ਬੱਚੇ - ਧਰਤੀ ਦੇ ਫ਼ੁੱਲ
(ਲੇਖ )
ਬੱਚੇ ਸਾਡੀ ਧਰਤੀ ਦੇ ਫ਼ੱਲ ਹਨ ਅਤੇ ਅਸੀਂ ਵਡੇਰੇ ਇਹਨਾਂ ਫ਼ੁਲਾਂ ਦੇ ਮਾਲੀ ਹਾਂ, ਰਖਵਾਲੇ ਹਾਂ। ਸਿਰਫ਼ ਮਨੁੱਖ ਨਸਲ ਨੂੰ ਕਾਇਮ ਰੱਖਣ ਲਈ ਹੀ ਨਹੀਂ, ਸਗੋਂ ਪ੍ਰਮਾਤਮਾ ਬੱਚਿਆਂ ਨੂੰ ਕਿਸੇ ਹੋਰ ਮਨੋਰਥ ਲਈ ਵੀ ਭੇਜਦਾ ਹੈ। ਸਾਡੇ ਦਿਲ ਵੱਡੇ ਕਰਨ ਲਈ, ਨਿਸ਼ਕਾਮਤਾ ਦਾ ਸਬਕ ਦੇਣ ਲਈ, ਹਮਦਰਦੀਆਂ ਅਤੇ ਪਿਆਰ ਨਾਲ ਭਰਪੂਰ ਕਰਨ ਲਈ, ਪ੍ਰਸੰਨ ਮੁਸਕਰਾਹਟਾਂ ਅਤੇ ਪਿਆਰ ਲਈ ਕੋਮਲ ਦਿਲਾਂ ਵਿੱਚ ਰੌਣਕ ਲਾਉਣ ਲਈ, ਸੁਹਣਾ ਅਤੇ ਨਿਰੋਆ ਸਮਾਜ ਸਿਰਜਣ ਲਈ। ਕਿਉਂਕਿ ਇਹ ਆਮ ਤੌਰ ’ਤੇ ਦੇਖਣ ਵਿੱਚ ਵੀ ਆਉਂਦਾ ਹੈ ਕਿ ਕਈ ਵਾਰ ਬੱਚੇ, ਵੱਡਿਆਂ ਨੂੰ ਵੀ ਵੱਡਾ ਸਬਕ ਦੇ ਦਿੰਦੇ ਹਨ। ਸ਼ਾਇਦ ਤਾਂ ਹੀ ਕਿਹਾ ਜਾਂਦਾ ਹੈ ਕਿ, ‘ਬੱਚੇ ਰੱਬ ਦਾ ਰੂਪ ਹੁੰਦੇ ਹਨ’ ਜਾਂ ‘ਬੱਚੇ ਮਨ ਦੇ ਸੱਚੇ’।
ਬੱਚਿਆਂ ਦੀ ਪਰਵਰਿਸ਼ ਦੌਰਾਨ ਬੱਚਿਆਂ ਦੇ ਮਾਤਾ ਪਿਤਾ ਦੀ ਜੀਵਣ ਜਾਂਚ ਅਤੇ ਜਿਊਣ ਦੇ ਢੰਗ, ਬੱਚੇ ਦੇ ਵਿਕਾਸ ਵਿੱਚ ਵੱਡੀ ਭੂਮਿਕਾ ਅਦਾ ਕਰਦੇ ਹਨ। ਬੱਚਿਆਂ ਦੇ ਮਾਪਿਆਂ ਨੂੰ ਸੱਭ ਤੋਂ ਜਿਆਦਾ ਖ਼ੁਸ਼ੀਆਂ ਜਾਂ ਤਕਲੀਫਾਂ ਔਲਾਦ ਕਰਕੇ ਹੀ ਹੁੰਦੀਆਂ ਹਨ। ਇਨ੍ਹਾਂ ਦੋਵਾਂ ਦੀ ਸਥਿਤੀ ਦਾ ਕਾਰਣ ਮਾਤਾ-ਪਿਤਾ ਆਪ ਹੀ ਹੁੰਦੇ ਹਨ। ਯਾਦ ਰੱਖਣਯੋਗ ਗੱਲ ਹੈ ਬੱਚਿਆਂ ਉੱਤੇ ਮਾਤਾ-ਪਿਤਾ ਦੀ ਵਧੇਰੇ ਹਕੂਮਤ ਜਾਂ ਉਹਨਾਂ ਨਾਲ ਵਧੇਰੇ ਲਾਡ, ਦੋਵੇਂ ਹੀ ਬੱਚਿਆਂ ਲਈ ਹਾਨੀਕਾਰਕ ਹਨ। ਇਸ ਲਈ ਜ਼ਰੂਰੀ ਹੈ ਮਾਪੇ ਬੱਚਿਆਂ ਨਾਲ ਦੋਵੇਂ ਗੱਲਾਂ ਨੂੰ ਬੈਲੇਂਸ ਕਰਕੇ ਰੱਖਣ। ਨਾ ਤਾਂ ਬੱਚਿਆਂ ਨੂੰ ਜਿਆਦਾ ਲਾਡ ਕਰਕੇ ਵਿਗਾੜ ਲਿਆ ਜਾਵੇ ਅਤੇ ਨਾ ਹੀ ਉਹਨਾਂ ਉੱਪਰ ਜਿਆਦਾ ਹਕੂਮਤ ਕਰਕੇ ਹਮੇਸ਼ਾਂ ਲਈ ਬੱਚਿਆਂ ਨੂੰ ਆਪਣੇ ਤੋਂ ਦੂਰ ਕਰ ਲਿਆ ਜਾਵੇ।
ਕੁੱਝ ਬੱਚੇ ਜੋ ਸਾਂਝੇ ਪਰਵਾਰਾਂ ਵਿੱਚ ਪਲਦੇ ਹਨ, ਵੱਡੇ ਹੁੰਦੇ ਹਨ, ਉਹਨਾਂ ਦੇ ਵਿਗੜਨ ਦੀ ਸੰਭਾਵਨਾ ਕੁੱਝ ਹੱਦ ਤੱਕ ਸੰਭਵ ਹੁੰਦੀ ਹੈ, ਜਿਸਦੇ ਦੋ ਕਾਰਣ ਬਣ ਜਾਂਦੇ ਹਨ। ਇੱਕ ਤਾਂ ਸਾਂਝੇ ਜਾਂ ਵੱਡੇ ਪਰਵਾਰ ਵਿੱਚ ਜੇਕਰ ਬੱਚੇ ਦੀ ਕਿਸੇ ਗ਼ਲਤੀ ’ਤੇ ਘਰ ਦਾ ਕੋਈ ਵੱਡਾ ਜੀਅ ਝਿੜਕ ਦਿੰਦਾ ਹੈ ਤਾਂ ਪਰਵਾਰ ਵਿੱਚੋਂ ਹੀ ਕੋਈ ਦੂਜਾ ਵਡੇਰਾ ਬੱਚੇ ਨੂੰ ਲਾਡ ਕਰਦਾ ਹੈ, ਜਿਸ ਨਾਲ ਬੱਚੇ ਉੱਤੇ ਝਿੜਕਾਂ ਦਾ ਅਸਰ ਨਾ-ਮਾਤਰ ਰਹਿ ਜਾਂਦਾ ਹੈ ਅਤੇ ਝਿੜਕਾਂ ਉਸ ਲਈ ਇੱਕ ਆਮ ਜਿਹੀ ਵਿਹਾਰਕ ਗੱਲ ਬਣ ਜਾਂਦੀਆਂ ਹਨ। ਉਸਨੂੰ ਪਤਾ ਹੁੰਦਾ ਹੈ ਕਿ ਜੇਕਰ ਇੱਕ ਜਣਾ ਝਿੜਕੂ ਤਾਂ ਦੂਜਾ ਉਹਨੂੰ ਆਪਣੀਆਂ ਬਾਹਾਂ ਵਿੱਚ ਲੈ ਲਉ। ਦੂਜਾ, ਜੇਕਰ ਸਾਂਝੇ ਜਾਂ ਵੱਡੇ ਪਰਵਾਰ ਵਿੱਚ ਆਪਸੀ ਇਤਫਾਕ, ਇੱਜ਼ਤ ਅਤੇ ਸਾਂਝੇਦਾਰੀ ਨਹੀਂ। ਇਕੱਠੇ ਰਹਿੰਦੇ ਹੋਣ ਦੇ ਬਾਵਜੂਦ ਘਰਾਂ ਦਾ ਕਲੇਸ਼, ਤੂੰ-ਤੂੰ, ਮੈਂ-ਮੈਂ, ਵੱਡਿਆ ਦਾ ਆਦਰ ਨਾ ਹੋਣਾ, ਉੱਚਾ ਬੋਲਣਾ ਜਾਂ ਗਾਲ੍ਹ ਮੰਦਾ ਕਰਨਾ ਆਮ ਹੋਵੇ ਤਾਂ ਵੀ ਬੱਚੇ ਦੇ ਵਿਗੜਨ ਦੇ ਮੌਕੇ ਉਸ ਦੇ ਸਾਹਮਣੇ ਉਤਪੰਨ ਹੁੰਦੇ ਹਨ।
ਹੁਣ ਜੇ ਇਕਹਰੇ ਪਰਵਾਰਾਂ ਵਿੱਚ ਪਲਣ ਅਤੇ ਵੱਡੇ ਹੋ ਰਹੇ ਬੱਚਿਆਂ ਦੀ ਗੱਲ ਕਰੀਏ ਤਾਂ ਇਥੇ ਇੱਕ ਤਾਂ ਉਹ ਆਪਣੇ ਘਰ ਦੇ ਵੱਡੇ ਬਜ਼ੁਰਗਾਂ ਦੇ ਪਿਆਰ ਤੋਂ ਵਾਂਝੇ ਰਹਿ ਜਾਂਦੇ ਹਨ। ਦੂਜਾ ਇਕਹਰੇ ਪਰਵਾਰ ਦੇ ਬੱਚੇ ਕਈ ਵਾਰ ਹਕੂਮਤ ਦਾ ਸ਼ਿਕਾਰ ਹੋ ਜਾਂਦੇ ਹਨ, ਕਿਉਂਕਿ ਘਰ ਵਿੱਚ ਉਨ੍ਹਾਂ ਨੂੰ ਹੱਲ੍ਹਾ-ਸ਼ੇਰੀ ਦੇਣ ਵਾਲਾ ਕੋਈ ਨਹੀਂ ਹੁੰਦਾ ਅਤੇ ਬੱਚਾ ਘਰਾਂ ਦੀਆਂ ਮਰਯਾਦਾਵਾਂ ਅਤੇ ਹੱਦਬੰਦੀਆਂ ਵਿੱਚ ਆਪਣੀਆਂ ਕਈ ਭਾਵਨਾਵਾਂ ਨੂੰ ਆਪਣੇ ਅੰਦਰ ਹੀ ਦੱਬ ਲੈਂਦਾ ਹੈ। ਫਿਰ ਜਦ ਵੱਡੇ ਹੋ ਕੇ ਉਹਨਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਆਪਣੇ ਜਾਇਆਂ ਦੇ ਖ਼ਿਲਾਫ ਵੀ ਬਗ਼ਾਵਤ ਕਰਨ ਤੋਂ ਪ੍ਰਹੇਜ਼ ਨਹੀਂ ਕਰਦਾ।
ਇਸ ਲਈ ਮਾਪਿਆਂ ਅਤੇ ਪਰਵਾਰ ਦੇ ਹੋਰ ਜੀਆਂ ਦਾ ਫ਼ਰਜ਼ ਬਣਦਾ ਹੈ ਕਿ ਬੱਚਿਆਂ ਦੇ ਵਿਕਾਸ ਅਤੇ ਉਨ੍ਹਾਂ ਦੇ ਵੱਧਣ ਦੇ ਮੌਕਿਆਂ ’ਤੇ ਉਨ੍ਹਾਂ ਦੀ ਯੋਗ ਅਗਵਾਈ ਕੀਤੀ ਜਾਵੇ। ਬੱਚਿਆਂ ਨੂੰ ਪ੍ਰਸੰਸਾ ਪੱਖੋਂ ਭੁੱਖਾ ਨਾ ਰੱਖੋ ਫਿਰ ਤੁਹਾਨੂੰ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ। ਬੱਚਿਆਂ ਉੱਤੇ ਬਹੁਤਾ ਦਬਾਅ ਪਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ, ਜੋ ਕੁੱਝ ਵੀ ਬੱਚੇ ਬਣਦੇ ਹਨ, ਉਹ ਮਾਪਿਆਂ ਦੇ ਵਸੀਲਿਉਂ ਹੀ ਬਣਦੇ ਹਨ। ਬੱਚੇ ਦੀਆਂ ਰੁਚੀਆਂ ਘਰੋਂ ਪੈਦਾ ਹੁੰਦੀਆਂ ਹਨ, ਉਹ ਆਪਣੇ ਆਲੇ-ਦੁਆਲੇ ਦੇ ਮਾਹੌਲ ਤੋਂ ਹੀ ਸੱਭ ਕੁੱਝ ਸਿੱਖਦਾ ਹੈ।
ਦਲੇਰੀ ਹੀ ਤਾਕਤ ਦੀ ਰੂਹ ਹੈ, ਇਸ ਗੱਲ ਦੀ ਸਿੱਖਿਆ ਬਚਪਨ ਵਿੱਚ ਬੱਚੇ ਨੂੰ ਦਿੱਤੀ ਜਾ ਸਕਦੀ ਹੈ। ਜ਼ਿੰਦਗੀ ਦੀ ਸਾਰੀ ਖ਼ੁਸ਼ੀ ਅਤੇ ਕਾਮਯਾਬੀ ਦਾ ਸੋਮਾ ਚੰਗਾ ਘਰ ਹੀ ਹੈ, ਜਿਸਦੀ ਸਿਰਜਣਾ ਮਾਂ-ਬਾਪ ਨੇ ਹੀ ਕਰਨੀ ਹੁੰਦੀ ਹੈ। ਜੇਕਰ ਬੱਚੇ ਦਾ ਬਚਪਨ ਨਾ-ਖ਼ੁਸ਼ ਹੈ ਤਾਂ ਉਹ ਵੱਡਾ ਹੋ ਕੇ ਜਜ਼ਬਿਆਂ ਦਾ ਮਾਲਕ ਨਹੀਂ ਬਣ ਸਕੇਗਾ। ਬੱਚਾ ਉਸ ਘਰ ਵਿੱਚ ਹੀ ਖ਼ੁਸ਼ ਰਹਿ ਸਕਦਾ ਹੈ, ਜਿੱਥੇ ਉਸਨੂੰ ਅਪਣੱਤ ਦਾ ਅਹਿਸਾਸ ਹੋਵੇ। ਜਿੱਥੇ ਉਸਦੀ ਕੀਤੇ ਗਏ ਕੰਮ ਦੀ ਪ੍ਰਸੰਸਾ ਅਤੇ ਉਸ ਵੱਲੋਂ ਕੀਤੀ ਗਈ ਗ਼ਲਤੀ ਨੂੰ ਪਿਆਰ ਅਤੇ ਉਦਾਹਰਣ ਨਾਲ ਦਰੁਸੱਤ ਕੀਤਾ ਜਾਵੇ। ਬੱਚੇ ਨਮੂਨੇ ਮੰਗਦੇ ਹਨ, ਉਹ ਨੁਕਤਾਚੀਨੀ ਨਹੀਂ ਮੰਗਦੇ।
ਆਓ! ਸਾਡੇ ਵਿਹੜਿਆਂ ਵਿੱਚ ਰੱਬੀ ਮਿਹਰ ਨਾਲ ਖਿੜੇ ਇਹਨਾਂ ਫ਼ੁੱਲਾਂ ਦੇ ਵਧੀਆ ਮਾਲੀ ਬਣੀਏ ਅਤੇ ਇਹਨਾਂ ਧਰਤੀ ਦੇ ਫ਼ੁੱਲਾਂ (ਬੱਚਿਆਂ) ਨੂੰ ਸੁਹਣਾ ਰੂਪ ਦੇ ਕੇ, ਦੁਨੀਆਂ ਵਿੱਚ ਖ਼ੁਸ਼ਬੂਆਂ ਵੰਡਣ ਦੇ ਕਾਬਿਲ ਬਣਾਈਏ।