਤੋਂ ਲਹਿ ਕੇ ਲੋਕਾਂ ਨੂੰਮਿਲਦਾ ਜਾਂਦਾ ਹੈ ।ਇਹ ਸਾਰੇ ਲੋਕ ਕਹਾਣੀ ਦਾ ਪਾਤਰ ਬਣ ਕੇ ਪਾਠਕ ਦੇ ਸਨਮੁਖ ਆਉਂਦੇ ਹਨ । ਪਾਤਰ ਆਪੋ ਆਪਣੇ ਦੁਖਾਂ ਦੀ ਗਾਥਾਂ ਲੇਖਕ ਨਾਲ ਸਾਂਝੀ ਕਰਦੇ ਹਨ ।ਉਹ ਪੰਜਾਬ ਦੀ ਸਿਆਸਤ ਬਾਰੇ ਵੀ ਟਿਪਣੀਆਂ ਕਰਦੇ ਜਾਂਦੇ ਹਨ ।ਪਿੰਡਾ ਦੇ ਤਕਨੀਕੀ ਵਿਕਾਸ ਦੀ ਝਲਕ ਵੀ ਮਿਲਦੀ ਜਾਂਦੀ ਹੈ । ਪਿੰਡ ਦੇ ਗੇੜੇ ਨਾਲ ਸਾਹਿਤਕ ਕੁਮੈਂਟਰੀ ਵਾਂਗ ਕਹਾਣੀ ਉਸਰਦੀ ਜਾਂਦੀ ਹੈ । ਇਹ ਮੁਖਤਾਰ ਗਿਲ ਦੀ ਮਨਪਸੰਦ ਤਕਨੀਕ ਹੈ । ਕਹਾਣੀਆ ਪਾਤਰੀ ਸੰਵਾਦ ਦੇ ਆਸਰੇ ਦਿਲਚਸਪੀ ਪੈਦਾ ਕਰਦੀਆ ਹਨ । ਨਾਲ ਹੀ ਸਮਸਿਆਵਾਂ ਦਾ ਜ਼ਿਕਰ ਕਰਦੀਆਂ ਹਨ । ਲੇਖਕ ਮੁਖਤਾਰ ਗਿਲ ਪੁਰਾਣੇ ਪੰਜਾਬ ਨੂੰ ਯਾਂਦ ਕਰਦਾ ਹੈ। ਵਿਆਹਾਂ ਦੇ ਬਦਲਦੇ ਸਰੋਕਾਰਾਂ ,ਦੀ ਖੁਲ੍ਹ ਕੇ ਗੱਲ ਕਰਦਾ ਹੈ । ਪਿੰਡਾਂ ਦੇ ਪੈਲਸ ਕਲਚਰ ਦੀ ਤਸਵੀਰ ਪੇਸ਼ ਕਰਦਾ ਹੈ ।ਵਿਆਹਾਂ ਵਿਚ ਨਸ਼ੇ ਖਾਧੀ ਮੁੰਡੀਰ ਗੋਲੀਆਂ ਚਲਾਉਂਦੀ ਹੈ । ਰੌਲਾ ਪੈਂਦਾ ਹੈ । ਰੰਗ ਚ ਭੰਗ ਪੈਂਦਾ ਹੈ। ਇਹ ਪੇਂਡੂ ਵਿਆਹਾਂ ਦਾ ਨਜ਼ਾਰਾ ਹੈ ।ਲੋਕ ਵਿਆਹ ਵਿਚ ਸਗਨਾਂ ਦਾ ਲਿਫਾਫਾ ਦੇ ਕੇ ਔਹ ਜਾਂਦੇ ਹਨ ।
ਲੇਖਕ ਪੁਰਾਣੀ ਮੁਹਬਤ ਤੇ ਵਿਆਹਾਂ ਦੀ ਰੌਣਕ ਭਾਂਲਦਾ ਹੈ ਪਰ ਹੁਣ ਉਹ ਗਲਾਂ ਕਿਥੋਂ ? ਓਹ ਖਿਝ ਕੇ ਕਹਾਣੀ ਦਾ ਸਿਰਲੇਖ ਬੇਗਾਨਾ ਪਿੰਡ ਦਿੰਦਾ ਹੈ ਕਿਉਂ ਕਿ ਹੁਣ ਦਾ ਪਿੰਡ ਉਸਦੀਆਂ ਯਾਦਾਂ ਵਾਲਾ ਪਿੰਡ ਨਹੀਂ ਰਹਿ ਗਿਆ । ਸਰਾਪੇ ਗਰਾਂ ਦੀ ਗਾਥਾਂ ਵਿਚ ਇਹੀ ਹੇਰਵਾ ਹੈ । ਅਨ੍ਹੇ ਖੂਹ ਵਲ ਕਦਮ ਦੇ ਪਾਤਰ ਆਰਥਿਕ ਤੌਰ ਤੇ ਮਾਰੇ ਹੋਏ ਹਨ ।ਕਹਾਣੀ ਦੇ ਕਿਸਾਨ ਨਿਘਰੀ ਆਰਥਿਕਤਾ ਦੇ ਭੰਨੇ ਹੋਏ ਹਨ । ਦੇਸ਼ ਵਿਚ ਚਲ ਰਿਹਾ ਕਿਸਾਨੀ ਅੰਦੋਲਨ ਦੀ ਝ਼ਲਕ ਵੀ ਕਹਾਣੀ ਵਿਚ ਮਿਲਦੀ ਹੈ । ਕਹਾਣੀ ਚ ਪੂਰਾ ਨਕਸ਼ਾ ਸਿਰਜ ਕੇ ਲੇਖਕ ਅੰਤ ਵਿਚ ਸਵਾਲ ਕਰਦਾ ਹੈ – ਪਾਠਕ ਜਨ ,ਮੇਰੀ ਇਸ ਕਥਾ ਕਹਾਣੀ ਦੇ ਦੁਖਾਂਤਕ ਅੰਤ ਲਈ ਕੀ ਤੁਸੀ ਮੇਰੇ ਨਾਲ ਸਹਿਮਤ ਹੋ । ਲੇਖਕ ਦਾ ਸਵਾਲ ਮੌਕੇ ਦੀਆਂ ਸਰਕਾਰਾਂ ਨੂੰ ਵੀ ਹੈ । ਪਾਠਕ ਤਾਂ ਇਕ ਬਹਾਨਾ ਹੈ ।(ਪੰਨਾ 49) ਇਸ ਦੀ ਗਵਾਹੀ ਦਿੱਲੀ ਦੀਆਂ ਬਰੂਹਾਂ ਤੇ ਚਲ ਰਿਹਾ ਕਿਸਾਨ ਅੰਦੋਲਨ ਵੀ ਲਿਆ ਜਾ ਸਕਦਾ ਹੈ । ਲੇਖਕ ਨੇ ਪੰਜਾਬੀਆਂ ਦੇ ਵਿਦੇਸ਼ਾਂ ਨੂੰ ਪਰਵਾਸ ਦਾ ਵਿਸ਼ਾਂ ਵੀ ਕਹਾਣੀਆਂ ਚ ਲਿਆ ਹੈ । ਮੋਹ ਮਮਤਾ ਦਾ ਰਿਣ ਦੀ ਕੁੜੀ ਪਾਤਰ ਕੈਨੇਡਾ ਤੋਂ ਆਉੰਦੀ ਹੈ । ਉਸਦੀ ਮਾਂ ਸਖਤ ਬਿਮਾਰ ਹੈ। ਮੰਜੇ ਤੇ ਪਈ ਹੈ ।ਨੂੰਹ ਪੁਤਰ ਦੀ ਸੰਭਾਲ ਉਹ ਵੇਖੀ ਬੈਠੀ ਹੈ । ਉਹ ਤਾਂ ਆਪਣੇ ਮਾਪਿਆਂ ਦਾ ਰਿਣ ਉਤਾਰਨ ਲਈ ਆਈ ਸੀ। ਫਿਰ ਚਲੀ ਜਾਂਦੀ ਹੈ । ਵਿਦੇਸ਼ਾਂ ਵਿਚ ਜਾ ਕੇ ਵੀ ਧੀਆਂ ਪੁਤਾਂ ਨੂੰ ਮਾਪੇ ਯਾਦ ਆਉਂਦੇ ਹਨ । ਲੇਖਕ ਪੰਜਾਬ ਦੇ ਇਸ ਪਰਵਾਸ ਤੇ ਚਿੰਤਤ ਹੈ ।ਇਹ ਕਹਾਣੀ ਇਸ ਕਿਸਮ ਦੀ ਹੈ ।ਸਿਰਲੇਖ ਵਾਲੀ ਕਹਾਣੀ ਆਥਣ ਵੇਲਾ ਦਾ ਬਜ਼ੁਰਗ ਨਵਰਾਹੀ ਲੇਖਕ ਦਾ ਪੁਰਾਣਾ ਮਿਤਰ ਹੈ ।ਉਸ ਦਾ ਜਵਾਈ ਕਾਲੇ ਦਿਨਾ ਵਿਚ ਦਹਿਸ਼ਤਗਰਦੀਆਂ ਮਾਰ ਦਿਤਾ ਸੀ । ੳਹ ਵਿਚਾਰਾ ਆਪਣੇ ਬਜ਼ੁਰਗੀ ਦੇ ਲਾਚਾਰੀ ਭਰੇ ਦਿਨਾ ਵਿਚ ਦੋਹਤਰੀ ਦੇ ਪਰਿਵਾਰ ਵਿਚ ਰਹਿ ਰਿਹਾ ਹੈ ।ਜ਼ਿੰਦਗੀ ਹੈ ਕਿੰਨੀ ਕੁ ? ਬੰਦਾ ਸਾਰੀ ਉਮਰ ਬਚਿਆਂ ਲਈ ਕਮਾਉਂਦਾ ਹੈ ।ਪਰ ਜੇ ਬਚੇ ਵਿਦੇਸ਼ ਉਡਾਰੀ ਮਾਰ ਜਾਣ ।ਤੇ ਉਥੇ ਜਾ ਕੇ ਵੀ ਗਲਤ ਆਦਤਾਂ ਦਾ ਸ਼ਿਕਾਰ ਹੋ ਜਾਣ ਤਾ ਕੀ ਕਿਹਾ ਜਾ ਕਦਾ ਹੈ । ਕਹਾਣੀ ਸਮੁਚੇ ਸਮਾਜ ਨੂੰ ਇਹ ਸਵਾਲ ਕਰਦੀ ਹੈ ।ਕਹਾਣੀ ਤ੍ਰਕਾਲਾਂ ਦੇ ਸਿਆਹ ਰੰਗ ਵਿਚ ਇਹ ਨਕਸ਼ਾਂ ਹੈ ਨਾਲ ਹੀ ਲੇਖਕ ਨੇ ਗੁਟਾਰਾਂ ਦੇ ਜੋੜੇ ਦੀ ਦਾਸਤਾਨ ਪੇਸ਼ ਕੀਤੀ ਹੈ।ਸੰਗ੍ਰਹਿ ਦੀਆਂ ਕਹਾਣੀਆ ਕਲਾਤਮਕ ਹਨ ।ਸੰਵਾਦ ਸ਼ੈਲੀ ਹੈ । ਬਿਰਤਾਂਤ ਪਿਆਰਾ ਹੈ । ਸ਼ਬਦ ਮੁਹਬਤੀ ਹਨ । ਪਾਤਰ ਮਿਠਾਸ ਭਰੇ ਬੋਲ ਬੋਲਦੇ ਹਨ ।ਉਹ ਸੰਘਰਸ਼ ਵੀ ਕਰਦੇ ਹਨ ।ਤੇ ਜ਼ਿੰਦਗੀ ਨਾਲ ਜੂਝਦੇ ਵੀ ਹਨ ।ਪੁਸਤਕ ਦੀਆਂ ਸਾਰੀਆਂ ਕਹਾਣੀਆਂ ਵਿਚ ਕਥਾ ਰਸ ਸਿਰੇ ਦਾ ਹੈ ।ਧੁਆਖੀ ਧੁੰਦ ,ਮੋਰ ਘੁਗੀਆਂ ਦਾ ਮਾਤਮ ,ਹੜ੍ਹਮਾਰ, ਸੁਨਹਿਰੀ ਸੁਪਨੇ ਚਰਚਿਤ ਕਹਾਣੀਆਂ ਤੋਂ ਇਲਾਵਾ ਹਨ ।ਜਿਂਨ੍ਹਾਂ ਨੂੰ ਪੜ੍ਹ ਕੇ ਕਹਾਣੀ ਵਾਲਾ ਅਸਲ ਅਨੰਦ ਲਿਆ ਜਾ ਸਕਦਾ ਹੈ ।ਮੁਖਤਾਰ ਗਿਲ ਦਾ ਕਥਾ ਸਫਰ ਕਿਤਾਬ ਆਖਰੀ ਚੂੜੀਆਂ ਤੋਂ ਸ਼ੁਰੂ ਹੋ ਕੇ ਇਸ ਪੁਸਤਕ ਨਾਲ ਹੋਰ ਵੀ ਸੁਹਜਮਈ ਤੇ ਚਮਕਦਾਰ ਹੋਇਆ ਹੈ । ਕਹਾਣੀਆਂ ਦੇ ਉਤਮ ਪੁਰਖੀ ਬਿਰਤਾਂਤ ਕਥਾਂ ਸੰਗ੍ਰਿਹ ਦਾ ਵਡਾ ਹਾਸਲ ਹਨ । ਸਵੈ ਜੀਵਨੀ ਵਰਗੀ ਨੁਹਾਰ ਕਹਾਣੀਆਂ ਦਾ ਮੁੱਖ ਤਤ ਹੈ ।