ਦਮ ਘੁਟਦਾ ਜਾਂਦਾ ਹੈ ਵੀਰਨੋ ਕਾਹਦੀ ਇਹੇ ਆਜ਼ਾਦੀ।
ਹੋਏ ਤਿਹੱਤਰ ਸਾਲ ਪੂਰੇ ਸਾਡੇ ਪੱਲੇ ਪਈ ਬਰਬਾਦੀ।।
ਸ਼ਹੀਦਾਂ ਦੇ ਸੁਪਨਿਆਂ ਨੂੰ ਅਸੀਂ ਕਰ ਨੀ ਸਕੇ ਹਾਂ ਪੂਰੇ।
ਕਰੀ ਮਿਹਨਤ ਪੂਰੀ ਆ ਫਿਰ ਵੀ ਰਹਿਗੇ ਚਾਅ ਅਧੂਰੇ।।
ਕੀਤੀ ਕਿਰਤ ਜੋ ਹੱਕ ਦੀ ਸੀ ਓਹੋ ਸਾਰੀ ਵਿਹਲੜਾਂ ਖਾਧੀ
ਦਮ ਘੁਟਦਾ,,,,
ਨਿੱਤ ਵਧਦੇ ਰੇਟਾਂ ਨੇ ਲੋਕਾਂ ਦੇ ਨੱਕ ਵਿੱਚ ਦਮ ਹੈ ਕੀਤਾ।
ਪਰ ਵਿਹਲੜ ਲੋਕਾਂ ਨੇ ਰਲਮਿਲ ਖੂਨ ਕਾਮੇਂ ਦਾ ਪੀਤਾ।।
ਰਹਿ ਦਿਲ ਦੀਆਂ ਦਿਲ ਗੲੀਆਂ, ਕਿਉਂਕਿ ਸੁਣਦਾ ਨਹੀਂ ਕੋਈ ਸਾਡੀ,,,,,
ਦਮ,,,,,
ਵਾਗਡੋਰ ਦੇਸ਼ ਦੀ ਨੂੰ ਸਾਂਭੀ ਬੈਠੇ ਅਮੀਰ ਘਰਾਣੇ।
ਹੱਕ ਮੰਗਣ ਵਾਲਿਆਂ ਨੂੰ ਅੱਜਕਲ੍ਹ ਡੱਕ ਦਿੰਦੇ ਨੇ ਥਾਣੇ।।
ਪਾ ਝੂਠੇ ਕੇਸਾਂ ਨੂੰ ਸਾਬਤ ਕਰ ਦੇਵਣ ਅਪਰਾਧੀ,,,,,
ਦਮ ਘੁਟਦਾ,,,,
ਕਾਰਪੋਰੇਟ ਘਰਾਣਿਆਂ ਕੋਲ ਭਾਰਤ ਦੇਸ਼ ਪਿਆ ਹੈ ਗਹਿਣੇ।
ਹੰਭਲਾ ਮਾਰੋਂ ਰਲਮਿਲ ਜੇ ਸਾਥੀਓ ਇਹੇ ਦਿਨ ਨਹੀਂ ਰਹਿਣੇ।।
ਦੁੱਖ ਝੱਲਣ ਲਈ ਉਮਰਾਂ ਦੇ ਕਿਧਰੇ ਹੋ ਨਾ ਜਾਇਓ ਆਦੀ,,,,
ਦਮ ਘੁਟਦਾ,,,,
ਹੱਥ ਉੱਤੇ ਹੱਥ ਰੱਖ ਕੇ ਕਦੇ ਵੀ ਲੲੇ ਹੱਕ ਨਹੀਂ ਜਾਣੇ।
ਇਹ ਗੱਲਾਂ ਖਰੀਆਂ ਨੇ ਸੱਚੀਆਂ ਕਹਿ ਗਏ ਲੋਕ ਸਿਆਣੇ।।
ਸਾਥ ਦਿਓ ਸਚਾਈ ਦਾ ਲਾਕੇ ਬੈਠੇ ਕਿਉਂ ਸਮਾਧੀ,,,,
ਦਮ ਘੁਟਦਾ,,,,,
ਜੋ ਹੱਕਾਂ ਲਈ ਲੜਿਆ ਨਾ ਓਹੋ ਕਾਹਦਾ ਜੱਗ ਤੇ ਆਇਆ।
ਇੱਕ ਮੁੱਠ ਹੋ ਉਠਣਾ ਪਊ ਤੁਹਾਨੂੰ ਬੜੀ ਵਾਰ ਸਮਝਾਇਆ।।
ਉਠੋ ਰਲੀਏ ਕਾਫਲੇ ਨਾਂ ਨਹੀਂ ਤਾਂ ਰਹਿ ਜਾਵਾਂਗੇ ਫਾਡੀ,,,,
ਦਮ ਘੁਟਦਾ,,,,
ਗੱਲਾਂ ਦੱਦਾਹੂਰੀਏ ਲਿਖੀਆਂ ਨੇ,ਮੰਨੋ ਨਾ ਮੰਨੇ ਤੁਹਾਡੀ ਮਰਜੀ।
ਕਹੀਆਂ ਸਾਰੀਆਂ ਮਨ ਵਿਚੋਂ ਲਿਖੀ ਕੋਈ ਵੀ ਨਹੀਂ ਹੈ ਫਰਜ਼ੀ।।
ਬੱਚਾ ਦੁੱਧ ਨਾ ਚੁੰਘ ਸਕਦਾ ਮਾਂ ਤੋਂ ਬਣੇ ਬਿਨਾਂ ਫਰਿਆਦੀ,,,,,
ਦਮ ਘੁਟਦਾ,,,,