ਗੁਰਬਾਣੀ ਅਨੁਸਾਰ ਜੀਵਨ ਜਾਚ (ਲੇਖ )

ਜਸਵਿੰਦਰ ਸਿੰਘ ਰੁਪਾਲ   

Email: rupaljs@gmail.com
Cell: +91 98147 15796
Address: 162,ਗਲੀ ਨੰਬਰ 3, ਸ਼ਹੀਦ ਜਸਦੇਵ ਸਿੰਘ ਨਗਰ ਡਾਕ : ਗੁਰੂ ਨਾਨਕ ਇਜੀਨੀਅਰਿੰਗ ਕਾਲਜ, ਗਿੱਲ ਰੋਡ
ਲੁਧਿਆਣਾ India 141006
ਜਸਵਿੰਦਰ ਸਿੰਘ ਰੁਪਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਵਿਸ਼ਵ-ਵਿਆਪੀ ਅਤੇ ਮਾਨਵਤਾ ਲਈ ਸਰਬ-ਸਾਂਝੇ ਗਰੰਥ ਵਜੋਂ ਜਾਣਿਆ ਜਾਂਦਾ ਹੈ। ਭਾਵੇਂ ਸਿੱਖਾਂ ਨੇ ਇਸ ਨੂੰ ਜੀਵਤ-ਗੁਰੂ ਦਾ ਦਰਜਾ ਦਿੱਤਾ ਹੈ ਅਤੇ ਇਸਦੇ ਸਤਿਕਾਰ ਨੂੰ ਕਾਇਮ ਰੱਖਣ ਲਈ ਆਪਣੇ ਤਨ-ਮਨ-ਧਨ ਨੂੰ ਕੁਰਬਾਨ ਵੀ ਕੀਤਾ ਸੀ, ਕਰ ਰਹੇ ਹਨ ਅਤੇ ਕਰਦੇ ਰਹਿਣਗੇ ਵੀ। ਪਰ ਸੰਸਾਰ ਦਾ ਹਰ ਵਿਅਕਤੀ ਭਾਵੇਂ ਉਹ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਹੋਵੇ,ਕਿਸੇ ਵੀ ਨਸਲ ਸਮੁਦਾਇ ਜਾਂ ਸਭਿਆਚਾਰ ਨਾਲ ਸੰਬੰਧ ਰੱਖਦਾ ਹੋਵੇ, ਉਸ ਨੂੰ ਸੁਚੱਜਾ ਜੀਵਨ ਜਿਊਣ, ਸ਼ਾਂਤੀ ਪਿਆਰ ਅਤੇ ਭਾਈਚਾਰੇ ਦਾ ਜੋ ਸੰਦੇਸ਼ ਇਸ ਗਰੰਥ ਵਿੱਚੋਂ ਮਿਲਦਾ ਹੈ, ਉਹ ਦੁਨੀਆਂ ਦੇ ਹੋਰ ਕਿਸੇ ਵੀ ਸਾਹਿਤ ਜਾਂ ਗਰੰਥ ਵਿੱਚੋਂ ਨਹੀਂ ਮਿਲ ਸਕਦਾ। ਸ਼ਰਤ ਇੱਕੋ ਹੀ ਹੈ ਕਿ ਉਹ ਕੁਝ ਸਿੱਖਣ ਅਤੇ ਜੀਵਨ-ਜਾਚ ਅਪਨਾਉਣ ਲਈ ਇਸ ਦਾ ਅਧਿਐਨ ਕਰਨ ਲੱਗਿਆ ਹੋਵੇ। ਭਾਸ਼ਾ ਅਤੇ ਸਭਿਆਚਾਰ ਦੀਆਂ ਰੁਕਾਵਟਾਂ ਜੇ ਅਨੁਵਾਦਕ ਦੂਰ ਕਰਕੇ ਇਸ ਦੀ ਅੰਦਰਲੀ ਭਾਵਨਾ ਨੂੰ ਕੁਝ ਹੱਦ ਤੱਕ ਵੀ ਸਮਝਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ, ਤਾਂ ਦੂਰ ਵਿਦੇਸ਼ ਬੈਠਾ ਗੈਰ-ਪੰਜਾਬੀ ਅਤੇ ਗੈਰ-ਭਾਰਤੀ ਵੀ ਇਸ ਤੋਂ ਜੀਵਨ-ਸੇਧ ਲੈ ਸਕਦਾ ਹੈ। ਸ਼ਬਦ “ਕੁਝ ਹੱਦ ਤੱਕ” ਇਸ ਲਈ ਵਰਤਿਆ ਹੈ ਕਿਉਂਕਿ ਇਸ ਦੀ ਅੰਦਰਲੀ ੳੁੱਚ–ਉਡਾਰੀ ਤਾਂ ਸ਼ਾਇਦ ਕੋਈ ਕਦੇ ਵੀ ਨਹੀਂ ਸਮਝਾ ਸਕੇਗਾ। ਉਸ ਅੰਦਰੂਨੀ ਅਵਸਥਾ ਤੱਕ ਪਹਿਲੀ ਗੱਲ ਤਾਂ ਕੋਈ ਪਹੁੰਚ ਹੀ ਨਹੀਂ ਸਕਦਾ, ਜੇ ਪਹੁੰਚ ਵੀ ਗਿਆ ਤਾਂ ਉਸਦੀ ਵਿਸਮਾਦ-ਮਈ ਹਾਲਤ ਉਸ ਦੇ ਦੁਨੀਆਂ ਨੂੰ ਸਮਝ ਆ ਸਕਣ ਵਾਲੇ ਬੋਲ ਬੰਦ ਕਰਵਾ ਦਿੰਦੀ ਹੈ ਅਤੇ ਉਹ ਗੂੰਗੇ ਦੇ ਗੁੜ ਖਾਣ ਵਾਂਗ ਸਵਾਦ ਸਵਾਦ ਤਾਂ ਹੋ ਜਾਏਗਾ, ਪਰ ਸਾਨੂੰ ਉਹ ਸਵਾਦ ਦੱਸ ਨਹੀਂ ਸਕੇਗਾ।………..
              ਅਸੀਂ ਅਪਣੀਆਂ ਸੀਮਾਵਾਂ ਵਿੱਚ ਰਹਿੰਦੇ ਹੋਏ ਹੀ ਕੋਸ਼ਿਸ਼ ਕਰਦੇ ਹਾਂ, ਉਸ ਖੂਬਸੂਰਤ ਜੀਵਨ ਦੀਆਂ ਕੁਝ ਝਲਕਾਂ ਦੇਖ ਸਕਣ ਦੀ, ਜਿਸ ਦਾ ਜਿਕਰ ਗੁਰੂ ਗਰੰਥ ਸਾਹਿਬ ਜੀ ਦੇ ਮਹਾਨ ਪੰਨਿਆਂ ਤੇ ਕੀਤਾ ਗਿਆ ਹੈ। ਫਿਰ ਅਰਦਾਸ ਕਰਾਂਗੇ ਕਿ ਐ ਪ੍ਰਭੂ ਸਾਡੇ ਤੇ ਵੀ ਬਖਸ਼ਿਸ਼ ਕਰ ਕਿ ਅਸੀਂ ਵੀ ਇਸ ਤਰਾਂ ਦਾ ਜੀਵਨ ਜੀਊਂ ਸਕੀਏ। ਗੁਰਬਾਣੀ ਦੇ ਇਸ ਮਹਾਨ ਸਮੁਂਦਰ ਵਿੱਚੋਂ ਅਪਣੀ ਤੁੱਛ ਸਮਰੱਥਾ ਅਨੁਸਾਰ ਟੁੱਭੀ ਲਗਾਉਣ ਦਾ ਯਤਨ ਕਰਦੇ ਹਾਂ, ਭਾਵੇਂ ਇਸ ਵਿੱਚੋਂ ਮੋਤੀ ਲੱਭਣੇ ਅਤੇ ਪੇਸ਼ ਕਰਨੇ ਬਹੁਤ ਔਖਾ ਕੰਮ ਹੈ।
                 ਗੁਰਬਾਣੀ ਵਿੱਚ ਪ੍ਰਗਟਾਏ ਗਏ ਵਿਚਾਰਾਂ ਅਤੇ ਚਿੰਤਨ ਨੂੰ ਅਸੀਂ ਮੁੱਖ ਰੂਪ ਵਿੱਚ ਤਿੰਨ ਹਿੱਸਿਆਂ ਵਿੱਚ ਵੰਦ ਸਕਦੇ ਹਾਂ-
    1.  ਅਕਾਲ-ਪੁਰਖ ਦਾ ਸਰੂਪ, ਗੁਣ ਅਤੇ ਸਿਫਤ-ਸਲਾਹ. 
    2. ਉਸ ਦੀ ਰਚੀ ਕੁਦਰਤ ਦਾ ਵਰਣਨ ਅਤੇ ਉਸ ਚੋਂ ਕਾਦਰ ਦੇ ਝਲਕਾਰੇ
    3. ਮਨੁੱਖ ਦੇ ਮਨੋਵਿਗਿਆਨਕ ਅਤੇ ਸਮਾਜਿਕ ਵਰਤਾਰੇ ਦੀ ਦਸ਼ਾ ਅਤੇ ਦਿਸ਼ਾ।
                                        ਸਮੇਂ ਅਤੇ ਸਥਾਨ ਦੀ ਸੀਮਾ ਵਿੱਚ ਰਹਿੰਦੇ ਹੋਏ, ਅਸੀਂ ਇਹਨਾਂ ਵਿੱਚੋਂ ਸਿਰਫ ਤੀਸਰੇ ਪੱਖ ਯਾਨੀ ਮਨੁੱਖੀ ਜੀਵਨ ਤੇ ਵਧੇਰੇ ਕੇਂਦਰਿਤ ਹੋਵਾਂਗੇ।ਮਨੁੱਖ ਦੀਆਂ ਉਹਨਾਂ ਬਿਰਤੀਆਂ ਨੂੰ ਛੂਹਣ ਦਾ ਜਿਕਰ ਗੁਰਬਾਣੀ ਦੇ ਚਾਨਣ ਵਿੱਚ ਕਰਾਂਗੇ ਜੋ ਸਿਰਫ ਅਤੇ ਸਿਰਫ ਇਨਸਾਨ ਤੇ ਲਾਗੂ ਹੁੰਦੀਆਂ ਨੇ, ਉਸ ਦੇ ਇਲਾਕੇ, ਲਿੰਗ, ਨਸਲ, ਧਰਮ ਅਤੇ ਜਾਤ ਆਦਿ ਤੋਂ ਉੱਚਾ ਉੱਠ ਕੇ। ਅਤੇ ਦੇਖਾਂਗੇ ਕਿ ਬਾਣੀਕਾਰਾਂ ਦੁਆਰਾ ਦਰਸਾਇਆ ਜੀਊਣ-ਢੰਗ ਕਿਵੇਂ ਹਰ ਵਿਅਕਤੀ ਨੂੰ ਖੁਸ਼ੀ, ਸ਼ਾਂਤੀ ਅਤੇ ਆਨੰਦ ਦੇਣ ਦੇ ਯੋਗ ਹੈ।……
  ਮਨੁੱਖ ਦੇ ਬਚਪਨ ਤੋਂ ਲੈ ਕੇ ਜਵਾਨ ਹੋਣ ਅਤੇ ਮਰਨ ਤੱਕ ਦੇ ਸਮੇਂ ਨੂੰ ਮਨੋਵਿਗਿਆਨਕ ਪੱਖ ਤੋਂ ਬਹੁਤ ਖੂਬਸੂਰਤ ਤਰੀਕੇ ਨਾਲ ਪ੍ਰਗਟਾਇਆ ਗਿਆ ਹੈ-
“ਪਹਿਲੈ ਪਿਆਰਿ ਲਗਾ ਥਣ ਦiੁਧ।।
 ਦੂਜੈ ਮਾਇ ਬਾਪ ਕੀ ਸੁਧਿ।।
 ਤੀਜੈ ਭਯਾ ਭਾਭੀ ਬੇਬ।।
 ਚਉਥੈ ਪਿਆਰਿ ਉਪੰਨੀ ਖੇਡ।।
 ਪੰਜਵੈ ਖਾਣ ਪੀਅਣ ਕੀ ਧਾਤੁ।।
ਛਿਵੈ ਕਾਮੁ ਨ ਪੁਛੈ ਜਾਤਿ।।
ਸਤਵੈ ਸੰਜਿ ਕੀਆ ਘਰ ਵਾਸੁ।।
ਅਠਵੈ ਕ੍ਰੋਧੁ ਹੋਆ ਤਨ ਨਾਸੁ।।
ਨਾਵੈ ਧਉਲੇ ਉਭੇ ਸਾਹ।।
ਦਸਵੈ ਦਧਾ ਹੋਆ ਸੁਆਹ।।
ਗਏ ਸਿਗੀਤ ਪੁਕਾਰੀ ਧਾਹ ।।
ਉਡਿਆ ਹੰਸੁ ਦਸਾਏ ਰਾਹ ।।
ਅਇਆ ਗਇਆ ਮੁਇਆ ਨਾਉ।।
ਪਿਛੈ ਪਤਲਿ ਸਦਿਹੁ ਕਾਵ।।
ਨਾਨਕ ਮਨਮੁਖਿ ਅੰਧੁ ਪਿਆਰੁ ।।
ਬਾਝੁ ਗੁਰੂ ਡੁਬਾ ਸੰਸਾਰੁ”।।- (ਮ:1 ।। ਪੰਨਾ 137)
                                               ਗੁਰੂ ਸਾਹਿਬ ਆਖਦੇ ਹਨ ਕਿ ਇਨਸਾਨ ਦੁਨੀਆਂ ਵਿੱਚ ਆ ਕੇ ਦੁਨੀਆਂ ਦੇ ਰੰਗ ਤਮਾਸ਼ਿਆਂ ਵਿੱਚ ਖਚਿਤ ਹੋ ਜਾਂਦਾ ਹੈ। ਉਹ ਆਪਣੇ ਜੀਵਨ ਦੇ ਮੂਲ ਮਕਸਦ ਨੂੰ ਭੁੱਲ ਜਾਂਦਾ ਹੈ। ਆਪਣੇ ਸਰੀਰ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਬਾਅਦ ਉਹ ਸਰੀਰ ਦੇ ਹੋਰ ਵੱਖੋ ਵੱਖ ਸਵਾਦਾਂ ਵਿੱਚ ਉਲਝ ਜਾਂਦਾ ਹੈ। ਇਹ ਸਵਾਦ ਖਾਣ, ਪੀਣ, ਪਹਿਨਣ, ਅਤੇ ਹੋਰ ਸੁੱਖ ਸਹੂਲਤਾਂ ਮਾਣਨ ਵਾਲੇ ਹੁੰਦੇ ਹਨ। ਜੇ ਉਹ ਆਪਣੇ ਤਨ ਦੀਆਂ ਲੋੜਾਂ ਤੱਕ ਸੀਮਿਤ ਰਹਿੰਦਾ, ਫੇਰ ਵੀ ਠੀਕ ਸੀ ਪਰ ਉਸ ਨੇ ਆਪਣੀ ਜਰੂਰਤ ਤੋਂ ਵੱਧ ਧਨ ਪਦਾਰਥ ਇਕੱਠੇ ਕਰਨ ਅਤੇ ਮਾਇਆ ਜੋੜਨ ਵੱਲ ਹੀ ਆਪਣਾ ਧਿਆਨ ਕੇਂਦਰਿਤ ਕਰ ਲਿਆ ।ਇਹਨਾਂ ਪਦਾਰਥਵਾਦੀ ਭੋਗਾਂ ਨੂੰ ਭੋਗਣ ਵਾਸਤੇ ਅਤੇ ਹੋਰ ਹੋਰ ਧਨ ਸੰਗ੍ਰਹਿ ਕਰਨ ਲਈ ਉਹ ਆਪਣੇ ਨੈਤਿਕ ਗੁਣਾਂ ਨੂੰ ਵੀ ਦਾਅ ਤੇ ਲਾ ਬੈਠਾ ਜਿਸ ਕਾਰਨ ਉਹ ਪੰਜ ਵਿਕਾਰ- ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਦਾ ਗੁਲਾਮ ਬਣ ਬੈਠਾ। ਗੁਰਬਾਣੀ ਫੁਰਮਾਨ ਦੇਖੋ-
* ਨਿਮਖ ਕਾਮ ਸੁਆਦ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ ।।
ਘਰੀ ਮੁਹਤ ਰੰਗ ਮਾਣਹਿ ਫਿਰਿ ਬਹੁਰਿ ਬਹੁਰਿ ਪਛਤਾਵਹਿ ।।-(ਆਸਾ ਮਹਲਾ 5, ਪੰਨਾ 403)
* ਓਨਾ ਪਾਸਿ ਦੁਆਸਿ ਨ ਭਿਟੀਐ।
ਜਿਨ ਅੰਤਰਿ ਕ੍ਰੋਧੁ ਚੰਡਾਲੁ।।-( ਸਿਰੀ ਰਾਗੁ ਮਹਲਾ 3, ਪੰਨਾ 66)
* ਲਾਲਚੁ ਛੋਡਹੁ ਅੰਧਿਹੋ ਲਾਲਚਿ ਦੁਖੁ ਭਾਰੀ।।
ਸਾਚੋ ਸਾਹਿਬੁ ਮਨਿ ਵਸੈ ਹਉਮੈ ਬਿਖੁ ਮਾਰੀ।। --(ਆਸਾ ਮਹਲਾ 1, ਪੰਨਾ 419)
* ਨ ਕਿਸ ਕਾ ਪੂਤੁ ਨ ਕਿਸ ਕੀ ਮਾਈ।
ਝੂਠੈ ਮੋਹਿ ਭਰਮਿ ਭੁਲਾਈ ।।-(ਆਸਾ ਮਹਲਾ 1 ਪੰਨਾ 357)
* ਜਬ ਇਹੁ ਮਨ ਮਹਿ ਕਰਤ ਗੁਮਾਨਾ।
ਤਬ ਇਹੁ ਬਾਵਰੁ ਫਿਰਤ ਬਿਗਾਨਾ।
ਜਬ ਇਹੁ ਹੂਆ ਸਗਲ ਕੀ ਰੀਨਾ।
ਤਾ ਤੇ ਰਮਈਆ ਘਟਿ ਘਟਿ ਚੀਨਾ।।- (ਗਉੜੀ ਗੁਆਰੇਰੀ ਮਹਲਾ 5 ਪੰਨਾ 235)
                                         ਇਸ ਤਰਾਂ ਅਸੀਂ ਦੇਖਦੇ ਹਾਂ ਕਿ ਇਨਸਾਨ ਇਹਨਾਂ ਵਿਕਾਰਾਂ ਵਿੱਚ ਫਸ ਕੇ ਅਪਣਾ ਕੀਮਤੀ ਜੀਵਨ ਨਸ਼ਟ ਕਰ ਰਿਹਾ ਹੈ। ਗੁਰੂ ਗਰੰਥ ਸਾਹਿਬ ਜੀ ਦੇ ਬਾਣੀਕਾਰਾਂ ਦੀ ਇਹ ਖੂਬੀ ਰਹੀ ਹੈ ਕਿ ਉਹਨਾਂ ਨੇ ਸਿਰਫ ਸਮੱਸਿਆ ਹੀ ਨਹੀਂ ਦੱਸੀ, ਸਗੋਂ ਉਸ ਸਮੱਸਿਆ ਦਾ ਹੱਲ ਵੀ ਦੱਸਿਆ ਹੈ। ਇਹਨਾਂ ਰੋਗਾਂ ਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਅਤੇ ਇੱਕੋ ਇੱਕ ਰਾਮ-ਬਾਣ ਇਲਾਜ “ਨਾਮ” ਹੈ। ਵਾਹਿਗੁਰੂ ਜੀ ਦਾ ਨਾਮ ਜਪਿਆਂ ਮਨੁੱਖ ਨੂੰ ਆਪਣੇ ਮੂਲ ਦੀ ਸੋਝੀ ਹੁੰਦੀ ਹੈ। ਉਹ ਸਮੂਹ ਖਲਕਤ ਵਿੱਚ ਖਾਲਕ ਦੇਖਣ ਲਗੱਦਾ ਹੈ ਅਤੇ ਇਸ ਨਾਮ ਨਾਲ ਉਸ ਦੀ ਸਵੈ-ਚੇਤੰਨਤਾ ਵੱਧਦੀ ਹੈ, ਉਹ ਆਪਣੇ ਮਨ ਤੇ ਕੰਮ ਕਰਨ ਲੱਗਦਾ ਹੈ। ਬਾਣੀ ਉਸਨੂੰ ਇਹ ਅਹਿਸਾਸ ਕਰਵਾਉਂਦੀ ਹੈ ਕਿ  ਸਮੂਹ ਕਾਇਨਾਤ ਸਾਰੀ ਸ਼੍ਰਿਸ਼ਟੀ ਸਿਰਫ ਇੱਕੋ ਨੂਰ ਤੋਂ ਪੈਦਾ ਹੋਈ ਹੈ। ਜਦੋਂ ਪਿਤਾ ਇੱਕ ਹੋਣ ਕਰਕੇ ਸਭ ਨੂੰ ਹੀ ਭਰਾ ਸਮਝ ਲਿਆ, ਫਿਰ ਦੂਈ-ਦਵੈਸ਼, ਸਾੜਾ, ਈਰਖਾ ਕਿਸ ਨਾਲ ?? ਬੁਰਾ ਕਿਸ ਦਾ ਅਤੇ ਕਿਉਂ ਕਰਨਾ ? ਕਿਉਂਕਿ ਸਭ ਤਾਂ ਮੇਰੇ ਆਪਣੇ ਹਨ (ਮੰਦਾ ਕਿਸ ਨੋ ਆਖੀਐ ਜਾ ਤਿਸੁ ਬਿਨੁ ਕੋਈ ਨਾਹਿ ।-ਫਰੀਦ ਜੀ।) ਇਸ ਸਰਬ-ਸਾਂਝੀਵਾਲਤਾ ਦਾ ਬਦਲ ਹੋਰ ਕਿਸੇ ਵੀ ਗ੍ਰੰਥ ਵਿੱਚ ਨਹੀਂ ਮਿਲਦਾ ।ਇਹੀ ਇੱਕ ਜਰੀਆ ਬਣਦਾ ਹੈ, ਮਨੁੱਖ ਨੂੰ ਮਨੁੱਖ ਨਾਲ ਜੋੜਨ ਦਾ ਅਤੇ ਇਸੇ ਕਾਰਨ ਇਨਸਾਨ ਅਪਣੇ ਆਪ ਨੂੰ ਸੁਧਾਰਨ ਦਾ ਯਤਨ ਕਰਦਾ ਹੈ। ਇਸ ਏਕੇ ਅਤੇ ਸਰਬ-ਸਾਂਝੀਵਾਲਤਾ ਦੀ ਝਲਕ ਬਾਣੀ ਵਿੱਚੋਂ ਦੇਖੀਏ-
* ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ।।
ਏੇਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ।।-(ਪ੍ਰਭਾਤੀ, ਕਬੀਰ ਜੀ, ਪੰਨਾ 1349)
* ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ।।
ਦੂਰਿ ਪਰਾਇਓ ਮਨ ਕਾ ਬਿਰਹਾ, ਤਾ ਮੇਲੁ ਕੀਓ ਮੇਰੈ ਰਾਜਨ।।- (ਧਨਾਸਰੀ ਮਹਲਾ 5,ਪੰਨਾ 671)
* ਪਰ ਕਾ ਬੁਰਾ ਨ ਰਾਖਹੁ ਚੀਤ।
ਤੁਮ ਕਉ ਦੁਖੁ ਨਹੀ ਭਾਈ ਮੀਤ।।(ਆਸਾ ਮਹਲਾ 5,ਪੰਨਾ 386)
* ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ।।
ਸੁਣਿ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ ਹਰਿ ਦਰਸਨੁ ਦੇਹੁ ਦਿਖਾਈ।।
                                     -(ਸੋਰਠਿ ਮਹਲਾ 5 ਘਰੁ 2,ਚਉਪਦੇ, ਪੰਨਾ 612)
                                   ਇਸ ਤਰਾਂ ਅਸੀਂ ਦੇਖਦੇ ਹਾਂ ਕਿ ਇੱਕ ਪਿਤਾ ਦੀ ਔਲਾਦ ਹੋਣ ਕਾਰਨ ਸਭ ਇਨਸਾਨ ਇੱਕ ਦੂਜੇ ਨੂੰ ਭਰਾ ਭਰਾ ਸਮਝਣਗੇ ਅਤੇ ਕਦੇ ਵੀ ਕਿਸੇ ਦਾ ਬੁਰਾ ਨਹੀਂ ਸੋਚਣਗੇ।ਮਨੁੱਖ ਨੂੰ ਸਾਦਾ ਖਾਣ, ਸਾਦਾ ਪਹਿਨਣ, ਸਦਾ ਪ੍ਰਭੂ ਦੀ ਯਾਦ ਵਿੱਚ ਰਹਿੰਦੇ ਹੋਏ ਆਪਣੀ ਦੁਨਿਆਵੀ ਜਿੰਮੇਵਾਰੀਆਂ ਨੂੰ ਨਿਭਾਉਂਦੇ ਰਹਿਣਾ ਹੈ। ਦਸਾਂ ਨਹੁੰਆਂ ਦੀ ਸੁੱਚੀ ਕਿਰਤ ਕਰਦੇ ਹੋਏ ਉਸ ਵਿੱਚੋਂ ਵੀ ਲੋੜਵੰਦ ਨਾਲ ਵੰਡਣ ਦਾ ਸਿਧਾਂਤ ਗੁਰੂ ਸਾਹਿਬ ਜੀ ਨੇ ਦਿੱਤਾ ਹੈ।ਗੁਰਬਾਣੀ ਅਨੁਸਰ ਜਿੰਦਗੀ ਜੀਊਣ ਵਾਲਾ ਮਨੁੱਖ ਸਦਾ ਉੱਦਮਸ਼ੀਲ ਹੁੰਦਾ ਹੈ। ਉਹ ਆਪ ਹੱਥੀਂ ਕੰਮ ਕਰਦਾ ਹੈ, ਪਰ ਮਾਇਆ ਨਾਲ ਆਪਣੇ ਆਪ ਨੂੰ ਬੰਨ੍ਹਦਾ ਨਹੀਂ । ਸਗੋਂ ਆਪਣੇ ਗੁਜਾਰੇ ਲਈ, ਕਿਸੇ ਲੋੜਵੰਦ ਦੀ ਮੱਦਦ ਲਈ ਅਤੇ ਧਰਮ ਕਾਰਜਾਂ ਲਈ ਖੁਸ਼ੀ ਖੁਸ਼ੀ ਖਰਚ ਕਰਦਾ ਹੈ। ਨਾਮ ਜਪਣਾ, ਕਿਰਤ ਕਰਨੀ, ਅਤੇ ਵੰਡ ਛਕਣਾ ਹੀ ਗੁਰਮਤਿ ਦੇ ਮੁਢਲੇ ਨਿਯਮ ਹਨ। ਇਹਨਾਂ ਸਿਧਾਂਤਾਂ ਨੂੰ ਗੁਰ-ਫੁਰਮਾਨਾਂ ਰਾਹੀਂ ਦੇਖਦੇ ਹਾਂ-
* ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ।
ਕਲਿ ਕਲੇਸ ਤਨ ਮਾਹਿ ਮਿਟਾਵਉ।। -(ਗਉੜੀ ਸੁਖਮਨੀ ਮ: 5, ਪੰਨਾ 232)
* ਘਾਲਿ ਖਾਇ ਕਿਛੁ ਹਥਹੁ ਦੇਇ।।
ਨਾਨਕ ਰਾਹੁ ਪਛਾਣਹਿ ਸੇਇ।।-(ਸਲੋਕ ਮ: 1,ਪੰਨਾ 1245)
* ਉਦਮੁ ਕਰੇਂਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ।
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ।-(ਸਲੋਕ ਮਹਲਾ 5, ਪੰਨਾ 522)
* ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ।
ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੈ ਮੁਕਤਿ।-( ਮ:5, ਪੰਨਾ 522)
                                                                    ਇਸ ਮਨੁੱਖ ਨੂੰ ਜੋ ਗੁਰਬਾਣੀ ਦੇ ਸਿਧਾਂਤ ਅਨੁਸਾਰ ਆਪਣੀ ਜਿੰਦਗੀ ਜੀਊਂਦਾ ਹੈ, ਉਸ ਨੂੰ ਗੁਰਬਾਣੀ ਵਿੱਚ ਗੁਰਮੁਖਿ ਕਹਿ ਕੇ ਵਡਿਆਇਆ ਗਿਆ ਹੈ। ਅਜਿਹਾ ਮਨੁੱਖ ਸਦਾ ਅਪਣੇ ਗੁਰੂ ਨ,ੂੰ ਪ੍ਰਭੂ ਨੂੰ ਹਾਜਰ ਨਾਜਰ ਸਮਝਦਾ ਹੈ ਅਤੇ ਉਸ ਨੂੰ ਹਾਜਰ ਸਮਝਦੇ ਹੋਏ, ਉਸ ਦੀ ਰਜਾ ਵਿੱਚ ਰਹਿੰਦਾ ਹੈ, ਉਸ ਵੱਲੋਂ ਦਿੱਤੇ ਹੋਏ ਕਿਸੇ ਵੀ ਦੁੱਖ-ਸੁੱਖ, ਹਰਖ-ਸੋਗ,ਊਚ-ਨੀਚ  ਨੂੰ ਸਮਾਨ ਕਰ ਕੇ ਜਾਣਦਾ ਹੈ । ਨਾ ਕਿਸੇ ਨੂੰ ਡਰਾਉਂਦਾ ਹੈ, ਅਤੇ ਨਾ ਹੀ ਕਿਸੇ ਤੋਂ ਡਰਦਾ ਹੈ। ਅਜਿਹਾ ਮਨੁੱਖ ਕਿਸੇ ਸੁਰਗ ਦੀ ਲਾਲਸਾ ਨਹੀਂ ਰੱਖਦਾ ਸਗੋਂ ਆਪਣੇ ਪ੍ਰੀਤਮ ਨਾਲ ਪਿਆਰ ਕਰਨ ਤੋਂ ਉਹ ਸੈਂਕੜੇ ਦੁਨਿਆਵੀ ਤਖਤ ਅਤੇ ਸਵਰਗ ਕੁਰਬਾਨ ਕਰ ਸਕਦਾ ਹੈ। ਉਸ ਨੂੰ ਤਾਂ ਪ੍ਰਭੂ-ਪ੍ਰੇਮ ਦੀਆਂ ਖਿੱਚਾਂ ਇੱਕ ਵਿਸਮਾਦੀ ਅਨੰਦ ਵਿੱਚ ਲੈ ਜਾਂਦੀਆਂ ਹਨ ਅਤੇ ਇਸ ਆਨੰਦ ਦੀ ਅਵਸਥਾ ਤੋਂ ਉਸ ਨੂੰ ਨਾ ਕੋਈ ਡਰ, ਨਾ ਕੋਈ ਲਾਲਚ ਅਤੇ ਨਾ ਹੀ ਕੋਈ ਜੁਲਮ ਉਸ ਨੂੰ ਆਪਣੇ ਨਿਸਾਨੇ ਤੋਂ ਥਿੜਕਾ ਸਕਦਾ ਹੈ। ਇਸ ਪ੍ਰੇਮ ਦੇ ਮਿਲਾਪ ਅਤੇ ਵਿਛੋੜੇ ਦੇ ਦੋਵੇਂ ਭਾਵ ਅਪਣੀ ਪੂਰੀ ਸਿਖਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਿਆਂ ਤੇ ਸੁਸ਼ੋਭਿਤ ਹੈ। ਬਹੁਤ ਸੰਖੇਪ ਵਿੱਚ ਕੁਝ ਨਮੂਨੇ ਦੇਖਦੇ ਹਾਂ—
* ਗੁਰਮੁਖਿ ਸਚੀ ਆਸ਼ਕੀ ਜਿਤੁ ਪ੍ਰੀਤਮੁ ਸਚਾ ਪਾਈਐ ।
ਅਨਦਿਨੁ ਰਹਹਿ ਅਨੰਦਿ ਨਾਨਕ ਸਹਿਜ ਸਮਾਈਐ। -( ਸਲੋਕ ਮਹਲਾ 4, ਪੰਨਾ 1422)
* ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨ ਅਪਮਾਨਾ।
ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ ।। -(ਰਾਗੁ ਗਉੜੀ ਮਹਲਾ 9, ਪੰਨਾ 219)
* ਭੈ ਕਾਹੂ ਕਉ ਦੇਤਿ ਨਹਿ ਨਹਿ ਭੈ ਮਾਨਤ ਆਨ ।
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ।।-(ਸਲੋਕ ਮਹਲਾ 9, ਪੰਨਾ 1426)
* ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨ ਪ੍ਰੀਤਿ ਚਰਨ ਕਮਲਾਰੇ ।।-ਦੇਵਗੰਧਾਰੀ 5,ੰਨਾ 534)
                         ਧੁਰ ਅੰਦਰੋਂ ਗੁਰੂ-ਸ਼ਬਦ ਨਾਲ ਜੁੜਿਆ ਮਨੁੱਖ ਆਪਣਾ ਜੀਵਨ ਮਨੋਰਥ ਸਮਝ ਚੁੱਕਾ ਹੁੰਦਾ ਹੈ। ਉਸ ਦਾ ਕੋਈ ਇੱਕ ਕਰਮ ਵੀ ਅਜਿਹਾ ਨਹੀਂ ਹੁੰਦਾ ਜੋ ਉਸ ਦੇ ਨਿਜੀ ਸੁਆਰਥ ਲਈ ਹੋਵੇ ਜਾਂ ਜੋ ਵਿਕਾਰਾਂ ਦੀ ਦਲਦਲ ਵਿੱਚ ਫਸੇ ਵਿਕਾਰੀ ਮਨੱਖ ਦੀ ਤਰਾਂ ਹੋਵੇ।
                     ਸੋ ਕਿਛੁ ਕਰਿ ਜਿਤੁ ਮੈਲੁ ਨ ਲਾਗੈ।।
                     ਹਰਿ ਕੀਰਤਨ ਮਹਿ ਏਹੁ ਮਨੁ ਜਾਗੈ ।। -(ਗਉੜੀ ਮਹਲਾ 5, ਪੰਨਾ 199)
                                                 ਨਿਜੀ ਤੌਰ ਤੇ ਉਹ ਨਸ਼ਿਆਂ ਤੋਂ ਅਤੇ ਆਲਸ ਤੋਂ ਦੂਰ ਰਹਿੰਦਾ ਹੈ । ਸਦਾ ਸੇਵਾ ਅਤੇ ਪਰਉਪਕਾਰ ਕਰਨ ਲਈ ਤਿਆਰ ਰਹਿੰਦਾ ਹੈ। ਹਮੇਸ਼ਾ ਦੁਖੀ ਅਤੇ ਲੋੜਵੰਦ ਲਈ ਆਪਣੀਆਂ ਸੇਵਾਵਾਂ ਦਿੰਦਾ ਹੈ। ਕਿਸੇ ਤਰਾਂ ਦਾ ਵੀ ਭਿੰਨ-ਭੇਦ ਨਹੀਂ ਕਰਦਾ, ਸਗੋਂ ਸਾਰਿਆਂ ਨੂੰ ਇੱਕੋ ਪ੍ਰਭੂ ਦੀ ਜੋਤ ਸਮਝਦਾ ਹੋਇਆ ਸਮਾਨ ਭਾਵ ਨਾਲ ਦੇਖਦਾ ਹੈ। ਜਾਤ ਪਾਤ, ਧਰਮ ਕਰਮ, ਪਾਖੰਡ ,ਵੇਸ, ਭੇਖ, ਦਿਖਾਵੇ ਤੋਂ ਕੋਹਾਂ ਦੂਰ ਰਹਣਿ ਵਾਲਾ ਇਹ ਗੁਰਮੁਖ  ਸੱਚ ਦੇ ਰਸਤੇ ਤੇ ਤੁਰਦਾ ਹੈ ਕਿਉਂਕਿ ਉਹ ਜਾਨਦਾ ਹੈ ਕਿ ਸੱਚ-ਆਚਾਰ ਨੂੰ ਗੁਰੂ ਸਾਹਿਬ ਨੇ ਸੱਚ ਤੋਂ ਵੀ ਉੱਪਰ ਮੰਨਿਆ ਹੈ। ਕਿਸੇ ਵੀ ਦੇਹਧਾਰੀ ਮਨੁੱਕ ਨੂੰ ਆਪਣਾ ਗੁਰੂ ਨਹੀਂ ਮੰਨਦਾ ਅਤੇ ਨਾ ਹੀ ਕਿਸੇ ਧਾਰਮਿਕ ਪਾਖੰਡੀਆਂ ਦੇ ਡੇਰੇ ਜਾਂਦਾ ਹੈ। ਉਸ ਨੂੰ ਸਿਰਫ ਗੁਰੂ ਦਾ ਸ਼ਬਦ ਹੀ ਖਿੱਚਦਾ ਹੈ, ਜੋ ਉਸ ਲਈ ਗਿਆਨ ਦਾ  ਦਾਤਾ ਵੀ ਹੈ, ਆਨੰਦ ਦੇਣ ਵਾਲਾ ਵੀ ਹੈ ੳਤੇ ਗੁਰਮਤਿ ਗਿਆਨ ਤੋਂ ਉਸ ਨੂੰ ਇਹ ਸੋਝੀ ਵੀ ਹੈ ਕਿ ਇਸ ਸ਼ਬਦ ਵਿੱਚ ਗੜੂੰਦ ਹੋ ਕੇ ਉਹ ਦੁਨਿਆਵੀ ਵਿਕਾਰਾਂ ਤੋਂ ਵੀ ਬਚ ਸਕਦਾ ਹੈ। ਪ੍ਰਭੂ ਮਾਰਗ ਵਿੱਚ ਮੁੱਖ ਰੁਕਾਵਟ ਹਉਮੈ ਨੂੰ ਵੀ ਇਹ ਸ਼ਬਦ ਹੀ ਮਾਰ ਸਕਦਾ ਹੈ ਅਤੇ ਇਹ ਸ਼ਬਦ ਹੀ ਮਨ ਤੇ ਪਈ ਭਰਮ ਅਗਿਆਨਤਾ ਦੀ ਕਾੲi ਉਤਾਰ ਕੇ ਅੰਦਰ ਛੁਪੇ ਸੱਚ ਨੂੰ ਦਿਖਾ ਸਕਦਾ ਹੈ। ਹੇਠ ਲਿਖੇ ਗੁਰਬਾਣੀ ਦੇ ਫੁਰਮਾਨ ਉਸ ਲਈ ਚਾਨਣ-ਮੁਨਾਰਾ ਬਣਦੇ ਹਨ-
* ਦੁਰਮਤਿ ਮਦੁ ਜੋ ਪੀਵਤੇ ਬਿਖਲੀਪਤਿ ਕਮਲੀ ।
ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ  ।। -(ਆਸਾ ਮਹਲਾ 5, ਪੰਨਾ 399)
* ਵਿਚਿ ਦੁਨੀਆਂ ਸੇਵ ਕਮਾਈਐ ।।
ਤਾ ਦਰਗਹ ਬੈਸਣੁ ਪਾਈਐ ।।
ਕਹੁ ਨਾਨਕ ਬਾਹ ਲੁਡਾਈਐ ।।-(ਸਿਰi ਰਾਗੁ ਮਹਲਾ 1,ਪੰਨਾ 25)
* ਸਚਹੁ ਓਰੈ ਸਭ ਕੋ  ਉਪਰਿ ਸਚੁ ਆਚਾਰ ।।-(ਵਾਰ ਰਾਮਕਲੀ ਮਹਲਾ 1,ਪੰਨਾ 955)
ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ।।
* ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ ।।
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ।।-(ਆਸਾ ਕਬੀਰ, ਪੰਨਾ 475)
* ਸਬਦ ਗੁਰੁ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ ।।-( ਸੋਰਠਿ ਮਹਲਾ 5, ਪੰਨਾ 635)
ਜਾਣਹੁ ਜੋਤਿ ਨ  ਪੂਛਹੁ ਜਾਤੀ ਆਗੈ ਜਾਤਿ ਨ ਹੇ ।।-( ਆਸਾ ਮਹਲਾ 1,ਪੰਨਾ 349)
                                                ਇਸ ਤਰਾਂ ਸਭ ਨੂੰ ਇੱਕ ਸਮਾਨ ਦੇਖਦਾ ਗੁਰਬਾਣੀ ਦਾ ਮਨੁੱਖ ਗੁਰੂ ਦੇ ਰਸਤੇ ਤੇ ਚੱਲਦਾ ਹੋਇਆ “ਆਪ ਜਪੈ ਅਵਰਾ ਨਾਮੁ ਜਪਾਵੈ’ ਅਨੁਸਾਰ ਹੋਰਾਂ ਨੂੰ ਵੀ ਇਸ ਮਾਰਗ ਤੇ ਚੱਲਣ ਲਈ ਪ੍ਰੇਰਦਾ ਹੈ। ਇਸ ਖੰਡੇਧਾਰ ਮਾਰਗ ਦੇ ਰਾਹ ਵਿੱਚ ਬੇਅੰਤ ਔਕੜਾਂ ਵੀ ਆਉਂਦੀਆਂ ਹਨ। ਜਦੋਂ ਜਾਲਮ, ਲੋਟੂ, ਵਿਕਾਰੀ, ਪਾਖੰਡੀਆਂ ਨੂੰ ਲਲਕਾਰਨਾ ਹੈ, ਤਾਂ ਇਹਨਾਂ ਦਾ ਵਿਰੋਧ ਵਿੱਚ ਵਿਚਰਨਾ ਜਰੂਰੀ ਹੀ ਹੋ ਜਾਂਦਾ ਹੈ। ਪਰ ਗੁਰਮੁਖ ਆਪਣਾ ਸਵੈ-ਮਾਣ ਕਾਇਮ ਰੱਖਦਾ ਹੈ ਅਤੇ ਸੱਚ ਤੇ ਤੁਰਦਿਆਂ ਵੱਡੇ ਵੱਡੇ ਰਾਜਿਆਂ, ਸਾਧਾਂ, ਪੰਡਤਾਂ, ਸਰਮਾਏਦਾਰਾਂ , ਨਵਾਬਾਂ ਆਦਿ ਨੂੰ ਉਹਨਾਂ ਦੇ ਮੂੰਹ ਤੇ ਹੀ ਉਹਨਾਂ ਦੇ ਝੂਠ ਅਤੇ ਪਾਖੰਡ ਜਾਂ ਜੁਲਮ ਆਦਿ ਲਈ ਉਹਨਾਂ ਨੂੰ ਟੋਕਣ ਅਤੇ ਆਲੋਚਨਾ ਕਰਨ ਦਾ ਹੌਂਸਲਾ ਵੀ ਰੱਖਦਾ ਹੈ। ਗੁਰੂ ਸਾਹਿਬਾਨ ਅਤੇ ਭਗਤਾਂ ਤੇ ਹੋਏ ਜੁਲਮ ਅਤੇ ਉਹਨਾਂ ਵੱਲੋਂ ਦ੍ਰਿੜਤਾ ਨਾਲ ਸ਼ਬਦ-ਸਿਧਾਂਤ ਨਾਲ ਖੜੇ ਹੋਣ ਦਾ ਇਤਿਹਾਸ ਮਨ ਵਿੱਚ ਜੋਸ਼ ਭਰਦਾ ਹੈ । ਅਤੇ “ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।।ਪੁਰਜਾ ਪੁਰਜਾ ਕਟਿ ਮਰੈ, ਕਬਹੂੰ ਨ ਛਾਡੈ ਖੇਤੁ”। ਦਾ ਸੁਨਹਿਰੀ ਸਿਧਾਂਤ ਉਸ ਦੀ ਅਗਵਾਈ ਕਰਦਾ ਹੈ। ਉਸ ਨੂੰ ਹਮੇਸ਼ਾ ਯਾਦ ਰਹਿੰਦਾ ਹੈ—
* ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ।।
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ।।-(ਮ:1, ਪੰਨਾ 141)
* ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚ ।
ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ।
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ।।-(ਸਿਰੀਰਾਗੁ ਮਹਲਾ 1, ਪੰਨਾ 15)
* ਸੋ ਜੀਵਿਆ ਜਿਸੁ ਮਨਿ ਵਸਿਆ ਸੋਇ ।।
ਨਾਨਕੁ ਅਵਰੁ ਨ ਜੀਵੈ ਕੋਇ ।।
ਜੇ ਜੀਵੈ ਪਤਿ ਲਥੀ ਜਾਇ ।।
ਸਭ ਹਰਾਮ ਜੇਤਾ ਕਿਛੁ ਖਾਇ ।।-(ਮ:1 ਸਲੋਕੁ, ਪੰਨਾ 142)
     ਇਸ ਤਰਾਂ ਗੁਰੂ ਦੇ ਸ਼ਬਦ ਤੋਂ ਸੇਧ ਲੈ ਕੇ ਇੱਕ ਨਿਰਭੈ ਅਤੇ ਨਿਰਵੈਰ ਮਨੁੱਖ ਦਾ ਜੀਵਨ  ਜੀਊਂਦਾ ਹੈ , ਜੋ ਗੁਰਬਾਣੀ ਤੋਂ ਕੁਰਬਾਨੀ ਦਾ ਮਾਰਗ ਹੈ । “ਪ੍ਰੇਮ ਬੰਧਨ” ਵਿੱਚ ਬੰਨਿ੍ਹਆ ਇਹ ਵਿਅਕਤੀ ਜਾਣਦਾ ਹੈ ਕਿ
* ਜਉ ਤਉ ਪ੍ਰੇਮ ਖੇਲਣੁ ਕਾ ਚਾਉ।
ਸਿਰੁ ਧਰਿ ਤਲੀ ਗਲੀ ਮੇਰੀ ਆਉ ।
ਇਤਿ ਮਾਰਗਿ ਪੈਰ ਧਰੀਜੈ ।
ਸਿਰੁ ਦੀਜੈ ਕਾਣਿ ਨ ਕੀਜੈ ।-(ਸਲੋਕ ਵਾਰਾਂ ਤੇ ਵਧੀਕ,ਪੰਨਾ 1412)
                                                            ਪਾਤਸ਼ਾਹ ਬਖਸ਼ਿਸ ਕਰਨ ਅਸੀਂ ਸਾਰੇ ਵੀ  ਗੁਰਬਾਣੀ ਵਿੱਚ ਦੱਸੇ ਇਹਨਾਂ ਸਿਧਾਂਤਾਂ ਨੂੰ ਸਮਝ ਸਕੀਏ, ਮਨ ਵਸਾ ਸਕੀਏ ੳਤੇ ਇਹਨਾਂ ਤੇ ਅਮਲ ਕਰ ਸਕੀਏ। ਗੁਰ-ਸ਼ਬਦ ਦੀ ਕਮਾਈ ਕਰ ਸਕੀਏ। ਗੁਰਮਤਿ ਨੂੰ ਪ੍ਰਣਾਏ ਗੁਰਸਿੱਖਾਂ ਦੀ ਸੰਗਤ ਮਾਣ ਸਕੀਏ ੳਤੇ ਆਪਣਾ ਜੀਵਨ ਸਫਲ ਕਰ ਸਕੀਏ।।