ਸਮਝ ਨਾ ਆਉਂਦੀ ਕਿੱਦਾਂ ਕੋਈ ਆਪਣਾ ਆਪ ਬਚਾਏ।
ਰਹਿਬਰ ਤੇ ਰਾਹਜ਼ਨ ਵਿੱਚ ਕੋਈ ਫ਼ਰਕ ਨਾ ਜਦ ਰਹਿ ਜਾਏ।
ਜਿਸਦੇ ਕੋਟ ’ਤੇ ਸਜਿਆ ਹੋਵੇ ਖਿੜਿਆ ਫੁੱਲ ਗ਼ੁਲਾਬੀ,
ਹੋ ਸਕਦਾ ਏ ਹੇਠਾਂ ਉਸਨੇ ਕੰਡੇ ਹੋਣ ਛੁਪਾਏ।
ਅੰਬਾਂ ਦੀ ਥਾਂ ਲਾਉਂਦੇ ਹੁਣ ਤਾਂ ਘਰ ਵਿੱਚ ਥੋਹਰਾਂ ਲੋਕੀਂ,
ਕਿੱਥੇ ਬਹਿ ਕੇ ਕੋਇਲ ਅਪਣੇ ਗੀਤ ਸੁਰੀਲੇ ਗਾਏ।
ਗ਼ੈਰਾਂ ਤੇ ਹਮਸਾਇਆਂ ਦੇ ਵਿਚ ਫ਼ਰਕ ਰਿਹਾ ਨਾ ਕੋਈ,
ਹਮਸਾਇਆਂ ਨੂੰ ਲੁੱਟ ਰਹੇ ਨੇ ਅੱਜ-ਕੱਲ੍ਹ ਤਾਂ ਹਮਸਾਏ।
ਮਜ਼੍ਹਬਾਂ ਦੀ ਹੋ ਗਈ ਮਿਲਾਵਟ ਹਰ ਇੱਕ ਬੰਦੇ ਅੰਦਰ,
ਹੁਣ ਨਾ ਕੋਈ ਖ਼ਾਲਸ ਬੰਦਾ ਕਿਧਰੇ ਨਜ਼ਰੀਂ ਆਏ।