ਰਾਜਾ ਹੰਸਪਾਲ ਦੀ ਪਲੇਠੀ ਪੁਸਤਕ ਮਹਾਰਾਣੀ ਮਾਂ ਲੋਕ ਅਰਪਣ ਹੋਈ (ਖ਼ਬਰਸਾਰ)


ਅੰਮ੍ਰਿਤਸਰ ਸਾਹਿਬ  -- ਅੱਜ ਸਥਾਨਕ ਸੁਲਤਾਨਵਿੰਡ ਰੋਡ ਵਿਖੇ ਮਾਝਾ ਵਰਲਡਵਾਈਡ ਵੱਲੋਂ ਪ੍ਰਕਾਸ਼ਿਤ ਜ਼ਿੰਦਾਦਿਲ ਨੌਜਵਾਨ ਲੇਖਕ ਰਾਜਾ ਹੰਸਪਾਲ ਦੀ ਪਲੇਠੀ ਪੁਸਤਕ ਮਹਾਰਾਣੀ ਮਾਂ ਅਤੇ ਹੋਰ ਕਹਾਣੀਆਂ ਲੋਕ ਅਰਪਣ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ. ਸਤਿੰਦਰ ਸਿੰਘ ਓਠੀ, ਪੰਜਾਬੀ ਸਾਹਿਤ ਸੰਗਮ ਦੇ ਨੌਜਵਾਨ ਆਗੂ ਸ੍ਰ. ਹਰਚਰਨ ਸਿੰਘ ਅਤੇ ਬਿਕਰਮਜੀਤ ਸਿੰਘ ਪੁੱਜੇ। ਜ਼ਿਕਰਯੋਗ ਹੈ ਕਿ ਲੇਖਕ ਰਾਜਾ ਹੰਸਪਾਲ ਬਚਪਨ ਤੋਂ ਹੀ ਪੋਲੀਓ ਦਾ ਸ਼ਿਕਾਰ ਹੋ ਗਿਆ ਸੀ ਜਿਸਦਾ ਅਸਰ ਉਸਦੇ ਪੂਰੇ ਸਰੀਰ ਤੇ ਪੈ ਗਿਆ ਅਤੇ ਸਰੀਰ ਕਮਜ਼ੋਰ ਹੁੰਦਾ ਗਿਆ। ਨਾ ਤਾਂ ਉਹ ਕਲਮ ਫੜ੍ਹ ਸਕਦਾ ਸੀ ਨਾ ਹੀ ਕਾਗਜ਼, ਪਰ ਹੌਲੀ ਹੌਲੀ ਮੋਬਾਇਲ ਉੱਤੇ ਹੀ ਸਾਰੀ ਕਿਤਾਬ ਟਾਈਪ ਕੀਤੀ ਅਤੇ ਅਮਰੀਕਾ ਤੋਂ ਅਮਨਦੀਪ ਸਿੰਘ ਮੁਲਤਾਨੀ ਦੇ ਸਹਿਯੋਗ ਅਤੇ ਨੌਜਵਾਨ ਲੇਖਕ ਸ੍ਰ. ਇਕਵਾਕ ਸਿੰਘ ਪੱਟੀ ਦੀ ਪ੍ਰੇਰਣਾ ਸਦਕਾ ਕਹਾਣੀਆਂ ਦੀ ਇਹ ਕਿਤਾਬ ਹੌਂਦ ਵਿੱਚ ਆਈ। ਇਸ ਮੌਕੇ ਬੋਲਦਿਆਂ ਸ੍ਰ. ਸਤਿੰਦਰ ਸਿੰਘ ਓੋਠੀ ਅਤੇ ਪਰਮਜੀਤ ਕੌਰ ਨੇ ਕਿਹਾ ਕਿ ਰਾਜਾ ਹੰਸਪਾਲ ਵੱਲੋਂ ਕੀਤਾ ਗਿਆ ਕਾਰਜ ਸੁਲਹਾਣਯੋਗ ਹੈ ਅਤੇ ਹੋਰਨਾਂ ਲਈ ਪ੍ਰੇਰਣਾ ਸ੍ਰੋਤ ਹੈ। ਪੰਜਾਬੀ ਮਾਂ ਬੋਲੀ ਪ੍ਰਤੀ ਉਸਦੀਆਂ ਸੇਵਾਵਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ। ਆਖੀਰ ਵਿੱਚ ਰਾਜਾ ਹੰਸਪਾਲ ਦੇ ਪਿਤਾ ਸ੍ਰ. ਜਰਨੈਲ ਸਿੰਘ ਮਾਤਾ ਚਰਨਜੀਤ ਕੌਰ ਅਤੇ ਭਰਾਵਾਂ ਵੱਲੋਂ ਆਏ ਮਹਿਮਾਨਾਂ ਨੂੰ ਵਿਸ਼ੇਸ਼ ਮੌਮੈਂਟੋ ਦੇ ਕੇ ਸਨਮਨਿਆ ਗਿਆ। ਰਾਜਾ ਹੰਸਪਾਲ ਨੇ ਕਿਹਾ ਕਿ ਉਹ ਪ੍ਰਮਾਤਮਾ ਦਾ ਸ਼ੁਕਰ ਕਰਦਾ ਹੈ ਕਿ ਉਸ ਕੋਲੋਂ ਪੰਜਾਬੀ ਸਾਹਿਤ ਪ੍ਰਤੀ ਸੇਵਾਵਾਂ ਲਈਆਂ ਗਈਆਂ ਹਨ। ਹਰ ਇੱਕ ਦੀ ਜ਼ਿੰਦਗੀ ਵਿੱਚ ਦੁੱਖ ਅਤੇ ਸੁੱਖ ਨਾਲ ਨਾਲ ਚੱਲਦੇ ਹਨ, ਇਹ ਫੈਸਲਾ ਇਨਸਾਨ ਨੇ ਖੁਦ ਕਰਨਾ ਹੁੰਦਾ ਹੈ ਕਿ ਉਸਨੇ ਹੁਣ ਹੱਸ ਕੇ ਜਿਊਣਾ ਹੈ ਜਾਂ ਸਾਰੀ ਉਮਰ ਝੁਰਦਿਆਂ ਗੁਜ਼ਾਰਨੀ ਹੈ। ਇਸ ਮੌਕੇ ਸ੍ਰ. ਸਤਿੰਦਰ ਸਿੰਘ, ਸ੍ਰ. ਜਸਪਾਲ ਸਿੰਘ, ਸ੍ਰ. ਹਰਜੀਤ ਸਿੰਘ ਬਾਂਗਾ, ਲੇਖਿਕਾ ਮਨਬੀਰ ਕੌਰ, ਜਸਪ੍ਰੀਤ ਕੌਰ, ਕਵਲਜੀਤ ਕੌਰ, ਰਣਜੀਤ ਸਿੰਘ, ਦਲਜੀਤ ਸਿੰਘ ਵਿੱਕੀ, ਸਾਹਿਤਕਾਰ ਸ੍ਰੀ ਵਰਿੰਦਰ ਅਜ਼ਾਦ ਆਦਿ ਵਿਸ਼ੇਸ਼ ਤੌਰ ਹਾਜ਼ਰ ਸਨ। ਉਪਰੋਕਤ ਕਿਤਾਬ ਸਿੰਘ ਬ੍ਰਦਰਜ਼ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।