ਬਸ ਰੱਬ ਹੀ ਰਮਝ ਪਛਾਣੇ
(ਕਵਿਤਾ)
ਮਾਂ-ਬਾਪ ਸੀ ਤੁਰਨ ਸਿਖਾਇਆ,
ਕਲਯੁਗੀ ਬੰਦੇ ਕੀ ਮੁੱਲ ਪਾਇਆ,
ਅੰਦਰੋਂ ਮਨ ਵਿੱਚ ਮੈਲ ਛੁਪਾਈ,
ਪਰ ਉਪਰੋਂ ਸੁਥਰੇ ਬਾਣੇ।
ਕੋਈ ਵੀ ਇਸ ਨੂੰ ਸਮਝ ਨਾ ਸਕਿਆ,
ਬਸ ਰੱਬ ਹੀ ਰਮਝ ਪਛਾਣੇ।
ਮਨ ਹੈ ਭਰਿਆ ਨਾਲ ਪਲੀਤੀ,
ਲਗਦਾ ਇਸ ਨੇ ਬਹੁਤੀ ਪੀਤੀ,
ਉਪਰੋਂ ਪਹਿਨਦੇ ਸਾਧੂ-ਬਾਣਾ,
ਪਰ ਅੰਦਰੋਂ ਨਿਕਲਣ ਕਾਣੇ।
ਕੋਈ ਵੀ ਇਸ ਨੂੰ ਸਮਝ ਨਾ ਸਕਿਆ,
ਬਸ ਰੱਬ ਹੀ ਰਮਝ ਪਛਾਣੇ।
ਤਿੰਨ ਬੰਦਰ ਦੀ ਸੁਣੋ ਕਹਾਣੀ,
ਇਹ ਕਥਾ ਕੋਈ ਨਹੀਂ ਪੁਰਾਣੀ,
ਬੋਲਣ, ਸੁਣਨ ਤੇ ਕਹਿਣ ਤੋਂ ਡਰਦਾ,
ਬੰਦਾ ਕੇਵਲ ਆਪਣੀਆਂ ਮੌਜ਼ਾਂ ਮਾਣੇ।
ਕੋਈ ਵੀ ਇਸ ਨੂੰ ਸਮਝ ਨਾ ਸਕਿਆ,
ਬਸ ਰੱਬ ਹੀ ਰਮਝ ਪਛਾਣੇ।
ਪਰਸ਼ੋਤਮ ! ਸਭ ਕੁਝ ਸਾਡਾ ਹੋਇਆ,
ਬਾਪ ਵੀ ਸਾਡੇ ਸਿਰ, ਪੈਰੀਂ ਖਲੋਇਆ,
ਜਦੋਂ ਦੇ ਅਸੀਂ ਹਾਂ ਪੈਦਾ ਹੋਏ,
ਬੇਬੇ-ਬਾਪੂ ਤਾਂ ਉਦੋਂ ਸੀ ਨਿਆਣੇ।
ਕੋਈ ਵੀ ਇਸ ਨੂੰ ਸਮਝ ਨਾ ਸਕਿਆ,
ਬਸ ਰੱਬ ਹੀ ਰਮਝ ਪਛਾਣੇ।