ਸਭ ਰੰਗ

  •    ਧਰਮ, ਸਿਆਸਤ ਅਤੇ ਸਰਮਾਏਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਡਾ ਰਤਨ ਸਿੰਘ ਜੱਗੀ ਦੀ ਪੁਸਤਕ ਗੁਰੂ ਨਾਨਕ ਬਾਣੀ ਪਾਠ ਤੇ ਵਿਆਖਿਆ ਸੱਚੀ ਸ਼ਰਧਾਂਜ਼ਲੀ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੱਚੇ ਆਨੰਦ ਦੀ ਪ੍ਰਾਪਤੀ ਲਈ ਅਸਲੀਅਤ ’ਚ ਰਹਿਣਾ ਸਿੱਖੋ / ਕੈਲਾਸ਼ ਚੰਦਰ ਸ਼ਰਮਾ (ਲੇਖ )
  •    ਬੱਚੇ - ਧਰਤੀ ਦੇ ਫ਼ੁੱਲ / ਮਨਬੀਰ ਕੌਰ (ਲੇਖ )
  •    ਮਨੁੱਖੀ ਜੀਵਨ ਦਾ ਅਨਿੱਖੜਵਾ ਅੰਗ- ਘੜਾ / ਸ਼ੰਕਰ ਮਹਿਰਾ (ਲੇਖ )
  •    ਦਰਸਨਿ ਪਰਸਿਐ ਗੁਰੂ ਕੈ / ਜਸਵਿੰਦਰ ਸਿੰਘ ਰੁਪਾਲ (ਲੇਖ )
  •    ਇਕ ਢਾਡੀ ਅਤੇ ਅਧਿਆਪਕ ਦੀ ਸਵੈ ਜੀਵਨੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਕਲਾਤਮਿਕ ਫਿਲਮਾਂ ਸਮਾਜ ਦਾ ਸ਼ੀਸ਼ਾ ਹੁੰਦੀਆਂ ਹਨ / ਵਰਿੰਦਰ ਅਜ਼ਾਦ (ਲੇਖ )
  •    ਖੁੰਢੀਆਂ ਛੁਰੀਆਂ ਦੇ ਰਾਹਾਂ ’ਤੇ : ਹਰਬੀਰ ਸਿੰਘ ਭੰਵਰ / ਜਰਨੈਲ ਸਿੰਘ ਸੇਖਾ (ਲੇਖ )
  •    ਸ਼੍ਰੋਮਣੀ ਸਾਹਿਤਕਾਰ ਪੁਰਸਕਾਰ’ ਲੇਖ ਲੜੀ (ਸਾਹਿਤਕ ਪ੍ਰਦੂਸ਼ਨ} / ਮਿੱਤਰ ਸੈਨ ਮੀਤ (ਲੇਖ )
  • ਖੁੰਢੀਆਂ ਛੁਰੀਆਂ ਦੇ ਰਾਹਾਂ ’ਤੇ : ਹਰਬੀਰ ਸਿੰਘ ਭੰਵਰ (ਲੇਖ )

    ਜਰਨੈਲ ਸਿੰਘ ਸੇਖਾ    

    Email: Jarnailsinghsekha34@gmail.com
    Phone: +1 778 246 1087
    Address: 7242 130 A Street
    Surrey British Columbia Canada V3W 6E9
    ਜਰਨੈਲ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਹਰਬੀਰ ਸਿੰਘ ਭੰਵਰ ਮੇਰਾ ਬਹੁਤ ਹੀ ਨਜ਼ਦੀਕੀ ਮਿੱਤਰ ਹੈ। ਮੈਂ ਉਸਨੂੰ ਉਦੋਂ ਤੋਂ ਜਾਣਦਾ ਹਾਂ ਜਦੋਂ ਉਹਦੀ ਦਾਹੜੀ ਅਜੇ ਫੁਟਾਰੇ `ਤੇ ਹੀ ਸੀ।ਉਹ ਪਿੰਡ ਮਧੇਕੇ (ਤਹਿਸੀਲ ਮੋਗਾ) ਵਿੱਚ ਨਵਾਂ-ਨਵਾਂ ਹੀ ਅਧਿਆਪਕ ਲੱਗਾ ਸੀ। ਇਹ ਗੱਲ ਸ਼ਾਇਦ ਸੰਨ1958 ਦੇ ਲਾਗੇ ਦੀ ਹੈ। ਉਸ ਸਮੇਂ ਲਿਖਾਰੀ ਸਭਾ ਮੋਗਾ ਆਪਣੇ ਭਰ ਜੋਬਨ ’ਤੇ ਸੀ। ਉਸ ਦੀਆਂ ਮੀਟਿੰਗਾਂ ਉਂਝ ਤਾਂ ਹਰ ਮਹੀਨੇ ਐਤਵਾਰ ਮੋਗੇ ਹੁੰਦੀਆਂ ਸਨ ਪਰ ਕੁਝ ਨੇੜਲੇ ਸਾਹਿਤਕਾਰ ਸਾਥੀ ਉਸ ਐਤਵਾਰ ਤੋਂ ਬਿਨਾਂ ਵੀ ਕਿਸੇ ਇੱਕ ਦੇ ਘਰ ਮਿਲ ਬੈਠਦੇ। ਇਸੇ ਤਰਾਂ ਹੀ ਇੱਕ ਐਤਵਾਰ ਕੁਝ ਮਿੱਤਰ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਪ੍ਰੀਤਮ ਬਰਾੜ (ਪੱਤੋ) ਦੀ ਬੈਠਕ ਵਿੱਚ ਬੈਠੇ ਸਨ ਕਿ ਸੁਰਜੀਤ ਬਰਾੜ ਇੱਕ ਲੰਮੇ ਲੰਝੇ ਪਤਲੇ ਜਿਹੇ ਗਭਰੂ ਨੂੰ ਆਪਣੇ ਨਾਲ ਲੈ ਕੇ ਆਇਆ ਅਤੇ ਉਸ ਦੀ ਜਾਣ-ਪਛਾਣ ਕਰਾਈ, ‘‘ਇਹਨਾਂ ਨੂੰ ਮਿਲੋ, ਇਹ ਨੇ ਹਰਬੀਰ ਸਿੰਘ ਭੰਵਰ, ਇੱਕ ਚਿੱਤਰਕਾਰ। ਇਹਨਾਂ ਦਾ ਪਿੰਡ ਲੁਧਿਆਣੇ ਜ਼ਿਲ੍ਹੇ ਵਿੱਚ ਪੱਖੋਵਾਲ ਹੈ ਅਤੇ ਸਾਡੇ ਸਕੂਲ ਵਿੱਚ ਨਵੇਂ ਮਾਸਟਰ ਲੱਗੇ ਹਨ।’’



    ਹਰਬੀਰ ਸਿੰਘ ਭੰਵਰ
    ਹਰਬੀਰ ਸਾਰਾ ਸਮਾਂ ਚੁੱਪ-ਚਾਪ ਬੈਠਾ ਰਿਹਾ। ਉਸ ਨੇ ਵਿਚਾਰ-ਵਟਾਂਦਰੇ ’ਚ ਕੋਈ ਹਿੱਸਾ ਨਹੀਂ ਲਿਆ। ਅਖ਼ੀਰ ’ਤੇ ਲਿਖਾਰੀ ਸਭਾ ਦੇ ਇਨਸਗਿਨੀਏ ਬਾਰੇ ਗੱਲ ਚੱਲੀ ਤਾਂ ਉਸਨੇ ਝੱਟ ਇੱਕ ਪੈਨਸਲ ਸਕੈੱਚ ਤਿਆਰ ਕਰ ਦਿੱਤਾ। ਸਾਰਿਆਂ ਵੱਲੋਂ ਉਹ ਸਕੈੱਚ ਸਲਾਹਿਆ ਗਿਆ। ਅਜਿਹੀ ਇੱਕ ਬੈਠਕ ਤੋਂ ਬਾਅਦ ਉਸ ਨੇ ਆਪਣੀ ਇੱਕ ਕਹਾਣੀ ਸੋਧ ਲਈ ਮੈਨੂੰ ਦਿੱਤੀ। ਭਾਵੇਂ ਕਹਾਣੀ ਮਾਅਰਕੇ ਦੀ ਨਹੀਂ ਸੀ ਪਰ ਉਸਦੀ ਸ਼ਬਦ ਚੋਣ ਤੇ ਵਿਸ਼ੇ ਤੋਂ ਪਤਾ ਲਗਦਾ ਸੀ ਕਿ ਉਹ ਚਿੱਤਰਕਾਰ ਦੇ ਨਾਲ ਇੱਕ ਚੰਗਾ ਲੇਖਕ ਵੀ ਹੈ। ਉਸ ਮਗਰੋਂ ਉਸ ਦੇ ਚਿੱਤਰਕਾਰੀ ਦੇ ਸ਼ੌਂਕ ਨੂੰ ਸਾਰੇ ਸਾਹਿਤਕਾਰ ਸਾਥੀ ਉਤਸ਼ਾਹਿਤ ਕਰਦੇ ਰਹੇ।
       ਹਰਬੀਰ ਦੀ ਫ਼ਿਤਰਤ ਹੈ ਕਿ ਜਿਹੜੀ ਗੱਲ ਉਸ ਦੇ ਮਨ ਵਿੱਚ ਇੱਕ ਵਾਰੀ ਆ ਜਾਵੇ, ਉਹ ਉਸ ਨੂੰ ਸਿਰੇ ਲਾ ਕੇ ਛੱਡਦਾ ਹੈ। ਉਸ ਸਮੇਂ ਉਹ ਨਫ਼ੇ ਨੁਕਸਾਨ ਬਾਰੇ ਬਿਲਕੁਲ ਨਹੀਂ ਸੋਚਦਾ। ਉਸ ਦੀ ਇਸ ਫ਼ਿਤਰਤ ਨੇ ਉਸ ਨੂੰ ਬੁਲੰਦੀਆਂ ’ਤੇ ਵੀ ਪਹੁੰਚਾਇਆ ਹੈ ਅਤੇ ਇਸ ਫ਼ਿਤਰਤ ਦੀ ਇਹ ਕਮਜ਼ੋਰੀ ਉਸ ਨੂੰ ਨਿਵਾਣਾਂ ਤੱਕ ਵੀ ਲੈ ਗਈ।
       ਹਰਬੀਰ ਦੇ ਮਨ ’ਚ ਆਈ ਕਿ ਚਿੱਤਰਕਾਰੀ ਵਿੱਚ ਨਿਪੁੰਨਤਾ ਤਾਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਜੇ ਕਿਸੇ ਮਹਾਨ ਚਿੱਤਰਕਾਰ ਦੀ ਸ਼ਗਿਰਦੀ ਕੀਤੀ ਜਾਵੇ। ਉਸ ਦੇ ਦੋਸਤਾਂ ਦਾ ਵੀ ਇਹੋ ਵਿਚਾਰ ਸੀ ਕਿ ਕਿਸੇ ਪ੍ਰਸਿੱਧ ਚਿੱਤਰਕਾਰ ਤੋਂ ਸਿਖਿਆ ਲੈ ਕੇ ਉਹ ਬਹੁਤ ਵਧੀਆ ਚਿੱਤਰਕਾਰ ਬਣ ਸਕਦਾ ਹੈ। ਉਸ ਨੇ ਕਈ ਚਿੱਤਰਕਾਰਾਂ ਨਾਲ ਚਿੱਠੀ ਪੱਤਰ ਕੀਤਾ। ਪ੍ਰਸਿੱਧ ਚਿਤਰਕਾਰ ਸ. ਸੋਭਾ ਸਿੰਘ ਤੋਂ ਹੁੰਗਾਰਾ ਮਿਲਣ ’ਤੇ ਉਹ ਅੰਦਰੇਟੇ (ਜ਼ਿਲਾ ਕਾਂਗੜਾ) ਚਲਾ ਗਿਆ। ਫਿਰ ਉਸ ਨੇ 1963 ਵਿਚ ਅੰਦਰੇਟੇ ਵਿਖੇ ਹੀ ਬਦਲੀ ਕਰਵਾ ਲਈ। ਜ਼ਿਲਾ ਕਾਂਗੜਾ ਉਦੋਂ ਪੰਜਾਬ ਦਾ ਹੀ ਹਿੱਸਾ ਹੁੰਦਾ ਸੀ। ਉਦੋਂ ਉਸ ਦਾ ਨਵਾਂ-ਨਵਾਂ ਹੀ ਵਿਆਹ ਹੋਇਆ ਸੀ। ਉਸ ਦੀ ਸੱਜ-ਵਿਆਹੀ ਪਤਨੀ ,ਗੁਰਚਰਨ ਦੇ ਤਰਲੇ ਅਤੇ ਮਾਪਿਆਂ ਦੀਆਂ ਨਸੀਹਤਾਂ ਅਤੇ ਸਾਥੀਆਂ ਦੀਆਂ ਦਲੀਲਾਂ ਦਾ ਕੀ ਅਸਰ ਹੋਣਾ ਸੀ। ਬਦਲੀ ਅੰਦਰੇਟੇ ਤੋਂ ਪੰਜ ਮੀਲ ਦੂਰ ਗੌਰਮਿੰਟ ਹਾਈ ਸਕੂਲ ਪਪਰੋਲਾ ਦੀ ਹੋਈ। ਪਹਾੜੀ ਇਲਾਕਾ, ਅੰਦਰੇਟੇ ਤੋਂ ਪੈਦਲ ਤੁਰ ਕੇ ਜਾਣਾ, ਥੱਕ ਕੇ ਚੂਰ ਹੋ ਜਾਣਾ ਪਰ ਉਸ ਨੇ ਸਿਰੜ ਤੇ ਸਾਧਨਾ ਨਾ ਛੱਡੀ। ਭਾਵੇਂ ਚਿੱਤਰਕਾਰੀ ਲਈ ਸਮਾਂ ਘੱਟ ਨਿਕਲਦਾ ਪਰ ਦਾਰ ਜੀ, ਸ. ਸੋਭਾ ਸਿੰਘ ਲਈ ਹਾਜ਼ਰੀ ਜ਼ਰੂਰ ਭਰਦਾ। ਨਾਲ ਨਾਲ ਆਪਣੀ ਪੜ੍ਹਾਈ ਵੀ ਜਾਰੀ ਰੱਖੀ ਅਤੇ ਪੰਜਾਬੀ ਦੀ ਐਮ. ਏ. ਕਰਨ ਉਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜਰਨਲਿਜ਼ਮ ਦੀ ਡਿਗਰੀ ਵੀ ਲੈ ਲਈ। ਇਸ ਦੌਰਾਨ ਦਾਰ ਜੀ ਦੀ ਸੁਹਬਤ ਅਤੇ ਘਟਨਾਵਾਂ ਨੇ ਹਰਬੀਰ ਅਤੇ ਉਸਦੇ ਪਰਿਵਾਰ ਨੂੰ ਦਾਰ ਜੀ ਜੋਗਾ ਹੀ ਬਣਾ ਦਿੱਤਾ। ਫਿਰ ਦੋ ਪਰਿਵਾਰ ਇੱਕੋ ਪਰਿਵਾਰ ਹੀ ਬਣ ਗਏ।

    ਨਿਆਗਰਾ ਫਾਲ ਤੇ

       1966 ਵਿਚ ਪੰਜਾਬੀ ਸੂਬਾ ਬਣਨ `ਤੇ ਕਾਂਗੜਾ ਜ਼ਿਲਾ ਹਿਮਾਚਲ ਪ੍ਰਦੇਸ ਵਿਚ ਚਲਾ ਗਿਆ। ਪੰਜਾਬੀ ਇਲਾਕੇ ਦੇ ਬਹੁਤੇ ਕਰਮਚਾਰੀ ਪੰਜਾਬ ਨੂੰ ਸੌਂਪ ਦਿੱਤਤੇ ਗਏ। ਉਹਨਾਂ ਵਿਚ ਹਰਬੀਰ ਸਿੰਘ ਭੰਵਰ ਵੀ ਸੀ। ਉਸ ਦੀ ਬਦਲੀ ਦੱਧਾਹੂਰ ਦੀ ਹੋ ਗਈ। ਪਰਿਵਾਰ ਨੇ ਬਹੁਤ ਜ਼ੋਰ ਲਾਇਆ ਕਿ ਉਹ ਇਧਰ ਹੀ ਰਹੇ ਪਰ ਉਹ ਆਪਣੀ ਨੌਕਰੀ ਤੋਂ ਅਸਤੀਫਾ ਦੇ ਕੇ ਹਿਮਾਚਲ ਯੂਨੀਵਰਸਿਟੀ ਪਾਲਮਪੁਰ ਵਿਚ ਆਡੀਟਰ ਜਾ ਲੱਗਾ। ਫਿਰ ਯੂਨੀਵਰਸਿਟੀ ਦੀ ਨੌਕਰੀ ਛੱਡੀ ਅਤੇ ਪੱਤਰਕਾਰੀ ਵਿੱਚ ਆ ਗਿਆ।  
       ਹਰਬੀਰ ਦੇ ਮਨ `ਚ ਆਈ ਕਿ ਮੈਂ ਕਿਸੇ ਦੇ ਆਸਰੇ ਨਹੀਂ, ਆਪਣੀ ਹਿੰਮਤ ਦੇ ਬਲਬੂਤੇ ਆਪਣੇ ਪੈਰਾਂ ’ਤੇ ਖੜ੍ਹਾ ਹੋਣਾ ਹੈ। ਉਸ ਦੀ ਇਸ ਸੋਚਣੀ ਨੇ ਉਸ ਦਾ ਗ੍ਰਹਿਸਥੀ ਜੀਵਨ ਤਬਾਹ ਕਰ ਦਿੱਤਾ ਪਰ ਉਹ ਅੱਗੇ ਤੁਰਿਆ ਗਿਆ। ਅੱਜ ਉਸ ਦਾ ਪੱਤਰਕਾਰੀ ਵਿੱਚ ਇੱਕ ਵਿਸ਼ੇਸ਼ ਨਾਂ ਹੈ, ਸ਼ੁਹਰਤ ਹੈ, ਇੱਜ਼ਤ ਹੈ। ਪਰ ਉਸ ਨੇ ਇਸ ਦੀ ਕਿੰਨੀ ਕੁ ਕੀਮਤ ਤਾਰੀ ਹੈ ਇਹ ਤਾਂ ਉਸ ਨੂੰ ਹੀ ਪਤਾ ਹੈ। ਹਰਬੀਰ ਸਿੰਘ ਵਿੱਚ ਜਿੱਥੇ ਨਿਮਰਤਾ, ਸੱਚਾਈ, ਇਮਾਨਦਾਰੀ, ਲੋਕ ਸੇਵਾ ਦੀ ਲਗਨ ਅਤੇ ਸਵੈਮਾਨ ਹੈ, ਉੱਥੇ ਆਕੜ, ਗੁੱਸਾ ਤੇ ਜ਼ਿੱਦ ਵੀ ਬਹੁਤ ਹੈ। ਦਾਰ ਜੀ ਨਾਲ ਕਈ ਗੱਲਾਂ ’ਤੇ ਮਤਭੇਦ ਕਾਰਨ ਦੋਨਾਂ ਦੀ ‘ਈਗੋ’ ਦੀ ਲੜਾਈ ਜਾਂ ‘ਸ਼ਖ਼ਸੀਅਤ ਦੀ ਲੜਾਈ’ ਅਜਿਹੀ ਵਿਗੜੀ ਕਿ ਘਰੇਲੂ ਜੀਵਨ ਤੀਲਾ, ਤੀਲਾ ਹੋ ਗਿਆ। ਦੋਨਾਂ ਦਾ ਇਹ ਟਕਰਾਅ ਦੋ ਪੀੜ੍ਹੀਆਂ ਦੀ ਲੜਾਈ ਵੀ ਸੀ, ਜਿਸ ਦੀ ਸਭ ਤੋਂ ਵੱਧ ਸਜ਼ਾ ਉਸ ਦੇ ਇੱਕਲੌਤੇ ਪੁੱਤਰ ਹਿਰਦੇਪਾਲ ਸਿੰਘ ਨੂੰ ਭੁਗਤਣੀ ਪਈ, ਜਿਸ ਨੂੰ ਬਚਪਨ ਵਿੱਚ ਹੀ ਅਨੇਕਾਂ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। 
      ਉਸ ਦੀ ਇੱਕ ਸਿਫ਼ਤ ਵੀ ਹੈ ਉਸ ਵਿੱਚ ਫ਼ੈਸਲਾ ਕਰਨ ਦੀ ਸ਼ਕਤੀ ਹੈ। ਭਾਵੇਂ ਕਿੰਨਾ ਹੀ ਪ੍ਰੇਸ਼ਾਨ ਹੋਏ ਤੇ ਕਿਸ ਤਰਾਂ ਦੇ ਹਾਲਾਤ ਹੋਣ ਉਹ ਦੁਚਿੱਤੀ ਵਿੱਚ ਨਹੀਂ ਰਹਿੰਦਾ। ਸਭ ਪੱਖ ਸੋਚ ਕੇ ਇਕ ਦਮ ਕੋਈ ਫ਼ੈਸਲਾ ਕਰ ਲੈਂਦਾ ਹੈ ਅਤੇ ਉਸ ਫ਼ੈਸਲੇ ’ਤੇ, ਭਾਵੇਂ ਫ਼ੈਸਲਾ ਗ਼ਲਤ ਹੀ ਹੋਏ, ਪਹਿਰਾ ਦਿੰਦਾ ਹੈ। ਇਹ ਉਸ ਦੇ ਸੁਭਾਅ ਦੀ ਨਿਸ਼ਾਨੀ  ਹੈ।

    ਲੇਖਕ ਨਾਲ ਹਰਬੀਰ ਭੰਵਰ

       ਮੈਂ ਹਰਬੀਰ ਨੂੰ ਬੱਚਿਆਂ ਵਾਂਗ ਰੋਂਦਿਆਂ, ਹੱਸਦਿਆਂ, ਗੁੱਸੇ ਅਤੇ ਨਫ਼ਰਤ ਵਿੱਚ ਅੱਗ ਬਗੋਲਾ ਹੁੰਦਿਆਂ ਦੇਖਿਆ ਹੈ। ਉਸ ਨੂੰ ਅੰਦਰੋਂ, ਬਾਹਰੋਂ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਉਸ ਦਾ ਛੋਟਾ ਬੇਟਾ ਬਿੱਟੂ ਅੰਦਰੇਟੇ ਦਾਰ ਜੀ ਦੀ ਕੋਠੀ ਵਿਚਲੀ ਤਲਾਈ ਵਿੱਚ ਡੁੱਬ ਕੇ ਸਦਾ ਲਈ ਤੁਰ ਗਿਆ ਤਾਂ ਦਾਰ ਜੀ ਦੇ ਧਰਵਾਸ ਨੇ ਗੁਰਚਰਨ ਨੂੰ ਤਾਂ ਸਹਿਣਸ਼ੀਲ ਬਣਾ ਦਿੱਤਾ ਪਰ ਹਰਬੀਰ ਦੀਆਂ ਧਾਹਾਂ ਕਿਸੇ ਦੇ ਰੋਕਿਆਂ ਨਹੀਂ ਸੀ ਰੁਕਦੀਆਂ। ਗੁਰਚਰਨ ਦੇ ਆਪਣੇ ਹੰਝੂ ਤਿ੍ਰਪ, ਤਿ੍ਰਪ ਕਿਰਦੇ ਰਹਿੰਦੇ ਪਰ ਇਸ ਨੂੰ ਧਰਵਾਸ ਦਿੰਦੀ। ਉਦੋਂ ਮੈਂ ਅਤੇ ਗੁਰਮੇਲ ਸਿੰਘ ਸਿੱਧੂ ਸਿਬੀਆਂ ਹਰਬੀਰ ਨੂੰ ਧਰਵਾਸ ਦੇਣ ਲਈ ਹੀ ਅੰਦਰੇਟਾ ਗਏ ਸੀ ਤੇ ਇਕ ਹਫਤਾ ਇਸ ਕੋਲ ਹੀ ਰਹੇ। ਅੰਦਰੇਟੇ ਤੋਂ ਬਾਹਰ ਕਿਤੇ ਬਹਤਾ ਘੁੰਮਣ ਫਿਰਨ ਵੀ ਨਹੀਂ ਸੀ ਗਏ। ਜਦੋਂ ਬੀਬੀ ਇੰਦਰ ਕੌਰ, ਸੁਪਤਨੀ ਸ. ਸੋਭਾ ਸਿੰਘ, 15 ਜਨਵਰੀ, 1967 ਨੂੰ ਸੁਰਗਵਾਸ ਹੋਏ ਤਾਂ ਹੰਝੂਆਂ ਦੀ ਝੜੀ ਵਿੱਚ ਹੀ ਉਸ ਨੇ ਸਾਰੀਆਂ ਅੰਤਮ ਰਸਮਾਂ ਪੂਰੀਆਂ ਕੀਤੀਆਂ ਸਨ। ਦਾਰ ਜੀ ਉਸ ਸਮੇਂ ਚੰਡੀਗੜ ਗਏ ਹੋਏ ਸਨ। ਅੰਦਰੇਟਾ ਛੱਡ ਕੇ ਜਦੋਂ ਉਹ ਅੰਮਿ੍ਰਤਸਰ ਆਇਆ ਤਾਂ ਉਦੋਂ ਵੀ ਉਹ ਰੋਇਆ ਸੀ।
      ਹਰਬੀਰ ਦੀ ਧਾਰਨਾ ਹੈ ਕਿ ਆਪਣੀ ਸੋਚ ਕੋਈ ਵੀ ਹੋਏ, ਪੱਤਰਕਾਰੀ ਵਿੱਚ ਨਿਰਪੱਖ ਰਹਿਣਾ ਚਾਹੀਦਾ ਹੈ। ਉਹ ਇਸ ਧਾਰਨਾ ’ਤੇ ਪੂਰਾ ਉਤਰਦਾ ਆਇਆ ਹੈ। ਇਸ ਲਈ ਉਸਨੇ ਮੁਸ਼ਕਿਲਾਂ ਵੀ ਬੜੀਆਂ ਝੱਲੀਆਂ ਹਨ। ਨਹੀਂ ਤਾਂ ਆਮ ਪੱਤਰਕਾਰਾਂ ਵਾਂਗ ਅਨੇਕਾਂ ਫ਼ਾਇਦੇ ਉਠਾ ਸਕਦਾ ਸੀ। ਇਕ ਪਾਸੇ ਉਸ ਨੂੰ ਖਾੜਕੂਆਂ ਵਲੋਂ ਧਮਕੀਆਂ ਤੇ ਜਾਨੋ ਮਾਰਨ ਦੇ ਡਰਾਵੇ ਮਿਲਦੇ ਰਹੇ ਦੂਜੇ ਪਾਸਿਉਂ ਸਰਕਾਰੀ ਦਬਾਅ ਲੋਹੜੇ ਦਾ। ਬਹੁਤ ਸਮਾਂ ਇਹ ਮੌਤ ਦੇ ਸਾਏ ਥੱਲੇ ਹੀ ਕੰਮ ਕਰਦਾ ਰਿਹਾ। ਪਰ ਇਹ ਅਡੋਲ ਰਿਹਾ, ਥਿੜਕਿਆ ਨਹੀਂ। ਉਸ ਨੇ ਯੂ.ਐਨ.ਆਈ. ਪੀ.ਟੀਆਈ. ਯ.ਪੀ.ਆਈ. ਬੀ.ਬੀ.ਸੀ. ਖਬਰ ਅਜੈਂਸੀਆਂ ਲਈ ਕੰਮ ਕੀਤਾ ਅਤੇ ਨਿਰਪੱਖਤਾ ਨਾਲ ਖਬਰਾਂ ਭੁਜਦਾ ਰਿਹਾ। ਅੰਗ੍ਰੇਜ਼ੀ ਅਖਬਾਰ `ਇੰਡੀਅਨ ਐਕਸਪ੍ਰੈਸ ਦਾ ਪਹਿਲਾਂ ਜ਼ਲਿਾ ਕਾਂਗੜਾ (ਧਰਮਸ਼ਾਲਾ0 ਦਾ ਸਟਾਫ ਰਿਪੋਰਟਰ ਰਿਹਾ, ਫਿਰ ਇੰਡੀਅਨ ਐਕਸਪ੍ਰੈਸ ਦਾ ਅਮ੍ਰਿਤਸਰ ਜ਼ਿਲੇ ਦਾ ਸਟਾਫ ਰਿਪੋਰਟਰ ਰਿਹਾ। ਆਪਣੇ ਉਹਨਾਂ ਦੀ ਪਾਲਿਸੀ ਨਾਲ ਸਮਝੌਤਾ ਨਹੀਂ ਕੀਤਾ, ਆਪਣੇ ਅਸੂਲਾਂ `ਤੇ ਕਾਇਮ ਰਹਿੰਦਿਆਂ ਇੰਡੀਅਨ ਐਕਸਪ੍ਰੈਸ ਤੋਂ ਅਸਤੀਫਾ ਦੇ ਦਿੱਤਾ। ਫਿਰ ਟ੍ਰਿਬਿਊਨ ਅਖਬਾਰ ਸਮੂਹ ਦਾ ਅਮ੍ਰਿਤਸਰ ਅਤੇ ਗੁਰਦਾਸ ਪੁਰ ਜ਼ਿਲੇ ਦਾ ਸਟਾਫ ਰਿਪੋਰਟਰ ਬਣਿਆ। ਉਹ ਅਜੇਹਾ ਸਮਾਂ ਸੀ ਕਿ ਪੱਤਰਕਾਰ ਦੋ ਚੱਕੀਆਂ ਦੇ ਪੁੜਾਂ ਵਿਚ ਆਏ ਹੋਏ ਸਨ। ਕਈ ਡੋਲ ਗਏ ਪਰ ਇਹ ਅਡਿੱਗ ਰਿਹਾ। ਟ੍ਰਿਬਿਊਨ ਤੋਂ ਸੇਵਾ ਮੁਕਤ ਹੋ ਕੇ ਹਿੰਦੀ ਅਖਬਾਰ ਅਮਰ ਉਜਾਲਾ ਲਈ ਲੁਧਿਆਣੇ ਦਾ ਚੀਫ ਬਿਉਰੋ ਬਣਿਆ ਪਰ ਆਪਣੇ ਅਸੂਲਾਂ `ਤੇ ਕਾਇਮ ਰਿਹਾ ਅਤੇ ਅਖਬਾਰ ਨੂੰ ਅਲਵਿਦਾ ਕਹਿ ਦਿੱਤੀ। ਇਕ ਪ੍ਰਾਈਵੇਟ ਕੰਪਨੀ ਦੇ ਟੀਵੀ ਲਈ ਵੀ ਕੰਮ ਕੀਤਾ। ਪਰ ਉਥੇ ਵੀ ਉਹਨਾਂ ਦਾ ਹੱਥ ਠੋਕਾ ਬਣਨ ਤੋਂ ਇਨਕਾਰ ਕਰਨ ਕਰ ਕੇ ਪਾਸੇ ਹੋ ਗਿਆ।  

    ਸਨਮਾਨ ਹਾਸਲ ਕਰਦੇ ਹੋਏ

      ਹਰਬੀਰ ਨੇ ਚਾਰ ਕੁ ਵਰੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਲੋਕ ਸੰਪਰਕ ਅਫ਼ਸਰ ਵਜੋਂ ਵੀ ਕੰਮ ਕੀਤਾ ਹੈ। ਸ਼੍ਰੋਮਣੀ ਕਮੇਟੀ ਦੀ ਨੌਕਰੀ ਨੇ ਉਸ ਨੂੰ ਸਿੱਖ ਸਿਆਸਤ ਵਿੱਚ ਨਿਪੁੰਨ ਬਣਾ ਦਿੱਤਾ ਸੀ ਪਰ ਉਸ ਸਮੇਂ ਧਰਮ ਯੁੱਧ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਜੀਵਨੀ ‘ਪੰਜਾਬ ਦਾ ਲੋਕ ਨਾਇਕ’ ਲਿਖਣ ਵਿੱਚ ਰੁਝੇ ਹੋਣ ਕਰ ਕੇ ਰਿਹਾਇਸ਼ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਹੀ ਸੀ। ਨੀਲਾ ਤਾਰਾ ਕਾਰਵਾਈ ਦੌਰਾਨ ਉਸ ਦਾ ਆਪਣਾ ਸਾਰਾ ਘਰ ਬਾਰ ਲੁੱਟਿਆ ਗਿਆ। ਅੰਮ੍ਰਿਤਸਰ ਰਹਿੰਦਿਆਂ ਉਸ ਨੂੰ ਅਨੇਕ ਕਸ਼ਟ ਸਹਾਰਨੇ ਪਏ। ਪੰਜਾਬ ਵਿਚੋਂ ਅੰਸ਼ਕ ਤੌਰ `ਤੇ ਕਰਫਿਊ ਖੁੱਲ੍ਹਣ `ਤੇ ਹਰਬੀਰ ਦਾ ਪਤਾ ਕਰਨ ਲਈ ਮੈਂ ਅੰਮ੍ਰਿਤਸਰ ਗਿਆ ਸੀ। ਉਸ ਸਮੇਂ ਸਖਤੀ ਇੰਨੀ ਸੀ ਕਿ ਬੱਸ ਚਾਰ ਪੰਜ ਕਿਲੋਮੀਟਰ ਵੀ ਨਹੀਂ ਸੀ ਚਲਦੀ, ਫੌਜੀ ਟੁਕੜੀ ਰੋਕ ਕੇ ਇਕੱਲੇ ਇਕੱਲੇ ਦੀ ਤਲਾਸ਼ੀ ਲੈ ਕੈ ਅਗਾਂਹ ਤੁਰਨ ਦਿੰਦੀ ਸੀ। ਮੈਂ ਸਵੇਰ ਦਾ ਪਿੰਡੋਂ ਤੁਰਿਆ ਆਥਣ ਤਕ ਅਮ੍ਰਿਤਸਰ ਪਹੁੰਚਿਆ ਸੀ।  ਜਿਹੜਾ ਸੰਤਾਪ ਅੰਮਿ੍ਰਤਸਰ ਅਤੇ ਸਾਰੇ ਪੰਜਾਬ ਨੇ 1984 ਵਿੱਚ ਭੋਗਿਆ, ਉਹ ਹਰਬੀਰ ਸਿੰਘ ਭੰਵਰ ਨੇ ‘ਡਾਇਰੀ ਦੇ ਪੰਨੇ’ ਦੇ ਰੂਪ ਵਿੱਚ ਲਿਖਿਆ ਅਤੇ ਪੁਸਤਕ ਰੂਪ ਵਿੱਚ ਛਪਵਾਇਆ। ਜਿਹੜੀ ਲੱਖਾਂ ਵਿਚ ਵਿਕੀ ਹੈ।
       ਪੰਜਾਬ ਸਮੱਸਿਆ ਕਿਵੇਂ ਪੈਦਾ ਹੋਈ, ਕਿਵੇਂ ਗੁੰਝਲਦਾਰ ਬਣੀ, ਇਸ ਬਾਰੇ ਵੀ ਉਸਨੇ ਅਨੇਕਾਂ ਲੇਖ ਲਿਖੇ, ਜੋ ਰੋਜ਼ਾਨਾ ਅਜੀਤ, ਪੰਜਾਬੀ ਟਿ੍ਰਬਿਊਨ, ਜੱਗ ਬਾਣੀ ਤੇ ਹੋਰ ਅਖ਼ਬਾਰਾਂ ਵਿੱਚ ਅਕਸਰ ਛਪਦੇ ਰਹੇ ਹਨ। ਪੰਜਾਬ ਸਮੱਸਿਆ ਬਾਰੇ ਉਸ ਨੇ ਬੜਾ ਨਿਧੜਕ ਹੋ ਕੇ ਲਿਖਿਆ ਹੈ। ਜਿਸ ਕਾਰਨ ਉਸਨੂੰ ਸਰਕਾਰੀ ਅਤੇ ਗ਼ੈਰ-ਸਰਕਾਰੀ ਜ਼ਬਰ ਦਾ ਸਾਹਮਣਾ ਵੀ ਕਰਨਾ ਪਿਆ ਹੈ। ਉਹ ਅਡੋਲ ਆਪਣੀ ਡਗਰ ’ਤੇ ਤੁਰਦਾ ਰਿਹਾ। ਇਸ ਦਾ ਉਸ ਨੂੰ ਆਰਥਿਕ ਤੌਰ `ਤੇ ਵੀ ਖਮਿਆਜ਼ਾ ਵੀ ਭੁਗਤਣਾ ਪਿਆ ਹੈ। ਕਈ ਵਾਰੀ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲਦੀਆਂ ਰਹੀਆਂ ਅਤੇ ਉਸ ਨੇ ਅਨੇਕਾਂ ਹੀ ਸਿਆਸੀ ਲੀਡਰਾਂ ਨੂੰ ਨਾਰਾਜ਼ ਵੀ ਕਰ ਲਿਆ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਇੱਕ ਸੀਨੀਅਰ ਮੰਤਰੀ ਹੱਥ ਧੋ ਕੇ ਉਸ ਦੀ ਸ਼ਿਮਲੇ ਤੋਂ ਟਰਾਂਸਫ਼ਰ ਕਰਵਾਉਣ ਵਿੱਚ ਲੱਗੇ ਰਹੇ ਪਰ ਉਸ ਨੇ ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ। ਉਹ ਖੁੰਢੀਆਂ ਛੁਰੀਆਂ ਦੇ ਰਾਹ ਤੁਰਿਆ ਹੈ। ਪੈਰ ਲਹੂ-ਲੁਹਾਨ ਹੋਏ ਪਰ ਉਹ ਤੁਰਦਾ ਰਿਹਾ। ਉਸ ਦੀ ਸ਼ਖ਼ਸੀਅਤ ਦੋ ਪੁੜਾਂ ਵਿਚਾਲੇ ਦਰੜੀ ਜਾਂਦੀ ਰਹੀ। ਇਕ ਪਾਸੇ ਇਕ ਨਿਰਪੱਖ ਅਤੇ ਈਮਾਨਦਾਰ ਪੱਤਰਕਾਰ ਹੋਣ ਦੇ ਨਾਤੇ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਅਤੇ ਦੂਜੇ ਪਾਸੇ ਉਸ ਦੀ ਤਬਾਹ ਹੋ ਚੁੱਕੀ ਘਰੇਲੂ ਜ਼ਿੰਦਗੀ ਕਾਰਣ ਅਨੇਕਾਂ ਮਾਨਸਿਕ ਪ੍ਰੇਸ਼ਾਨੀਆਂ ਝੱਲਦਾ ਰਿਹਾ। ਉਹ ਆਪਣੇ ਸਾਥੀਆਂ ਵਿੱਚ ਖ਼ੁਸ਼,ਖ਼ੁਸ਼ ਅਤੇ ਚਹਿਕਦਾ ਨਜ਼ਰ ਆਉਂਦਾ ਪਰ ਅੰਦਰੋਂ ਦੋ ਫਾੜ ਚੀਰਿਆ ਜਾ ਰਿਹਾ। ਉਸ ਦਾ ਸਿਰੜ ਉਸਨੂੰ ਅਗਾਂਹ ਅਗਾਂਹ ਤੋਰੀ ਜਾਂਦਾ ਰਿਹਾ ਹੈ।
      ਉਹ ਰਿਟਾਾਇਰ ਹੋਣ ਮਗਰੋਂ ਬਹੁਤ ਕੁਝ ਲਿਖਣਾ ਚਾਹੁੰਦਾ ਸੀ ਪਰ ਉਸ ਦੀ ਅੱਖਾਂ ਦੀ ਜੋਤ ਮਧਮ ਪੈਂਦੀ ਪੈਂਦੀ ਬਹੁਤ ਹੀ ਮੱਧਮ ਹੋ ਗਈ। ਫਿਰ ਵੀ ਉਸ ਨੇ ਅਪਣੀ ਪੱਤਰਕਾਰੀ ਦੀਆਂ ਯਾਦਾਂ ਨੂੰ ਕਈ ਪੁਸਤਕਾਂ ਦੇ ਰੂਪ ਵਿਚ ਲਿਖ ਕੇ ਛਪਵਾਇਆ ਹੈ। 
      ਅੱਖਾਂ ਦੀ ਜੋਤ ਮੱਧਮ ਹੋਣ ਦੇ ਨਾਲ ਇਕ ਗੰਭੀਰ ਦਿਲ ਦੇ ਦੌਰੇ ਨੇ ਵੀ ਉਸ ਦੀ ਸਿਹਤ ਦਾ ਸੱਤਿਆਨਾਸ ਕੀਤਾ। ਫਿਰ ਵੀ ਉਹ ਹੌਸਲੇ ਨਾਲ ਵਿਚਰ ਰਿਹਾ ਹੈ।
      ਆਪਣੇ ਉਦੇਸ਼ਾਂ ਦੀ ਪੂਰਤੀ ਲਈ ਉਸ ਨੇ ਪੱਤਰਕਾਰੀ ਦਾ ਮਿਸ਼ਨ ਅਪਣਾਇਆ ਸੀ। ਉਸ ਨੂੰ ਇਕ ਮਿਸ਼ਨ ਦੇ ਤੌਰ `ਤੇ ਹੀ ਸਿਰੇ ਲਾਇਆ। 
    ਕਾਮਨਾ ਕਰਦੇ ਹਾਂ ਕਿ ਉਸ ਦੀ ਸਿਹਤ ਸਦਾ ਸਵਸਥ ਬਣੀ ਰਹੇ।


    ਅਭਿਨੰਦਨ ਗ੍ਰੰਥ ਹਰਬੀਰ ਸਿੰਘ ਭੰਵਰ  ਵਿਚੋਂ