ਸਭ ਰੰਗ

  •    ਧਰਮ, ਸਿਆਸਤ ਅਤੇ ਸਰਮਾਏਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਡਾ ਰਤਨ ਸਿੰਘ ਜੱਗੀ ਦੀ ਪੁਸਤਕ ਗੁਰੂ ਨਾਨਕ ਬਾਣੀ ਪਾਠ ਤੇ ਵਿਆਖਿਆ ਸੱਚੀ ਸ਼ਰਧਾਂਜ਼ਲੀ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੱਚੇ ਆਨੰਦ ਦੀ ਪ੍ਰਾਪਤੀ ਲਈ ਅਸਲੀਅਤ ’ਚ ਰਹਿਣਾ ਸਿੱਖੋ / ਕੈਲਾਸ਼ ਚੰਦਰ ਸ਼ਰਮਾ (ਲੇਖ )
  •    ਬੱਚੇ - ਧਰਤੀ ਦੇ ਫ਼ੁੱਲ / ਮਨਬੀਰ ਕੌਰ (ਲੇਖ )
  •    ਮਨੁੱਖੀ ਜੀਵਨ ਦਾ ਅਨਿੱਖੜਵਾ ਅੰਗ- ਘੜਾ / ਸ਼ੰਕਰ ਮਹਿਰਾ (ਲੇਖ )
  •    ਦਰਸਨਿ ਪਰਸਿਐ ਗੁਰੂ ਕੈ / ਜਸਵਿੰਦਰ ਸਿੰਘ ਰੁਪਾਲ (ਲੇਖ )
  •    ਇਕ ਢਾਡੀ ਅਤੇ ਅਧਿਆਪਕ ਦੀ ਸਵੈ ਜੀਵਨੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਕਲਾਤਮਿਕ ਫਿਲਮਾਂ ਸਮਾਜ ਦਾ ਸ਼ੀਸ਼ਾ ਹੁੰਦੀਆਂ ਹਨ / ਵਰਿੰਦਰ ਅਜ਼ਾਦ (ਲੇਖ )
  •    ਖੁੰਢੀਆਂ ਛੁਰੀਆਂ ਦੇ ਰਾਹਾਂ ’ਤੇ : ਹਰਬੀਰ ਸਿੰਘ ਭੰਵਰ / ਜਰਨੈਲ ਸਿੰਘ ਸੇਖਾ (ਲੇਖ )
  •    ਸ਼੍ਰੋਮਣੀ ਸਾਹਿਤਕਾਰ ਪੁਰਸਕਾਰ’ ਲੇਖ ਲੜੀ (ਸਾਹਿਤਕ ਪ੍ਰਦੂਸ਼ਨ} / ਮਿੱਤਰ ਸੈਨ ਮੀਤ (ਲੇਖ )
  • ਡਾ. ਸੁਖਵਿੰਦਰ ਕੰਬੋਜ ਦੀ ਪ੍ਰਧਾਨਗੀ ਹੇਠ ਜ਼ੂਮ ਲਿੰਕ ਰਾਹੀਂ ਸਾਹਿਤਕ ਮਿਲਣੀ ਹੋਈ। (ਖ਼ਬਰਸਾਰ)


    ਹੇਵਰਡ: ਬੀਤੇ ਦਿਨੀਂ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਵਲੋਂ ਡਾ. ਸੁਖਵਿੰਦਰ ਕੰਬੋਜ ਦੀ ਪ੍ਰਧਾਨਗੀ ਹੇਠ ਜ਼ੂਮ ਲਿੰਕ ਰਾਹੀਂ ਸਾਹਿਤਕ ਮਿਲਣੀ ਹੋਈ। ਇਸ ਮਿਲਣੀ ਦੇ ਸ਼ੁਰੂ ਵਿਚ ਡਾ. ਕੰਬੋਜ ਨੇ ਸਭ ਨੂੰ ਜੀ ਆਇਆਂ ਆਖਿਆ। ਜਨਰਲ ਸਕੱਤਰ ਕੁਲਵਿੰਦਰ ਨੇ ਦੂਜੇ ਸੈਸ਼ਨ ਦੇ ਸੰਚਾਲਨ ਲਈ ਹਰਜਿੰਦਰ ਕੰਗ ਨੂੰ ਸੱਦਾ ਦਿੱਤਾ। ਹਰਜਿੰਦਰ ਕੰਗ ਨੇ ਸੁਰਜੀਤ ਸਖੀ ਦੇ ਕਾਵਿ-ਸੰਸਾਰ ਦੀ ਜਾਣ-ਪਛਾਣ ਕਰਵਾਉਂਦੇ ਦੱਸਿਆ ਕਿ ਸੁਰਜੀਤ ਸਖੀ ਪੰਜਾਬੀ ਸ਼ਾਇਰੀ ਦਾ ਵਿਸ਼ੇਸ਼ ਹਸਤਾਖਰ ਹੈ, ਜਿਸ ਨੇ ਹੁਣ ਤੱਕ ਅੱਧੀ ਦਰਜਨ ਕਾਵਿ ਸੰਗ੍ਰਹਿ ਲਿਖੇ ਹਨ: ‘ਕਿਰਨਾਂ’, ‘ਅੰਗੂਠੇ ਦਾ ਨਿਸ਼ਾਨ’, ‘ਜਵਾਬੀ ਖ਼ਤ’ ਕਵਿਤਾਵਾਂ ਦੀਆਂ ਪੁਸਤਕਾਂ ਹਨ। ‘ਮੈਂ ਸਿਕੰਦਰ ਨਹੀਂ’ ਚਰਚਿਤ ਗ਼ਜ਼ਲ ਸੰਗ੍ਰਹਿ ਅਤੇ ‘ਧੁੰਦ’ ਕਵਿਤਾ ਅਤੇ ਗ਼ਜਲ ਦੋਵਾਂ ਕਾਵਿ-ਵਿਧਾਵਾਂ ਦਾ ਸੁਮੇਲ ਹੈ। ਇਸ ਤੋਂ ਇਲਾਵਾ ‘ਯੇ ਉਨ ਦਿਨੋਂ ਕੀ ਬਾਤ ਹੈ’ ਹਿੰਦੀ ਕਾਵਿ-ਸੰਗ੍ਰਹਿ ਹੈ। ਇਸ ਤੋਂ ਬਾਅਦ ਸਿਰਮੌਰ ਗ਼ਜ਼ਲਕਾਰ ਅਤੇ ਸਮੀਖਿਆਕਾਰ ਸੁਰਜੀਤ ਜੱਜ ਨੇ ‘ਸਮਕਾਲੀ ਸੰਵੇਦਨਾ ਤੇ ਸੰਘਰਸ਼ ਦੇ ਪ੍ਰਸੰਗ ਵਿਚ ਸਖੀ ਕਾਵਿ ਦੀ ਪੜ੍ਹਤ’ ਪੇਪਰ ਬੁਹਤ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਸਖੀ ਦੀ ਸ਼ਾਇਰੀ ਸੰਘਰਸ਼ਮੁਖੀ ਸੰਵੇਦਨਸ਼ੀਲਤਾ ਅਤੇ ਸੰਵੇਦਨਸ਼ੀਲ ਸੰਘਰਸ਼ਮੁਖਤਾ ਦੀ ਸਿਰਜਣਕਾਰੀ ਦਾ ਆਦਿ ਚਸ਼ਮਾ ਹੈ, ਜਿੱਥੋਂ ਸ਼ੁਰੂ ਹੋ ਸੁਹਜ ਭਰਪੂਰ ਸ਼ਾਇਰੀ ਦੀ ਇਕ ਨਿਰੰਤਰ ਵਹਿੰਦੀ ਨਦੀ, ਸ਼ਬਦ-ਸਾਧਨਾ ਸੰਪੰਨ ਪਾਠਕ ਦੇ ਸ਼ਾਂਤ ਮਨੋਸਾਗਰ ਵਿਚ ਹਲਚਲ ਪੈਦਾ ਕਰਦੀ ਹੈ। ਇਸ ਸ਼ਾਇਰੀ ਦੀ ਵਿਸ਼ੇਸ਼ਤਾ ਇਹ ਹੈ ਕਿ ਕਈ ਦਹਾਕੇ ਪਹਿਲਾਂ ਕੀਤੀ ਸਿਰਜਣਾ ਅੱਜ ਦੇ ਕਿਸਾਨੀ ਸੰਘਰਸ਼ ਦੇ ਸਾਰ ਅਤੇ ਸੁਭਾਅ ਦੀ ਸੂਖ਼ਮ ਝਲਕ ਪਾਉਂਦੀ ਹੈ-
    ਉਸ ਕਿਹਾ ਸੀ ਇਹੋ, ਸਰਦ ਹੰਝੂ, ਮੇਰੇ
    ਸੁਲਗਦੇ ਹੱਥ ’ਤੇ ਧਰਦਿਆਂ ਧਰਦਿਆਂ
    ਨਾ ਹੰਢਾਉਣੀ ਪਵੇ ਪਿਆਸ ਤੈਨੂੰ ਕਿਤੇ
    ਸੇਕ ਹਾਲਤ ਦਾ ਜਰਦਿਆਂ ਜਰਦਿਆਂ।



    ਇਸ ਉਪਰੰਤ ਸਵਾਲ-ਜਵਾਬ ਦੇ ਸਿਲਸਿਲੇ ਵਿਚ ਭਾਗ ਲੈਂਦਿਆਂ ਸੁਰਿੰਦਰ ਸੀਰਤ ਨੇ ਪੜ੍ਹੇ ਗਏ ਪੇਪਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ, “ਇਕ ਵਾਰੀ ਡਾ. ਅਤਰ ਸਿੰਘ ਨੇ ਸੰਕੇਤ ਦਿੱਤਾ ਸੀ ਕਿ ਸਖੀ ਦੀ ਕਵਿਤਾ ਬੇਹਤਰ ਹੈ ਅਤੇ ਗ਼ਜ਼ਲ ਬੇਹਤਰ ਨਹੀਂ। ਆਉਣ ਵਾਲਾ ਸਮਾਂ ਕਿਸੇ ਨੂੰ ਪਤਾ ਨਹੀਂ ਹੁੰਦਾ…। ਪ੍ਰਿੰਸੀਪਲ ਤਖਤ ਸਿੰਘ ਦੀ ਰਹਨੁਮਾਈ ਹੇਠ ਲਿਖੀ ਸਖੀ ਦੀ ਗ਼ਜ਼ਲ ਵਧੇਰੇ ਸਾਰਥਕ ਸਿੱਧ ਹੋਈ ਹੈ। ਇਸ ਉਪਰੰਤ ਹਾਜ਼ਰ ਸਭ ਸ਼ਾਇਰਾਂ ਨੇ ਸੁਰਜੀਤ ਸਖੀ ਨੂੰ ਉਨ੍ਹਾਂ ਦੀ ਸਿਰਜਣਾ ਪ੍ਰਤੀ ਸਵਾਲ ਵੀ ਕੀਤੇ ਅਤੇ ਵਧਾਈ ਵੀ ਦਿੱਤੀ। ਕੁਲਵਿੰਦਰ ਨੇ ਕਿਹਾ ਕਿ ਸੁਰਜੀਤ ਜੱਜ ਨੇ ਸਖੀ ਦੀ ਗ਼ਜਲ ਸੰਵੇਦਨਾ ਦੀਆਂ ਜੋ ਪਰਤਾਂ ਖੋਲ੍ਹੀਆਂ ਹਨ, ਉਹ ਕਾਬਿਲੇ ਤਾਰੀਫ਼ ਹਨ। ਉਨ੍ਹਾਂ ਦੀ ਇਹ ਸ਼ਿਅਰ ਅੱਜ ਵੀ ਪੰਜਾਬ ਦੇ ਸਾਹਿਤਕ ਹਲਕਿਆਂ ਵਿਚ ਗੂੰਜਦਾ ਹੈ, ਇਹ ਉਸਦੀ ਗ਼ਜ਼ਲ ਸੰਵੇਦਨਾ ਦਾ ਸਿਖਰ ਹੈ-
    ਆਮ ਇਨਸਾਨ ਹਾਂ, ਮੈਂ ਸਿਕੰਦਰ ਨਹੀਂ
    ਨਾ ਸੀ ਦੁਨੀਆਂ ਨੂੰ ਜਿੱਤਣ ਦੀ ਖ਼ਾਹਿਸ਼ ਕੋਈ
    ਇਹ ਜ਼ਮਾਨਾ ਤਾਂ ਐਵੇਂ ਫ਼ਤਿਹ ਹੋ ਗਿਆ
    ਸਿਰਫ਼ ਤੈਨੂੰ ਫ਼ਤਿਹ ਕਰਦਿਆਂ ਕਰਦਿਆਂ
     ਡਾ. ਸੁਹਿੰਦਰਬੀਰ ਸਿੰਘ ਨੇ ਇਸ ਸੈਸ਼ਨ ਦੀ ਅੰਤਿਕਾ ਵਿਚ ਕਿਹਾ ਕਿ ਸੁਰਜੀਤ ਜੱਜ ਨੇ ਸ਼ਾਇਰ ਦੀ ਰੂਹ ਤੱਕ ਪਹੁੰਚ ਕੀਤੀ ਹੈ। ਦੋ ਦਹਾਕੇ ਪਹਿਲਾਂ ਲਿਖੀ ਗਈ ਰਚਨਾ ਇਸ ਗੱਲ ਦੀ ਹਾਮੀ ਵੀ ਭਰਦੀ ਹੈ ਕਿ ਸਾਡੇ ਹਲਾਤ ਉਸ ਵਕਤ ਵੀ ਏਦਾਂ ਦੇ ਸਨ।ਸਖੀ ਦੀ ਸ਼ਾਇਰੀ ਪੁਖਤਾ ਹੈ ਅਤੇ ਪੁਖਤਾ ਸ਼ਾਇਰੀ ਥੀਮ ਅਤੇ ਫੋਰਮ ਵਿਚ ਤਾਲਮੇਲ ਅਤੇ ਸੰਯੋਗ ਪੈਦਾ ਹੋਣ ਤੋਂ ਬਾਅਦ ਜਨਮ ਲੈਂਦੀ ਹੈ। ਸੁਰਜੀਤ ਸਖੀ ਨੇ ਇਸ ਗੱਲ ’ਤੇ ਪੂਰਾ ਪਹਿਰਾ ਦਿੱਤਾ ਹੈ-
    ਫੇਰ ਤੋਂ ਗਲ ਨਾਲ ਲੱਗ ਕੇ ਤਰਸਦੀ ਹੈ ਰੋਣ ਨੂੰ, ਖੁਰ ਗਈ ਮਿੱਟੀ ਜੋ ਇਸ ਪਰਬਤ ਦੀ ਦਰਿਆਵਾਂ ਦੇ ਨਾਲ।
    ਸੁਰਜੀਤ ਸਖੀ ਨੇ ਸਵਾਲਾਂ ਦੇ ਜਵਾਬ ਵੀ ਦਿੱਤੇ ਅਤੇ ਡਾ. ਸੁਰਜੀਤ ਜੱਜ ਅਤੇ ਵਿਪਸਾ ਦੇ ਇਸ ਉਪਰਾਲੇ ਲਈ ਧੰਨਵਾਦ ਵੀ ਕੀਤਾ।
    ਇਸ ਉਪਰੰਤ ਕਵੀ ਦਰਬਾਰ ਹੋਇਆ ਜਿਸ ਵਿਚ ਮਹਿੰਦਰ ਸਿੰਘ ਸੰਘੇੜਾ, ਹਰਪ੍ਰੀਤ ਧੂਤ, ਬੀਬੀ ਸੁਰਜੀਤ ਕੌਰ ਸੈਕਰਾਮੈਂਟੋ, ਡਾ. ਗੁਰਪ੍ਰੀਤ ਸਿੰਘ ਧੁੱਗਾ, ਤਾਰਾ ਸਿੰਘ ਸਾਗਰ, ਪਿਆਰਾ ਸਿੰਘ ਕੁੱਦੋਵਾਲ, ਸੁਰਜੀਤ ਟੋਰਾਂਟੋ, ਹਰਜਿੰਦਰ ਕੰਗ, ਸੁਰਜੀਤ ਜੱਜ, ਡਾ. ਭੁਪਿੰਦਰ ਕੌਰ (ਇੰਡੀਆ) ਅਤੇ ਸੁਰਜੀਤ ਸਖੀ ਨੇ ਸੁਰਮਈ ਰੰਗ ਭਰ ਕੇ ਸ਼ਾਮ ਨੂੰ ਰੰਗੀਨ ਕਰ ਦਿੱਤਾ। ਅਮਰਜੀਤ ਕੌਰ ਪੰਨੂੰ, ਗੁਲਸ਼ਨ ਦਿਆਲ, ਜਗਜੀਤ ਨੌਸ਼ਿਹਰਵੀ ਅਤੇ ਚਰਨਜੀਤ ਪੰਨੂ ਨੇ ਵੀ ਸੰਖੇਪ ਹਾਜ਼ਰੀ ਭਰੀ। ਅੰਤ ਵਿਚ ਡਾ. ਸੁਖਵਿੰਦਰ ਕੰਬੋਜ ਨੇ ਇਸ ਸ਼ਾਨਦਾਰ ਪ੍ਰੋਗਰਾਮ ਦੀ ਸਫ਼ਲਤਾ ਲਈ ਸਭ ਦਾ ਧੰਨਵਾਦ ਕੀਤਾ ਅਤੇ ਅਮਰੀਕਾ ਵਿਚ ਲਿਖੀ ਜਾ ਰਹੀ ਗ਼ਜ਼ਲ ’ਤੇ ਖੋਜ ਕਾਰਜ ਕਰਵਾਉਣ ਦਾ ਪ੍ਰਸਤਾਵ ਵੀ ਰੱਖਿਆ।ਮੰਚ ਸੰਚਾਲਨ ਕ੍ਰਮਵਾਰ ਹਰਜਿੰਦਰ ਕੰਗ ਅਤੇ ਲਾਜ ਨੀਲਮ ਸੈਣੀ ਨੇ ਬਾਖੂਬੀ ਨਿਭਾਇਆ।

    ਲਾਜ ਨੀਲਮ ਸੈਣੀ
    ਲਾਜ ਨੀਲਮ ਸੈਣੀ