ਕੁੱਝ ਨਾ ਕੁੱਝ ਤਾਂ ਕਰਨਾ ਪੈਣਾ, ਤੈਨੂੰ ਵੀ ਤੇ ਮੈਨੂੰ ਵੀ।
ਜੀਣ ਲਈ ਹੈ ਮਰਨਾ ਪੈਣਾ, ਤੈਨੂੰ ਵੀ ਤੇ ਮੈਨੂੰ ਵੀ।
ਜੇ ਜ਼ਰਖ਼ੇਜ਼ ਬਣਾਉਣੀ ਹੈ ਇਹ ਧਰਤ ਮਨੁੱਖਤਾ ਦੀ ਤਾਂ ਫਿਰ,
ਬੱਦਲ ਬਣ ਕੇ ਵਰ੍ਹਨਾ ਪੈਣਾ, ਤੈਨੂੰ ਵੀ ਤੇ ਮੈਨੂੰ ਵੀ।
ਇਹ ਇੱਕ ਤਲਖ਼ ਹਕੀਕਤ ਹੈ, ਹੁਣ ਫ਼ਰਜ਼ਾਂ ਵਾਲੀ ਸੂਲੀ ਨੂੰ,
ਮੋਢੇ ਉੱਤੇ ਧਰਨਾ ਪੈਣਾ, ਤੈਨੂੰ ਵੀ ਤੇ ਮੈਨੂੰ ਵੀ।
ਦਿਲ ਵਿੱਚ ਠੰਡੇ ਹੋਏ ਜਜ਼ਬੇ, ਸਾਨੂੰ ਹੁਣ ਗਰਮਾਉਣ ਲਈ,
ਦਰਿਆ ਅੱਗ ਦਾ ਤਰਨਾ ਪੈਣਾ, ਤੈਨੂੰ ਵੀ ਤੇ ਮੈਨੂੰ ਵੀ।
ਸ਼ਾਇਰ ਹਾਂ ਤਾਂ ਵਲਵਲਿਆਂ ਦੇ, ਉਛਲੇ ਹੋਏ ਸਾਗਰ ਨੂੰ,
ਗਾਗਰ ਦੇ ਵਿੱਚ ਭਰਨਾ ਪੈਣਾ, ਤੈਨੂੰ ਵੀ ਤੇ ਮੈਨੂੰ ਵੀ।
ਸ਼ਬਦਾਂ ਦੇ ਜੇ ਮੋਤੀ ਲੱਭਣੇ ਗ਼ਜ਼ਲ ਲਈ ਤਾਂ ਫਿਰ ਸੱਜਣਾ!
ਸਾਗਰ ਵਿੱਚ ਉਤਰਨਾ ਪੈਣਾ, ਤੈਨੂੰ ਵੀ ਤੇ ਮੈਨੂੰ ਵੀ।
ਇੰਕਲਾਬ ਕਦੋਂ ਆਉਂਦੇ ਨੇ, ਤੀਰ ਹਵਾ ਵਿੱਚ ਛੱਡਣ ਨਾਲ,
ਸੇਧ ਨਿਸ਼ਾਨਾ ਕਰਨਾ ਪੈਣਾ, ਤੈਨੂੰ ਵੀ ਤੇ ਮੈਨੂੰ ਵੀ।