ਆ ਖ਼ੁਦਾ ਦੇ ਅੱਗੇ ਕੱਠੇ ਰਹਿਣ ਦੀ ਫਰਿਆਦ ਕਰੀਏ,
ਰਹਿ ਕੇ ਕੱਲੇ, ਕੱਲੇ ਨਾ ਇਕ ਦੂਜੇ ਨੂੰ ਬਰਬਾਦ ਕਰੀਏ।
ਸਾਡੇ ਵਰਗਾ ਬੇਅਕਲ ਨ੍ਹੀ ਹੋਣਾ ਕੋਈ ਜੱਗ ਉੱਤੇ,
ਜਿਸ ਨੇ ਪੱਲੇ ਕੱਖ ਨਾ ਛੱਡਿਆ, ਉਸੇ ਨੂੰ ਯਾਦ ਕਰੀਏ।
ਪੰਛੀਆਂ ਨੂੰ ਹੱਕ ਹੈ ਖੁੱਲ੍ਹੀ ਹਵਾ ਦੇ ਵਿੱਚ ਉੱਡਣ ਦਾ,
ਕੱਢ ਕੇ ਪਿੰਜਰਿਆਂ ਦੇ ਵਿੱਚੋਂ ਉਹਨਾਂ ਨੂੰ ਆਜ਼ਾਦ ਕਰੀਏ।
ਝੁੱਗੀਆਂ ਜਿਹਨਾਂ ਦੀਆਂ ਨ੍ਹੇਰੀ ਉਡਾ ਕੇ ਲੈ ਗਈ ਹੈ,
ਝੁੱਗੀਆਂ ਨਵੀਆਂ ਬਣਾ ਕੇ ਉਹਨਾਂ ਨੂੰ ਆਬਾਦ ਕਰੀਏ।
ਹਰ ਤਰੀਕੇ ਨਾਲ ਪਹੁੰਚੇ ਪਾਠਕਾਂ ਤੱਕ ਵਧੀਆ ਸਾਹਿਤ,
ਦੂਜੀ ਭਾਸ਼ਾ ਚੋਂ ਇਦ੍ਹਾ ਪੰਜਾਬੀ ਵਿੱਚ ਅਨੁਵਾਦ ਕਰੀਏ।
ਕਰਦੇ ਰਹੀਏ ਕੰਮ ਕੋਈ ਨਾ ਕੋਈ ਹਰ ਵੇਲੇ ਯਾਰੋ,
ਘੁੰਮ ਕੇ ਆਲੇ ਦੁਆਲੇ ਨਾ ਸਮਾਂ ਬਰਬਾਦ ਕਰੀਏ।