ਜੇ ਤੈਨੂੰ ਗੱਲਾਂ ਆਉਦੀਆਂ ਨੇ,
ਤਾਂ ਕਰ ਕੁਦਰਤ ਦੇ ਨਾਲ,
ਚੰਨ ਤਾਰੇ ਜਿਸਨੂੰ ਲੋਰੀ ਦਿੰਦੇ,
ਸੂਰਜ ਦਿੰਦਾਂ ਜਿਸਨੂੰ ਉਠਾਲ,
ਓਹਦਾ ਜਰਾ-ਜਰਾ ਛੂਹ ਕੇ ਵੇਖ,
ਹਰ ਰੰਗ ਕਿੰਨਾ ਵਾਹ ਕਮਾਲ,
ਉਹਦੀ ਬੋਲੀ ਸਮਝ ਕੇ ਵੇਖ,
ਉਹਦਾ ਪੁੱਛਿਆ ਕਰ ਹਾਲ-ਚਾਲ,
ਉਹਦੀ ਹਰ ਸ਼ੈਅ ਨੂੰ ਮਾਣ,
ਉਹਦਾ ਰੱਖਿਆ ਕਰ ਖਿਆਲ ,
ਵੇਖ ਉਹਦੇ ਬਣਾਏ ਜੀਵਾਂ ਨੂੰ,
ਉਹਦੀ ਰਚਨਾ ਕਿੰਨੀ ਵਿਸ਼ਾਲ,
ਉਹਦੀ ਗੋਦੀ ਦੇ ਵੱਲ ਵੇਖ
ਕਿੰਝ ਰਹੀ ਹੈ ਸਭ ਨੂੰ ਪਾਲ,
ਵੇਖ ਪਰਬਤ,ਸਮੁੰਦਰ,ਝੀਲਾਂ ਨੂੰ,
ਪੰਛੀ ਉੱਡ-ਉੱਡ ਪਾਉਣ ਧਮਾਲ,
ਵੇਖ ਜੰਗਲਾਂ ਦੇ ਗੁਣਾਂ ਨੂੰ,
ਕਿਵੇਂ ਰਹੇ ਹੈ ਧਰਤ ਸ਼ੰਭਾਲ,
ਹਰ ਮਰਜ਼ ਦੀ ਦਵਾਈ ਕੁਦਰਤ,
ਰੱਖੀ ਫਿਰਦੀ ਆਪਣੇ ਨਾਲ,
ਵੇਖ ਪਿੱਪਲਾਂ ਤੇ ਬੋਹੜਾਂ ਨੂੰ,
ਜੜ੍ਹਾਂ ਪੁੱਜੀਆਂ ਕਿਵੇਂ ਪਤਾਲ,
ਹਵਾ ਵਰਖਾ ਦਾ ਸ਼ੰਗੀਤ ਸੁਣ,
ਕਿੰਨੇ ਸੋਹਣੇ ਸੁਰ ਤੇ ਤਾਲ,
ਕੁਦਰਤ ਦੇ ਰੰਗ ਵਿੱਚ ਰੰਗਕੇ,
ਉਹਨੂੰ ਪੁੱਛ ਇੱਕ ਸਵਾਲ,
ਉਹਨੂੰ ਪੁੱਛ ਉਸਦੇ ਹੀ ਬਾਰੇ,
ਤੂੰ ਕਿਵੇਂ ਬੁਣਿਆ ਐਡਾ ਜਾਲ,
ਜੇ ਤੈਨੂੰ ਗੱਲਾਂ ਆਉਦੀਆਂ ਨੇ,
ਤਾਂ ਕਰ ਕੁਦਰਤ ਦੇ ਨਾਲ!