7
ਮੈਂ ਆਖ ਰਹੀ ਸਾਂ ਕਿ ਪੁੱਤ ਭਾਵੇਂ ਸੱਤਾ ਐਬਾਂ ਦਾ ਧਾਰਣੀ ਹੀ ਕਿਉਂ ਨਾ ਹੋਵੇ ਉਹ ਮਾਪਿਆਂ ਲਈ ਜਾਇਦਾਦ ਦਾ ਲਾਜ਼ਮੀ ਵਾਰਸ ਹੁੰਦਾ ਹੈ ---ਉਹ ਨਾ ਹੋਵੇ ਤਾ ਜ਼ਮੀਨ ਜਾਇਦਾਦ ਜਾਂ ਤਾ ਬੇਕਾਰ ਚਲੀ ਜਾਂਦੀ ਐ ਤੇ ਜਾਂ ਕਿੱਤੇ ਨੱਠ ਭੱਜ ਜਾਂਦੀ ਐ ---ਪਰ ਅਕਸਰ ਉਲਟਾ ਹੁੰਦਾ ਹੈ ---ਬੀਰੇ ਵਾਂਗ ਬਹੁਤੇ ਵਾਰਸ ਜਾਇਦਾਦ ਦੇ ਵਾਰਸ ਬਣਨ ਦੀ ਬਜਾਇ ਉਸ ਦੇ ਦੁਸ਼ਮਣ ਬਣ ਜਾਂਦੇ ਨੇ---ਜ਼ਮੀਨ ਜਾਇਦਾਦ ਦੀ ਜਾਨ ਦਾ ਖਹੁ---
ਜੇ ਬੀਰਾ ਨਾ ਹੁੰਦਾ ਤਾ ਅਸੀਂ ਭੈਣਾਂ ਭੈਣਾਂ ਨੇ ਨਾ ਤਾ ਜ਼ਮੀਨ ਵੇਚਣੀ ਸੀ---ਨਾ ਨਸ਼ੇ ਪੱਤੇ ਖਾਣੇ ਸਨ---ਨਾ ਬਦਫ਼ੈਲੀਆਂ ਕਰਕੇ ਮਾਪਿਆਂ ਦਾ ਨਾਂ ਡੋਬਣਾ ਸੀ---ਤੇ ਨਾ ਹੀ ਬਾਪੂ ਨੂੰ ਰੇਹੜਾ ਚਲਾਉਣ ਜੋਗਾ ਕਰ ਛੱਡਣਾ ਸੀ---ਪਰ ਸਾਡੇ ਸਮਾਜ ਨੂੰ ਜਾਇਦਾਦ ਦਾ ਵਾਰਸ ਕੇਵਲ ਮੁੰਡਾ ਹੀ ਚਾਹੀਦਾ ਹੁੰਦਾ ਹੈ ---ਧੀ ਜਾਇਦਾਦ ਦੀ ਵਾਰਸ ਨਹੀਂ ਬਣ ਸਕਦੀ---ਲਓ ਪਹਿਲਾਂ ਏਸ ਬਾਬਤ ਵੀ ਥੋੜਾ ਚਿੰਤਨ ਮਨਨ ਕਰ ਲਈਏ---ਕਥਾ ਮੈਂ ਬਾਦ `ਚ ਸ਼ੁਰੂ ਕਰਦੀ ਹਾਂ---
ਅਸਲ `ਚ ਮਾਂ ਦਾ ਪੁੱਤ ਨਾਲ ਸੰਬੰਧ ਪਹਿਲੀ ਵਾਰ ਸਹੁਰੇ ਘਰ ਪੈਰ ਪਾਉਂਦਿਆਂ ਹੀ ਅਸੀਸਾਂ ਦੇ ਰੂਪ ਵਿੱਚ ਜੁੜ ਜਾਂਦਾ ਹੈ ---ਪੇਕੇ ਘਰ ਉਹ ਧੀ ਧਿਆਣੀ ਸੀ---ਇਹ ਸ਼ਬਦ ਵੀ ਅਸਲ ਵਿੱਚ ਧੀ ਦੇ ਨਿਮਾਣੀ ਨਿਤਾਣੀ ਅਤੇ ਪੁੱਤਾ ਦੇ ਮੁਕਾਬਲੇ ਅਧਿਕਾਰ ਰਹਿਤ ਹੋਣ ਸਦਕਾ ਹੀ ਘੜਿਆ ਗਿਆ ਹੈ ---ਥੋਨੂੰ ਨੀ ਲਗਦਾ ਕਿ ਇਹ ਧੀ ਦੇ ਲਾਚਾਰ ਅਤੇ ਕਮਜ਼ੋਰ ਹੋਣ ਦਾ ਲਖਾਇਕ ਸ਼ਬਦ ਹੈ ---?ਆਪਣੇ ਵੱਲੋਂ ਸੱਚੇ ਹੋਣ ਲਈ ਲੋਕ ਧੀ ਨੂੰ ਧਿਆਣੀ, ਕੰਜਕ---ਕੰਨਿਆਂ ਜਾਂ ਦੇਵੀ ਦਾ ਰੂਪ ਸਮਝ ਕੇ ਉਸ ਨੂੰ ਪੂਜਣ ਯੋਗ ਦੇਵੀ ਤੁੱਲ ਮਾਨਤਾ ਦੇਣ ਦਾ ਦਿਖਾਵਾ ਕਰਦੇ ਨੇ---ਸਿਰਫ਼ ਲੋਕ ਦਿਖਾਵਾ---?
ਜਿਸ ਕੰਨਿਆ ਨੂੰ ਅਣਇੱਛਤ, ਫ਼ਾਲਤੂ ਅਤੇ ਘ੍ਰਿਣਾਯੋਗ ਸਮਝ ਕੇ ਮਾਂ ਬਾਪ ਨੇ ਜਨਮ ਹੀ ਨਾ ਲੈਣ ਦਿੱਤਾ---ਜੇ ਬਦਕਿਸਮਤੀ ਨੂੰ ਕੋਈ ਧੀ ਜੰਮ ਹੀ ਪਈ ਤਾ ਮੇਰੇ ਮਾਪਿਆਂ ਵਾਂਗ ਲੋਕਾਂ ਨੇ ਉਸ ਨੂੰ ਤ੍ਰਿਸਕਾਰਿਆ---ਨਫ਼ਰਤ ਕੀਤੀ---ਪੁੱਤਾ ਦੇ ਮੁਕਾਬਲੇ ਸਾਰੇ ਅਧਿਕਾਰਾਂ ਤੋਂ ਵਾਂਝਿਆਂ ਰੱਖਿਆ ਤੇ ਉਸ ਨੂੰ ਬਾਰ ਬਾਰ ਬਗਾਨਾ ਧਨ ਹੋਣ ਦਾ ਅਹਿਸਾਸ ਕਰਾਇਆ---ਤੁਸੀਂ ਦੱਸੋ ਉਹ ਵਿਚਾਰੀ ਪੁੱਤਾ ਦੇ ਬਰਾਬਰ ਕਿਵੇਂ ਜਾਇਦਾਦ ਦੀ ਵਾਰਸ ਹੋ ਸਕਦੀ ਹੈ ---
ਲੋਕੀ ਧੀਆਂ ਨੂੰ ਅਜੇ ਵੀ ਪੁੱਤਾ ਬਰਾਬਰ ਨਹੀਂ ਸਮਝਦੇ---ਮੈਂ ਧੀਆਂ ਨੂੰ ਭੁੱਖੀਆਂ ਮਰਦਿਆਂ---ਬੇਕਦਰੀ ਅਤੇ ਕੰਮ ਦੇ ਬੋਝ ਨਾਲ ਮਰਦਿਆਂ ਦੇਖਿਆ ਹੈ ---ਇਥੋਂ ਤੱਕ ਕਿ ਲੜਕੀ ਦੇ ਜਨਮ ਦੀ ਖ਼ਬਰ ਅੱਗ ਵਾਂਗ ਫੈਲਦੀ ਹੈ ਪਰ ਉਹਦੀ ਮੌਤ ਕੀੜੀ ਦੀ ਚਾਲ ਤੁਰਦੀ ਐ ---ਕਿਉਂਕਿ ਕੁੜੀ ਦੀ ਮੌਤ ਉੱਤੇ ਵਿਰਲਾਪ ਹੀ ਨਹੀਂ ਕੀਤਾ ਜਾਂਦਾ---ਉਹ ਤਾ ਪਹਿਲਾਂ ਦੀ ਵਾਧੂ ਸੀ---ਬੇਲੋੜੀ ਸੀ---ਉਹਦੇ ਮਰਨ ਨਾਲ ਕੋਈ ਘਾਟਾ ਹੀ ਨੀ ਪੈਂਦਾ।
ਪੁੱਤਾਂ ਦੀ ਪਾਲਣਾ ਪੋਸਣਾ ਵਧੇਰੇ ਧਿਆਨ ਨਾਲ ਕੀਤੀ ਜਾਂਦੀ ਹੈ ਪਰ ਧੀਆਂ ਤਾ ਆਪੇ ਰੁਲ ਖੁਲ ਕੇ ਪਲ ਜਾਂਦੀਆਂ ਨੇ---ਤੁਸੀਂ ਦੇਖਦੇ ਈ ਓ ਕਿ ਪੁੱਤ ਦੇ ਜਨਮ ਦੀਆਂ ਰੀਤਾਂ ਵੀ ਚਾਵਾਂ ਮਲ੍ਹਾਹਾ ਨਾਲ ਸੱਤ ਸ਼ਗਨ ਵਿਚਾਰ ਕੇ ਕੀਤੀਆਂ ਜਾਂਦੀਆਂ ਹਨ---
ਸਹੁਰੇ ਘਰ ਪੈਰ ਪਾਉਂਦਿਆਂ ਈ ਔਰਤ ਨੂੰ ਵੱਡਿਆਂ ਵੱਲੋਂ ਬੁੱਢ ਸੁਹਾਗਣ ਹੋਣ---ਦੁੱਧੀਂ ਨਹਾਉਣ ਤੇ ਪੁੱਤੀਂ ਖੇਡ੍ਹਣ ਵਰਗੀਆਂ ਅਸੀਸਾਂ ਦੀ ਝੜੀ ਲੱਗ ਜਾਂਦੀ ਹੈ---ਲਓ ਮੈਂ ਥੋਨੂੰ ਇੱਕ ਅਸੀਸ ਸੁਣਾਉਂਦੀ ਹਾਂ, ਜਿਹੜੀ ਪਹਿਲੀ ਵਾਰ ਸਹੁਰੇ ਜਾਣ ਤੇ ਸਹੁਰੇ ਜਾਂ ਸੱਸ ਦੇ ਪੈਰੀਂ ਪੈਣ ਉੱਤੇ ਦਿੱਤੀ ਜਾਂਦੀ ਹੈ,
ਪੈਰੀਂ ਪੈਂਦੀ ਨੂੰਹ ਨੂੰ
ਸਹੁਰੇ ਨੇ ਦਿੱਤੀ ਸੀਸ
ਸੱਤ ਪੁੱਤਾਂ ਦੀ ਮਾਂ ਬਣ
ਦੇਵੀ ਮਾਂ ਕਰੂਗੀ ਬਕਸੀਸ
ਉਂਜ ਕਿੰਨਾ ਚੰਗਾ ਹੰੁਦਾ ਜੇ ਸਹੁਰਾ ਸੱਤ ਪੁੱਤਾਂ ਦੇ ਨਾਲ ਇੱਕ ਧੀ ਦੀ ਅਸੀਸ ਵੀ ਦੇ ਦਿੰਦਾ---ਪਰ ਇਹ ਤਾਂ ਬਦਅਸੀਸ ਹੋ ਜਾਣੀ ਸੀ---ਬਦਸ਼ਗਨੀ। ਲਓ ਉਂਜ ਤਾਂ ਆਪਾਂ ਮੁੱਖ ਕਥਾ ਤੋਂ ਭਟਕ ਗਏ ਹਾਂ ਪਰ ਇਹ ਗੱਲਾਂ ਕਰਨੀਆਂ ਵੀ ਜਰੂਰੀ ਨੇ---ਕਿਉਂਕਿ ਇਹ ਕਥਾ ਮੇਰੀ ਇਕੱਲੀ ਦੀ ਨਹੀਂ ਹੈ ਸਗੋਂ ਮੇਰੇ ਵਰਗੀਆਂ ਲੱਖਾਂ ਕਰੋੜਾਂ ਔਰਤਾਂ ਦੀ ਹੈ।
ਜਿਹੜੇ ਕੁੜੀਆਂ ਬਾਲ ਗੀਤ ਜਾਂ ਥਾਲ ਗਾਉਂਦੀਆਂ ਨੇ---ਆਪਾਂ ਉਨ੍ਹਾਂ ਉੱਤੇ ਵੀ ਰਤਾ ਵਿਚਾਰ ਕਰ ਲਈਏ---ਫੇਰ ਆਪਾਂ ਨੂੰ ਔਰਤ ਦੇ ਬਜੂਦ ਦੀ ਸਮਝ ਚੰਗੀ ਤਰ੍ਹਾਂ ਆਵੇਗੀ। ਕੁੜੀਆਂ ਵੱਲੋਂ ਗਏ ਇਹਨਾਂ ਗੀਤਾਂ ਵਿੱਚ ਘਰ ਦੇ ਮਰਦ ਪਾਤਰਾਂ ਦੀ ਹੀ ਸੁੱਖ ਮੰਗੀ ਜਾਂਦੀ ਹੈ---ਇਹਨਾਂ ਬਾਲੜੀਆਂ ਨੂੰ ਸੋਝੀ ਸੰਭਲਦਿਆਂ ਹੀ ਇਹ ਪਾਠ ਪੜ੍ਹਾਇਆ ਜਾਂਦਾ ਐ ਕਿ ਘਰ ਦੇ ਮਰਦ ਪਾਤਰਾਂ ਦੀ ਹੀ ਸੁੱਖ ਮੰਗਣੀ ਐ---ਉਨ੍ਹਾਂ ਦੀ ਲੰਮੀ ਉਮਰ ਦੀ ਸ਼ੰੁਭ ਕਾਮਨਾ ਕਰਨੀ ਐ---ਤੇ ਇਸ ਦੇ ਨਾਲ ਹੀ ਭਵਿੱਖ ਮੁਖੀ ਹੁੰਦਿਆਂ ਹੋਇਆਂ ਭਰਜਾਈਆਂ ਘਰ ਪੁੱਤਰ ਹੀ ਪੁੱਤਰ ਪੈਦਾ ਹੋਣ ਦੀ ਦੁਹਾਈ ਦੇਣੀ ਹੈ---ਉਹ਼ ਗਾਉਂਦੀਆਂ ਨੇ:-
54
ਤਿੰਨ ਤੀਏ ਨੌਂ
ਕਿਆਰੀ ਬੀਜੇ ਜੌਂ
ਬੰਦ ਮੁੱਠੀ ਲੈ ਕੇ ਭਾਬੀ
ਜਾਈਂ ਪੇਕਿਆਂ ਦੇ ਗਰੌਂ
ਕੰਮ ਕਾਜ ਮੈਂ ਆਪੇ ਕਰ ਲੂੰ
ਤੂੰ ਭਤੀਜੇ ਲਿਆਈਂ ਨਂੌ
ਤੁਸੀਂ ਦੇਖੋ ਭਰਜਾਈ ਕੋਲੋਂ ਨੌਂ ਭਤੀਜੇ ਲਿਆਉਣ ਦੀ ਕਾਮਨਾ ਕਰਦੀਆਂ ਕੁੜੀਆਂ ਜੇ ਕਿਤੇ ਇੱਕ ਭਤੀਜੀ ਵੀ ਮੰਗ ਲੈਂਦੀਆਂ---ਪਰ ਨਹੀਂ---ਧੀ ਨਹੀਂ ਮੰਗਣੀ---!
ਮੈਂ ਥੋਨੂੰ ਆਵਦੇ ਵੇਲਿਆ ਦੀ ਗੱਲ ਦੱਸਦੀ ਆਂ---ਉਦੋਂ ਲੋਕ ਬਿੱਧ ਮਾਤਾ ਜਾਂ ਕਹਿ ਲਓ ਵਿਧਾਤਾ ਨੂੰ ਬੜੀ ਸ਼ਰਧਾਂ ਨਾਲ ਧਿਆਉਂਦੇ ਸਨ---ਉਨ੍ਹਾਂ ਭਾਣੇ ਇਹ ਬਿੱਲ ਮਾਤਾ ਹੀ ਕੁੜੀ ਜਾਂ ਮੁੰਡਾ ਦੇਣ ਵਾਲੀ ਐ---ਘਰ ਵਿੱਚ ਕਿਸੇ ਔਰਤ ਦੇ ਗਰਭਵਤੀ ਹੋਣ ਤੋਂ ਬਾਦ ਲੋਕਾਂ ਕੀ ਕਰਦੇ ਨੇ ਕਿ ਕਿਸੇ ਇੱਕ ਕਮਰੇ ਨੂੰ ਸੁੱਧ ਕਰ ਕੇ---ਲਿੱਪ ਪੋਚ ਕੇ ਉਹਦੇ ਵਿੱਚ ਬਿੱਧ ਮਾਤਾ ਲਈ ਇੱਕ ਚੌਂਕੀ ਜਾਂ ਪਟੜੀ ਡਾਹ ਦਿੰਦੇ ਨੇ---ਉਤੇ ਮੋਰ ਪੰਖ ਅਤੇ ਸਿਆਹੀ ਦੀ ਦੁਆਤ ਰੱਖ ਦਿੰਦੇ ਨੇ---ਦਰਵਾਜ਼ਾ ਬੰਦ ਕਰ ਕੇ ਕਮਰੇ ਤੋਂ ਬਾਹਰ ਔਰਤਾਂ ਇੰਜ ਪ੍ਰਾਰਥਨਾ ਕਰਦੀਆ ਨੇ:-
ਮੋਰ ਪੰਖ ਧਰਿਆ ਚੌਂਕੀ ਹੇ ਬਿੱਧ ਮਾਤਾ
ਮੈਂ ਖੜ੍ਹੀ ਦਰਵਾਜੇ ਦੀ ਓਟ
ਲੰਮੀਆਂ ਉਮਰਾਂ ਵਾਲੀ ਸਾਨੂੰ
ਪੁੱਤਾਂ ਦੀ ਬਕਸ ਜਾ ਜੋਟ
ਤੁਸੀਂ ਦੇਖੋ ਕਿ ਲੋਕਾਂ ਦੀ ਝੋਲੀ ਇੱਕ ਪੁੱਤ ਲਈ ਨਹੀਂ ਸਗੋਂ ਬਹੁਤਿਆਂ ਪੁੱਤਾਂ ਲਈ ਅੱਡੀ ਰਹਿੰਦੀ ਐ---ਕੁੜੀ ਮੰਗਣ ਨੂੰ ਲੋਕ ਬਦਕਿਸਮਤੀ ਮੰਗਣਾਂ ਸਮਝਦੇ ਨੇ---ਫੇਰ ਆਪਾਂ ਦੇਖਦੇ ਹਾਂ ਕਿ ਬਹੁਤੇ ਪੁੱਤ ਮਾਪਿਆਂ ਦੀ ਮਿੱਟੀ ਹੀ ਪਲੀਤ ਕਰਦੇ ਨੇ---
ਇਵੇਂ ਦੀ ਲੋਕਾਂ ਦੀ ਇਹ ਵੀ ਧਾਰਣਾਂ ਐ ਕਿ ਬਿੱਧ ਮਾਤਾ ਜਦੋਂ ਆਪਣੇ ਪਤੀ ਨਾਲ ਰੁੱਸ ਕੇ ਆਉਂਦੀ ਹੈ ਤਾ ਉਹ ਨਿਹੋਰੇ ਵਜੋਂ ਬਹੁਤਾ ਚਿਰ ਮਾਤ ਲੋਕ ਵਿੱਚ ਵਿਚਰਦੀ ਰਹਿੰਦੀ ਐ---ਕਿਸੇ ਪ੍ਰਕਾਰ ਦੀ ਕਾਹਲ ਨਾ ਹੋਣ ਸਦਕਾ ਉਹ ਸਾਰੀਆਂ ਮਾਵਾਂ ਨੂੰ ਪੁੱਤ ਬਣਾ ਕੇ ਦੇ ਜਾਂਦੀ ਐ---ਪਰ ਜਦੋਂ ਉਹ ਆਪਣੇ ਪਤੀ ਨਾਲ ਰਾਜੀ ਹੋਣ ਦੀ ਸੂਰਤ `ਚ ਆਉਂਦੀ ਐ ਤਾਂ ਉਹ ਕਾਹਲੀ ਮਾਹਲੀ `ਚ ਮਾਤ ਲੋਕ ਵਿੱਚ ਆਉਂਦੀ ਐ ਅਤੇ ਜਲਦੀ ਜਲਦੀ ਧੀਆਂ ਬਣਾ ਕੇ ਵਾਪਸ ਪਰਤ ਜਾਂਦੀ ਐ---ਲੋਕਾਂ ਦੀ ਮਾਨਸਿਕਤਾ ਦੇਖੋ:-
ਬਿੱਧ ਮਾਤਾ ਰੁਸੀ ਭਲੀ
ਗੌਰਜਾਂ ਭਲੀ ਰਾਜੀ
ਤੁੱਠਿਆ ਭਲਾ ਦਾਤਾ
ਜਿਨ ਸਾਰੀ ਖਲਕਤ ਸਾਜੀ
ਲਓ ਇੱਕ ਹੋਰ ਟੋਟਕਾ ਮੈਂ ਥੋਨੂੰ ਸੁਣਾਉਂਦੀ ਆਂ
ਜਿਹੜਾ ਲੋਕੀਂਂ ਅਕਸਰ ਬੋਲਦੇ ਨੇ:-
ਬਿੱਧ ਮਾਤਾ ਰੁੱਸੀ ਆਈਂ
ਰੁਕੀਂ ਸਵਾ ਤਿੰਨ ਪਹਿਰ
ਪੁੱਤ ਦੇ ਜੀਂ ਮਾਵਾਂ ਨੂੰ
ਢਾਅ ਨਾ ਜਾਈਂ ਕਹਿਰ
ਤੁਸੀਂ ਦੇਖੋ ਕਿ ਧੀ ਦੇ ਜਨਮ ਨੂੰ ਲੋਕ ਕਹਿਰ ਢਹਿਣ ਵਰਗਾ ਜ਼ੁਲਮ ਮੰਨਦੇ ਨੇ---ਫੇਰ ਆਪਾਂ ਧੀ ਦੀ ਆਮਦ ਨੂੰ ਖੁਸ਼ਆਮਦੀਦ ਕਿਵੇਂ ਕਹਿ ਸਕਦੇ ਹਾਂ---ਲੋਕੀਂ ਅੰਧ ਵਿਸ਼ਵਾਸੀ ਨੇ---ਮੇਰੇ ਮਾਪਿਆਂ ਵਾਂਗ---ਸੋਚਦੇ ਨੇ ਕਿ ਬਿੱਧ ਮਾਤਾ ਨੂੰ ਪੁੱਤ ਬਣਾਉਣ ਲਈ ਵਧੇਰੇ ਸਮਾਂ ਲਗਦਾ ਹੈ ਤੇ ਧੀ ਬਣਾਉਣ ਵਿੱਚ ਘੱਟ---ਇਹ ਧੀਆਂ ਪ੍ਰਤੀ ਕਿੰਨੀ ਗੰਦੀ ਸੋਚ ਐ ਲੋਕਾਂ ਦੀ---
ਲੋਕ ਸੋਚਦੇ ਨੇ ਕਿ ਪੁੱਤ ਬਣਾਉਣ ਲਈ ਵਿਹੁ ਮਾਤਾ ਨੂੰ ਸਵਾ ਤਿੰਨ ਪਹਿਰ ਚਾਹੀਦੇ ਨੇ ਤੇ ਧੀ ਸਿਰਫ਼ ਅੱਖ ਦੇ ਫੋਰੇ `ਚ ਹੀ ਬਣ ਜਾਂਦੀ ਐ---ਮੈਨੂੰ ਬਸੰਤੀ ਦਾਈ ਨੇ ਇੱਕ ਵਾਰੀ ਇਹ ਵੀ ਦੱਸਿਆ ਸੀ ਕਿ ਜਦੋਂ ਕੋਈ ਔਰਤ ਗਰਭਵਤੀ ਹੁੰਦੀ ਐ ਤਾ ਸਵਾ ਮਹੀਨੇ ਦੇ ਅੰਦਰ ਅੰਦਰ ਕਿਸੇ ਵੀ ਬੁੱਧਵਾਰ ਦੀ ਰਾਤ ਨੂੰ ਘਰ ਦੇ ਕਿਸੇ ਕੋਠੇ ਨੂੰ ਲਿੱਪ ਪੋਚ ਕੇ ਉੱਥੇ ਘਰ ਦੀਆਂ ਔਰਤਾਂ ਇੱਕ ਚੌਂਕੀ ਡਾਹ ਦਿੰਦੀਆਂ ਨੇ---ਕੋਲ ਮੋਰ ਪੇਖ ਤੇ ਗੰਗਾ ਜਲ ਦੀ ਕਟੋਰੀ ਧਰ ਦਿੰਦੀਆਂ ਨੇ---ਇੱਕ ਪਰਾਤ ਵਿੱਚ ਪਤਾਸੇ ਜਾਂ ਗੁੜ ਦੀਆਂ ਰੋੜੀਆਂ ਰੱਖ ਕੇ ਔਰਤਾਂ ਕਮਰੇ ਤੋਂ ਬਾਹਰ ਜਾ ਕੇ ਇਹ ਗੀਤ ਨੁਮਾ ਟੋਟਕਾ ਉਚਾਰਦੀਆਂ ਨੇ:-
ਬਿੱਧ ਮਾਤਾ ਤੇਰੀ ਚੌਕੀ ਡਾਹੀ
ਆਈਂ ਅੱਧੀ ਰਾਤ
ਚਾਂਦੀ ਦੀ ਮੈਂ ਕਲਮ ਰਖਾਈ
ਸੋਨੇ ਦੀ ਧਰੀ ਦੁਆਤ
ਧੱਧਾ ਭੁੱਲ ਜੀਂ ਪੱਪਾ ਲਿਖ ਜੀਂ
ਪੱਪੇ ਲਿਖ ਜਾਈਂ ਸਾਤ
ਇੱਕ ਕੂਣੇ `ਚ ਧਰੀ ਪਈ ਐ
ਮਖਾਣਿਆਂ ਭਰੀ ਪਰਾਤ
ਅੱਧੇ ਲੈ ਜਾਈਂ ਲੈ ਜਾਈਂ ਅੱਧੇ ਛੱਡ ਜਾਈਂ
ਜਾਹਰੀ ਦਖਾਈਂ ਕਰਾਮਾਤ
ਬਸੰਤੀ ਘਰੋ ਘਰੀ ਫਿਰਦੀ ਸੀ---ਕਈ ਪਿੰਡਾਂ ਦੀ ਇਹੀ ਇੱਕੋ ਇੱਕ ਦਾਈ ਹੰੁਦੀ ਸੀ---ਹਸਦਿਆਂ ਹਸਦਿਆਂ ਉਹਨੇ ਦੱਸਿਆ ਸੀ ਕਿ ਸਵੇਰੇ ਨਾਹ ਧੋ ਕੇ ਔਰਤਾਂ ਪਰਾਤ ਵਿਚਲੇ ਪਤਾਸਿਆਂ ਜਾਂ ਗੁੜ ਦੀ ਮਾਤਰਾ ਪਰਖਦੀਆਂ---ਮਖਾਣੇ ਅੱਧੇ ਪਚੱਧੇ ਦੀ ਬਚਦੇ---ਉਹਨੇ ਦੱਸਿਆ ਕਿ ਇਹ ਕੋਈ ਚਮਤਕਾਰ ਨਹੀਂ ਸੀ ਹੰੁਦਾ ਇਹ ਚੂਹੇ ਖਾ ਜਾਂਦੇ ਸੀਗੇ---ਬਚੇ ਪਤਾਸੇ ਪ੍ਰਸ਼ਾਦ ਵਜੋਂ ਵੰਡੇ ਜਾਂਦੇ---ਜਿਸ ਨੂੰ ਵੀ ਪ੍ਰਸ਼ਾਦ ਦਿੱਤਾ ਜਾਂਦਾ ਉਸ ਕੋਲੋਂ ਇਹ ਲਾਈਨ ਬੁਲਵਾਈ ਜਾਂਦੀ ਕਿ ਧੱਧਾ ਭੁੱਲ ਜਾਈਂ ਪੱਪਾ ਲਿਖ ਜਾਈਂ---ਧੱਧਾ ਤੋਂ ਭਾਵ ਧੀ ਅਤੇ ਪੱਪਾ ਤੋਂ ਭਾਵ ਪੁੱਤ---
ਬਸੰਤੀ ਦੇ ਮੂੰਹ ਵੱਲ ਤੱਕਦਿਆਂ ਮੈਂ ਕਈ ਸੁਆਲ ਪੁੱਛਣੇ ਚਾਹੇ---ਪਰ ਉਹ ਝੱਟ ਬੋਲੀ, ਕਿ ਪੁੱਤ, ਨਿੱਕੇ ਨਿਆਣਿਆਂ ਨੂੰ ਇਹ ਪ੍ਰਸ਼ਾਦ ਨਹੀਂ ਸੀ ਦਿੱਤਾ ਜਾਂਦਾ---ਔਰਤਾਂ ਡਰਦੀਆਂ ਸਨ ਕਿ ਕਿਤੇ ਅਣਜਾਣ ਪੁਣੇ ਵਿੱਚ ਬੱਚੇ ਧੱਧੇ ਅਤੇ ਪੱਪੇ ਦੀ ਥਾਂ ਬਦਲ ਕੇ ਈ ਨਾ ਬੋਲ ਦੇਣ---ਬਸੰਤੀ ਦਾਈ ਨੇ ਉਸ ਦਿਨ ਮੈਨੂੰ ਬੜੀਆਂ ਅਣੋਕਾਰ ਗੱਲਾਂ ਦੱਸੀਆਂ ਸਨ---ਇਹਨਾਂ ਦਾ ਮਤਲਬ ਮੈਨੂੰ ਉਦੋਂ ਤਾਂ ਖੈਰ ਸਮਝ ਨਹੀਂ ਸੀ ਆਇਆ---ਪਰ ਜ਼ਿੰਦਗ਼ੀ ਦੇ ਬਿਖੜੇ ਰਾਹਾਂ ਉਤੇ ਤੁਰਦਿਆਂ---ਧੱਕੇ ਧੋੜੇ ਖਾਂਦਿਆਂ ਮੈਨੂੰ ਉਸ ਦੀਆਂ ਗੱਲਾਂ ਦੇ ਅਰਥ ਸਮਝ ਆਉਣ ਲੱਗ ਪਏ---ਉਹਨੇ ਦੱਸਿਆਂ ਸੀ ਕਿ ਲੋਕ ਮਾਨਤਾ ਹੈ ਬਈ ਬਿੱਧ ਮਾਤਾ ਖੱਬੇ ਹੱਥ ਨਾਲ ਧੀ ਦਿੰਦੀ ਹੈ ਤੇ ਸੱਜੇ ਨਾਲ ਪੁੱਤ---ਤਾਂ ਹੀ ਕਿਸੇ ਔਰਤ ਦੇ ਗਰਭਵਤੀ ਹੋਣ ਬਾਦ ਔਰਤਾਂ ਇਹ ਟੋਟਕਾ ਬੋਲਦੀਆਂ ਹਨ:-
ਖੱਬੀ ਮੁੱਠ ਬੰਦ ਰੱਖ
ਸੱਜੀ ਰੱਖੀਂ ਖੋਲ੍ਹ
ਨਵੀਆਂ ਵਿਆਹੀਆਂ ਧੀਆਂ ਨੂੰਹਾਂ
ਖੜ੍ਹੀਆਂ ਅੱਡ ਕੇ ਝੋਲ
ਦੇਹ ਪੁੱਤਾਂ ਦੀਆਂ ਜੋੜੀਆਂ
ਮਿਲਣ ਬਧਾਈਆਂ ਬੱਜਣ ਢੋਲ
ਤੁਸੀਂ ਦੇਖ ਲਓ---ਕਿਵੇਂ ਲੋਕ ਪੁੱਤਰਾਂ ਦੀਆਂ ਜੋੜੀਆਂ ਮੰਗਣ ਲੱਗੇ ਹੋਏ ਨੇ---ਅੱਠ ਅੱਠ ਦਸ ਦਸ ਤੇ ਵੀਹ ਵੀਹ ਪੁੱਤਰ---ਉਫ਼ ਮੈਂ ਜਦੋਂ ਛੋਟੀ ਹੁੰਦੀ ਸਾਂ ਤਾਂ ਮੈ ਵੀ ਬਾਕੀ ਹਾਣ ਦੀਆਂ ਕੁੜੀਆਂ ਨਾਲ ਆਹ ਗੀਤ ਗਾਉਂਦੀ ਹੁੰਦੀ ਸਾਂ:-
ਭੈਣ ਮੇਰੀ ਸਹੁੱਨਰੀ
ਸੋਹਣਾ ਮੇਰਾ ਜੀਜਾ
ਭਾਬੀ ਮੇਰੀ ਭਾਗਾਂ ਵਾਲੀ
ਦੋਨਾਂ ਗੋਦੀ ਗੀਗਾ
ਮੰਡ ਪਕਾਵਾਂ ਮੰਡ ਪਕਾਵਾਂ
ਮੰਠ ਪਕਾਵਾਂ ਝੋਲ
ਕੀ ਤੇਰੇ ਮਨ `ਚ ਬੀਬੀ
ਸੋਚੋ ਸੱਚ ਬੋਲ
ਭਤੀਜਾ ਚਾਹੀਏ
ਗੋਲ ਮਟੋਲ
ਮੱਝ ਹੰਸਾਰੀ ਬੋਤਾ ਬਾਗੜੀ
ਛਣ ਛਣ ਬੱਜਦੀ
ਭਤੀਜੇ ਦੀ ਤਰਾਗੜੀ
ਭਾਬੀ ਮੇਰੀ ਡੋਲੇ ਆਈ
ਕੀ ਦਈਏ ਸੀਸ
ਬੁੱਢ ਸੁਹਾਗਣ ਹੋ ਭਾਬੀ
ਭਤੀਜੇ ਜੰਮੀ ਬੀਸ
ਨਮੀ ਬਿਆਹੀ ਭਾਬੀ ਆਈ
ਕੁੜੀਆਂ ਦਾ ਹੋਇਆ ਕੱਠ
ਸਾਰੀਆਂ ਨੇ ਸੀਸ ਦਿੱਤੀ
ਪੁੱਤ ਜੰਮੀਂ ਅੱਠ
ਪਰ ਹੁਣ ਮੈਂ ਇਹਨਾਂ ਗੀਤਾਂ ਦੇ ਅਰਥ ਸਮਝਦੀ ਹਾਂ ਤਾਂ ਸੋਚਦੀ ਹਾਂ ਕਿ ਅਸੀਂ ਇਹਨਾਂ ਮੀਤ ਰੂਪੀ ਸੀਸਾਂ ਰਾਹੀਂ ਸਿਰਫ਼ ਘਰ ਦੇ ਮਰਦਾਂ ਦੀ ਸੁੱਖ ਮੰਗਦੀਆਂ ਸਾਂ---ਕਦੇ ਆਪਣੇ ਲਈ ਤਾਂ ਕੁੱਝ ਮੰਗਿਆ ਈ ਨੀ---ਸਾਨੂੰ ਆਪਣੇ ਲਈ ਕੁੱਝ ਮੰਗਣਾ ਤਾਂ ਸਿਖਾਇਆ ਈ ਨੀ ਕਿਸੇ ਨੇ---ਬੁੱਢ ਸੁਹਾਗਣ ਹੋਣ ਦੀ ਸੀਸ ਦਿੱਤੀ ਗਈ ਤਾਂ ਘਰ ਦੇ ਮਰਦਾਂ ਦੀ ਲੰਮੀ ਉਮਰ ਲਈ---ਜੇ ਪੁੱਤੀਂ ਖੇਡ੍ਹਣ ਦੀ ਅਸੀਸ ਦਿੱਤੀ ਗਈ ਤਾਂ ਆਪਣੇ ਵੰਸ਼ ਨੂੰ ਅੱਗੇ ਤੋਰਨ ਲਈ ਮੰੁਡੇ ਦੇ ਜਨਮ ਦੀ ਤੀਵਰ ਇੱਛਾ ਜਤਾਈ ਗਈ ਹੈ।
ਸ਼ਾਇਦ ਤਿੰਨ ਪੁੱਤਾਂ ਦੀ ਮਾਂ ਬਸੰਤੀ ਪੁੱਤਾਂ ਵੱਲੋਂ ਤਪੀ ਹੋਈ ਸੀ---ਮੈਨੂੰ ਬਿਲਕੁਲ ਯਾਦ ਐ ਕਿ ਉਸ ਦਿਨ ਉਸ ਨੇ ਬਹੁਤ ਲੰਮਾਂ ਤੇ ਟੁਕੜਿਆਂ ਵਿੱਚ ਟੁੱਟਿਆ ਹੋਇਆ ਹਾਉਕਾ ਲੈ ਕੇ ਅੱਗੇ ਦੱਸਿਆ ਸੀ ਕਿ ਇਹਨਾਂ ਅਸੀਸਾਂ ਨਾਲ ਔਰਤ ਦੇ ਅੰਤਰੀਵ ਵਿੱਚ ਇੱਕ ਗੱਲ ਕੁੱਟ ਕੁੱਟ ਕੇ ਭਰ ਦਿੱਤੀ ਜਾਂਦੀ ਹੈ ਕਿ ਉਸ ਨੇ ਪੁੱਤਰ ਹੀ ਪੈਂਦਾ ਕਰਨੇ ਨੇ---ਫੇਰ ਉਹ ਜਿੱਥੇ ਵੀ ਜਾਂਦੀ ਹੈ ਸਿਰਫ ਪੁੱਤਰ ਹੀ ਮੰਗਦੀ ਹੈ,
ਖੁਆਜਾ ਪੂਜਣ ਮੈਂ ਚੱਲੀ
ਭਰ ਮੋਤੀਆਂ ਦੇ ਥਾਲ
ਖੁਆਜਾ ਸੀਸਾਂ ਦੇ ਰਿਹਾ
ਵਧੇ ਫੁੱਲੇ ਘਰ ਬਾਰ
ਤੇਰੇ ਭਰੇ ਭੰਡਾਰੇ ਖੁਆਜਾ
ਮੈਂ ਗੋਦ ਤੋਂ ਸੁੰਨੀ ਨਾਰ
ਜਾਹ ਬੀਬੀ ਘਰ ਆਪਣੇ
ਤੈਨੂੰ ਪੁੱਤਰ ਬਕਸ਼ੇ ਚਾਰ
ਦੋ ਲਾਖੇ ਦੋ ਗੋਰੇ
ਮੇਰੇ ਵਿਹੜੇ ਦਾ ਸ਼ਿੰਗਾਰ
ਵਿਹੜੇ ਦਾ ਸ਼ਿੰਗਾਰ ਸਿਰਫ਼ ਤੇ ਸਿਰ਼ਫ ਪੁੱਤ ਹੀ ਬਣ ਸਕਦਾ ਹੈ---ਧੀ ਤਾਂ ਵਿਹੜੇ ਨੂੰ ਬੱਜ ਲੱਗ ਜਾਂਦੀ ਐ---ਵਹੁਟੀ ਅਜੇ ਡੋਲੀਓਂ ਉਤਰਦੀ ਹੀ ਹੈ---ਅਜੇ ਮਾਂ ਬਣਨ ਦੀ ਸ਼ੁਰੂਆਤ ਬਹੁਤ ਦੂਰ ਹੈ---ਅਜੇ ਉਹਦੇ ਸੁਚੇਤ ਮਨ ਨੇ ਮਾਂ ਬਣਨ ਦੀ ਇੱਛਾ ਕਲਪੀ ਤੱਕ ਨਹੀਂ ਪਰ ਵੱਡ ਵਡੇਰਿਆਂ ਵੱਲੋਂ ਪੁੱਤਰ ਵਤੀ ਹੋਣ ਦੀ ਅਸੀਸ ਦੇ ਕੇ ਉਸ ਦਾ ਪੁੱਤਰਾਂ ਨਾਲ ਸੰਭਾਵੀ ਰਿਸ਼ਤਾ ਹੁਣੇ ਹੀ ਜੋੜ ਦਿੱਤਾ ਹੈ---ਔਰਤ ਦੇ ਮਨ ਦੇ ਸਾਰੇ ਕੋਨਿਆਂ ਵਿਚੋਂ ਧੀ ਮਨਫ਼ੀ ਕਰ ਦਿੱਤੀ ਹੈ---
ਬਸੰਤੀ ਬਹੁਤ ਗਿਆਨ ਵਾਲੀ ਔਰਤ ਹੈ---ਉਹ ਦੱਸ ਰਹੀ ਸੀ ਕਿ ਐਥੇ ਤਾਂ ਬਾਂਝ ਔਰਤਾਂ ਵੀ ਕੇਵਲ ਪੁੱਤਾਂ ਦੀ ਮਾਂ ਬਣਨਾ ਲੋਚਦੀਆਂ ਹਨ---ਉਹ ਵੀ ਧੀ ਨਾਲ ਤ੍ਰਿਪਤ ਨਹੀਂ ਹਨ ਉਹ ਕੀ ਆਖਦੀਆਂ ਹਨ:-
ਚੀਰਾਂ ਪਾੜਾਂ ਇਸ ਬਾਂਝ ਸਰੀਰ ਨੂੰ
ਆਹ ਮੇਰੇ ਕਿਸੇ ਨਾਂ ਕੰਮ
ਖਲੜੀ ਤਾਰ ਕੇ ਵਿੱਚ ਤੂੜੀ ਭਰਾਮਾਂ
ਕਿਸ ਕੰਮ ਆਉਣਾ ਗੋਰਾ ਚੰਮ
ਨਾ ਫੁੱਟੀ ਨਾ ਬਿਆਈ ਪਾਪਣ
ਅਕਾਰਥ ਬੀਤ ਗਿਆ ਜਰਮ
ਦੇਈਂ ਤਾਂ ਦੇਈਂ ਰੱਬਾ ਪੁੱਤਾਂ ਦੀ ਜੋੜੀ
ਜਾਗ ਪੈਣ ਬਾਂਝੜ ਦੇ ਕਰਮ
ਧੀਆਂ ਦੀ ਮਾਂ ਜਾਂ ਬਾਂਝ ਔਰਤ ਨੇ ਤਾਂ ਪੁੱਤਾਂ ਦੀ ਕਾਮਨਾ ਕਰਨੀ ਈ ਹੰੁਦੀ ਐ ਪਰ ਪੁੱਤਾਂ ਦੀਆਂ ਮਾਵਾਂ ਵੀ ਹੋਰ ਹੋਰ ਪੁੱਤਾਂ ਲਈ ਲਾਰਾਂ ਟਪਕਾਉਂਦੀਆਂ ਫਿਰਦੀਆਂ ਨੇ,
ਦੇਵੀ ਧਿਆਈ ਦਿਓਤੇ ਧਿਆਏ
ਗੁੱਗਾ ਧਿਆਇਆ ਜਾਹਰਾ ਪੀਰ ਦੁਨੀਆਂ ਦਾ
ਨਜ਼ਰ ਸਵੱਲੀ ਕਰ ਜਾਹਰ ਪੀਰ ਜੀ
ਰਾਹਾਂ `ਚ ਖੜ੍ਹੀ ਹੱਥ ਜੋੜ ਪੀਰ ਦੁਨੀਆਂ ਦਾ
ਬਾਂਝੜਾਂ ਨੂੰ ਦੇਹ ਪੁੱਤ ਉਮਰਾਂ ਵਾਲੇ
ਪੁੱਤਾਂ ਵਾਲੀਆਂ ਨੂੰ ਪੁੱਤਰਾਂ ਦੀ ਜੋਟ ਪੀਰ ਦੁਨੀਆਂ ਦਾ
ਸਤਪੁੱਤੀ ਨੂੰ ਦਈਂ ਇੱਕ ਹੋਰ ਰਤਨ
ਬੁਢਾਪੇ ਦੀ ਡੰਗੋਰ ਪੀਰ ਦੁਨੀਆਂ ਦਾ
ਬਸੰਤੀ ਮੈਨੂੰ ਗਾਹੇ ਬਗਾਹੇ ਔਰਤ ਦੀ ਦੁਜੈਲੀ ਥਾਂ ਬਾਰੇ ਅਕਸਰ ਬੜੀਆਂ ਭਾਵਪੂਰਤ ਗੱਲਾਂ ਦੱਸਦੀ ਹੁੰਦੀ ਸੀ---ਪਰ ਉਦੋਂ ਨਿਆਣੀ ਉਮਰੇ ਉਸ ਦੀਆਂ ਸਾਰੀਆਂ ਗੱਲਾਂ ਸਮਝ ਨਹੀਂ ਸਨ ਲਗਦੀਆਂ---ਪਰ ਬਾਦ ਵਿੱਚ ਮੈਨੂੰ ਇਹਨਾਂ ਦੀ ਸਮਝ ਆਉਣੀ ਸੁਰੂ ਹੋ ਗਈ---ਬਸੰਤੀ ਆਪਣੇ ਵੇਲਿਆਂ ਦੀ ਅੱਠ ਜਮਾਤਾਂ ਪਾਸ ਔਰਤ ਸੀ---ਉਹਨਾਂ ਭਲੇ ਵੇਲਿਆਂ ਵਿੱਚ ਅੱਠ ਜਮਾਤਾਂ ਕੋਈ ਕੋਈ ਲੜਕੀ ਹੀ ਪਾਸ ਕਰਦੀ ਸੀ---ਫੇਰ ਬਸੰਤੀ ਨੇ ਦਾਈ ਦਾ ਕੰਮ ਸਿੱਖਿਆ---ਉਹਦਾ ਬਾਪ ਇੱਕ ਪ੍ਰਸਿੱਧ ਗਵੱਈਆਂ ਸੀ ਜਿਹੜਾ ਵੇਦ ਪੁਰਾਣ ਸਿਮ੍ਰਤੀਆਂ, ਮਹਾਂਭਾਰਤ ਰਾਮਾਇਣ ਤੇ ਹੋਰ ਪੁਰਾਤਨ ਧਾਰਮਿਕ ਗ੍ਰੰਥਾਂ ਵਿਚੋਂ ਕਥਾ ਲੈ ਕੇ ਉਸ ਨੂੰ ਗਾਉਂਦਾ ਹੁੰਦਾ ਸੀ---ਉਹਨਾਂ ਦੇ ਘਰ ਸੈਂਕੜੇ ਕਿਤਾਬਾਂ ਹੁੰਦੀਆਂ ਸਨ ਤੇ ਪੜ੍ਹੀ ਲਿਖੀ ਹੋਣ ਸਦਕਾ ਬਸੰਤੀ ਵੀ ਇਹ ਕਿਤਾਬਾਂ ਪੜ੍ਹਦੀ ਹੁੰਦੀ ਸੀ---ਉਹ ਦੱਸਦੀ ਹੁੰਦੀ ਸੀ ਕਿ ਕਿਤਾਬਾਂ ਪੜ੍ਹਨ ਦੀ ਚੇਟਕ ਨੇ ਹੀ ਉਸ ਨੂੰ ਬਹੁਤ ਗਿਆਨ ਦਿੱਤਾ---ਉਹ ਗਾਹੇ ਬਗਾਹੇ ਮੇਰੇ ਕੋਲ ਆ ਜਾਂਦੀ ਤੇ ਮੈਨੂੰ ਪੜ੍ਹੀ ਲਿਖੀ ਹੋਣ ਸਦਕਾ ਇਹੋ ਜਿਹੀਆਂ ਗਿਆਨ ਦੀਆਂ ਗੱਲਾਂ ਦੱਸਦੀ---ਇੱਕ ਦਿਨ ਉਸ ਨੇ ਦੱਸਿਆ ਕਿ ਪੁੱਤਰ ਕਾਮਨਾ ਮਨੁੱਖ ਵਿੱਚ ਆਦੀ ਜੁਗਾਦੀ ਬਹੁਤ ਪ੍ਰਬਲ ਰਹੀ ਹੈ---ਜਦੋਂ ਤੋਂ ਲਿਖਤੀ ਸਾਹਿਤ ਮਿਲਦਾ ਹੈ ਉਦੋਂ ਤੋਂ ਹੀ ਮਨੁੱਖ ਦੀ ਇਸ ਪ੍ਰਵਿਰਤੀ ਦਾ ਵਰਨਣ ਵੀ ਮਿਲਦਾ ਹੈ---ਮਨੂ ਸਿਮ੍ਰਤੀ ਵਿੱਚ ਬਾਰਾਂ ਪ੍ਰਕਾਰ ਦੇ ਪੁੱਤਰ ਦੱਸੇ ਗਏ ਹਨ:-
ਔਰਸ:- ਪਤੀ ਦੁਆਰਾ ਆਪਣੀ ਪਤਨੀ ਤੋਂ ਉਤਪਨ ਪੁੱਤਰ
ਦੋਹਿਤਰ:- ਪੁੱਤਰੀ ਦਾ ਪੁੱਤਰ
ਕਸ਼ੇਤਰਜ:- ਆਪਣੀ ਪਤਨੀ ਤੋਂ ਦੂਸਰੇ ਪੁਰਸ਼ ਦੁਆਰਾ ਉਤਪਨ ਪੁੱਤਰ
ਗੂਢਜ:- ਪਤਨੀ ਦੁਆਰਾ ਪਤੀ ਤੋਂ ਇਲਾਵਾ ਦੂਸਰੇ ਪੁਰਸ਼ ਦੁਆਰਾ ਚੁੱਪ ਚਾਪ ਉਤਪਨ ਪੁੱਤਰ
ਕਾਨੀਨ:- ਅਵਿਵਾਹਿਤ ਕੰਨਿਆ ਤੋਂ ਉਤਪਨ ਪੁੱਤਰ
ਸਹੋਢ:- ਵਿਆਹ ਸਮੇਂ ਗਰਭਵਤੀ ਕੰਨਿਆ ਤੋਂ ਉਤਪਨ ਪੁੱਤਰ
ਪੌਨਰਭਵ:- ਦੁਬਾਰਾ ਵਿਵਾਹਿਤ ਪਤਨੀ ਤੋਂ ਉਤਪਨ ਪੁੱਤਰ
ਦੱਤਕ:- ਪੁੱਤਰ ਦੀ ਅਣਹੋਂਦ ਵਿੱਚ ਦੂਸਰੇ ਪ੍ਰੀਵਾਰ ਤੋਂ ਗੋਦ ਲਿਆ ਪੁੱਤਰ
ਕਰੀਨਕ:- ਦੂਸਰੇ ਪ੍ਰੀਵਾਰ ਤੋਂ ਖਰੀਦਿਆ ਹੋਇਆ ਪੁੱਤਰ
ਸਵਯਦੱਤ:- ਮਾਤਾ ਪਿਤਾ ਦਾ ਛੱਡਿਆ ਹੋਇਆ ਅਤੇ ਸਵੈਂ (ਖੁਦ)ਸਮਰਪਿਤ ਪੁੱਤਰ
ਕਲਿਤ:- ਸਵੈ ਇੱਛਾ ਨਾਲ ਦੂਸਰੇ ਪ੍ਰੀਵਾਰ ਤੋਂ ਪੁੱਤਰਵਤ ਪ੍ਰਾਪਤ ਕੀਤਾ ਹੋਇਆ ਪੁੱਤਰ
ਅਪਵਿਦ:- ਕਿਤੋ ਪਿਆ ਹੋਇਆ ਪ੍ਰਾਪਤ ਕਰ ਕੇ ਆਪਣੇ ਪ੍ਰੀਵਾਰ ਵਿੱਚ ਪਾਲਿਆ ਹੋਇਆ ਪੁੱਤਰ
ਅਚੰਭੇ ਦੀ ਗੱਲ ਦੇਖੋ ਕਿ ਪੁੱਤਰ ਪ੍ਰਾਪਤੀ ਪਿੱਛੇ ਬੰਦੇ ਦੇ ਪਾਗਲਪਣ ਦੀ ਕੋਈ ਸੀਮਾ ਨਹੀਂ ਹੈ---ਪੁੱਤਰ ਬਾਰਾਂ ਤਰੀਕਿਆਂ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ ਭਾਵੇਂ ਇਹ ਤਰੀਕੇ ਗੈਰ ਇਖ਼ਲਾਕੀ, ਗੈਰ ਕਾਨੂੰਨੀ, ਗੈਰ ਮਰਿਆਦਿਤ, ਘ੍ਰਿਣਾ ਯੋਗ, ਨਿੰਦਿਆ ਯੋਗ, ਅਪ੍ਰਾਕ੍ਰਿਤਕ, ਸਮਾਜ ਵੱਲੋਂ ਅਪ੍ਰਵਾਣਿਤ ਅਤੇ ਅਸੱਭਿਅ ਹੀ ਕਿਉਂ ਨਾ ਹੋਣ ਪਰ ਵੰਸ਼ ਤੁਰਦਾ ਰੱਖਣ ਲਈ ਇਹ ਘਟੀਆ ਤਰੀਕੇ ਅਪਣਾਏ ਜਾ ਸਕਦੇ ਨੇ---ਪੁੱਤਰ ਪ੍ਰਾਪਤੀ ਦੇ ਰਾਹ ਵਿੱਚ ਕੋਈ ਮਰਿਆਦਾ ਆੜੇ ਨਹੀਂ ਆ ਸਕਦੀ---ਪਰ ਧੀ ਤਾਂ ਆਪਣੀ ਹੀ ਪੈਦਾ ਹੋਣੀ ਚਾਹੀਦੀ ਹੈ---ਜੇ ਪੈਦਾ ਹੋ ਜਾਵੇ ਤਾਂ ਜਿਵੇਂ ਕਿਵੇਂ ਬਰਦਾਸ਼ਤ ਕਰ ਲਈ ਜਾਂਦੀ ਹੈ, ਜੇ ਨਾ ਪੈਦਾ ਹੋਵੇ ਤਾਂ ਉਸ ਤੋਂ ਵੀ ਠੀਕ---ਕਿਉਂਕਿ ਧੀ ਦਾ ਜੰਮਣਾ ਕੋਈ ਖੁਸ਼ੀ ਵਾਲਾ ਪਲ ਨਹੀਂ ਹੈ---ਸੋ ਉਸ ਨੂੰ ਖੁਸ਼ ਆਮਦੀਦ ਵੀ ਕਿਉਂ ਕਹਿਣਾ।
ਬਸੰਤੀ ਇੱਕ ਵਾਰੀ ਇਹ ਵੀ ਦੱਸ ਰਹੀ ਸੀ ਕਿ ਉਹ ਦੂਰ ਦੂਰ ਤੱਕ ਜਣੇਪੇ ਕਰਾਉਣ ਜਾਂਦੀ ਹੈ---ਜਣੇਪੇ ਦੀਆਂ ਪੀੜਾਂ ਚੋਂ ਲੰਘਦੀ ਅਤੇ ਦਰਦਾਂ ਨਾਲ ਵਿਆਕੁਲ ਔਰਤ ਨੂੰ ਘਰ ਦੀਆਂ ਸਿਆਣੀਆਂ ਛੱਤ ਤੇ ਬਾਲੇ ਗਿਣਨ ਦੀ ਸਲਾਹ ਦਿੰਦੀਆਂ ਹਨ ਕਿਉਂਕਿ ਇੱਕ ਲੋਕ ਵਿਸ਼ਵਾਸ ਅਨੁਸਾਰ ਜਨਮ ਪੀੜਾਂ ਸਹਿੰਦੀ ਔਰਤ ਜਿੰਨੇ ਛੱਤ ਦੇ ਬਾਲੇ ਗਿਣ ਲਵੇਗੀ ਉਨੇ ਹੀ ਪੁੱਤ ਜੰਮੇਗੀ---ਤੇ ਇਹ ਵਰਦਾਨ ਸਿਰਫ਼ ਜਨਮ ਪੀੜਾਂ ਦੀਆਂ ਅਸਹਿ ਘੜੀਆਂ ਵਿੱਚ ਹੀ ਮਿਲਦਾ ਹੁੰਦਾ ਹੈ---ਸੋ ਏਸ ਸੁਭਾਗੀ ਘੜੀ ਨੂੰ ਅਜ਼ਾਈਂ ਨਾ ਗੁਆਉਣ ਦੀ ਤਾਕੀਦ ਕਰਦੀ ਦਾਈ ਵੀ ਉਸ ਨੂੰ ਰਾਇ ਦਿੰਦੀ ਹੈ:-
ਦਰਦਾਂ ਨੂੰ ਭੁੱਲ ਰਾਣੀ ਛੱਤ ਦੇ ਬਾਲੇ ਗਿਣ
ਉਨੇ ਈ ਪੁੱਤ ਜੰਮ ਕੇ ਤਾਰ ਪਿੱਤਰਾਂ ਦਾ ਰਿਣ
ਜਾਂ
ਬਾਲੇ ਗਿਣਦੀ ਜਾਹ ਸੁਭਾਗਣ
ਗਿਣਦੀ ਜਾਹ ਜੜੁੱਤ (ਦੋ ਦੋ ਕਰਕੇ ਇਕੱਠੇ)
ਜਿਨੇ ਬਾਲੇ ਗਿਣੇਗੀ ਉਤਨੇ ਮਿਲਣਗੇ ਪੁੱਤ
ਮੈਂ ਬਸੰਤੀ ਦੀਆਂ ਇਨੀਆਂ ਗਿਆਨ ਵਾਲੀਆਂ ਗੱਲਾਂ ਮੰਤਰ ਮੁਗਧ ਹੋ ਕੇ ਸੁਣਦੀ ਰਹਿੰਦੀ---ਇੱਕ ਦਿਨ ਮੈਂ ਸਹਿਜ ਭਾਅ ਈ ਉਹਨੂੰ ਪੁੱਛ ਬੈਠੀ,
“ਅੰਮਾਂ ਬਾਲੇ ਗਿਣਨ ਲਈ ਆਖਦੀਆਂ ਸਨ? ਪਰ ਅਸੀਂ ਤਾਂ ਬਾਲਿਆਂ ਦੀ ਥਾਂ ਕੜੀਆਂ ਆਖਦੇ ਆਂ---" ਤਾਂ ਬਸੰਤੀ ਨੇ ਅੱਗੇ ਦੱਸਿਆ,
“ਪੁੱਤ, ਬੇਸ਼ੱਕ ਕੜੀਆਂ ਤੇ ਬਾਲੇ ਇੱਕੋ ਚੀਜ਼ ਨੇ---ਪਰ ਔਰਤਾਂ ਕੜੀਆਂ ਗਿਣਨ ਦੀ ਬਜਾਏ ਬਾਲੇ ਗਿਣਨ ਲਈ ਆਖਦੀਆਂ ਨੇ---ਇਹਦੇ ਦੋ ਪ੍ਰਮੁੱਖ ਕਾਰਣ ਨੇ---ਪਹਿਲਾਂ ਤਾਂ ਇਹ ਕਿ ਕੜੀਆਂ ਸ਼ਬਦ ਦਾ ਉਚਾਰਣ ਕੁੜੀਆਂ ਸ਼ਬਦ ਨਾਲ ਮਿਲਦਾ ਹੈ---ਇਹ ਧੀ ਦੀ ਅਣਇੱਛਾ ਦੀ ਸਿਖਰ ਹੈ ਕਿ ਲੋਕ ਧੀ ਦੇ ਜਨਮ ਤੋਂ ਐਨਾ ਡਰਦੇ ਨੇ---ਐਨੀ ਬੁਰੀ ਤਰ੍ਹਾਂ ਤ੍ਰਹਿੰਦੇ ਨੇ ਬਈ ਉਹਦੇ ਨਾਲ ਮਿਲਦਾ ਜੁਲਦਾ ਸ਼ਬਦ ਬੋਲਣ ਤੋਂ ਵੀ ਗੁਰੇਜ਼ ਕਰਦੇ ਨੇ---ਦੂਜਾ ਕਾਰਣ ਇਹ ਐ ਪੁੱਤ ਬਈ ਕੁੜੀਆਂ ਸ਼ਬਦ ਇਸਤ੍ਰੀ ਲਿੰਗ ਹੈ ਤੇ ਬਾਲੇ ਸ਼ਬਦ ਪੁਲਿੰਗ ਹੈ---ਏਸ ਕਰ ਕੇ ਲੋਕ ਕੜੀਆਂ ਦੀ ਥਾਵੇਂ ਬਾਲੇ ਗਿਣਨ ਲਈ ਆਖਦੇ ਨੇ---"
ਸੋਚੋ! ਸਮਾਜ ਵਿੱਚ ਧੀ ਲਈ ਕਿੱਥੇ ਥਾਂ ਹੈ ? ਬਸੰਤੀ ਕੋਲ ਉਮਰ ਦੇ ਗੰਭੀਰ ਤਜਰਬੇ ਦੇ ਨਾਲ ਨਾਲ ਗਿਆਨ ਦਾ ਵੀ ਅਨਮੋਲ ਖਜ਼ਾਨਾ ਸੀ---ਉਸ ਨੂੰ ਕਈ ਬੀਮਾਰੀਆਂ ਦੇ ਅਚੂਕ ਨੁਸਖੇ ਵੀ ਪਤਾ ਸਨ ਪਰ ਉਹ ਕਿਸੇ ਨੂੰ ਬਹੁਤਾ ਦੱਸਦੀ ਨਹੀਂ ਸੀ---ਉਹ ਆਖਦੀ ਕਿ ਲੋਕ ਉਸਨੂੰ ਸਿਰਫ਼ ਇੱਕ ਦਾਈ ਸਮਝਦੇ ਨੇ---ਉਹਦੇ ਗਿਆਨ ਦੀ ਨਾ ਕੋਈ ਕਦਰ ਕਰਦਾ ਹੈ ਤੇ ਨਾ ਹੀ ਉਹਦੇ ਉੱਤੇ ਭਰੋਸਾ ਕਰਦਾ ਹੈ ਪਰ ਮੈਂ ਤਾਂ ਜਦੋਂ ਵੀ ਮੌਕਾ ਮਿਲਦਾ---ਅੰਮਾਂ ਕੋਲੋਂ ਗਿਆਨ ਪ੍ਰਾਪਤ ਕਰਨ ਦਾ ਫ਼ਾਇਦਾ ਉਠਾਉਂਦੀ---ਉਹਨੂੰ ਮੁਹਾਵਰੇ ਕਹਾਵਤਾਂ ਤੇ ਲੋਕ ਗੀਤ ਵੀ ਬਹੁਤ ਵੱਡੀ ਮਾਤਰਾ ਵਿੱਚ ਯਾਦ ਸਨ---ਹਰ ਮੌਕੇ ਉੱਤੇ ਉਪਯੁਕਤ ਕਹਾਵਤ ਜਾਂ ਗੀਤ ਦੀ ਵਰਤੋਂ ਕਰਨੀ ਉਹ ਬਖੂਬੀ
ਜਾਣਦੀ ਸੀ---ਉਹ ਮੈਨੂੰ ਹਮੇਸ਼ਾ ਆਖਦੀ ਬਈ ਤੂੰ ਮੇਰੇ ਕੋਲੋਂ ਇਹ ਗਿਆਨ ਪ੍ਰਾਪਤ ਕਰ ਲੈ---ਇਹ ਤੇਰੇ ਕੰਮ ਆਊਗਾ---ਇੱਕ ਦਿਨ ਉਹਨੇ ਮੈਨੂੰ ਇੱਕ ਹੋਰ ਅਲੋਕਾਰ ਗੱਲ ਦੱਸੀ,
“ਲੈ ਲੰਗੜੀਏ---ਤੈਨੂੰ ਮੈਂ ਇੱਕ ਗੀਤ ਸੁਣਾਉਂਦੀ ਆਂ---ਇਸ ਨੂੰ ਸੁਣ ਕੇ ਤੂੰ ਦੱਸੀਂ ਬਈ ਕੁੜੀਆਂ ਦੀ ਸਮਾਜ ਵਿੱਚ ਕੀ ਹਾਲਤ ਹੈ"
ਮੈਂ ਸੁਚੇਤ ਹੋ ਕੇ ਉਹਦੇ ਲਾਗ ਬੈਠ ਗਈ ਸਾਂ---ਮਾਂ ਨੇ ਮਿੱਠੀ ਜਿਹੀ ਝਿੜਕ ਮਾਰਦਿਆਂ ਕਿਹਾ ਸੀ ਅਖੇ ਬਸੰਤੀਏ ਤੂੰ ਪਤਾ ਨੀ ਇਹਨੂੰ ਕਿਹੜਾ ਗਿਆਨ ਦੇਣ ਬੈਠ ਜਾਨੀ ਐਂ---ਇਹ ਬੀ ਨਿਠੱਲੀ ਤੇਰੀਆਂ ਗੱਲਾਂ `ਚ ਕੰਨ ਰਸਾਅ ਲੈਂਦੀ ਐ---ਪਰ ਬਸੰਤੀ ਨੇ ਮੁਸਕਰਾ ਕੇ ਮੇਰੀ ਮਾਂ ਨੂੰ ਹੱਥ ਨਚਾ ਕੇ ਚੁੱਪ ਰਹਿਣ ਦਾ ਇਸ਼ਾਰਾ ਕਰ ਦਿੱਤਾ ਸੀ---ਉਹਨੇ ਗੀਤ ਸੁਣਾਇਆ,
ਨੌ ਮਾਸ ਪਹਿਲਾਂ ਜਿਹੜਾ ਬੂਟੜਾ ਲਾਇਆ
ਪੁੱਤ ਦੇ ਉਪਰ ਪੁੱਤ ਸਤਪੁੱਤੜੀ ਨੇ ਜਾਇਆ
ਉਠੀ ਉਠੀ ਜੀ ਰਾਜੀੜਾ ਪੀੜ ਕਲੇਜੜੇ
ਦਾਈ ਮਾਈ ਦਾ ਘਰ ਢੁੰਡਵਾਇਆ (ਲਭਾਇਆ)
ਵਿਹੜੇ `ਚ ਪਿਲਖਣ ਨਾਲੇ ਖੇਡ੍ਹੇ ਪੁੱਤਾਂ ਦੀ ਜੋੜੀ
ਦਾਈ ਦੇ ਘਰ ਦਾ ਹੁਲੀਆ ਸਮਝਾਇਆ
ਬ੍ਰਹਮ ਮਹੂਰਤ ਪਹਿਰਾ ਰਿਸ਼ੀ ਮੁਨੀਆਂ ਦਾ
ਜਾ ਦਾਈ ਮਾਈ ਦਾ ਦਰ ਖੜਕਾਇਆ
ਕੌਣ ਸਪੁੱਤੜੀ ਮਾਂ ਦਰਦ ਝੱਲਦੀ
ਕਿਹੜੀ ਸਤਪੁੱਤੜੀ ਦਾ ਬੇਟਾ ਲੈਣ ਆਇਆ
ਮੇਰੀ ਨਾਜੋ ਸਪੁੱਤੜੀ ਦਰਦਾਂ ਭੰਨੀ
ਮੈਂ ਸਤਪੁੱਤੜੀ ਦਾ ਬੇਟਾ ਲੈਣ ਆਇਆ
ਸੱਤ ਸ਼ਗਨ ਮਨਾ ਕੇ ਦਾਈ ਨਾਲ ਤੁਰ ਪਈ
ਮਾਂ ਸਤਪੁੱਤੜੀ ਦੇ ਹੋਲਰ ਜਮਾਇਆ
ਉਹ ਆਖਣ ਲੱਗੀ ਕਿ ਇਸ ਗੀਤ ਸਿਰਜਕ ਦੀ ਪੁੱਤਾਂ ਪ੍ਰਤੀ ਲਾਲਸਾ ਉਮੜ ਉਮੜ ਪੈ ਰਹੀ ਐ---ਗੀਤ ਦੀ ਦੂਜੀ ਲਾਈਨ ਵਿੱਚ ਗੀਤ ਸਿਰਜਕ ਨੇ “ਪੁੱਤ ਦੇ ਉਪਰ ਪੁੱਤ" ਕਹਿਣ ਬਾਦ ਮਹਿਸੂਸ ਕੀਤਾ ਕਿ ਇਹ ਅਜੇ ਥੋੜਾ ਹੈ---ਸੋ ਉਸ ਸਤਪੁੱਤੜੀ ਕਹਿ ਦੇ ਆਪਣੀ ਰੀਝ ਪੂਰੀ ਕਰ ਲਈ---ਇਸ ਤੋਂ ਬਾਦ ਦਾਈ ਮਾਈ ਦੇ ਵਿਹੜੇ ਇੱਕ ਪੁੱਤ ਨਹੀਂ ਸਗੋਂ ਪੁੱਤਾਂ ਦੀ ਜੋੜੀ ਖੇਡ੍ਹਦੀ ਦੱਸ ਕੇ ਆਪਣੇ ਜਨਮਾਂ ਜਨਮਾਂ ਦੀ ਪੁੱਤਰ ਕਾਮਨਾ ਜਾਹਰ ਕਰ ਦਿੱਤੀ ਹੈ---ਇੱਕ ਤਰਾਂ ਪੁੱਤਰ ਲਾਲਸਾ ਵਿੱਚ ਕਮਲੀ ਹੋਈ ਗੀਤ ਸਿਰਜਕ ਦੀ ਕਲਪਨਾ ਨੇ ਪੁੱਤਰਾਂ ਦਾ ਮੀਂਹ ਹੀ ਵਰ੍ਹਾਅ ਦਿੱਤਾ ਹੈ---ਉਸ ਤੋਂ ਬਾਦ ਉਸ ਨੇ ਹੱਸਦਿਆਂ ਹੱਸਦਿਆਂ ਇੱਕ ਹੋਰ ਗੀਤ ਲੈਅ ਵਿੱਚ ਗਾ ਕੇ ਸੁਣਾਇਆ ਜਿਸ ਵਿੱਚੋਂ ਸਮਾਜ, ਦੀ ਖਾਸ ਕਰ ਦਾਈ ਦੀ ਮਾਨਸਿਕਤਾ ਦੇ ਦਰਸ਼ਨ ਹੁੰਦੇ ਹਨ---ਇਸ ਗੀਤ ਵਿੱਚ ਬੱਚਾ ਪੈਦਾ ਹੋਣ ਦੀ ਸੰਵੇਦਨਸ਼ੀਲ ਘੜੀ ਦੇ ਮੌਕੇ ਉੱਤੇ ਦਾਈ ਵੱਲੋਂ ਵੀ ਧੀ ਜੰਮਣ ਵਰਗੀ ਕੁਸ਼ਗਨੀ ਵਾਲੀ ਗੱਲ ਮੂੰਹੋਂ ਨਹੀਂ ਕੱਢੀ ਜਾਂਦੀ---ਸ਼ਾਇਦ ਉਸ ਨੂੰ ਲਾਗ ਸਿਰਫ਼ ਪੁੱਤ ਜੰਮਣ ਬਾਦ ਹੀ ਮਿਲਣਾ ਹੁੰਦਾ ਹੈ ਸੋ ਉਹ ਕਿਉਂ ਧੀ ਜੰਮਣ ਵਰਗੀ ਅਮੰਗਲ ਕਾਮਨਾ ਕਰੇ---ਉਸ ਨੇ ਗੀਤ ਗਾਇਆ,
ਰਿਮਝਿਮ ਬਰਸੇ ਰਾਮ ਜੀ ਕੋਈ ਦਰਦ ਕਵੱਲੜੇ ਉਠ ਖੜ੍ਹੇ
ਕੰਥੇ ਨੇ ਘੋੜਾ ਪੀੜਿਆ ਦਬੜਸੱਟ ਦਾਈ ਦੇ ਦਰ ਤੇ ਖੜ੍ਹੇ
ਦਰਦਾਂ ਬੇਹਾਲ ਕਰੀ ਨਾਜੋ ਦਾਈ ਜੀ ਤੁਰਤ ਫੁਰਤ ਚੱਲ ਮੇਰੇ ਘਰੇ
ਤੜ ਤੜ ਬਰਸੇ ਰਾਮ ਜੀ ਦਾਈ ਮਾਈ ਕਿੰਜ ਵੇ ਚਲੇ
ਦਾਈ ਹੋ ਘੋੜੇ ਅਸਵਾਰ ਨਫ਼ਰ ਛਤਰੀ ਦੀ ਓਟ ਕਰੇ
ਜੇ ਘਰ ਜਰਮਿਆ ਨੰਦ ਲਾਲ ਦਾਦੀ ਮਾਈ ਕਿਆ ਜੀ ਮਿਲੇ
ਪੰਜ ਤਿਓਰ ਪੰਜ ਮੋਹਰਾਂ ਰਾਜਾ ਬਾਪ ਗਊਆਂ ਬੀ ਮਣਸ ਧਰੇ
ਬ੍ਰਹਮ ਮਹੂਰਤ ਭੋਰ ਦਾ ਤਾਗ ਦਾਈ ਦਿਹਲੀ ਪੈਰ ਧਰੇ
ਕੋਈ ਸੱਤੇ ਸ਼ਗਨ ਬਚਾਰ ਦਾਈ ਜੱਚਾ ਦੇ ਪਲੰਗ ਚੜ੍ਹੇ
ਰੁੱਸੜੀ ਆ ਮੇਰੀ ਵਿਹੁ ਮਾਤਾ ਕਹਿ ਕੇ ਜੱਚਾ ਦਾ ਪੇਟ ਮਲੇ
ਜੱਚਾ ਪਲੰਗ `ਤੇ ਲੇਟ ਮਲਾਂ ਤੇਰਾ ਪੇਟ ਗੀਗਾ ਜਮਾਏ ਧਰੇ
ਥਾਲੀ ਬਜਾਏ ਕੌਲ ਯਾਦ ਕਰਾਏ ਦਾਈ ਆਪਣਾ ਨੇਗ ਮੰਗੇ
ਜਗਮੋਤੀਆਂ ਦੇ ਭਰ ਥਾਲ ਰਜਾਦਾ ਬਾਪ ਹਾਜਰ ਕਰੇ
ਗੁੜ ਦੀ ਭੇਲੀ ਪੰਜ ਰੁਪੱਈਏ ਦਾਈ ਮਾਈ ਬਿਦਿਆ ਕਰੇ
ਦਾਈ ਤਾਂ ਸੀਸਾਂ ਦੇ ਰਹੀ ਬਹੂ ਅਗਲੀ ਬਾਰ ਫੇਰ ਪੁੱਤ ਜਣੇ ਬਸੰਤੀ ਆਖਣ ਲੱਗੀ ਕਿ ਧੀ ਜੰਮਣ `ਤੇ ਦਾਈ ਨੂੰ ਕੀ ਮਿਲਣਾ ਹੈ? ਸੋ ਉਹ ਅਗਲੀ ਵੇਰਾਂ ਫੇਰ ਬਹੂ ਨੂੰ ਪੁੱਤ ਜੰਮਣ ਦਾ ਆਸ਼ੀਰਵਾਦ ਦੇ ਕੇ ਵਿਦਾ ਹੋ ਗਈ---
ਉਂਜ ਜੇ ਤੁਸੀਂ ਗੁੱਸਾ ਨਾ ਕਰੋ ਤਾਂ ਮੈਂ ਥੋਨੂੰ ਇੱਕ ਸਚਾਈ ਦੱਸਾਂ?? ਗੱਲ ਆਇੰ ਐਂ ਬਈ ਅੱਜ ਵੀ ਬਹੁਤੀ ਗਿਣਤੀ `ਚ ਲੋਕ ਮੁੰਡਿਆਂ ਦੀ ਹੀ ਕਾਮਨਾ ਕਰਦੇ ਨੇ---ਮੈਂ ਬਹੁਤ ਸਾਰੇ ਸਮਾਜ ਸੁਧਾਰਕਾਂ, ਕੁੜੀਆਂ ਪ੍ਰਤੀ ਸੰਵੇਦਨ ਸ਼ੀਲ ਬੰਦਿਆਂ, ਐਨ.ਜੀ.ਓ. ਸੰਚਾਲਕਾਂ ਤੇ ਕੁੜੀਆਂ ਬਚਾਉਣ ਦੀ ਵਕਾਲਤ ਕਰਨ ਵਾਲੇ ਸੁਹਿਰਦ ਗਰਦਾਨੇ ਗਏ ਲੋਕਾਂ ਨੂੰ ਜਾਣਦੀ ਹਾਂ ਜਿਹੜੇ ਉਪਰੋਂ ਕੁੱਝ ਹੋਰ ਨੇ ਅਤੇ ਬਾਹਰੋਂ ਕੁੱਝ ਹੋਰ---
ਮੈਂ ਇੱਕ ਅਜਿਹੀ ਤੇਜ ਕਰਾਰ ਔਰਤ ਨੂੰ ਜਾਣਦੀ ਹਾਂ ਜਿਹੜੀ ਇਕੱਠ ਵਿੱਚ ਸਟੇਜ ਤੋਂ ਬਾਹਾਂ ਵਗਾਹ ਵਗਾਹ ਕੇ ਭਾਸ਼ਣ ਦਿੰਦੀ ਐ ਕਿ ਕੁੜੀਆਂ ਨੂੰ ਜੰਮਣੋਂ ਪਹਿਲਾਂ ਮਾਰਨ ਵਾਲੇ ਜਲਾਦ ਹੁੰਦੇ ਨੇ---ਧੀਆਂ ਦੇ ਕਾਤਲ ਹੁੰਦੇ ਨੇ---ਉਹਨਾਂ ਨੂੰ ਫਿੱਟ ਲਾਹਣਤ ਹੈ---ਪਰ ਉਸ ਨੇ ਆਪਣੀਆਂ ਦੋਹਾਂ ਨੂੰਹਾਂ ਦੇ ਟੈਸਟ ਕਰਾ ਕੇ ਪੇਟ ਵਿੱਚ ਕੁੜੀ ਦਾ ਪਤਾ ਲੱਗਣ ਬਾਦ ਜ਼ਬਰਦਸਤੀ ਅਬਾਰਸ਼ਨ ਕਰਾਏ ਨੇ---ਇੱਕ ਨੂੰਹ ਦਾ ਇੱਕ ਵਾਰ ਤੇ ਦੂਜੀ ਦਾ ਦੋ ਬਾਰ---
ਇੱਥੇ ਅੱਜ ਵੀ ਧੀਆਂ ਬਚਾਉਣ ਦੀ ਆੜ ਵਿੱਚ ਲੋਕ ਕਈ ਕਈ ਮੁਖੌਟੇ ਪਹਿਨ ਕੇ ਰੱਖਦੇ ਨੇ---ਥੋਨੂੰ ਯਾਦ ਈ ਹੋਣਾ ਕਈ ਸਾਲ ਪਹਿਲਾਂ ਮਾਨਸਾ ਕੰਨੀ ਕੁੜੀਆਂ ਦੇ ਭਰੂਣਾਂ ਨਾਲ ਭਰਿਆ ਹੋਇਆ ਖੂਹ ਮਿਲਿਆ ਸੀ---ਇਹਨਾਂ ਭਰੂਣਾਂ ਦੇ ਧਰਮੀ ਮਾਪਿਆ ਨੂੰ ਕੀ ਆਖਾਂਗੇ ??
ਜਦੋਂ ਜੰਮਣ ਹਾਰੀ ਮਾਂ ਹੀ ਕਾਤਲ ਬਣ ਜਾਵੇ---ਧਰਮੀ ਬਾਬਲ ਹੀ ਧੀ ਨੂੰ ਮਾਰਨ ਵਿੱਚ ਮੋਹਰੀ ਹੋਵੇ ਤਾਂ ਧੀ ਕਿਵੇਂ ਬਚੇਗੀ? ਤੁਸੀਂ ਕਹਿੰਦੇ ਹੋ ਕਿ ਹੁਣ ਤਾਂ ਸਰਕਾਰਾਂ ਸੁਚੇਤ ਹੋ ਗਈਆਂ ਨੇ---ਕਰੜੇ ਕਾਨੂੰਨ ਲਾਗੂ ਕਰ ਦਿੱਤੇ ਨੇ ਪਰ ਰੋਜ਼ ਕੋਈ ਨਾ ਕੋਈ ਭਰੂਣ ਅਜੇ ਵੀ ਗੰਦਗੀ ਦੇ ਢੇਰਾਂ ਉੱਤੇ ਸਿੱਟਿਆ ਪਿਆ ਮਿਲ ਜਾਂਦਾ ਹੈ---ਅਜੇ ਵੀ ਕੁੱਤੇ ਬਿੱਲੇ ਉਸ ਨੂੰ ਨੋਚ ਰਹੇ ਹੁੰਦੇ ਨੇ---ਸੋ ਪਹਿਲਾਂ ਨਾਲੋਂ ਹੁਣ ਫਰਕ ਇਹ ਪਿਆ ਹੈ ਕਿ ਲੋਕ ਪਹਿਲਾਂ ਧੀਆਂ ਨੂੰ ਪੈਂਦਾ ਹੋਣ ਬਾਦ ਮਾਰ ਦਿੰਦੇ ਸਨ ਤੇ ਹੁਣ ਸਾਇੰਸ ਦੀਆਂ ਕਾਢਾਂ ਨੇ ਸਹੂਲਤ ਮੁਹੱਈਆ ਕਰਵਾ ਦਿੱਤੀ ਹੈ ਕਿ ਲੋਕੀਂਂ ਧੀ ਨੂੰ ਜੰਮਣੋਂ ਪਹਿਲਾਂ ਹੀ ਟੈਸਟ ਕਰਵਾ ਕੇ ਮਾਰ ਦਿੰਦੇ ਨੇ---ਮੈਂ ਚਲਦੇ ਚਲਦੇ ਥੋਨੂੰ ਇੱਕ ਲੋਕ ਗੀਤ ਸੁਣਾਉਂਦੀ ਹਾਂ ਜਿਹੜਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਲੋਕਾਂ ਕੋਲ ਸਿਰਫ਼ ਤੇ ਸਿਰਫ਼ ਇੱਕ ਹੀ ਧੀ ਹੁੰਦੀ ਸੀ---
ਜੰਗਲ ਦੀ ਮੈਂ ਜੰਮੀ ਜਾਈ ਚੰਦਰੇ ਪੁਆਧ `ਚ ਬਿਅ੍ਹਾਈ
ਹੱਥ ਵਿੱਚ ਖੁਰਪਾ ਮੋਢੇ ਚਾਦਰ ਮੱਕੀ ਗੋਡਣ ਨੂੰ ਲਾਈ
ਮੱਕੀ ਗੋਡਦੀ ਦੇ ਪੈ ਗਏ ਛਾਲੇ ਆਥਣੇ ਘਰਾਂ ਨੂੰ ਆਈ
ਘਰ ਆਈ ਨੂੰ ਸੱਸ ਗਾਲ੍ਹਾਂ ਕੱਢੇ ਘਾਹ ਦੀ ਪੰਡ ਨਾ ਲਿਆਈ
ਬੱਛੇ ਕੱਟੇ ਵੱਗ ਰਲਾਵਾਂ ਮਹੀਆਂ ਨੂੰ ਖੜਨ ਕਸਾਈ
ਪੰਜੇ ਸੱਸੇ ਤੇਰੇ ਪੁੱਤ ਮਰ ਜਾਵਣ ਛੇਵਾਂ ਮਰੇ ਜਵਾਈ
ਗਾਲ੍ਹ ਭਰਾਵਾਂ ਦੀ ਕੀਹਨੇ ਕੱਢਣ ਸਖਾਈ---
ਇਹ ਲੋਕ ਬੋਲੀ ਪ੍ਰਮਾਣਿਤ ਕਰਦੀ ਹੈ ਕਿ ਸੱਸ ਕੋਲ ਪੁੱਤ ਤਾਂ ਪੰਜ ਹਨ ਪਰ ਧੀ ਇੱਕ---ਕਿਉਂਕਿ ਇਸ ਵਿੱਚ ਇੱਕੋ ਜਵਾਈ ਦਾ ਜ਼ਿਕਰ ਹੈ---ਸੋ ਦੋਸਤੋ ਐਥੇ ਧੀਆਂ ਦੀ ਹਾਲਤ ਮੰਦੜੀ ਈ ਐ---ਕੋਈ ਬਹੁਤੀ ਚੰਗੀ ਨਹੀਂ---ਜੇ ਤੁਸੀਂ ਸੱਚ ਮੁੱਚ ਕਹਿਣੀ ਤੇ ਕਰਨੀ ਇੱਕੋ ਜਿਹੀ ਰੱਖਦੇ ਹੁੰਦੇ ਤਾ ਹੁਣ ਤੱਕ ਧੀਆਂ ਦੀ ਹਾਲਤ ਬੇਹਤਰ ਹੋਈ ਹੁੰਦੀ---ਪਰ ਇਹ ਹੁਣ ਬਦਤਰ ਹੁੰਦੀ ਜਾ ਰਹੀ ਐ---ਜੇ ਮੇਰੇ `ਤੇ ਭਰੋਸਾ ਨਹੀਂ ਤਾਂ ਆਂਕੜੇ ਦੇਖ ਸਕਦੇ ਹੋ---ਕੋਰਟਾਂ `ਚ ਚਲ ਰਹੇ ਮੁਕੱਦਮੇ ਤੇ ਅਖਬਾਰਾਂ ਜਾਂ ਟੀ.ਵੀ. ਦੀਆਂ ਖ਼ਬਰਾਂ ਪੜ੍ਹ ਸਕਦੇ ਹੋ।
8
ਇੱਕ ਤਾਂ ਮੇਰੀਆਂ ਭੈਣਾਂ ਨਾਲ ਹੋਈ ਜੱਗੋ ਤੇਰਵ੍ਹੀ ਸਦਕਾ ਅਜੇ ਅਸੀਂ ਸਦਮੇ ਤੋਂ ਬਾਹਰ ਨਹੀਂ ਸਾਂ ਆਏ---ਦੂਸਰਾ ਬੀਰਾ ਲਾ ਪਤਾ ਹੋ ਗਿਆ ਸੀ---ਪੰਜ ਦਿਨ ਹੋ ਗਏ ਸਨ ਉਸ ਨੂੰ ਘਰੋਂ ਗਿਆਂ---ਉਸ ਦੀ ਕੋਈ ਉੱਘ ਸੁੱਘ ਨਹੀਂ ਸੀ ਲੱਗ ਰਹੀ---ਬਾਪੂ ਬੀਰੇ ਦੇ ਸਾਰੇ ਬਦਫੈਲ ਦੋਸਤਾਂ ਕੋਲ ਜਾ ਆਇਆ ਸੀ---ਸਾਰੇ ਠੇਕੇ ਠਾਣੇ ਛਾਣ ਆਇਆ ਸੀ---ਪਰ ਬੀਰਾ ਪਤਾ ਨੀ ਕਿਹੜੇ ਪਤਾਲ `ਚ ਜਾ ਵੜਿਆ ਸੀ---
ਜਿਉਂ ਜਿਉਂ ਦਿਨ ਬੀਤਦੇ ਜਾਂਦੇ---ਸਾਡੀ ਚਿੰਤਾ ਵਧਦੀ ਜਾਂਦੀ---ਰੇਹੜਾ ਝੋਟਾ ਘਰੇ ਛੱਡ ਕੇ ਬਾਪੂ ਬੀਰੇ ਨੂੰ ਲੱਭਣ ਤੁਰਿਆ ਰਹਿੰਦਾ---ਰੁਜ਼ਗਾਰ ਵੀ ਰੁਲ ਗਿਆ ਸੀ---ਬਾਪੂ ਸਵੇਰੇ ਚਾਹ ਦਾ ਗਲਾਸ ਪੀ ਕੇ ਘਰੋਂ ਨਿਕਲਦਾ ਤੇ ਕਿਤੇ ਸੋਤੇ ਪਏ ਤੋਂ ਘਰ ਪਰਤਦਾ---ਸਾਡੀਆਂ ਅੱਖਾਂ ਚੌਵੀ ਘੰਟੇ ਬੂਹੇ ਵੱਲ ਲੱਗੀਆਂ ਰਹਿੰਦੀਆਂ---
ਤੇ ਇੱਕ ਦਿਨ ਆਥਣੇ ਜਿਹੇ ਬਾਪੂ ਰੇਹੜਾ ਲੈ ਕੇ ਬਿਨ੍ਹਾਂ ਕੁੱਝ ਪੁੱਛਿਆਂ ਦੱਸਿਆਂ ਘਰੋਂ ਨਿਕਲ ਗਿਆ---ਕੋਈ ਅੱਧੀ ਕੁ ਰਾਤ ਉਹ ਰੇਹੜੇ ਉਤੇ ਢੇਰ ਸਾਰਾ ਰਾਸ਼ਨ ਤੇ ਹੋਰ ਨਿੱਕਸੁੱਕ ਲੱਦੀ ਘਰੇ ਆਇਆ---ਅਸੀਂ ਹੈਰਾਨੀ ਨਾਲ ਇਸ ਰਾਸ਼ਨ ਨੂੰ ਦੇਖ ਰਹੀਆਂ ਸਾਂ---ਬਾਪੂ ਸਾਰਾ ਸਮਾਨ ਦਲਾਨ `ਚ ਸਿੱਟ ਕੇ ਬਿਨ੍ਹਾਂ ਬੋਲਿਆਂ ਚਾਲਿਆਂ ਰੇਹੜਾਂ ਲੈ ਕੇ ਵਾਪਸ ਤੁਰ ਗਿਆ---ਫੇਰ ਉਹ ਕੋਈ ਖਿੱਤੀਆਂ ਘੁੰਮਣ ਵੇਲੇ ਅਟੈਚੀਆਂ, ਬੈਗਾਂ ਰਜਾਈਆਂ ਤੇ ਹੋਰ ਲਟਰਮ ਪਟਰਮ ਨਾਲ ਭਰਿਆ ਰੇਹੜਾ ਲੈ ਕੇ ਵਾਪਸ ਪਰਤਿਆ---ਸਮਾਨ ਦਲਾਨ `ਚ ਰੱਖ ਕੇ ਤੇ ਸਿਰਫ਼ ਚਾਹ ਦੀ ਘੁੱਟ ਪੀ ਕੇ ਉਹ ਫੇਰ ਰੇਹੜਾ ਲੈ ਕੇ ਤੁਰ ਗਿਆ---ਜਾਣ ਲੱਗਿਆਂ ਇੱਕ ਝੋਲਾ ਬੇਬੇ ਨੂੰ ਫੜਾ ਕੇ ਗਿਆ---
ਅਸੀਂ ਤਿੰਨੇ ਭੈਣਾਂ ਸਮਾਨ ਨੂੰ ਹੱਥ ਲਾ ਲਾ ਕੇ ਦੇਖਦੀਆਂ ਰਹੀਆਂ---ਅਸੀਂ ਬੇਬੇ ਕੋਲ ਜਾ ਕੇ ਬੜੀ ਉਤਸੁਕਤਾ ਨਾਲ ਝੋਲਾ ਫਰੋਲਿਆ---ਇਹਦੇ ਵਿੱਚ ਸੋਨੇ ਦੇ ਗਹਿਣੇ ਸਨ---ਮੇਰੀਆਂ ਭੈਣਾਂ ਦੀਆਂ ਅੱਖਾਂ ਦੀ ਚਮਕ ਦੇਖਣ ਵਾਲੀ ਸੀ---ਉਹ ਹੈਰਾਨੀ, ਖੁਸ਼ੀ ਅਤੇ ਅਚੰਭੇ ਨਾਲ ਕਦੇ ਗਹਿਣਿਆਂ ਵੱਲ ਤੱਕਣ ਤੇ ਕਦੀ ਇੱਕ ਦੂਜੀ ਵੱਲ---ਐਨਾ ਕੀਮਤੀ ਸਮਾਨ---?? ਮੈਂ ਭਾਵ ਵਿਭੋਰ ਹੋਈਆਂ ਭੈਣਾਂ ਨੂੰ ਸੁਚੇਤ ਕੀਤਾ,
“ਭੈਣੇ ਕੀ ਪਤਾ ਇਹ ਸਮਾਨ ਕਿਸੇ ਹੋਰ ਦਾ ਹੋਵੇ---ਪਿੰਡ `ਚ ਕਿਸੇ ਨੇ ਮੰਗਾਇਆ ਹੋਵੇ---ਆਪਾਂ ਛੇੜਾ ਛੜੀ ਨਾ ਕਰੋ---"ਤੇ ਮੇਰੀਆਂ ਭੈਣਾਂ ਨੇ ਸੱਚੀਂ ਮੇਰੀ ਗੱਲ ਦਾ ਅਸਰ ਕਬੂਲਦਿਆਂ ਛੇਤੀ ਛੇਤੀ ਗਹਿਣੇ ਡੱਬਿਆਂ `ਚ ਪਾ ਕੇ ਝੋਲਾ ਮਾਂ ਦੇ ਹਵਾਲੇ ਕਰ ਦਿੱਤਾ---ਪਰ ਉਨ੍ਹਾਂ ਦਾ ਮਨ ਅਜੇ ਗਹਿਣਿਆਂ ਨੂੰ ਤੱਕ ਤੱਕ ਭਰਿਆ ਨਹੀਂ ਸੀ---।
ਸਵੇਰੇ ਗੁਰਦੁਆਰੇ ਦਾ ਭਾਈ ਜੀ ਅਜੇ ਬੋਲਿਆ ਹੀ ਸੀ ਕਿ ਬਾਪੂ ਨਵੇਂ ਨੁੱਕ ਫ਼ਰਨੀਚਰ ਤੇ ਦੋ ਪੇਟੀਆਂ ਨਾਲ ਲੱਦਿਆ ਰੇਹੜਾ ਲੈ ਕੇ ਆ ਗਿਆ---ਬਾਪੂ ਨੇ ਸਾਰਾ ਸਮਾਨ ਸਾਨੂੰ ਨਾਲ ਲਾ ਕੇ ਪਿਛਲੇ ਅੰਦਰ ਰੱਖਿਆ ਤੇ ਬਾਰ ਭੇੜ ਦਿੱਤਾ। ਬਾਪੂ ਬੁਝਿਆ ਜਿਹਾ ਸੀ---ਚਾਹ ਦਾ ਸੁੜ੍ਹਾਕਾ ਮਾਰਦਿਆਂ ਬਾਪੂ ਨੇ ਗੱਲ ਤੋਰੀ---
“ਜੀਤੋ, ਸੱਤਾ ਨਮੋਸੀ ਦਾ ਮਾਰਿਆ ਘਰੇ ਨੀ ਆਉਂਦਾ---ਉਹ ਰਾਮ ਪੁਰ ਆਲੇ ਬੰਤੇ ਕੋਲ ਠਹਿਰਿਆ ਵਿਐ---" ਪਲ ਕੁ ਰੁਕ ਕੇ ਬਾਪੂ ਨੇ ਹਿੰਮਤ ਇਕੱਠੀ ਕਰਦਿਆਂ ਕਿਹਾ,
“ਮੈਂ ਇੱਕ ਹੋਰ ਗੱਲ ਵੀ ਕਰਨੀ ਸੀਗ੍ਹੀ" ਬਾਪੂ ਕੰਧ ਦੀ ਢੋਅ ਲਾ ਕੇ ਛੱਤ ਵੱਲ ਤੱਕਣ ਲੱਗ ਗਿਆ---ਜਿਹੜੀ ਗੱਲ ਬਾਪੂ ਨੇ ਕਰਨੀ ਸੀ---ਉਹਨੂੰ ਸ਼ੁਰੂ ਕਰਨ ਦੀ ਜਿਵੇਂ ਬਾਪੂ ਨੂੰ ਕੋਈ ਤੰਦ ਨਹੀਂ ਸੀ ਲੱਭ ਰਹੀ---ਏਸੇ ਕਰਕੇ ਉਹ ਕਿੰਨੀਓ ਦੇਰ ਖੰਘੂਰੇ ਮਾਰ ਮਾਰ ਕੇ ਗਲਾ ਸਾਫ਼ ਕਰਦਾ ਰਿਹਾ---ਅਖੀਰ ਉਠ ਕੇ ਬਹਿੰਦਿਆਂ ਸਰੀਰ ਦੀ ਪੂਰੀ ਤਾਕਤ ਇਕੱਠੀ ਕਰ ਕੇ ਉਹ ਬੋਲਿਆ,
“ਗੱਲ ਆਇੰ ਐ ਜੀਤੋ---ਸੱਤਾ ਭਾਵੇਂ ਲੈਕ ਐ ਜਾ ਨਲੈਕ---ਪਰ ਉਹਨੇ ਇੱਕ ਕੰਮ ਚੰਗਾ ਕੀਤੈ---ਉਹਨੇ ਅੱਕੀ ਤੇ ਗੁਜ਼ਰੀ ਦਾ ਰਿਸ਼ਤਾ ਪੱਕਾ ਕਰ ਦਿੱਤੈ---ਮਤਲਬ ਸੱਤੇ ਦੇ ਦੋਸਤ ਬੰਤੇ ਨੇ ਰਿਸ਼ਤਾ ਕਰਾਇਐ---ਦੋਹੇ ਮੁੰਡੇ ਰਾਮ ਪੁਰ ਦੇ ਹੀ ਨੇ---ਆਪਣੀਓ ਜਾਤ ਬਰਾਦਰੀ ਐ---ਮੁੰਡੇ ਚਾਰ ਅੱਖਰਾਂ ਦੇ ਸਿਆਣੂੰ ਬੀ ਨੇ---ਅੱਖਰ `ਠਾਲ ਲੈਂਦੇ ਨੇ---ਚਾਰ ਖੁੱਡ ਜ਼ਮੀਨ ਦੇ ਬੀ ਹੈਗੇ ਨੇ ਕੋਲ---ਦੋਹੇ ਮੁੰਡੇ ਆਪੋ ਵਿੱਚੀ ਚਾਚਾ ਭਤੀਜਾ ਨੇ---ਜੇ ਕਹੇਂ ਤਾਂ---ਤਾਂ---ਤਾਂ"
ਬੇਬੇ ਬਾਪੂ ਦੀ ਗੱਲ ਪੂਰੀ ਹੋਣ ਲਈ ਅੱਖਾ ਝਪਕ ਕੇ ਦੇਖ ਰਹੀ ਸੀ---ਅਸੀਂ ਭੈਣਾਂ ਸੁੰਨ---ਇਹ ਬੰਦਾ ਤਾਂ ਬਦਨਾਮ ਆਦਮੀ ਐ---ਦਸ ਨੰਬਰੀ---ਇਹਨੂੰ ਇਲਾਕੇ `ਚ ਬੰਤਾ ਬਲੈਕੀਆਂ ਦੇ ਨਾਂ ਨਾਲ ਜਾਣਿਆਂ ਜਾਂਦਾ ਸੀ---ਚਾਰ ਦਿਨ ਜੇਲ੍ਹ `ਚ---ਚਾਰ ਦਿਨ ਥਾਣੇ---ਫੇਰ ਠੇਕੇ ਤੇ ਧੱਕੇ ਖਾਣੇ---ਇਹਨੂੰ ਦੇਖ ਕੇ ਔਰਤਾਂ ਰਾਹ ਬਦਲ ਲੈਂਦੀਆਂ ਸਨ---ਪੁਲਸ ਦੀ ਮਾਰ ਖਾ ਖਾ ਕੇ ਢੀਠ ਹੋਇਆ ਪਿਆ ਸੀ---ਇਹਨੇ ਭੈਣਾਂ ਦਾ ਰਿਸ਼ਤਾ ਕਰਾਇਐ---??
ਹੁਣ ਸਾਨੂੰ ਰੇਹੜਾ ਭਰ ਭਰ ਕੇ ਲਿਆਂਦੇ ਸਮਾਨ ਦੀ ਸਮਝ ਪੈਂਦੀ ਜਾ ਰਹੀ ਸੀ---ਪਰ ਬਾਪੂ ਕੋਲ ਤਾਂ ਘਰ ਦਾ ਤੋਰੂਆ ਤੋਰਨ ਜੋਗੇ ਪੈਸੇ ਨੀ ਸੀਗ੍ਹੇ ਫੇਰ ਇਹ ਸਮਾਨ ਕਿਵੇਂ ਤੇ ਕਿੱਥੋਂ ਆਇਐ?
ਫੇਰ ਸਾਨੂੰ ਇਹ ਵੀ ਸਮਝ ਆ ਗਿਆ ਕਿ ਇਹ ਗਹਿਣੇ ਅਤੇ ਸਮਾਨ ਬਾਪੂ ਨੂੰ ਬੰਤੇ ਨੇ ਹੀ ਦਿੱਤਾ ਹੋਣਾ ਹੈ---ਪਰ ਉਹ ਕਿਉਂ ਦੇ ਰਿਹਾ ਹੈ ਇਹ ਸਹਾਇਤਾ??
ਕਈ ਅਣਸੁਲਝੇ ਸੁਆਲ ਉਸ ਘੜੀ ਸਾਡੇ ਤਿੰਨਾਂ ਭੈਣਾਂ ਦੇ ਜ਼ਿਹਨ `ਚ ਖੌਰੂ ਪਾ ਰਹੇ ਸਨ---ਸ਼ਾਇਦ ਮਨ `ਚ ਮਚੀ ਖਲਬਲੀ ਦੇ ਭਿਆਨਕ ਪੁਰ ਤੋਂ ਬਚਣ ਲਈ ਅੱਕੀ ਨੇ ਪੁੱਛਿਆ,
“ਬਾਪੂ ਬੀਰਾ ਠੀਕ ਐ ਨਾਅ---ਕਿਉਂ ਨੀ ਘਰੇ ਆਇਆ ਉਹ---?"
“ਹਾਂਅ ਠੀਕ ਈ ਐ---ਪਿਐ ਉਥੇ ਬੰਤੇ ਦੀ ਬੰਬੀੀ ਤੇ ਨਸ਼ੇ ਖਾਂਦਾ---ਮੌਜਾਂ ਲੁੱਟਦਾ---ਸ਼ਰਮਿੰਦਾ ਵੀ ਹੋਇਆ ਪਿਐ---"
ਉਸ ਸਮੇਂ ਅੱਕੀ ਦੀ ਉਮਰ ਉਨੀ ਤੇ ਗੁਜਰੀ ਦੀ ਅਠਾਰਾਂ ਸਾਲ ਸੀ---ਫੇਰ ਕਿੰਨੀਓ ਦੇਰ ਬਾਪੂ ਬੈਠਾ ਉਂਗਲੀਆਂ ਦੇ ਪੋਟਿਆ ਉੱਤੇ ਗਿਣਤੀ ਮਿਣਤੀ ਕਰਦਾ ਰਿਹਾ---ਅਗਲੇ ਹਫ਼ਤੇ ਮੇਰੀਆਂ ਭੈਣਾਂ ਦਾ ਵਿਆਹ ਸੀ---ਬੀਰਾ ਵੀ ਘਰੇ ਆਗਿਆ---ਘਰ ਵਿੱਚ ਇੱਕ ਅਣਜਾਣੀ ਜਿਹੀ ਚੁੱਪ ਪਸਰੀ ਹੋਈ ਸੀ---ਬਾਪੂ ਤੇ ਬੀਰਾ ਜਿਵੇਂ ਸਾਡੇ ਤੋਂ ਨਜ਼ਰਾਂ ਚੁਰਾਉਂਦੇ ਰਹਿੰਦੇ---ਕੰਨੀ ਕਤਰਾਉਂਦੇ ਰਹਿੰਦੇ।
ਐਤਵਾਰ ਭੈਣਾਂ ਦੀ ਬਰਾਤ ਆਉਣੀ ਸੀ ਪਰ ਅਚਾਨਕ ਬਾਪੂ ਨੇ ਦੋ ਦਿਨ ਪਹਿਲਾਂ ਆ ਕੇ ਦੱਸਿਆ ਕਿ ਵਿਆਹ ਹੁਣ ਦੋ ਹਫ਼ਤਿਆਂ ਬਾਦ ਹੋਵੇਗਾ---ਉਹਨੇ ਜਿਵੇਂ ਸਾਨੂੰ ਨਹੀਂ ਖਲਾਅ ਨੂੰ ਦੱਸਿਆ---ਫੇਰ ਆਪੇ ਬੁੜਬੁੜਾਇਆ,
“ਸਾਲੇ ਚਵਲ---ਐਵੇਂ ਕਿਵੇਂ ਕਰ ਦਿਆਂ ਵਿਆਹ---ਮਗਰੋਂ ਕੀ ਕਰ ਲਊਂਗਾ ਮੈ---ਪਹਿਲਾਂ ਛਰਤ ਪੂਰੀ ਕਰਨ---ਵਾਅਦਾ ਨਿਭਾਉਣ---"
ਇਸ ਗੱਲ ਦਾ ਪਿੰਡ `ਚ---ਰਿਸ਼ਤੇਦਾਰੀਆਂ `ਚ ਅਤੇ ਬੰਨੇ ਚੰਨੇ ਦੇ ਸਾਰੇ ਪਿੰਡਾ `ਚ ਰੱਜ ਕੇ ਕਚ੍ਹੀਰਾ ਹੋਇਆ---ਲੋਕ ਕਹਿਣ ਕਿ ਇਹੋ ਜਿਹੀ ਜੱਗੋਂ ਤੇਰਵੀਂ ਤਾਂ ਕਿਤੇ ਦੇਖੀ ਸੁਣੀ ਨੀ ਬਈ ਬਿਨਾਂ ਕਿਸੇ ਕਾਰਨ ਦੇ ਧਰਿਆ ਧਰਾਇਆ ਵਿਆਹ ਦੋ ਹਫ਼ਤੇ ਪਿੱਛੇ ਪਾ ਦਿਓ---ਲੋਕਾਂ ਦੀ ਨਿਗਾਹ ਬਹੁਤ ਪੈਨੀ ਹੁੰਦੀ ਐ---ਆਖ਼ਰ ਲੋਕਾਂ ਨੇ ਪਤਾ ਕੱਢ ਈ ਲਿਆ ਕਿ ਵਿਚਲੀ ਗੱਲ ਕਿਹੜੀ ਐ---ਸਾਡੇ ਮੂੰਹ ਤੇ ਤਾਂ ਕੋਈ ਕੁਸ ਨਹੀਂ ਸੀ ਕਹਿੰਦਾ ਪਰ ਚਰਚਾ ਤਾਂ ਬਹੁਤ ਹੋਈ---ਲੋਕ ਮੂੰਹ ਜੋੜ ੜ ਕੇ ਗੱਲਾਂ ਕਰਿਆ ਕਰਨ---ਫੇਰ ਕੋਈ ਚਾਰ ਕੁ ਦਿਨਾਂ ਬਾਦ ਬਾਪੂ ਨੇ ਪਤਾਸਿਆਂ ਵਾਲਾ ਲਿਫ਼ਾਫ਼ਾ ਮੇਰੀ ਮਾਂ ਨੂੰ ਫੜਾਉਂਦਿਆ ਕਿਹਾ,
“ਜੀਤੋ ਆਪਾਂ ਦੋ ਕਿੱਲੇ ਜ਼ਮੀਨ ਛੁਡਵਾ ਲਈ ਐ---ਹੁਣ ਰਹਿ ਗਏ ਦੋ---ਉਨ੍ਹਾਂ ਦਾ ਵੀ ਹੋ ਈ ਜਾਊ ਇੰਤਜਾਮ---" ਇਹ ਕਹਿ ਕੇ ਪਤਾ ਨਹੀਂ ਕਿਉ਼ ਬਾਪੂ ਨੇ ਮੇਰੇ ਵੱਲ ਦੇਖ ਕੇ ਮੱਥੇ ਤੇ ਹੱਥ ਮਾਰਿਆ ਸੀ---
ਅਸੀਂ ਮਾਵਾਂ ਧੀਆਂ ਹੈਰਾਨ---ਬਾਪੂ ਕੋਲ ਐਨੀ ਮਾਇਆ ਕਿੱਥੋਂ ਤੁਰੀ ਆਉਂਦੀ ਐ---ਮੇਰੀਆਂ ਭੈਣਾਂ ਦਾ ਵਿਆਹ ਵੀ ਹੋ ਰਿਹੈ ਤੇ ਗਹਿਣੇ ਧਰੀ ਜ਼ਮੀਨ ਵਿੱਚੋਂ ਦੋ ਕੀਲੇ ਵੀ ਛੁਡਵਾ ਲਏ ਨੇ---ਮੇਰੀ ਮਾਂ ਨੇ ਪਤਾਸੇ ਵੰਡੇ ਨਹੀਂ ਸਨ ਸਗੋਂ ਮੇਰੀ ਭੈਣ ਨੂੰ ਦਿੰਦਿਆਂ ਬੋਲੀ ਸੀ,
“ਲੈ ਅੱਕੀਏ---ਹਾਅ ਪਤਾਸੇ ਪ੍ਰਾਹੁਣੇ ਧਰਾਉਣੇ ਦੀ ਚਾਹ `ਚ ਪਾ ਲਿਓ---ਚੀਨੀ ਈ ਐ ਆਖਰ ਨੂੰ---"
ਮੇਰੀਆਂ ਭੈਣਾਂ ਨੂੰ ਆਪਣੇ ਵਿਆਹ ਦਾ ਉੱਕਾ ਚਾਅ ਨਹੀਂ ਸੀ---ਉਹ ਮਾਈਂਏਂ ਪਈਆਂ ਪਰ ਉਨ੍ਹਾਂ ਨੇ ਨਾ ਮਹਿੰਦੀ ਲਾਈ---ਨਾ ਚੱਜ ਨਾਲ ਕੋਈ ਹੋਰ ਆਰ ਸ਼ੀਗਾਰ ਕੀਤਾ---ਉਨ੍ਹਾਂ ਨੂੰ ਬਾਪੂ ਵੱਲੋਂ ਲਿਆਂਦਾ ਦਾਜ---ਕੀਤਾ ਜਾ ਰਿਹਾ ਖਰਚਾ---ਇਹ ਸਭ ਹੈਰਾਨ ਕਰ ਰਿਹਾ ਸੀ---ਦਾਲ `ਚ ਕੁੱਝ ਕਾਲਾ ਨਜ਼ਰ ਆ ਰਿਹਾ ਸੀ---ਮੇਰੀਆਂ ਭੈਣਾਂ ਬੁਝੀਆਂ ਬੁਝੀਆਂ ਸਨ
ਜਦੋਂ ਬਰਾਤ ਆਈ ਤਾਂ ਬਾਜੇ ਵਾਲਿਆ ਨੇ ਢੋਲ `ਤੇ ਡੱਗਾ ਲਾ ਕੇ ਜਿਵੇਂ ਆਪਦੀ ਆਮਦ ਦਾ ਅਹਿਸਾਸ ਕਰਾਇਆ---ਮੈਂ ਚਾਓ ਮੱਤੀ ਬਰਾਤ ਦੇਖਣ ਬਾਹਰ ਵੱਲ ਨੱਠੀ---ਵੱਜਦੇ ਵਾਜਿਆਂ ਦੀ ਮਿੱਠੀ ਧੁਨ ਮੈਨੂੰ ਅੰਦਰ ਤੱਕ ਮੰਤਰ ਮੁਘਧ ਦਰ ਰਹੀ ਸੀ ਪਰ ਇੱਕ ਅਜੀਬ ਜਿਹਾ ਧੁੜਕੂ ਸਾਡੇ ਤਿੰਨਾਂ ਭੈਣਾਂ ਦੇ ਮਨ ਦੀ ਇੱਕ ਨੁੱਕਰੇ ਦੁਬਕਿਆ ਬੈਠਾ ਸੀ ਜਿਹੜਾ ਪਲ ਪਲ ਕਿਸੇ ਅਨਿਸ਼ਟ ਦਾ ਅਹਿਸਾਸ ਕਰਾਉਂਦਾ ਸੀ---ਅਸੀਂ ਤਿੰਨੇ ਭੈਣਾਂ ਇਸ ਧੁੜਕੂ ਨੂੰ ਨਾ ਆਪਸ ਵਿੱਚ ਸਾਂਝਾ ਕਰ ਰਹੀਆਂ ਸਾਂ ਤੇ ਨਾ ਕਿਸੇ ਹੋਰ ਨਾਲ---ਉਂਜ ਸੋਚ ਰਹੀਆਂ ਸਾਂ ਕਿ ਬਾਪੂ ਨੂੰ ਕਿਹੜਾ ਖ਼ਜ਼ਾਨਾ ਲੱਭ ਗਿਐ---ਕਿਹੜੀ ਲਾਟਰੀ ਨਿਕਲ ਆਈ ਐ ਉਹਦੀ---ਜਾਂ ਕਿੱਥੋਂ ਕੋਈ ਅਲਾਦੀਨ ਦਾ ਚਰਾਗ ਮਿਲ ਗਿਐ---ਦੋ ਕੀਲੇ ਜ਼ਮੀਨ ਛੱਡਵਾ ਲਈ ਤੇ ਦੋ ਧੀਆਂ ਦਾ ਵਿਆਹ ਵੀ ਕਰ ਰਿਹੈ---ਇਹ ਘੰੁਡੀ ਸਾਡੀ ਸਮਝ ਤੋਂ ਬਾਹਰ ਸੀ---
ਇੱਧਰ ਦੋ ਦਿਨਾਂ ਤੋਂ ਮਾਂ ਮੇਰੀਆਂ ਦੋਵੇਂ ਭੈਣਾਂ ਨੂੰ ਕੋਲ ਬਠਾ ਕੇ ਰੋਈ ਜਾਂਦੀ ਸੀ---ਰੋਈ ਜਾਂਦੀ ਸੀ---ਅਸੀਂ ਸੋਚਿਆ ਜਿਵੇਂ ਧੀਆਂ ਦੇ ਸਹੁਰੇ ਜਾਣ ਦੇ ਦੁਖ ਵਿੱਚ ਹਰ ਮਾਂ ਰੋਂਦੀ ਐ---ਇਵੇਂ ਈ ਸਾਡੀ ਮਾਂ ਵੀ ਰੋਂਦੀ ਐ---ਪਰ ਇਸ ਤਰ੍ਹਾਂ ਕੀਰਨੇ ਪਾ ਕੇ ਤੇ ਛਾਤੀ ਅਤੇ ਪੱਟਾਂ ਉੱਤੇ ਦੁਹੱਥੜੇ ਮਾਰ ਮਾਰ ਕੇ ਕਿਸੇ ਮਾਂ ਨੂੰ ਰੋਂਦਿਆਂ ਅਸੀਂ ਪਹਿਲੀ ਵਾਰ ਦੇਖ ਰਹੀਆਂ ਸਾਂ---
ਅਖੀਰ ਜਦੋਂ ਲਾਵਾਂ ਲੈਣ ਲਈ ਦੋਵੇਂ ਲਾੜ੍ਹੇ ਪੰਡਾਲ `ਚ ਸਿਹਰੇ ਉਤਾਰ ਕੇ ਬੈਠੇ ਤਾਂ ਸਾਡੀ ਤਿੰਨਾਂ ਭੈਣਾਂ ਦੀ ਇਕੱਠੀ ਚੀਕ ਨਿਕਲ ਗਈ---ਇਹ ਤਾਂ ਦੋਵੇਂ ਉਹੀਓ ਬੰਦੇ ਸਨ ਜਿਹਨਾਂ ਨੂੰ ਬੀਰਾ ਘਰੇ ਲਿਆਇਆ ਸੀ ਤੇ ਜਿਹਨਾਂ ਨੇ ਮੇਰੀਆਂ ਭੈਣਾਂ ਨਾਲ ਬਦਤਮੀਜ਼ੀ, ਬਦਸਲੂਕੀ ਤੇ ਹੱਥਾਪਾਈ ਕੀਤੀ ਸੀ
ਹੁਣ ਸਾਨੂੰ ਮਾਂ ਦੇ ਕੀਰਨੇ ਪਾ ਕੇ ਤੇ ਦੁਹੱਥੜੇ ਮਾਰ ਕੇ ਰੋਣ ਦੀ ਸਮਝ ਆ ਰਹੀ ਸੀ---ਸ਼ਾਇਦ ਮਾਂ ਨੇ ਜ਼ੋਰ ਦੇ ਕੇ ਬਾਪੂ ਨੂੰ ਅੰਬਰੋਂ ਬਰਸੀ ਇਸ ਦੌਲਤ ਬਾਰੇ ਪੁੱਛਿਆ ਹੋਵੇ ਤੇ ਆਪਣੀ ਬੀਮਾਰੀ ਸਦਕਾ ਲਾਚਾਰ ਮਾਂ ਕੋਈ ਵਿਰੋਧ ਨਾ ਕਰ ਸਕੀ ਹੋਵੇ---ਸਿਵਾਇ ਰੋਣ ਪਿੱਟਣ ਦੇ---ਇਹ ਮੈਂ ਸੋਚਦੀ ਹਾਂ---ਉਂਜ ਮੈਨੂੰ ਮਾਂ ਦੇ ਦਿਲ ਦੀ ਥਾਹ ਨਹੀਂ ਹੈ ਕੋਈ---ਕੀ ਪਤਾ ਉਹ ਵੀ ਪੁੱਤਰ ਪਿਆਰ `ਚ ਅੰਨ੍ਹੀ ਹੋਈ ਬਾਪੂ ਦੇ ਨਾਲ ਰਲ ਗਈ ਹੋਵੇ---ਕੁੱਝ ਕਿਹਾ ਨੀ ਜਾ ਸਕਦਾ।
ਸ਼ਾਇਦ ਮੇਰੀਆਂ ਭੈਣਾਂ ਨੇ ਵੀ ਵਿਰੋਧ ਕਰਨਾ ਚਾਹਿਆ ਹੋਵੇ---ਪਰ ਤੁਹਾਨੂੰ ਦੱਸਿਐ ਨਾਅ ਕਿ ਉਹਨਾਂ ਵੇਲਿਆਂ `ਚ ਔਰਤ ਵਿਰੋਧ ਨਹੀਂ ਸੀ ਕਰ ਸਕਦੀ---ਬੱਸ ਜ਼ੁਲਮ ਆਪਣੀ ਤਕਦੀਰ ਸਮਝ ਕੇ ਸਹਿੰਦੀ ਸੀ---ਹੁਣ ਤਾਂ ਭਾਵੇ ਜ਼ਮਾਨਾ ਬਦਲ ਗਿਐ---ਕੁੜੀਆਂ ਇਹੋ ਜਿਹੀ ਧੱਕੇਸ਼ਾਹੀ ਦਾ ਵਿਰੋਧ ਕਰ ਸਕਦੀਆਂ ਹੋਣ ਪਰ ਉਦੋਂ ਔਰਤ ਐਨੀ ਸਾਹਸੀ, ਤਾਕਤਵਰ ਤੇ ਜਾਗਰੂਕ ਕਿੱਥੇ ਸੀ ਬਈ ਬੂਹੇ ਬਰਾਤ ਢੁੱਕੀ ਹੋਵੇ ਤੇ ਕੁੜੀ ਵਿਰੋਧ ਕਰੇ---
ਬੰਨ੍ਹੀਆਂ ਰੁੱਧੀਆਂ ਮੇਰੀਆਂ ਭੈਣਾਂ ਵਿਦਾ ਹੋ ਗਈਆਂ---ਮੈਂ ਇਸ ਗੱਲ ਦੀ ਚਸ਼ਮਦੀਦ ਗਵਾਹ ਹਾਂ ਕਿ ਮੇਰੀਆਂ ਭੈਣਾਂ ਨੇ ਚੂੜੇ ਲਾਹ ਦਿੱਤੇ ਸਨ---ਕੰਗਣੇ ਖੋਲ੍ਹ ਕੇ ਵਗਾਹ ਮਾਰੇ ਸਨ---ਵਿਦਾ ਹੋਣ ਸਮੇਂ ਮੇਰੀਆਂ ਭੈਣਾਂ ਨਾ ਮਾਂ ਬਾਪ ਦੇ ਗਲ ਲੱਗ ਕੇ ਰੋਈਆਂ ਸਨ ਤੇ ਨਾ ਕਿਸੇ ਹੋਰ ਦੇ---ਉਨ੍ਹਾਂ ਦੀਆਂ ਅੱਖਾਂ ਵਿੱਚ ਇੱਕ ਇੰਝ ਤੱਕ ਨਹੀਂ ਸੀ---ਵਿਦਾ ਹੁੰਦੀਆਂ ਭੈਣਾਂ ਦੇ ਸਿਰ ਤੇ ਜਦੋਂ ਬਾਪੂ ਨੇ ਇੱਕ ਇੱਕ ਹੱਥ ਧਰਿਆ ਤਾਂ ਦੋਹਾਂ ਨੇ ਇੱਕੋ ਲਖਤ ਪੂਰੇ ਰੋਹ `ਚ ਆ ਕੇ ਬਾਪੂ ਦੇ ਹੱਥ ਛੰਡਕ ਕੇ ਪਰ੍ਹੇ ਵਗਾਹ ਮਾਰੇ ਸਨ---ਬਾਪੂ ਘਮੇਰਨੀਆ ਖਾਂਦਾ ਪਿੱਛੇ ਡਿੱਗ ਪਿਆ ਸੀ---ਬੀਰਾ ਤਾਂ ਪਤਾ ਨੀ ਕਿੱਥੇ ਜਰਦਾ ਖਾ ਕੇ ਮੂਧਾ ਪਿਆ ਸੀ---ਉਹ ਨੀ ਕਿਤੇ ਨਜ਼ਰ ਆ ਰਿਹਾ ਸੀ,
ਮੈਨੂੰ ਇੱਕ ਗੱਲ ਹੋਰ ਯਾਦ ਆ ਗਈ---ਜਦੋਂ ਮੁੰਡਿਆਂ ਵਾਲੇ ਸਿਹਰਾ ਪੜ੍ਹ ਰਹੇ ਸਨ ਤਾਂ ਮੇਰੀਆਂ ਭੈਣਾਂ ਨੇ ਸਿਹਰਾ ਪੜ੍ਹਨ ਵਾਲੇ ਬੰਦੇ ਨੂੰ ਘੂਰ ਘੂਰ ਕੇ ਦੇਖਿਆ ਸੀ---ਤੇ ਸਾਡੇ ਪਿੰਡ ਦੇ ਬਾਮ੍ਹਣਾਂ ਦੀ ਤਾਰੋ ਨੂੰ---ਜਿਹੜੀ ਸਿਰਫ ਨਾਂ ਥਾਂ ਬਦਲ ਕੇ ਇੱਕੋ ਸਿੱਖਿਆ ਸਾਰੀਆਂ ਕੁੜੀਆਂ ਦੇ ਵਿਆਹ `ਚ ਪੜ੍ਹਦੀ ਹੁੰਦੀ ਸੀ---ਉਹਨਾਂ ਨੇ ਦੇ ਸਿੱਖਿਆ ਪੜ੍ਹਨੋਂ ਵਰਜ ਦਿੱਤਾ ਸੀ---ਤਾਰੋ ਨੂੰ ਕਿਸੇ ਗੱਲ ਦੀ ਸਮਝ ਤਾਂ ਨਾ ਲੱਗੀ ਪਰ ਕੁੱਝ ਪੈਸੇ ਨਾ ਮਿਲਣ ਦੇ ਦੁੱਖੋਂ ਉਹਨੇ ਪੁੱਛਿਆ ਸੀ,
“ਭੈਣੇ---ਸਿੱਖਿਆ ਤਾਂ ਲਾਵਾਂ ਵੇਲੇ ਪੜ੍ਹਨੀ ਓ ਹੁੰਦੀ ਐ---ਭਲਾਂ ਦੀ---" ਉਹਦੀ ਗੱਲ ਕੱਟ ਕੇ ਮੇਰੀ ਭੈਣ ਨੇ ਫਟਾਕ ਜਵਾਬ ਦਿੱਤਾ ਸੀ,
“ਨਹੀਂ---ਕੋਈ ਲੋੜ ਨੀ---ਸਾਨੂੰ ਸਿੱਖਿਆ ਦੇਣ ਦੀ---ਤਾਰੋ ਸਾਨੂੰ ਤਾਂ ਪਹਿਲਾਂ ਈ ਬਥੇਰੀ ਸਿੱਖਿਆ ਮਿਲ ਗਈ ਹੋਈ ਐ---ਬੱਸ ਤੈਂ ਨਹੀਂ ਸਿੱਖਿਆ ਪੜ੍ਹਨੀ---" ਤੇ ਤਾਰੋ ਵਿਚਾਰੀ ਆਪਣਾ ਜਿਹਾ ਮੂੰਹ ਲੈ ਕੇ ਤੁਰ ਗਈ ਸੀ---ਜਦੋਂ ਮੇਰੀਆਂ ਭੈਣਾਂ ਦੀ ਡੋਲੀ ਤੁਰਨ ਲੱਗੀ ਤਾਂ ਮੇਰੀਆਂ ਭੈਣਾਂ ਨੇ ਬਗਲ `ਚ ਬੈਠੀ ਨੈਣ ਵੀ ਥੱਲੇ `ਤਾਰ ਦਿੱਤੀ ਸੀ---ਸਭ ਦੇ ਜ਼ੋਰ ਪਾਉਣ ਦੇ ਬਾਵਜੂਦ ਉਹ ਨੈਣ ਨੂੰ ਨਾਲ ਨਹੀਂ ਸਨ ਲੈ ਕੇ ਗਈਆਂ---
ਮੈਂ ਇਹ ਵੀ ਦੱਸ ਦਿਆਂ ਕਿ ਨੈਣ ਨੂੰ ਨਾਲ ਨਾ ਲਿਜਾਣ ਦੀ ਹਿੰਮਤ ਵੀ ਮੇਰੀਆਂ ਭੈਣਾਂ ਈ ਕਰ ਗਈਆਂ---ਉਨ੍ਹੀ ਦਿਨੀਂ ਇਹ ਇੱਕ ਵੱਡਾ ਵਿਦਰੋਹ ਹੰੁਦਾ ਸੀ ਤੇ ਜਣੀ ਖਣੀ ਇਹੋ ਜਿਹਾ ਵਿਦਰੋਹ ਕਰ ਵੀ ਨਹੀਂ ਸੀ ਸਕਦੀ---ਉਦੋਂ ਕੁੜੀਆਂ ਉੱਚੀ ਸਾਹ ਨਹੀਂ ਸਨ ਲੈ ਸਕਦੀਆਂ ਤੇ ਨੈਣ ਨੂੰ ਵਿਆਹਲੀ ਕੁੜੀ ਦਾ ਧੱਕਾ ਦੇ ਕੇ ਡੋਲੀ ਚੋਂ ਥੱਲੇ ਉਤਾਰ ਦੇਣਾ ਤਾਂ ਕਿਸੇ ਜਿਗਰੇ ਵਾਲੀ ਕੁੜੀ ਦੇ ਵਸ ਦਾ ਹੀ ਕੰਮ ਸੀ। ਪਤਾ ਨੀ ਕਿੰਨੀ ਕੁ ਹਿੰਮਤ ਜੁਟਾਅ ਕੇ ਮੇਰੀਆਂ ਭੈਣਾਂ ਨੇ ਇਹ ਵਿਦਰੋਹ ਕੀਤਾ ਸੀ।
ਫੇਰ ਕਈ ਦਿਨ ਮੇਰੀਆਂ ਭੈਣਾਂ ਦੀ ਇਸ ਅਵੱਗਿਆ ਨੂੰ ਲੈ ਕੇ ਪਿੰਡ ਵਿੱਚ ਜਾਭਾਂ ਦਾ ਭੇੜ ਹੁੰਦਾ ਰਿਹਾ---ਲੋਕਾਂ ਨੇ ਮੇਰੀਆਂ ਭੈਣਾਂ ਦੀ ਤਾਰੀਫ਼ ਵੀ ਕੀਤੀ ਤੇ ਨਿੰਦਾ ਵੀ---ਪਰ ਮੇਰੀਆਂ ਭੈਣਾਂ ਦੀ ਇਸ ਹਿੰਮਤ ਦੀ ਮੈਂ ਦਾਦ ਦਿੰਦੀ ਹਾਂ---
--ਚਲਦਾ--