ਤੁਰ ਜਾਏ ਹੱਥ ਮਿਲਾ ਕੇ ਜੋ ਉਹ ਯਾਰ ਬਨੌਣਾ ਔਖਾ ਹੈ
ਗਫਲਤ ਦੀ ਨੀਂਦ ਸੁੱਤਿਆਂ ਨੂੰ ਫੜ ਕੇ ਜਗੌਣਾ ਅੋਖਾ ਹੈ
ਧੂਣੀ ਰਮਾ ਕੇ ਬਹਿ ਜਾਣਾ ਰਖ ਜਟਾਂ ਭਿਬੂਤੀ ਮਲ ਲੈਣੀ
ਇਹ ਕੰਮ ਤਾਂ ਮੁਸ਼ਕਿਲ ਨਹੀਂ ਮਨ ਨੂੰ ਸਮਝੌਣਾ ਔਖਾ ਹੈ
ਹੋਸ਼ਾਂ ਦਾ ਪੱਲਾ ਛਡ ਕੇ ਮਰ ਜਾਣਾ ਹੁੰਦਾ ਸਾਹਿਲ ਬੜਾ
ਪਰ ਜੰਗ ਦੇ ਪਿੜ ਵੈਰੀ ਦਾ ਹਰ ਵਾਰ ਬਚੌਣਾ ਔਖਾ ਹੈ
ਪਰਦੇ ਪਿਛੇ ਕੀ ਹੁੰਦਾ ਇਹ ਭੇਦ ਵੀ ਇਕ ਦਿਨ ਖੁੱਲ੍ਹਦੇ ਨੇ
ਕਥਨੀ ਕਰਨੀ ਇੱਕ ਕਰ ਕੇ ਇਤਬਾਰ ਬਣਾਉਣਾ ਔਖਾ ਹੈ
ਦੁਲਿਆਂ ਦੀ ਗਲ ਕਰਦੇ ਲੋਕੀ ਬਣਦੇ ਜੋ ਮੋਢੀ ਲਹਿਰਾਂ ਦੇ
ਪਿੱਠ ਦੇ ਕੇ ਰਣ ਤੋ ਭਜਦੇ ਦਾ ਸਰਦਾਰ ਕਹੌਣਾ ਔਖਾ ਹੈ
ਗਲ ਛੇੜਣੀ ਕੰਮ ਚੁਟਕੀ ਦਾ ਸਿੱਟੇ ਤੇ ਪੁਜਣਾ ਖੇਡ ਨਹੀਂ
ਠੇਲ ਕੇ ਬੇੜੀ ਸਾਗਰ ਦੇ ਵਿੱਚ ਮੰਝਧਾਰ ਲੰਘੌਣਾ ਔਖਾ ਹੈ