ਪਹਿਨ ਕਵਚ ਸੂਰਮਗਤੀ ਦੇ ਸੁਪਨੇ ਸਜਾਇਆ ਕਰ
ਬਣਨਾ ਜੇ ਜੁਝਾਰੂ ਸੀਸ ਤਲੀ ਤੇ ਟਿਕਾਇਆ ਕਰ ।
ਲੈਣਾ ਦਾਖਲਾ ਜੇਕਰ ਕੁਰਬਾਨੀ ਦੇ ਸਕੂਲ ਵਿੱਚ
ਸੁੱਚੇ ਹੋਂਠ ਈਸਾ ਦੇ ਵੇਖ ਮੁਸਕਰਾਇਆ ਕਰ ।
ਬੜੀ ਹੈ ਮੋੜਨੀ ਔਖੀ ਭਾਜੀ ਇਸ ਜ਼ਮਾਨੇ ਦੀ
ਛੇੜ ਗੱਲ ਸੰਗਰਾਮਾਂ ਦੀ ਤਖਤ ਨੂੰ ਵਖਤ ਪਾਇਆ ਕਰ ।
ਪਿਆਰ ਸੱਚ ਅਹਿੰਸਾ ਦੇ ਗਹਿਣੇ ਸਾਂਭ ਕੇ ਰੱਖੀੰ
ਫਿਰ ਵੀ ਜ਼ੁਲਮ ਕਰੇ ਵੈਰੀ ਕਦੇ ਨਾ ਪਿੱਠ ਵਿਖਾਇਆ ਕਰ ।
ਤੱਤੀ ਤਵੀ ਤੇ ਬਹਿਕੇ ਜਿੰਨ੍ਹਾਂ ਨੇ ਸੀਅ ਨਹੀਂ ਕੀਤੀ
ਉਹਨਾਂ ਦੀ ਰਹਿਬਰੀ ਸੱਜਣਾ ਦਿਲ ਤੋਂ ਨਾ ਭੁਲਾਇਆ ਕਰ ।
ਜਗਾਈ ਜੋਤ ਕੋਲੋਂ ਜੇ ਲੰਘਦੀ ਹੈ ਹਵਾ ਖਹਿਕੇ
ਮੁਖ਼ਾਲਫ਼ ਇਸ ਹਵਾ ਨੂੰ ਤਿੱਖੇ ਤੇਵਰ ਵਿਖਾਇਆ ਕਰ ।
ਨੀਂਹਾਂ ਵਿੱਚ ਚਿਣਾਕੇ ਲਾਲ ਜਿੰਨ੍ਹਾਂ ਨੇ ਹਿੰਝ ਨਹੀਂ ਕੇਰੀ
ਕੁਰਬਾਨੀ ਯਾਦ ਕਰ ‘ ਕਾਉੰਕੇ ‘ ਸਿਰ ਤੂੰ ਝੁਕਾਇਆ ਕਰ ।