ਵਿਖਾਵੇ ਦੇ ਅੱਥਰੂ ਨਾ ਵਹਾਇਆ ਕਰ
ਬੱਸ ਤਰਸ ਭੋਰਾ ਤੂੰ ਖਾਇਆ ਕਰ
ਨਿੱਤ ਗੈਰਾ ਦੇ ਵਿਹੜੇ ਭੱਜ ਭੱਜ ਜਾਂਦਾ
ਕਦੇ ਸਾਡੇ ਵਿਹੜੇ ਵੀ ਆਇਆ ਕਰ
ਦੁਨੀਆਂ ਨਾਲ ਕਰੇਂ ਹੱਸ ਹੱਸ ਗੱਲਾਂ
ਕਦੇ ਸਾਨੂੰ ਵੀ ਹੱਸ ਬੁਲਾਇਆ ਕਰ
ਹਿਜਰ ਦੀ ਅੱਗ ਵਿੱਚ ਬਾਲਣ ਹੋਈ
ਐਵੇਂ ਹਿੱਕ ਤੱਤੜੀ ਨਾ ਤਾਇਆ ਕਰ
ਛਮਕਾਂ ਦੀ ਮਾਰ ਭਾਵੇਂ ਮਾਰ ਤੂੰ ਸਾਨੂੰ
ਮੰਦੇ ਬੋਲਾਂ ਦੇ ਤੀਰ ਨਾ ਵਹਾਇਆ ਕਰ
ਰੋ ਰੋ ਅੱਖਾਂ ਦੇ ਨੀਰ ਵੀ ਨੇ ਮੁੱਕ ਚੱਲੇ
ਐਵੇਂ ਬਿਨਾ ਗੱਲੋਂ ਨਾ ਰੁਵਾਇਆ ਕਰ
ਹੁਣ ਅਸਾਂ ਤਾਂ ਸਾਂਝ ਪੀੜਾਂ ਨਾਲ ਪਾਈ
ਤੂੰ ਤਾਂ ਗੀਤ ਸ਼ਗਨ ਦੇ ਗਾਇਆ ਕਰ
ਤੂੰ ਹੁਣ ਸਾਡੇ ਨਾਲ ਤਾਂ ਗੱਲ ਮੁਕਾਈ
ਨਵੇਂ ਸੱਜਣ ਗਲ਼ ਬਾਹਾਂ ਪਾਇਆ ਕਰ
ਕਿਉਂ ਕੋਲਦੀ ਲੰਘਦਾ ਹੁਣ ਨੀਵੀਂ ਪਾਕੇ
ਕੰਗ ਅੱਖ ਨਾਲ ਅੱਖ ਮਿਲਾਇਆ ਕਰ।