ਜੋਖਮ ਭਰਿਆ ਹੈ ਜੀਵਨ ਕਿਤੇ ਤੂੰ ਹਾਰ ਨਾ ਬੈਠੀੰ
ਤੁਰਕੇ ਰਾਹ ਸੰਘਰਸ਼ਾਂ ਦੇ ਹੋ ਬੇਜ਼ਾਰ ਨਾ ਬੈਠੀੰ ।
ਕਦਮ ਪੈਂਡਾ ਜੇ ਚੁੰਮਦੇ ਨੇ ਤਾਂ ਮੰਜ਼ਲ ਆ ਹੀ ਜਾਣੀ ਹੈ
ਪੀੜ ਦਰਦ ਬਿਰਹਾ ਦਾ ਕਰ ਇਜ਼ਹਾਰ ਨਾ ਬੈਠੀੰ ।
ਫੁੱਲ ਟਾਹਣੀ ਤੋਂ ਟੁੱਟਦਾ ਹੈ ਤਾਂ ਹੁੰਦਾ ਹਾਦਸਾ ਇਹ ਵੀ
ਜੇ ਡਰਨੈੰ ਬੇ - ਵਫਾਈ ਤੋਂ ਤਾਂ ਕਰ ਪਿਆਰ ਨਾ ਬੈਠੀੰ ।
ਬੋਲੀ ਇਸ਼ਕ ਵਾਲੀ ਲੋਕ ਸੁਣਨ ਦੀ ਜਾਂਚ ਨਹੀਂ ਰੱਖਦੇ
ਜਜ਼ਬਾਤੀ ਵਹਿਣ ਵਿੱਚ ਵਹਿਕੇ ਕਰ ਇਕਰਾਰ ਨਾ ਬੈਠੀੰ ।
ਮਖ਼ਮਲ ਪਹਿਨ ਪੈਰੀਂ ਕਦੇ ਮਾਰੂਥਲ ਪਾਰ ਨਹੀਂ ਹੁੰਦੇ
ਭਰਮ ਪਾਲ ਕੇ ਸੱਸੀ ਦੇ ਵਾਂਗਰ ਕਰ ਇਤਬਾਰ ਨਾ ਬੈਠੀੰ ।
ਬਦਨਾਮ ਹੋ ਨਾ ਜਾਵੇ ਤੇਰੀ ਚਰਚਿਤ ਮੁਹੱਬਤ ਇਹ
ਇਸ਼ਕ ਦੀ ਜਿੱਤ ਖ਼ਾਤਰ ਹੁਸਨ ਤੋਂ ਹਾਰ ਨਾ ਬੈਠੀੰ ।
ਜਗਾ ਰੱਖੀੰ ਜ਼ਮੀਰਾਂ ਨੂੰ ਹਨ੍ਹੇਰੀ ਰਾਤ ਅੰਦਰ ਵੀ
‘ਕਾਉੰਕੇ’ ਸ਼ੂਕਦੇ ਦਰਿਆ ‘ਚ ਸੁਪਨੇ ਤਾਰ ਨਾ ਬੈਠੀੰ ।